Sunday 19 February 2012

'ਸਿਟੀ ਸੈਂਟਰ ਘੁਟਾਲਾ' ਕੈਪਟਨ ਸਮੇਤ 12 ਦੋਸ਼ੀ
ਅਦਾਲਤ ਵਿਚ ਪੇਸ਼ ਨਾ ਹੋਏ

ਲੁਧਿਆਣਾ 19 ਫਰਵਰੀ ૿ ਸਥਾਨਕ ਅਦਾਲਤ ਨੇ ਬਹੁਕਰੋੜੀ ਸਿਟੀ ਸੈਂਟਰ ਘੁਟਾਲੇ ਦੀ ਸੁਣਵਾਈ 17 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਅੱਜ ਪੇਸ਼ੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਮੇਤ 12 ਕਥਿਤ ਦੋਸ਼ੀ ਅਦਾਲਤ ਵਿਚ ਹਾਜ਼ਰ ਨਹੀਂ ਹੋਏ। ਇਸ ਮਾਮਲੇ ਦੀ ਸੁਣਵਾਈ ਅੱਜ 10.15 ਦੇ ਕਰੀਬ ਸ਼ੁਰੂ ਹੋਈ ਅਤੇ ਮਾਨਯੋਗ ਜੱਜ ਨੇ ਅਦਾਲਤ ਵਿਚ ਹਾਜ਼ਰ ਕਥਿਤ ਦੋਸ਼ੀਆਂ ਦੀ ਹਾਜ਼ਰੀ ਲਗਾਉਣ ਉਪਰੰਤ ਫਾਰਗ ਕਰ ਦਿੱਤਾ। ਅੱਜ ਅਦਾਲਤ ਵਿਚ ਮੁੱਖ ਤੌਰ 'ਤੇ ਕੈਪਟਨ ਦੇ ਦਾਮਾਦ ਰਮਿੰਦਰ ਸਿੰਘ ਰਿੱਚੀ ਹਾਜ਼ਰ ਸਨ, ਜਦ ਕਿ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ, ਚੌਧਰੀ ਜਗਜੀਤ ਸਿੰਘ, ਅਸ਼ਵਾਜੀਤ, ਕਮਲ ਸ਼ਰਮਾ, ਸੌਰਭ ਗੁਪਤਾ, ਜੀ. ਕੇ. ਗੰਭੀਰ, ਵਿਨੈ ਸੁਭੀਕੀ, ਸੁਨੀਲ ਸ਼ਰਮਾ, ਅਰੁਣ ਨਈਅਰ, ਜਗਤਾਰ ਸਿੰਘ ਅਤੇ ਡੀ. ਕੇ. ਆਨੰਦ ਹਾਜ਼ਰ ਨਹੀਂ ਹੋਏ ਅਤੇ ਇਨ੍ਹਾਂ ਦੇ ਵਕੀਲਾਂ ਨੇ ਵੱਖ-ਵੱਖ ਕਾਰਨ ਦੱਸ ਕੇ ਨਿਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ। ਮਾਨਯੋਗ ਜੱਜ ਸ੍ਰੀ ਐੱਸ. ਪੀ. ਬਾਂਗੜ ਨੇ ਇਸ ਮਾਮਲੇ ਦੀ ਸੁਣਵਾਈ 17 ਮਾਰਚ ਤੱਕ ਮੁਅੱਤਲ ਕਰ ਦਿੱਤੀ ਹੈ। ਇਸ ਸਮੇਂ ਕਾਂਗਰਸੀ ਆਗੂ ਅਮਰਜੀਤ ਸਿੰਘ ਧਮੌਟੀਆ, ਭੁਪਿੰਦਰ ਸਿੰਘ ਬਸੰਤ, ਨਿਰਮਲ ਸਿੰਘ ਬਿੱਲਾ ਅਤੇ ਗੁਰਸਿਮਰਨ ਸਿੰਘ ਮੰਡ ਵੀ ਹਾਜ਼ਰ ਸਨ।
ਜਹਾਨਖੇਲਾਂ ਦਾ 'ਫ਼ਰੂਟ ਪ੍ਰਾਸੈਸਿੰਗ ਪਲਾਂਟ' ਸਫ਼ੈਦ ਹਾਥੀ ਬਣਿਆ

ਹੁਸ਼ਿਆਰਪੁਰ. 18 ਫ਼ਰਵਰੀ ૿ 42 ਕਰੋੜ ਰੁਪਏ ਦੀ ਲਾਗਤ ਨਾਲ ਨਜ਼ਦੀਕੀ ਪਿੰਡ ਜਹਾਨਖੇਲਾਂ ਵਿਖੇ ਪੰਜਾਬ ਐਗਰੀ ਜੂਸਿਜ਼ ਲਿਮਟਿਡ ਵਲੋਂ ਸਥਾਪਿਤ ਕੀਤਾ ਗਿਆ ਮਲਟੀ ਫ਼ਰੂਟ ਪ੍ਰਾਸੈਸਿੰਗ ਪਲਾਂਟ ਸਫ਼ੈਦ ਹਾਥੀ ਬਣ ਕੇ ਰਹਿ ਗਿਆ ਹੈ। ਇਸ ਪਲਾਂਟ ਤੋਂ ਸਭ ਤੋਂ ਵੱਧ ਉਮੀਦ ਕਿਨੂੰ ਉਤਪਾਦਕਾਂ ਨੂੰ ਸੀ, ਪਰ ਉਨ੍ਹਾਂ ਦੀਆਂ ਆਸਾਂ ਨੂੰ ਵੀ ਬੂਰ ਨਹੀਂ ਪਿਆ। 2008 ਵਿਚ ਇੱਥੇ ਲਗਭਗ 6 ਹਜ਼ਾਰ ਟਨ ਕਿਨੂੰ ਦੀ ਪ੍ਰਾਸੈਸਿੰਗ ਹੋਈ ਸੀ, 2010 ਵਿਚ ਕੇਵਲ 500 ਟਨ ਦੀ ਅਤੇ ਇਸ ਸਾਲ ਇਹ ਪਲਾਂਟ ਚਲਾਇਆ ਹੀ ਨਹੀਂ ਗਿਆ। ਪਤਾ ਲੱਗਿਆ ਹੈ ਕਿ ਹਿੰਦੁਸਤਾਨ ਲੀਵਰਸ ਕੰਪਨੀ ਜਿਸ ਨੇ ਹੁਸ਼ਿਆਰਪੁਰ ਅਤੇ ਅਬੋਹਰ ਦੇ ਪਲਾਂਟ ਠੇਕੇ 'ਤੇ ਲਏ ਹਨ, ਨੇ ਆਡਿਟ ਕਰਾਉਣ ਤੋਂ ਬਾਅਦ ਕੇਵਲ ਅਬੋਹਰ ਦਾ ਪਲਾਂਟ ਹੀ ਚਾਲੂ ਕਰਨ ਦਾ ਫ਼ੈਸਲਾ ਲਿਆ ਹੈ। ਕੰਪਨੀ ਨੂੰ ਇਹ ਪਲਾਂਟ ਚਲਾਉਣਾ ਘਾਟੇ ਦਾ ਸੌਦਾ ਲੱਗ ਰਿਹਾ ਹੈ ਕਿਉਂਕਿ ਉਹ 2-3 ਰੁਪਏ ਪ੍ਰਤੀ ਕਿਲੋ ਕਿਨੂੰ ਖਰੀਦਣਾ ਚਾਹੁੰਦੀ ਹੈ ਜੋ ਕੇਵਲ ਅਬੋਹਰ ਵਿਚ ਮਿਲ ਰਿਹਾ ਹੈ। ਹਾਲਾਂਕਿ ਹੁਸ਼ਿਆਰਪੁਰ ਦੇ ਕਿਨੂੰ ਉਤਪਾਦਕ ਆਪਣਾ ਮਾਲ ਅਬੋਹਰ ਲਿਜਾ ਕੇ ਵੇਚ ਸਕਦੇ ਹਨ ਪਰ ਖਰਚੇ ਅਤੇ ਖੱਜਲ ਖੁਆਰੀ ਦੇ ਡਰੋਂ ਉਹ ਮਾਰਕੀਟ ਵਿਚ ਹੀ ਇਸ ਨੂੰ ਸੁੱਟ ਰਹੇ ਹਨ। ਇਸ ਵੇਲੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲਗਭਗ 6700 ਹੈਕਟੇਅਰ ਰਕਬੇ ਵਿਚ ਕਿਨੂੰ ਦੀ ਪੈਦਾਵਾਰ ਹੋ ਰਹੀ ਹੈ। ਪਿਛਲੇ ਸਮੇਂ ਦੌਰਾਨ ਮਹਿਕਮੇ ਵਲੋਂ ਦਿੱਤੀ ਜਾ ਰਹੀ ਸਬਸਿਡੀ ਦੇ ਲਾਲਚ ਵਿਚ ਕਈ ਕਿਸਾਨਾਂ ਨੇ ਕਿਨੂੰ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਪਰ ਮਨ ਮਰਜ਼ੀ ਦਾ ਮੁਨਾਫ਼ਾ ਨਾ ਮਿਲਣ ਕਾਰਨ ਉਹ ਨਿਰਾਸ਼ ਹਨ। ਇਨ੍ਹਾਂ ਵਿਚੋਂ ਕਈ ਰਵਾਇਤੀ ਖੇਤੀ ਵੱਲ ਮੁੜਣ ਬਾਰੇ ਸੋਚ ਰਹੇ ਹਨ।
ਪੰਜਾਬ ਵਿਚ ਕਿਉਂਕਿ ਸਬਜ਼ੀਆਂ ਅਤੇ ਫ਼ਲਾਂ ਦਾ ਸੀਜ਼ਨ ਛੋਟਾ ਹੁੰਦਾ ਹੈ ਅਤੇ ਝਾੜ ਵੱਧ ਜਿਸ ਕਰ ਕੇ ਇਕ ਤੋਂ ਜ਼ਿਆਦਾ ਵਰਾਇਟੀ ਦੀ ਪ੍ਰਾਸੈਸਿੰਗ ਦੀ ਸਹੂਲਤ ਲਈ ਇਹ ਮਸ਼ੀਨਰੀ ਤਿਆਰ ਕੀਤੀ ਗਈ ਹੈ। ਪਰ ਕਿਨੂੰ ਨੂੰ ਛੱਡ ਕੇ ਕਿਸੇ ਵੀ ਫ਼ਲ ਜਾਂ ਸਬਜ਼ੀ ਦੀ ਵੱਡੇ ਪੱਧਰ 'ਤੇ ਪ੍ਰਾਸੈਸਿੰਗ ਕਦੀ ਵੀ ਇੱਥੇ ਨਹੀਂ ਹੋਈ।


50 ਲੱਖ ਨਕਦੀ ਅਤੇ ਸਕੌਡਾ ਕਾਰ ਮੰਗਣ 'ਤੇ
ਪ੍ਰਵਾਸੀ ਲਾੜੇ ਖ਼ਿਲਾਫ਼ ਪਰਚਾ ਦਰਜ

 
ਰਾਮ ਤੀਰਥ.- 18 ਫਰਵਰੀ ૿ ਕਰੀਬ ਦੋ ਸਾਲ ਪਹਿਲਾਂ ਵਿਆਹੀ ਮੁਟਿਆਰ ਕੋਲੋਂ ਪ੍ਰਵਾਸੀ ਲਾੜੇ ਵੱਲੋਂ ਸਕੌਡਾ ਕਾਰ ਅਤੇ 50 ਲੱਖ ਰੁਪਏ ਮੰਗਣ 'ਤੇ ਪੁਲਿਸ ਚੌਕੀ ਰਾਮ ਤੀਰਥ ਵਿਖੇ ਲਾੜੇ ਹਰਕੀਰਤ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਲੁਧਿਆਣਾ ਦੇ ਖ਼ਿਲਾਫ਼ 498 ਏ, 506 ਆਈ. ਪੀ. ਸੀ. ਅਧੀਨ ਪਰਚਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ: ਜਗਤਾਰ ਸਿੰਘ ਪੁੱਤਰ ਸ: ਜੱਸਾ ਸਿੰਘ ਵਾਸੀ ਬਰਾੜ, ਹਾਲ ਵਾਸੀ ਲਾਭ ਨਗਰ ਰਾਮ ਤੀਰਥ ਰੋਡ ਅੰਮ੍ਰਿਤਸਰ ਨੇ ਆਪਣੀ ਪੁੱਤਰੀ ਗੁਰਿੰਦਰਜੀਤ ਕੌਰ ਦੀ ਸ਼ਾਦੀ ਪ੍ਰਵਾਸੀ ਨੌਜਵਾਨ ਹਰਕੀਰਤ ਸਿੰਘ ਵਾਸੀ ਲੁਧਿਆਣਾ ਨਾਲ 10 ਜਨਵਰੀ 2010 ਨੂੰ ਕੀਤੀ ਸੀ। ਪਰ ਕੁਝ ਦੇਰ ਬਾਅਦ ਹੀ ਲਾੜੇ ਵੱਲੋਂ 50 ਲੱਖ ਰੁਪਏ ਅਤੇ ਸਕੌਡਾ ਕਾਰ ਦੀ ਮੰਗ ਕੀਤੀ ਜਾਣ ਲੱਗੀ। ਇਸ ਦੌਰਾਨ ਉਸ ਨੇ ਲੜਕੀ ਦੇ ਪਰਿਵਾਰ ਪਾਸੋਂ 2165 ਡਾਲਰ ਵੀ ਇਹ ਕਹਿ ਕੇ ਹਥਿਆ ਲਏ ਕਿ ਲੜਕੀ ਨੂੰ ਬਾਹਰ ਲਿਜਾਣ ਲਈ ਕਾਗਜ਼ ਤਿਆਰ ਕੀਤੇ ਜਾ ਰਹੇ ਹਨ। ਮੰਗ ਪੂਰੀ ਨਾ ਹੋਣ 'ਤੇ ਉਹ ਆਪਣੀ ਪਤਨੀ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਅਤੇ ਲੜਕੀ ਆਪਣੇ ਘਰ ਨਾ ਵਸਾਉਣ ਲਈ ਕਹਿ ਦਿੱਤਾ।
ਡੀ.ਐੱਸ.ਪੀ. ਕਤਲ ਕਾਂਡ
ਪੁਲਿਸ ਵੱਲੋਂ ਦੁਕਾਨਾਂ ਤੇ ਹੋਰ ਥਾਵਾਂ 'ਤੇ ਲੱਗੇ ਕੈਮਰਿਆਂ ਦੀ ਜਾਂਚ
ਹੰਬੜਾਂ. 18 ਫਰਵਰੀ ૿ ਹੰਬੜਾਂ ਰੋਡ 'ਤੇ ਸਥਿਤ ਗੋਲਫ਼ ਲਿੰਕ ਕਾਲੋਨੀ ਵਿਚ ਹੋਏ ਡੀ. ਐੱਸ.ਪੀ. ਬਲਰਾਜ ਸਿੰਘ ਗਿੱਲ ਅਤੇ
ਇਕ ਔਰਤ ਦੇ ਕਤਲ ਦੇ ਮਾਮਲੇ ਸਬੰਧੀ ਪੁਲਿਸ ਨੂੰ 17 ਦਿਨ ਬੀਤ ਜਾਣ 'ਤੇ ਕਾਤਲਾਂ ਬਾਰੇ ਕੁੱਝ ਵੀ ਸੂਹ ਨਹੀਂ ਲੱਗੀ। ਪੁਲਿਸ ਨੇ ਇਲਾਕੇ ਦਾ ਚੱਪਾ-ਚੱਪਾ ਛਾਣ ਦਿੱਤਾ ਹੈ। ਕਤਲ ਤੋਂ ਦੂਸਰੇ ਦਿਨ ਉਨ੍ਹਾਂ ਦੀ ਕਾਰ ਪਿੰਡ ਨੂਰਪੁਰ ਬੇਟ ਲਾਗੋਂ ਮਿਲਣ 'ਤੇ ਪੁਲਿਸ ਨੇ ਨੂਰਪੁਰ ਬੇਟ, ਖੈਰਾ ਬੇਟ, ਹੰਬੜਾਂ, ਸਲੇਮਪੁਰ, ਗੋਂਸਪੁਰ, ਮਲਕਪੁਰ, ਇਯਾਲੀ, ਬਾਰਨਹਾੜਾ, ਪ੍ਰਤਾਪ ਸਿੰਘ ਵਾਲਾ ਅਤੇ ਹੋਰ ਨੇੜਲੇ ਇਲਾਕਿਆਂ ਦੀ ਪੂਰੀ ਛਾਣ-ਬੀਣ ਕਰ ਦਿੱਤੀ ਹੈ।
ਪੁਲਿਸ ਵੱਲੋਂ ਲੋਕਾਂ ਦੀ ਕਾਫ਼ੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਆਮ ਦੁਕਾਨਾਂ, ਪੈਟਰੋਲ ਪੰਪਾਂ, ਏ.ਟੀ.ਐੱਮ. ਮਸ਼ੀਨਾਂ ਅਤੇ ਹੋਰ ਥਾਵਾਂ 'ਤੇ ਲੱਗੇ ਕੈਮਰਿਆਂ ਦੀ ਜਾਂਚ ਕਰਨ 'ਚ ਜੁੱਟ ਗਈ ਹੈ।


ਨਾਬਾਲਿਗ ਲੜਕੀ ਵੱਲੋਂ ਖੁਦਕੁਸ਼ੀ
ਘਨੌਲੀ. 18 ਫਰਵਰੀ ૿ ਅੱਜ ਬਾਅਦ ਦੁਪਹਿਰ ਪਿੰਡ ਚੱਕ ਢੇਰਾ ਵਿਖੇ ਇਕ ਨਾਬਾਲਿਗ ਲੜਕੀ ਵੱਲੋਂ ਆਪਣੇ-ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਸਬ-ਇੰਸਪੈਕਟਰ ਜਗਨ ਨਾਥ ਕਾਲੀਆ ਨੇ ਦੱਸਿਆ ਕਿ ਮ੍ਰਿਤਕ ਲੜਕੀ ਗੁਰਜੀਤ ਕੌਰ (17) ਦੇ ਪਿਤਾ ਉਜਾਗਰ ਸਿੰਘ ਨੇ ਪੁਲਿਸ ਕੋਲ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੀ ਆ ਰਹੀ ਸੀ ਤੇ ਸ਼ੱਕ ਹੈ ਕਿ ਉਸ ਨੇ ਆਪਣੀ ਬਿਮਾਰੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਹੋਵੇ। ਖੁਦਕੁਸ਼ੀ ਸਮੇਂ ਉਹ ਘਰ ਦੇ ਅੰਦਰ ਇਕੱਲੀ ਹੀ ਸੀ। ਲੜਕੀ ਨੇ ਇਕ ਕਮਰੇ ਵਿਚ ਆਪਣੇ-ਆਪ ਨੂੰ ਬੰਦ ਕਰ ਕੇ ਖੁਦ ਨੂੰ ਅੱਗ ਲਗਾ ਲਈ। ਕਮਰੇ 'ਚੋਂ ਧੂੰਆਂ ਨਿਕਲਦਾ ਵੇਖ ਕੇ ਉਸ ਦੀ ਭਰਜਾਈ ਵੱਲੋਂ ਰੌਲਾ ਪਾਉਣ ਉਪਰੰਤ ਗੁਆਂਢੀਆਂ ਨੇ ਕਮਰਾ ਖੋਲ੍ਹਿਆ ਤਾਂ ਲੜਕੀ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਅੰਦਰ ਪਏ ਕੰਬਲ ਆਦਿ ਸੁੱਟ ਕੇ ਅੱਗ ਬੁਝਾਈ ਅਤੇ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਉਹ ਦਮ ਤੋੜ ਗਈ। ਥਾਣਾ ਸਦਰ ਦੇ ਐੱਸ. ਐੱਚ ਓ. ਦਲਬੀਰ ਸਿੰਘ ਘਨੌਲੀ ਪੁਲਿਸ ਚੌਕੀ ਦੇ ਇੰਚਾਰਜ ਜਗਨ ਨਾਥ ਕਾਲੀਆ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਰੂਪਨਗਰ ਹਸਪਤਾਲ ਭੇਜ ਦਿੱਤੀ ਹੈ। ਉਪਰੋਕਤ ਲੜਕੀ ਬਾਰਵੀਂ ਜਮਾਤ ਵਿਚ ਰੋਪੜ ਰਾਮ ਰਾਏ ਸਕੂਲ ਵਿਚ ਪੜ੍ਹਦੀ ਸੀ।
ਪੰਜਾਬ ਦੇ 65 ਫੀਸਦੀ ਤੋਂ ਵੱਧ ਨੌਜਵਾਨ ਹੋਏ ਨਸ਼ਿਆਂ ਦੇ ਆਦੀ
ਬੰਗਾ, 18 ਫਰਵਰੀ )- ਪੰਜਾਬ ਦੀ ਨੌਜਵਾਨ ਪੀੜੀ 'ਚ ਦਿਨੇ ਦਿਨ ਨਸ਼ਿਆਂ ਪ੍ਰਤੀ ਵਧ ਰਿਹਾ ਰੁਝਾਨ ਅੱਜ ਇੱਕ ਅਹਿਮ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਸੂਬੇ ਦੇ ਮਾਝਾ ਮਾਲਵਾ ਅਤੇ ਅਤੇ ਐੱਨ. ਆਰ. ਆਈ ਪੱਟੀ ਵਜੋਂ ਜਾਣੇ ਜਾਂਦੇ ਦੁਆਬਾ ਖੇਤਰ 'ਚ ਹੈਰੋਇਨ, ਸਮੈਕ, ਅਫੀਮ, ਭੁੱਕੀ ਅਤੇ ਮੈਡੀਕਲ ਸਟੋਰਾਂ ਤੇ ਵਿਕ ਰਹੀਆਂ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਭਰਮਾਰ ਹੋਣ ਕਰ ਕੇ ਅੱਜ ਸਮੁੱਚਾ ਪੰਜਾਬ ਹੀ ਨਸ਼ਿਆਂ ਦਾ ਗੜ੍ਹ ਬਣ ਚੁੱਕਿਆ ਹੈ। ਤਾਜ਼ਾ ਸਰਵੇਖਣ ਅਨੁਸਾਰ ਅੱਜ ਪੰਜਾਬ ਦੇ 18 ਤੋਂ 30 ਸਾਲ ਦੀ ਉਮਰ ਦੇ 65 ਫੀਸਦੀ ਤੋਂ ਵੀ ਵੱਧ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਨਸ਼ਿਆਂ ਨੂੰ ਠੱਲ੍ਹ ਪਾਉਣ ਵਾਲੀ ਪੰਜਾਬ ਪੁਲਿਸ ਅਤੇ ਹੋਮਗਾਰਡਜ਼ ਦੇ ਕਾਫੀ ਜਵਾਨ ਵੀ ਨਸ਼ਿਆਂ ਦੇ ਇਸ ਮਕੜ ਜਾਲ ਵਿੱਚ ਫਸ ਚੁੱਕੇ ਹਨ। ਬੇਸ਼ੱਕ ਬੀਤੇ ਚਾਰ ਮਹੀਨਿਆਂ ਦੌਰਾਨ ਸਰਹੱਦ ਪਾਰ ਤੋਂ ਪੰਜਾਬ ਨਾਲ ਲੱਗਦੇ ਵੱਖ-ਵੱਖ ਖੇਤਰਾਂ ਰਾਹੀਂ ਭਾਰਤ ਲਿਆਂਦੀ ਜਾ ਰਹੀ 535 ਕਰੋੜ ਦੇ ਮੁੱਲ ਤੋਂ ਵੱਧ ਦੀ ਹੈਰੋਇਨ ਫੜੀ ਗਈ ਅਤੇ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਦੀ ਪੁਲਿਸ ਵੱਲੋਂ ਵੀ ਨਸ਼ਾ ਰੋਕੂ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਨਸ਼ੇ ਧੜਾ-ਧੜ ਫੜੇ ਜਾ ਰਹੇ ਹਨ। ਪਰ ਇਹ ਸਭ ਕੁੱਝ ਹੋਣ ਦੇ ਬਾਵਜੂਦ ਵੀ ਸੁਰੱਖਿਆ ਬਲ, ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਜੱਥੇਬੰਦੀਆਂ ਨਸ਼ਿਆਂ ਦੇ ਇਸ ਰੁਝਾਨ ਨੂੰ ਘਟਾਉਣ 'ਚ ਸਫਲ ਨਹੀਂ ਹੋ ਸਕੀਆਂ।

ਹਵਾਲਾ ਕਾਰੋਬਾਰ ਕਰਨ ਵਾਲੇ ਤਿੰਨ ਨੌਜਵਾਨ ਗ੍ਰਿਫ਼ਤਾਰ

ਲੁਧਿਆਣਾ. 18 ਫਰਵਰੀ ૿ ਲੁਧਿਆਣਾ ਪੁਲਿਸ ਨੇ ਹਵਾਲਾ ਕਾਰੋਬਾਰ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 61 ਲੱਖ 10 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ: ਕੁਲਵਿੰਦਰ ਸਿੰਘ ਥਿਆੜਾ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 5 ਦੇ ਐੱਸ. ਐੱਚ. ਓ. ਸ੍ਰੀ ਰਾਜਕੁਮਾਰ ਦੀ ਅਗਵਾਈ ਹੇਠ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਸ਼ਨਾਖਤ ਨਿਰਮਲ ਕੁਮਾਰ, ਹਰੀਸ਼ ਕੁਮਾਰ ਅਤੇ ਦਲੀਪ ਕੁਮਾਰ ਵਜੋਂ ਕੀਤੀ ਗਈ ਹੈ। ਇਹ ਸਾਰੇ ਨੌਜਵਾਨ ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਦੋ ਮਹੀਨਿਆਂ ਤੋਂ ਉਹ ਬੱਸ ਸਟੈਂਡ ਨੇੜੇ ਸ਼ਾਮ ਨਗਰ ਇਲਾਕੇ ਵਿਚ ਕਿਰਾਏ ਦੇ ਕਮਰੇ ਵਿਚ ਰਹਿ ਰਹੇ ਸਨ। ਅੱਜ ਇਨ੍ਹਾਂ ਨੂੰ ਬੱਸ ਸਟੈਂਡ ਨੇੜਿਓ ਉਸ ਵਕਤ ਗ੍ਰਿਫ਼ਤਾਰ ਕੀਤਾ ਜਦੋਂ ਉਹ 61 ਲੱਖ ਦੀ ਨਕਦੀ ਲੈ ਕੇ ਯਮੁਨਾ ਨਗਰ ਜਾਣ ਲਈ ਬੱਸ ਵਿਚ ਬੈਠਣ ਲੱਗੇ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਨਕਦੀ ਡਾਇਰੈਕਟਰ ਇਨਫਰੋਸਮੈਂਟ ਅਤੇ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਅਗਲੀ ਜਾਂਚ ਉਕਤ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।


ਬੰਬ ਧਮਾਕਿਆਂ ਦੇ ਮੁਲਜ਼ਮ ਹਰਿਆਣਾ ਪੁਲਿਸ ਹਵਾਲੇ

ਰਾਜਪੁਰਾ, 18 ਫਰਵਰੀ-ਸਥਾਨਿਕ ਅਦਾਲਤ ਨੇ ਬੰਬ ਧਮਾਕਿਆਂ ਦੇ ਮੁਲਜ਼ਮਾਂ ਨੂੰ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ। ਸੀ. ਆਈ .ਏ. ਸਟਾਫ਼ ਰਾਜਪੁਰਾ ਦੇ ਇੰਚਾਰਜ ਸ: ਕੁਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਹਰਿਆਣਾ ਸੂਬੇ ਨਾਲ ਸੰਬੰਧਿਤ ਹਨ ਤੇ ਇਨ੍ਹਾਂ ਦੇ ਖ਼ਿਲਾਫ਼ ਹਰਿਆਣਾ ਵਿਚ ਵੱਖ-ਵੱਖ ਥਾਣਿਆਂ ਵਿਚ ਅਪਰਾਧਿਕ ਮਾਮਲੇ ਦਰਜ ਹਨ। ਕਾਬੂ ਕੀਤੇ ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਪੰਜ ਬੰਬ ਧਮਾਕੇ ਕੀਤੇ, ਜਿਨ੍ਹਾਂ ਵਿਚ ਕਈ ਵਿਅਕਤੀਆਂ ਦੀ ਮੌਤ ਹੋਈ ਤੇ ਕਈ ਜ਼ਖ਼ਮੀ ਹੋ ਗਏ। ਮੁਲਜ਼ਮਾਂ ਦੇ ਨਾਂਅ ਸਾਗਰ ਉਰਫ ਆਜ਼ਾਦ ਉਰਫ ਸੁਰਿੰਦਰ ਕੁਮਾਰ, ਉਰਫ ਖੁਸ਼ੀ ਰਾਮ ਉਰਫ ਕਾਲਾ, ਸ਼ਾਮ ਨਿਵਾਸ, ਗੁਰਨਾਮ ਸਿੰਘ, ਪ੍ਰਵੀਨ ਸ਼ਰਮਾ ਤੇ ਰਜੇਸ਼ ਕੁਮਾਰ ਹਨ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਥਾਣਾ ਸ਼ੰਭੂ ਵਿਖੇ ਆਈ. ਪੀ. ਸੀ. ਦੀ ਧਾਰਾ 399,402 ਅਤੇ ਅਸਲਾ ਐਕਟ 25/54/59 ਅਧੀਨ ਕੇਸ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਸੀ। ਜਿੱਥੋਂ ਮਾਣਯੋਗ ਜੱਜ ਸਾਹਿਬ ਨੇ ਇਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ।

ਜਲੰਧਰ 'ਚ ਵਿਸ਼ਾਲ ਪੰਜਾਬੀ ਜਾਗ੍ਰਿਤੀ ਮਾਰਚ 21 ਨੂੰ

ਜਲੰਧਰ, 18 ਫਰਵਰੀ-ਪੰਜਾਬ ਜਾਗ੍ਰਿਤੀ ਮੰਚ ਜਲੰਧਰ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ 21 ਫਰਵਰੀ, ਮੰਗਲਵਾਰ ਨੂੰ ਲਾਇਲਪੁਰ ਖਾਲਸਾ ਸਕੂਲ ਨਕੋਦਰ ਚੌਕ ਤੋਂ ਸਵੇਰੇ 10.30 ਵਜੇ ਦੇਸ਼ ਭਗਤ ਯਾਦਗਾਰ ਹਾਲ ਤੱਕ ਕੀਤੇ ਜਾਣ ਵਾਲੇ 'ਪੰਜਾਬੀ ਜਾਗ੍ਰਿਤੀ ਮਾਰਚ' ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਮੰਚ ਵੱਲੋਂ ਅੱਜ ਇਥੇ ਬੁਲਾਈ ਗਈ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵਿਚ ਦਿੱਤੀ ਗਈ। ਪੰਜਾਬ ਜਾਗ੍ਰਿਤੀ ਮੰਚ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਸਹਿਯੋਗੀ ਜਥੇਬੰਦੀਆਂ ਵੱਲੋਂ ਮੰਚ ਦੇ ਪ੍ਰਧਾਨ ਪ੍ਰੋ: ਪਿਆਰਾ ਸਿੰਘ ਭੋਗਲ, ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ ਤੇ ਸਕੱਤਰ ਸ੍ਰੀ ਦੀਪਕ ਬਾਲੀ ਨੇ ਦੱਸਿਆ ਕਿ ਇਹ ਮਾਰਚ ਪੰਜਾਬੀਆਂ ਵਿਚ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗ੍ਰਿਤੀ ਪੈਦਾ ਕਰਨ ਅਤੇ ਸਿੱਖਿਆ ਤੇ ਪ੍ਰਸ਼ਾਸਨ ਵਿਚ ਪੰਜਾਬੀ ਨੂੰ ਉਸ ਦਾ ਬਣਦਾ ਯੋਗ ਸਥਾਨ ਦੁਆਉਣ ਲਈ ਕੀਤਾ ਜਾ ਰਿਹਾ ਹੈ। ਮੰਚ ਦੇ ਆਗੂਆਂ ਨੇ ਕਿਹਾ ਕਿ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ ਸਮੂਹ ਪੰਜਾਬੀਆਂ ਨੂੰ ਇਕਮੁੱਠ ਕਰਕੇ ਇਕ ਮਜ਼ਬੂਤ ਲਹਿਰ ਉਸਾਰਨ ਵਾਸਤੇ ਇਹ ਮਾਰਚ ਕੀਤਾ ਜਾ ਰਿਹਾ ਹੈ। ਪ੍ਰੈੱਸ ਕਾਨਫਰੰਸ ਵਿਚ ਪੰਜਾਬ ਜਾਗ੍ਰਿਤੀ ਮੰਚ ਦੇ ਅਹੁਦੇਦਾਰਾਂ ਤੋਂ ਇਲਾਵਾ ਸ: ਆਤਮ ਪ੍ਰਕਾਸ਼ ਸਿੰਘ, ਸ: ਤਜਿੰਦਰ ਸਿੰਘ ਪ੍ਰਦੇਸੀ, ਦਿਲਬਾਗ ਸਿੰਘ ਪ੍ਰੀਤ ਨਗਰ, ਭੁਪਿੰਦਰ ਸਿੰਘ ਬੜਿੰਗ, ਮੋਹਨ ਸਿੰਘ ਸਹਿਗਲ, ਸੰਤੋਸ਼ ਵਰਮਾ, ਅਨੂ ਗੁਪਤਾ, ਸ੍ਰੀ ਸੁਰਿੰਦਰ ਕੁਮਾਰ ਸ਼ਰਮਾ, ਸ੍ਰੀ ਰਾਕੇਸ਼ ਕੁਮਾਰ ਸਭਰਵਾਲ, ਸ੍ਰੀ ਨਿਤਿਨ ਗੁਪਤਾ ਰੇਡੀਓ ਮਿਰਚੀ, ਸਤਪਾਲ ਸਿੰਘ ਸਿਦਕੀ, ਸ੍ਰੀ ਅਤੁਲ ਮਲਹੋਤਰਾ, ਹਰਪ੍ਰੀਤ ਸਿੰਘ ਨੀਟੂ, ਗੁਰਮੀਤ ਸਿੰਘ ਵਾਰਸ ਤੇ ਹਰਵਿੰਦਰ ਹੈਪੀ ਆਦਿ ਹਾਜ਼ਰ ਸਨ। ਮੰਚ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਮਾਰਚ ਵਿਚ ਜਲੰਧਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ 40 ਦੇ ਲਗਭਗ ਸਰਕਾਰੀ ਤੇ ਗ਼ੈਰ-ਸਰਕਾਰੀ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਸਟਾਫ ਮੈਂਬਰ ਸ਼ਿਰਕਤ ਕਰ ਰਹੇ ਹਨ। 24 ਦੇ ਲਗਭਗ ਸਮਾਜਿਕ, ਧਾਰਮਿਕ, ਪੇਸ਼ਾਵਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਸ਼ਿਰਕਤ ਕਰ ਰਹੀਆਂ ਹਨ। ਇਨ੍ਹਾਂ ਵਿਚ ਸਿੰਘ ਸਭਾਵਾਂ, ਸਿੱਖ ਤਾਲਮੇਲ ਕਮੇਟੀ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਸਮਾਜ ਸੇਵਾ ਸੁਸਾਇਟੀ, ਪਤੰਜਲੀ ਯੋਗ ਪੀਠ, ਖੁਖਰੈਣ ਬਰਾਦਰੀ, ਪੰਜਾਬੀ ਲਿਖਾਰੀ ਸਭਾ, ਪੰਜਾਬ ਸਟੇਟ ਮਨਿਸਟੀਰੀਅਲ ਇੰਪਲਾਈਜ਼ ਯੂਨੀਅਨ, ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਚੈਪਟਰ, ਇੰਡੀਆ ਅਗੇਂਸਟ ਕੁਰੱਪਸ਼ਨ ਅਤੇ ਰੇਡੀਓ ਮਿਰਚੀ ਆਦਿ ਸ਼ਾਮਿਲ ਹਨ। ਪੰਜਾਬ ਦੇ ਉੱਘੇ ਕਲਾਕਾਰ ਹੰਸ ਰਾਜ ਹੰਸ, ਮਨਮੋਹਨ ਵਾਰਿਸ, ਸਤਿੰਦਰ ਸਰਤਾਜ, ਲਖਵਿੰਦਰ ਵਡਾਲੀ, ਕਮਲ ਹੀਰ, ਰੌਸ਼ਨ ਪ੍ਰਿੰਸ, ਬਲਰਾਜ, ਸੁਦੇਸ਼ ਕੁਮਾਰੀ ਅਤੇ ਦਲਵਿੰਦਰ ਦਿਆਲਪੁਰੀ ਵੀ ਸ਼ਾਮਿਲ ਹੋਣਗੇ। ਇਨ੍ਹਾਂ ਤੋਂ ਇਲਾਵਾ ਬੁੱਧੀਜੀਵੀ ਵਰਗ 'ਚੋਂ ਵਾਈਸ ਚਾਂਸਲਰ ਪੀ. ਟੀ. ਯੂ. ਸ੍ਰੀ ਰਜਨੀਸ਼ ਅਰੋੜਾ, ਰਿਟਾ: ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋਗਿੰਦਰ ਸਿੰਘ ਪੁਆਰ, ਰਿਟਾ: ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ: ਐਸ. ਪੀ. ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ, ਕਾਮਰੇਡ ਮੰਗਤ ਰਾਮ ਪਾਸਲਾ, ਸ: ਬੇਅੰਤ ਸਿੰਘ ਸਰਹੱਦੀ ਅਤੇ ਹਵੇਲੀ ਅਤੇ ਰੰਗਲਾ ਪੰਜਾਬ ਦੇ ਮਾਲਕ ਸ੍ਰੀ ਸਤੀਸ਼ ਜੈਨ ਆਦਿ ਵੀ ਮਾਰਚ ਵਿਚ ਸ਼ਿਰਕਤ ਕਰਨਗੇ। 

ਬਿਸ਼ਾਖਾ ਨੇ ਜਿੱਤਿਆ 'ਅਸਲੀ ਆਂਵਲਾ ਸਟਾਰ' ਮੁਕਾਬਲੇ ਦਾ ਤਾਜ਼

ਲੁਧਿਆਣਾ, 18 ਫਰਵਰੀ-ਡਾਬਰ ਆਂਵਲਾ ਹੇਅਰ ਆਇਲ ਇੰਡੀਆ ਵੱਲੋਂ 'ਅਸਲੀ ਆਂਵਲਾ ਸਟਾਰ' ਦੀ ਪ੍ਰਤੀਯੋਗਿਤਾ ਵਿਚ ਅੱਜ ਲੁਧਿਆਣਾ ਵਿਖੇ ਮਿਸ ਬਿਸ਼ਾਖਾ ਚੰਦਨ ਨੂੰ ਜੇਤੂ ਐਲਾਨਿਆ ਗਿਆ ਹੈ। ਲੁਧਿਆਣਾ ਦੇ ਵੈਸਟਡ ਮਾਲਜ਼ ਵਿਖੇ ਹੋਏ ਫਾਈਨਲ ਮੁਕਾਬਲੇ ਵਿਚ ਜੇਤੂ ਨੇ ਬਾਲੀਵੁੱਡ ਦੀ ਅਦਾਕਾਰਾ ਅਤੇ ਡਾਬਰ ਆਂਵਲਾ ਦੀ ਬ੍ਰਾਂਡ ਅੰਬੈਸਡਰ ਰਾਣੀ ਮੁਖਰਜੀ ਨਾਲ ਇਕ ਐਡ ਮੁਹਿੰਮ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਮੌਕੇ ਡਾਬਰ ਇੰਡੀਆ ਦੇ ਅਧਿਕਾਰੀ ਸ੍ਰੀ ਸਤਯਾਰਤ ਸ੍ਰੀਵਾਸਤਵ ਨੇ ਕਿਹਾ ਕਿ ਡਾਬਰ ਦੀ ਟੀਮ ਲੁਧਿਆਣਾ ਦੇ ਕਈ ਕਾਲਜਾਂ ਦੀਆਂ 1000 ਤੋਂ ਵਧੇਰੇ ਕੁੜੀਆਂ ਨੇ ਮੁਕਾਬਲੇ ਵਿਚ ਹਿੱਸਾ ਲਿਆ। ਮੁਕਾਬਲੇ ਵਿਚ ਇਕੱਤਰ ਹੋਈਆਂ ਕੁੜੀਆਂ ਨੂੰ ਵਾਲਾਂ ਦੇ ਮਾਹਿਰਾਂ ਨੇ ਵਾਲਾਂ ਦੀ ਲੰਬਾਈ, ਮਜ਼ਬੂਤੀ ਅਤੇ ਸੁੰਦਰਤਾ ਦੇ ਆਧਾਰ 'ਤੇ 12 ਕੁੜੀਆਂ ਨੂੰ ਫਾਈਨਲ ਗੇੜ 'ਚ ਚੁਣਿਆ ਗਿਆ। ਇਨ੍ਹਾਂ 12 ਪ੍ਰਤੀਯੋਗੀਆਂ ਵਿਚੋਂ ਮਿਸ ਬਿਸ਼ਾਖਾ ਚੰਦਨ ਨੂੰ ਜੇਤੂ ਐਲਾਨਿਆ ਗਿਆ ਅਤੇ ਤਾਜ ਪਹਿਣਾਇਆ ਗਿਆ। ਇਸ ਮੌਕੇ ਬਿਸ਼ਾਖਾ ਚੰਦਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਣੀ ਮੁਖਰਜੀ ਨਾਲ ਐਡ ਮੁਹਿੰਮ ਵਿਚ ਆਉਣਾ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ।

ਕਿਸਾਨ ਮੰਗਾਂ ਦੇ ਹੱਕ 'ਚ 28 ਨੂੰ ਜ਼ਿਲ੍ਹਾ ਪੱਧਰ 'ਤੇ ਧਰਨੇ ਦੇਣਗੇ
ਜਲੰਧਰ, 18 ਫਰਵਰੀ -ਜਮਹੂਰੀ ਕਿਸਾਨ ਸਭਾ ਪੰਜਾਬ 17 ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਬਾਦਲ ਸਰਕਾਰ ਵਲੋਂ ਪ੍ਰਵਾਨਿਤ ਮੰਗਾਂ ਲਾਗੂ ਕਰਵਾਉਣ ਅਤੇ ਪਾਵਰਕਾਮ ਪੰਜਾਬ ਦੀ ਅਫ਼ਸਰਸ਼ਾਹੀ ਵਲੋਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਨੂੰ ਰੁਕਵਾਉਣ ਲਈ 28 ਫਰਵਰੀ ਨੂੰ ਸਾਰੇ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨਿਆਂ ਵਿਚ ਪੂਰੀ ਸ਼ਕਤੀ ਲਾ ਕੇ ਕਿਸਾਨਾਂ, ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਈ ਜਾਏਗੀ। ਇਹ ਫੈਸਲਾ ਸਭਾ ਦੀ ਸੂਬਾ ਕਮੇਟੀ ਦੀ ਅੱਜ ਜਲੰਧਰ ਵਿਚ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਬਾਰੇ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ 6 ਤੋਂ 10 ਦਸੰਬਰ 2011 ਦੇ ਰਸਤਾ ਰੋਕੋ ਅੰਦੋਲਨ ਦੇ ਦਬਾਅ ਹੇਠਾਂ ਸਰਕਾਰ ਨੇ ਕਿਸਾਨ, ਮਜ਼ਦੂਰ ਜਥੇਬੰਦੀਆਂ ਨਾਲ ਫੈਸਲਾ ਕੀਤਾ ਸੀ ਕਿ ਪਿੰਡਾਂ ਦੇ ਮਜ਼ਦੂਰਾਂ ਨੂੰ ਬਿਨਾਂ ਜਾਤ ਬਰਾਦਰੀ ਦੀ ਸ਼ਰਤ ਤੋਂ 200 ਬਿਜਲੀ ਯੂਨਿਟ ਦੀ ਪ੍ਰਤੀ ਮਹੀਨਾਂ ਮੁਆਫੀ ਦਿੱਤੀ ਜਾਵੇਗੀ। ਉਨ੍ਹਾਂ ਪਾਸੋਂ ਪਿਛਲੇ ਬਕਾਏ ਨਹੀਂ ਉਗਰਾਹੇ ਜਾਣਗੇ ਅਤੇ ਕਿਸੇ ਮਜ਼ਦੂਰ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਗੋਬਿੰਦਪੁਰਾ ਥਰਮਲ ਪਲਾਟ ਲਈ ਧੱਕੇ ਨਾਲ ਖੋਹੀ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਜਾਵੇਗੀ ਅਤੇ ਸੰਬੰਧਿਤ ਖੇਤ ਮਜ਼ਦੂਰਾਂ ਨੂੰ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਕਿਸਾਨਾਂ ਦੇ ਬਿਜਲੀ ਬਕਾਏ ਖਤਮ ਕੀਤੇ ਜਾਣਗੇ। ਕਰਜ਼ੇ ਕਰਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਦੇ ਪਰਵਾਰਾਂ ਨੂੰ ਮੁਆਵਜ਼ੇ ਲਈ 5 ਕਰੋੜ ਰੁਪਏ ਪ੍ਰਤੀ ਮਹੀਨਾ ਸਰਕਾਰ ਖਜ਼ਾਨੇ ਵਿਚੋਂ ਜਾਰੀ ਕਰੇਗੀ ਅਤੇ ਕਿਸਾਨਾਂ, ਮਜ਼ਦੂਰਾਂ ਵਿਰੁੱਧ ਬਣੇ ਸਾਰੇ ਪੁਲਿਸ ਕੇਸ ਵਾਪਸ ਲੈ ਲਏ ਜਾਣਗੇ। ਪਰ ਅਮਲ ਵਿਚ ਕੁੱਝ ਫੈਸਲਿਆਂ ਤੋਂ ਤਾਂ ਸਰਕਾਰ ਹੀ ਪਿੱਛੇ ਹਟ ਗਈ ਹੈ ਅਤੇ ਉਸਨੇ ਪੇਂਡੂ ਮਜ਼ਦੂਰਾਂ ਤੋਂ ਜਾਤ ਬਰਾਦਰੀ ਦੀ ਸ਼ਰਤ ਨਹੀਂ ਹਟਾਈ। ਬਾਕੀ ਫੈਸਲੇ ਲਾਗੂ ਹੀ ਨਹੀਂ ਹੋ ਰਹੇ। ਇਸ ਦੇ ਉਲਟ ਜਾ ਕੇ ਬਿਜਲੀ ਬੋਰਡ ਦੀ ਅਫ਼ਸਰਸ਼ਾਹੀ ਬਕਾਇਆ ਦੀ ਉਗਰਾਹੀ ਦੇ ਨਾਂਅ 'ਤੇ ਪੇਂਡੂ ਮਜ਼ਦੂਰਾਂ ਦੇ ਕੁਨੈਕਸ਼ਨ ਕੱਟ ਰਹੀ ਹੈ। ਕਈ ਕਿਸਾਨਾਂ ਵਿਰੁੱਧ ਬਿਜਲੀ ਚੋਰੀ ਦੇ ਨਾਂਅ ਭਾਰੀ ਜੁਰਮਾਨੇ ਪਾ ਕੇ ਪੁਲਿਸ ਕੇਸ ਦਰਜ਼ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਇਨ੍ਹਾਂ ਸਾਰੇ ਮਸਲਿਆਂ ਬਾਰੇ 17 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ 28 ਫਰਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਪੂਰੀ ਸ਼ਕਤੀ ਨਾਲ ਧਰਨੇ ਦੇਣ ਦਾ ਫੈਸਲਾ ਕੀਤਾ ਹੈ। 

ਪੰਜਾਬੀ ਕਿਸਾਨ ਨੇ 3.6 ਕਰੋੜ ਡਾਲਰ ਦਾ ਫਸਲੀ ਹਰਜਾਨਾ ਜਿੱਤਿਆ

ਵੈਨਕੂਵਰ 18 ਫਰਵਰੀ ૿ ਕੈਨੇਡਾ 'ਚ ਫਸਲੀ ਤਬਾਹੀ ਕਾਰਨ ਹੋਏ ਭਾਰੀ ਮਾਲੀ ਨੁਕਸਾਨ ਲਈ, ਸਭ ਤੋਂ ਵੱਡੇ ਹਰਜਾਨੇ ਦਾ ਮੁਕੱਦਮਾ ਐਬਟਸਫੋਰਡ ਦੀ ਜੇ.ਆਰ.ਟੀ. ਨਰਸਰੀ ਨੇ ਜਿੱਤ ਕੇ, 3.6 ਕਰੋੜ ਡਾਲਰ (ਭਾਵ 180 ਕਰੋੜ ਰੁਪਏ) 'ਚ 'ਸਨ ਗ੍ਰੋ ਡਿਸਟ੍ਰੀਬੂਸ਼ਨ' ਨਾਂ ਦੇ ਫਰਟੀਲਾਈਜ਼ਰ ਅਦਾਰੇ ਨੂੰ ਵੱਡਾ ਝਟਕਾ ਦਿੱਤਾ ਹੈ। ਐਲਡਰਗਰੋਵ ਸਥਿਤ ਉਕਤ ਨਰਸਰੀ ਦੇ ਸ: ਜਗਜੀਤ ਸਿੰਘ ਔਜਲਾ ਲੰਮੇ ਸਮੇਂ ਤੋਂ ਬਲਿਊ ਬੇਰੀ ਦੇ ਪੌਦਿਆਂ ਦੀ ਖੇਤੀ ਲਈ ਨਰਸਰੀ ਰਾਹੀਂ ਬਹੁਤ ਸਾਰੇ ਫਾਰਮਾਂ ਨੂੰ ਸਪਲਾਈ ਕਰਦੇ ਆ ਰਹੇ ਹਨ, ਪਰੰਤੂ ਸੰਨ 2008 ਵਿਚ ਮਾੜੀ ਫਰਟੀਲਾਈਜ਼ਰ ਕਾਰਨ 4.2 ਮਿਲੀਅਨ ਬੂਟੇ ਨਸ਼ਟ ਹੋਏ, ਜਿਨ੍ਹਾਂ ਦੀ 2.85 ਡਾਲਰ ਪ੍ਰਤੀ ਪੌਦੇ ਕੀਮਤ ਤੇ 6 ਲੱਖ ਡਾਲਰ ਖਾਦ ਦਾ ਖਰਚਾ ਸੀ। ਸ: ਔਜਲਾ ਦੇ ਵਕੀਲ ਜੋਸ਼ਫ਼ ਪ੍ਰੋਡੋਰ ਨੇ ਦੱਸਿਆ ਕਿ ਮਾੜੇ ਪੌਦੇ ਲੈਣ ਵਾਲਿਆਂ ਨੇ ਫੈਸਲਾ ਕੀਤਾ ਸੀ ਕਿ ਉਹ ਭਵਿੱਖ 'ਚ ਕਦੇ ਵੀ ਜੇ. ਆਰ.ਟੀ. ਨਰਸਰੀ ਤੋਂ ਬਲਿਊਬੇਰੀ ਪਲਾਂਟ ਨਹੀਂ ਲੈਣਗੇ। ਅਮਰੀਕਾ ਦੀ ਔਰਗਨ ਸਟੇਟ 'ਚ ਪੋਰਟਲੈਂਡ 'ਚ ਸਿਵਲ ਜਿਊਰੀ ਰਾਹੀਂ ਹੋਏ ਸਭ ਤੋਂ ਵੱਡੇ ਮਾਲੀ ਦਾਅਵੇ ਨੇ ਮਾੜੀਆਂ ਖਾਦਾਂ ਦੀ ਵਿਕਰੀ ਵਾਲਿਆਂ ਨੂੰ ਕਰਾਰਾ ਸਬਕ ਸਿਖਾਇਆ ਹੈ। ਇਸ ਦੌਰਾਨ ਫਰੇਜ਼ਰ ਵੈਲੀ ਦੀ ਹੀ ਇਕ ਹੋਰ ਡੀਜ਼ਵਾਨ ਨਰਸਰੀ, ਪਿਟਮਿੱਡੋ ਨੇ ਜਾਪਾਨੀ ਮੈਪਲ ਟ੍ਰੀਜ਼ ਤੇ ਹੋਰ ਨੁਕਸਾਨ ਲਈ 2,40,000 ਦਾ ਮੁਕੱਦਮਾ ਜਿੱਤਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਸੈਂਕੜੇ ਪੰਜਾਬੀਆਂ ਵਲੋਂ ਹਜ਼ਾਰਾਂ ਏਕੜਾਂ 'ਚ ਬਲਿਊਬੇਰੀ ਖੇਤੀ ਕੀਤੀ ਜਾਂਦੀ ਹੈ।
ਜਾਇਦਾਦ ਦੀ ਮਸਨੂਈ ਖਰੀਦ ਵੇਚ ਨੂੰ ਨੱਥ ਪਾਉਣ ਦੀ ਲੋ
ਪਟਿਆਲਾ, 18 ਫਰਵਰੀ -ਪਿਛਲੇ ਕੁਝ ਸਮੇਂ ਦੌਰਾਨ ਪਲਾਟਾਂ ਤੇ ਜ਼ਮੀਨਾਂ ਦੀਆਂ ਕੀਮਤਾਂ 'ਚ ਬੜੀ ਤੇਜ਼ੀ ਆਈ ਹੈ। 'ਆਪਣਾ ਰਿਹਾਇਸ਼ੀ ਮਕਾਨ ਹੋਵੇ' ਇਹ ਹਰ ਵਿਅਕਤੀ ਦੀ ਤਾਂਘ ਹੈ। ਇਸ ਵਜੋਂ ਪੰਜਾਬ ਤੇ ਹਰਿਆਣਾ 'ਚ ਬਿਲਡਰਾਂ ਵੱਲੋਂ ਵੱਡੀ ਗਿਣਤੀ 'ਚ ਫਲੈਟ ਬਣਾਏ ਜਾ ਰਹੇ ਹਨ। ਚੰਗੇ-ਚੰਗੇ ਤੇ ਅਮੀਰ ਘਰਾਣਿਆਂ ਦੇ ਬਹੁਤ ਬੇਰੁਜ਼ਗਾਰ ਨੌਜੁਆਨਾਂ ਨੇ ਪ੍ਰਾਪਰਟੀ ਦੀ ਖਰੀਦ-ਵੇਚ ਦੇ ਡੀਲਰਾਂ ਦਾ ਕੰਮ ਸ਼ੁਰੂ ਕਰ ਦਿੱਤਾ। ਪ੍ਰਾਪਰਟੀ ਦੀ ਖਰੀਦ-ਵੇਚ ਬੇਰੁਜ਼ਗਾਰ ਨੌਜਵਾਨ ਹੀ ਨਹੀਂ, ਵਪਾਰੀ, ਵੱਡੇ-ਵੱਡੇ ਜ਼ਿੰਮੀਦਾਰ, ਸਿਆਸਤਦਾਨ ਤੇ ਸਰਕਾਰੀ ਕਰਮਚਾਰੀ (ਬੇਨਾਮੀ) ਵੀ ਕਰ ਰਹੇ ਹਨ। ਰਾਜਾਂ ਦਾ ਬਹੁਤ ਸਰਮਾਇਆ ਇਸ ਕੰਮ 'ਚ ਲੱਗਿਆ ਹੋਇਆ ਹੈ, ਜਿਸ ਨਾਲ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਬਹੁਤੀ ਹਾਲਤਾਂ 'ਚ ਬਿਆਨਿਆਂ 'ਤੇ ਹੀ ਜਾਇਦਾਦ ਦੀ ਖਰੀਦ-ਵੇਚ ਕਰ ਲਈ ਜਾਂਦੀ ਹੈ ਅਤੇ ਇਸ ਨਾਲ ਸਰਕਾਰੀ ਰਜਿਸਟਰੀ ਫੀਸ ਬਚਾ ਲਈ ਜਾਂਦੀ ਹੈ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੇ ਸੇਤੀਆ ਨੇ ਪ੍ਰਗਟਾਵਾ ਕੀਤਾ ਕਿ ਵਪਾਰੀਆਂ ਦਾ ਵੀ ਕਾਫੀ ਸਰਮਾਇਆ ਇਸ ਕੰਮ 'ਚ ਫਸਣ ਨਾਲ ਉਹ ਕਿਸਾਨਾਂ ਤੋਂ ਆਪਣੀ ਲਾਗਤ ਨਾਲ ਬਾਸਮਤੀ ਆਦਿ ਦੀ ਫ਼ਸਲ ਖਰੀਦਣ ਤੋਂ ਵੀ ਅਸਮਰਥ ਹਨ। ਕਿਸਾਨਾਂ ਨੂੰ ਬਾਸਮਤੀ ਦਾ ਲਾਹੇਵੰਦ ਭਾਅ ਨਾ ਮਿਲਣ ਦਾ ਇਹ ਵੀ ਇਕ ਕਾਰਨ ਸੀ ਕਿਉਂਕਿ ਉਨ੍ਹਾਂ ਦਾ ਕਾਫੀ ਸਰਮਾਇਆ ਵਿਦੇਸ਼ਾਂ 'ਚ ਉਧਾਰ 'ਚ ਵੀ ਫਸ ਗਿਆ। ਸ੍ਰੀ ਸੇਤੀਆ ਨੇ ਪ੍ਰਾਪਰਟੀ ਦੀ ਖਰੀਦ-ਵੇਚ ਸਬੰਧੀ ਕੁਝ ਸੁਝਾਅ ਦਿੱਤੇ ਹਨ ਜਿਸ ਅਨੁਸਾਰ ਕਾਨੂੰਨ 'ਚ ਸੋਧ ਕੀਤੀ ਜਾਵੇ ਤਾਂ ਜੋ ਕੋਈ ਵਿਅਕਤੀ ਇਕ ਤੋਂ ਵੱਧ ਰਿਹਾਇਸ਼ੀ ਮਕਾਨ ਨਾ ਖਰੀਦ ਸਕੇ। ਜੇ ਕਿਸੇ ਟੱਬਰ ਦੇ ਮੁਖੀ ਨੇ ਇਕ ਤੋਂ ਵੱਧ ਮਕਾਨ ਖਰੀਦਣਾ ਹੋਵੇ ਤਾਂ ਉਹ ਇਸ ਜ਼ਰੂਰਤ ਨੂੰ ਸਪਸ਼ਟ ਕਰੇ। ਜੋ ਵਿਅਕਤੀ ਜਾਂ ਕੰਪਨੀ ਪ੍ਰਾਪਰਟੀ ਵੇਚਣਾ ਚਾਹਵੇ ਉਹ ਇਸ ਨੂੰ ਰਜਿਸਟਰਾਰ ਜਾਂ ਤਹਿਸੀਲਦਾਰ ਕੋਲ ਅਤੇ ਬਰੋਕਰਾਂ ਦੀ ਸਿੰਡੀਕੇਟ ਕੋਲ ਦਰਜ ਕਰਵਾਵੇ। ਵਿਕਰੇਤਾ ਬਰੋਕਰਾਂ ਦੀ ਸਲਾਹ ਨਾਲ ਜਾਇਦਾਦ ਦੀ ਰਿਜ਼ਰਵ ਕੀਮਤ ਦਾ ਵੀ ਐਲਾਨ ਕਰੇ। ਜਾਇਦਾਦ ਦੀ ਵੇਚ ਸਬੰਧੀ ਵੈੱਬਸਾਈਟ 'ਤੇ ਵੀ ਸੂਚਨਾ ਦਰਜ ਕੀਤੀ ਜਾਵੇ ਤਾਂ ਜੋ ਖਰੀਦਦਾਰ ਆਪਣੀ ਪੇਸ਼ਕਸ਼ ਬਰੋਕਰ ਕੋਲ ਭੇਜ ਸਕਣ। ਅਜਿਹਾ ਹੋਣ ਨਾਲ ਕੋਈ ਪ੍ਰਾਪਰਟੀ ਡੀਲਰ ਜਾਂ ਬਰੋਕਰ ਖਰੀਦਦਾਰ ਜਾਂ ਵਿਕਰੇਤਾ ਨਾਲ ਠੱਗੀ ਨਹੀਂ ਮਾਰ ਸਕੇਗਾ। ਵਿਕਰੇਤਾ ਨੂੰ ਠੀਕ ਕੀਮਤ ਮਿਲੇਗੀ ਅਤੇ ਖਰੀਦਦਾਰ ਆਪਣੀ ਮਰਜ਼ੀ ਮੁਤਾਬਿਕ ਜਾਇਦਾਦ ਲੈ ਸਕੇਗਾ। ਬਰੋਕਰ ਸਭ ਤੋਂ ਵੱਧ ਕੀਮਤ ਦੇਣ ਵਾਲੇ ਨੂੰ ਇਹ ਜਾਇਦਾਦ ਵੇਚਣ ਲਈ ਕਦਮ ਚੁੱਕੇ। ਅਜਿਹਾ ਹੋਣ ਨਾਲ ਪ੍ਰਾਪਰਟੀ ਦੀ ਕੀਮਤ ਦਾ ਸਭ ਨੂੰ ਪਤਾ ਹੋਵੇਗਾ। ਖਰੀਦਦਾਰ ਨਾਲ ਕੋਈ ਧੋਖਾ ਨਹੀਂ ਹੋਵੇਗਾ ਅਤੇ ਸਰਕਾਰੀ ਫੀਸ ਵੀ ਅਦਾ ਕਰਨੀ ਪਵੇਗੀ। ਅਸਲੀ ਰਕਮ ਤੋਂ ਘੱਟ ਰਜਿਸਟਰੀ ਕਰਵਾਉਣ ਦੀ ਸੰਭਾਵਨਾ ਵੀ ਨਹੀਂ ਰਹੇਗੀ। ਇਸ ਤਰ੍ਹਾਂ ਜੋ ਬਿਆਨਿਆਂ 'ਤੇ ਹੀ ਇਕ-ਦੂਜੇ ਨੂੰ ਪ੍ਰਾਪਰਟੀ ਵੇਚੀ ਜਾਂਦੀ ਹੈ ਅਤੇ ਫਿਰ ਬਲੈਕ ਦਾ ਪੈਸਾ ਪ੍ਰਾਪਰਟੀ ਵਿਚ ਐਡਜੈਸਟ ਕਰ ਦਿੱਤਾ ਜਾਂਦਾ ਹੈ, ਅਜਿਹਾ ਕਰਨਾ ਵੀ ਸੰਭਵ ਨਹੀਂ ਹੋਵੇਗਾ। ਲੋਕਾਂ ਅਤੇ ਸਰਕਾਰ ਨੂੰ ਪ੍ਰਾਪਰਟੀ ਵੇਚਣ ਵਾਲੇ ਅਤੇ ਖਰੀਦਣ ਵਾਲੇ ਦਾ ਅਸਲੀ ਨਾਂਅ ਵੀ ਪਤਾ ਹੋਵੇਗਾ। ਜਾਇਦਾਦ ਦੀ ਵੇਚ-ਖਰੀਦ 'ਚ ਭਰਿਸ਼ਟਾਚਾਰ ਖਤਮ ਹੋ ਜਾਵੇਗਾ। 

ਪੁੱਤਾਂ ਨਾਲੋਂ ਵੱਧ ਪਿਆਰ ਨਾਲ ਪਾਲੀਆਂ ਜਾਂਦੀਆਂ ਨੇ ਬੈਲ ਜੋੜੀਆ
ਬੰਗਾ, 18 ਫਰਵਰੀ - ਪੰਜਾਬ 'ਚ ਬੈਲ ਗੱਡੀਆਂ ਦੀਆਂ ਦੌੜਾਂ, ਹਲਟੀ ਦੀਆਂ ਦੌੜਾਂ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਮੇਲਿਆਂ ਦੀਆਂ ਸ਼ਿੰਗਾਰ ਹਨ। ਬਲਦਾਂ ਦੀਆਂ ਦੌੜਾਂ ਕਰਵਾਉਣ ਵਾਲੇ ਅਤੇ ਵੇਖਣ ਵਾਲੇ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਸ਼ੌਕ ਪੂਰਾ ਕਰਦੇ ਹਨ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਬੈਲ ਗੱਡੀਆਂ ਦੀਆਂ ਦੌੜਾਂ 'ਤੇ ਇਸ ਕਰ ਕੇ ਪਾਬੰਦੀ ਲਗਾ ਦਿੱਤੀ ਕਿ ਬਲਦਾਂ ਦੇ ਚਾਲਕ ਬੇਜ਼ੁਬਾਨਿਆਂ 'ਤੇ ਕਹਿਰ ਦਾ ਜ਼ੁਲਮ ਕਰਦੇ ਹਨ। ਬਲਦਾਂ ਦੇ ਸ਼ੌਕੀ ਜੋ ਬੈਲ ਗੱਡੀਆਂ ਨੂੰ ਪੁੱਤਾਂ ਨਾਲੋ ਵੱਧ ਪਿਆਰ ਦਿੰਦੇ ਹਨ ਉਨ੍ਹਾਂ ਦਾ ਪੱਖ ਵੀ ਵੱਖਰਾ ਹੈ। ਉਹ ਆਪਣੀਆਂ ਜ਼ਮੀਨਾਂ ਵੀ ਗਹਿਣੇ ਧਰ ਕੇ ਸ਼ੌਕ ਪਾਲਦੇ ਹਨ। ਬਲਦਾਂ ਨੂੰ ਮਹੀਨੇ ਦੀਆਂ ਚਾਰ-ਚਾਰ ਬੋਰੀਆਂ ਵੜੇਵੇਂ ਖੱਲ ਦੀਆਂ, ਚਾਰ-ਚਾਰ ਪੀਪੇ ਘਿਉ ਦੇ, ਦਸ-ਦਸ ਕਿਲੋ ਬਦਾਮ ਵੀ ਖੁਆਏ ਜਾਂਦੇ ਹਨ। ਇਨ੍ਹਾਂ ਦੀਆਂ ਮਾਲਸ਼ਾਂ ਲਈ ਵੱਖਰੇ ਕਾਮੇ ਰੱਖੇ ਗਏ ਹਨ। ਇਥੇ ਹੀ ਬੱਸ ਨਹੀਂ ਇਕ ਬੈਲ ਚਾਲਕ ਨੇ ਬਲਦਾਂ ਵਾਸਤੇ ਏ. ਸੀ. ਅਤੇ ਹੀਟਰ ਵੀ ਲਗਾਏ ਹੋਏ ਹਨ। ਬੰਗਾ ਨੇੜੇ ਖਾਨਖਾਨਾ ਦੇ ਇਕ ਚਾਲਕ ਡੈਸੀ ਨੇ ਬੈਲਾਂ ਲਈ ਵੱਖਰਾ ਟਰੱਕ ਰੱਖਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਬੈਲਾ ਦੀ ਸ਼ਾਨ ਖਾਤਰ ਇਕ ਟਰਾਫ਼ੀ ਲੈਣ ਵਾਸਤੇ ਉਹ ਦਿਹਾੜੀ ਦਾ ਵੀਹ-ਵੀਹ ਹਜ਼ਾਰ ਰੁਪਇਆ ਵੀ ਖ਼ਰਚ ਦਿੰਦੇ ਹਨ। ਬੈਲਾਂ ਨੂੰ ਮਾਰਨਾ ਤਾਂ ਦੂਰ ਦੀ ਗੱਲ ਦੂਜੇ ਨੂੰ ਹੱਥ ਵੀ ਨਹੀਂ ਰੱਖਣ ਦਿੰਦੇ। ਬੈਲ ਚਾਲਕ ਇਸ ਗੱਲੋਂ ਵੀ ਇਨਕਾਰੀ ਨਹੀਂ ਕਿ ਇੱਕ ਮੱਝ ਲਿਬੜੀ ਸਭ ਨੂੰ ਲਬੇੜ ਦਿੰਦੀ ਹੈ, ਭਾਵ ਦੋਆਬੇ ਅਤੇ ਮਾਲਵੇ ਦੇ ਕਈ ਬੈਲ ਚਾਲਕ ਅਜਿਹੇ ਵੀ ਹਨ ਜਿੰਨਾਂ ਨੇ ਇਸ ਨੂੰ ਧੰਦਾ ਬਣਾ ਲਿਆ ਹੈ। ਧੰਦੇ ਵਾਲੇ ਚਾਲਕਾਂ ਨੇ ਬੇਜ਼ੁਬਾਨਿਆਂ 'ਤੇ ਹਰ ਹੱਥਕੰਡਾ ਵਰਤਿਆ ਅੱਗੇ ਜਾਣ ਦੀ ਦੌੜ 'ਚ ਸ਼ਾਮਿਲ ਹੋਣ ਲਈ। ਬਲਦਾਂ ਦੇ ਸ਼ੌਕੀ ਇਸ ਗੱਲ ਦੇ ਹਾਮੀ ਹਨ ਕਿ ਬੈਲਾਂ ਨੂੰ ਆਰਾ ਲਾਉਣ ਵਾਲਿਆਂ, ਨਸ਼ੇ ਦੇਣ ਵਾਲਿਆਂ, ਟੀਕੇ ਲਗਾਉਣ ਵਾਲਿਆਂ, ਸ਼ਰਾਬਾਂ ਦੇਣ ਵਾਲਿਆਂ ਤੇ ਦੌੜ 'ਚ ਸ਼ਾਮਿਲ ਹੋਣ 'ਤੇ ਬੇਸ਼ੱਕ ਪਾਬੰਦੀ ਲਗਾਈ ਜਾਵੇ ਅਤੇ ਕਾਨੂੰਨੀ ਸਜ਼ਾ ਦਿੱਤੀ ਜਾਵੇ। ਪਰ ਇਸ 'ਤੇ ਮੁਕੰਮਲ ਪਾਬੰਦੀ ਲਗਾਉਣ ਨਾਲ ਖੇਡ ਮੇਲਿਆਂ ਚੋਂ ਨਾਰੇ, ਖੰਡੇ, ਪੀਣੇ, ਛਿਗੇ ਚੌਗੇ ਬੱਗੇ, ਭੋਡੇ, ਢੁੱਠਾ ਵਾਲੇ ਬਲਦ ਹੀ ਅਲੋਪ ਨਹੀਂ ਜਾਣਗੇ ਸਗੋਂ ਇਹ ਇਨ੍ਹੇ ਬੇਕਦਰੇ ਹੋ ਜਾਣਗੇ ਕਿ ਇਨ੍ਹਾਂ ਨੂੰ ਬਿਨਾ ਕਿਸੇ ਕੰਮ ਕੋਈ ਨਹੀਂ ਸਾਭੇਗਾ। ਬੈਲ ਗੱਡੀਆਂ ਦੀ ਦੌੜ 'ਤੇ ਪਾਬੰਦੀ ਨਾਲ ਖੇਡ ਮੇਲਿਆਂ ਦੀ ਸ਼ਾਨ ਅਤੇ ਸੱਭਿਆਚਰਕ ਰਵਾਇਤਾਂ ਨੂੰ ਵੱਡੀ ਸੱਟ ਲੱਗੇਗੀ। ਇਹ ਬੇਜ਼ੁਬਾਨੇ ਸੜਕਾਂ 'ਤੇ ਤੁਰੇ ਫਿਰਨਗੇ। ਹੱਲ੍ਹ ਵਾਹੁਣ ਵਾਲੇ ਬੱਗਿਆਂ ਦੀ ਕਦਰ ਵੀ ਬੈਲ ਗੱਡੀਆਂ ਦੀਆਂ ਦੌੜਾਂ ਨੇ ਪਾਈ ਸੀ। ਬੈਲ ਚਾਲਕਾਂ ਦਾ ਕਹਿਣਾ ਹੈ ਕਿ ਬਲਦਾਂ ਦੇ ਸ਼ੌਕ ਕਾਰਨ ਬਲਦਾਂ ਦੀ ਕੀਮਤ ਚਾਰ ਲੱਖ ਤੋਂ ਸੋਲਾਂ ਲੱਖ ਤੱਕ ਪਹੁੰਚੀ ਹੈ ਅਤੇ ਜੇ ਕਰ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਵੀ ਗਏ ਤਾਂ ਇਨ੍ਹਾਂ 'ਤੇ ਜੋ ਕਹਿਰ ਹੋਵੇਗਾ ਉਹ ਅਸਿਹ ਹੋਵੇਗਾ। ਬਲਦਾਂ 'ਤੇ ਤਸ਼ੱਦਦ ਕਰਨ ਵਾਲਿਆਂ ਨੂੰ ਮੇਲਿਆਂ 'ਚ ਸ਼ਾਮਿਲ ਨਾ ਕੀਤੇ ਜਾਵੇ। ਦੋ-ਚਾਰ ਦੀਆਂ ਗਲਤੀਆਂ ਦੀ ਸਜ਼ਾ ਹਰੇਕ ਨੂੰ ਨਾ ਦਿੱਤੀ ਜਾਵੇ। ਸੀਨੀਅਰ ਆਗੂ ਬਲਵੰਤ ਸਿੰਘ ਰਾਮੂੰਵਾਲੀਆਂ ਵੱਲੋਂ ਲਏ ਪੱਖ ਦੀ ਵੀ ਚਾਲਕਾਂ ਨੇ ਸ਼ਲਾਘਾ ਕੀਤੀ। ਕਈ ਧਾਰਮਿਕ ਅਸਥਾਨਾਂ ਦੀ ਪ੍ਰਸਿੱਧੀ ਵੀ ਬੈਲ ਗੱਡੀਆਂ ਦੀਆਂ ਦੌੜਾਂ ਕਰਕੇ ਹੈ। ਅਜਿਹੇ ਅਸਥਾਨਾਂ ਦੇ ਸ਼ਰਧਾਲੂਆਂ ਦੀਆਂ ਸੁੱਖਣਾਂ ਵੀ ਅਜਿਹੀਆਂ ਹੁੰਦੀਆਂ ਹਨ ਜੋ ਬਲਦਾਂ ਨੂੰ ਇਨਾਮਾਂ ਵਜੋਂ ਦਿੱਤੀਆਂ ਜਾਂਦੀਆਂ ਹਨ। ਸਰਕਾਰ ਅਤੇ ਪ੍ਰਸਾਸ਼ਨ ਨੂੰ ਲੋਕਾਂ ਦੀਆਂ ਭਾਵਨਾਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਬੈਲ ਗੱਡੀਆਂ ਦੀਆਂ ਦੌੜਾਂ 'ਤੇ ਰੋਕ ਪੰਜਾਬੀ
ਸੱਭਿਆਚਾਰ 'ਤੇ ਹਮਲਾ-ਰਾਮੂਵਾਲੀਆ
ਜਲੰਧਰ, 18 ਫਰਵਰੀ )-ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਬੈਲ ਗੱਡੀਆਂ ਦੀਆਂ ਦੌੜਾਂ 'ਤੇ ਲਾਈ ਰੋਕ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਇਸ ਨੂੰ ਪੰਜਾਬ ਦੇ ਸੱਭਿਆਚਾਰ 'ਤੇ ਹਮਲਾ ਕਰਾਰ ਦਿੰਦਿਆਂ ਇਨ੍ਹਾਂ ਦੌੜਾਂ ਦੇ ਹੱਕ 'ਚ ਆਪਣੀ ਪੂਰੀ ਤਾਕਤ ਝੋਕਣ ਦਾ ਐਲਾਨ ਕੀਤਾ ਹੈ। ਅੱਜ ਇਥੇ 'ਅਜੀਤ' ਭਵਨ ਵਿਖੇ ਗੱਲਬਾਤ ਕਰਦੇ ਹੋਏ ਸ. ਰਾਮੂਵਾਲੀਆ ਨੇ ਕਿਹਾ ਕਿ ਯੁੱਗਾਂ ਤੋਂ ਬਲਦ ਗੱਡੀਆਂ 'ਚ ਜੁੜਦੇ ਆ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਨਿਯਮਾਂ 'ਚ ਕੁਝ ਸਾਰਥਕ ਤਬਦੀਲੀਆਂ ਕਰਕੇ ਇਨ੍ਹਾਂ ਦੌੜਾਂ ਨੂੰ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਸ. ਰਮਨਦੀਪ ਸਿੰਘ ਭਰੋਵਾਲ ਵੀ ਸਨ। ਸ. ਰਾਮੂਵਾਲੀਆ ਨੇ ਚਿੜੀਆਂ ਤੇ ਹੋਰਨਾਂ ਪੰਛੀਆਂ ਦੇ ਗੈਰ-ਕਾਨੂੰਨੀ ਕਾਰੋਬਾਰ, ਘੋੜਿਆਂ ਦੀਆਂ ਦੌੜਾਂ 'ਚ ਲੱਗਦੇ ਸੱਟੇ ਤੇ ਘੋੜਿਆਂ 'ਤੇ ਹੁੰਦੇ ਜ਼ੁਲਮਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਚਿੜੀਆਂ ਤੇ ਹੋਰਨਾਂ ਪੰਛੀਆਂ ਨੂੰ ਵਿਦੇਸ਼ਾਂ 'ਚ ਵੇਚੇ ਜਾਣ ਦਾ ਅਮਲ ਤਾਂ ਅੱਜ ਤੱਕ ਕੇਂਦਰ ਸਰਕਾਰ ਰੋਕ ਨਹੀਂ ਸਕੀ ਤੇ ਨਾ ਹੀ ਘੋੜਿਆਂ ਦੀਆਂ ਦੌੜਾਂ ਦੌਰਾਨ ਘੋੜਿਆਂ 'ਤੇ ਹੁੰਦੇ ਜ਼ੁਲਮ ਤੇ ਲੱਗਦੇ ਸੱਟੇ ਨੂੰ ਰੋਕਣ 'ਚ ਹੀ ਅਜੇ ਤੱਕ ਕਾਮਯਾਬ ਹੋ ਸਕੀ ਹੈ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਨੂੰ ਇਕ ਹੋਰ ਸਵਾਲ ਕਰਦਿਆਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਧੋਖੇਬਾਜ਼ ਟਰੈਵਲ ਏਜੰਟਾਂ ਵਲੋਂ ਵਿਦੇਸ਼ਾਂ 'ਚ ਮੌਤ ਦੇ ਮੂੰਹ 'ਚ ਭੇਜੇ ਗਏ 1800 ਦੇ ਕਰੀਬ ਨੌਜਵਾਨਾਂ ਵਿਚੋਂ ਕਿੰਨੇ ਬਚਾਏ ਗਏ ਹਨ। ਸ. ਰਾਮੂਵਾਲੀਆ ਨੇ ਰਾਜ ਸਭਾ ਮੈਂਬਰ ਹੁੰਦੇ ਹੋਏ ਸਾਬਕਾ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨਾਲ ਟੱਕਰ ਲੈਂਦੇ ਹੋਏ ਇਨ੍ਹਾਂ ਦੌੜਾਂ ਨੂੰ ਮੁੜ ਸ਼ੁਰੂ ਕਰਵਾਉਣ 'ਚ ਸਫਲਤਾ ਹਾਸਿਲ ਕੀਤੀ ਸੀ ਤੇ ਇਸ ਵਾਰ ਵੀ ਉਨ੍ਹਾਂ ਨੇ ਇਹ ਦੌੜਾਂ ਮੁੜ ਸ਼ੁਰੂ ਕਰਵਾਉਣ ਦਾ ਬੀੜਾ ਚੁੱਕਦਿਆਂ ਦੁਹਰਾਇਆ ਹੈ ਕਿ ਉਹ ਇਸ ਮਾਮਲੇ ਨੂੰ ਹਰ ਪੱਧਰ 'ਤੇ ਉਠਾਉਣਗੇ।
ਸੰਤ ਸਮਾਜ ਦੇ ਸਕੱਤਰ ਜਨਰਲ ਸੰਤ
ਪਰਮਜੀਤ ਸਿੰਘ ਬੁੰਗੇ ਵਾਲੇ ਦਾ ਦਿਹਾਂਤ

ਮਾਹਿਲਪੁਰ, 18 ਫ਼ਰਵਰੀ - ਗੁਰਮਤਿ ਪ੍ਰਚਾਰ ਸਿਧਾਂਤ ਸੰਤ ਸਮਾਜ ਦੇ ਜਨਰਲ ਸਕੱਤਰ ਅਤੇ ਗੁਰਦੁਆਰਾ ਬੁੰਗਾ ਸਾਹਿਬ ਦੇ ਸੰਚਾਲਕ ਸੰਤ ਪਰਮਜੀਤ ਸਿੰਘ ਦੀ ਬੀਤੀ ਰਾਤ ਦਿਲ ਦੀ ਗਤੀ ਰੁਕਣ ਕਾਰਨ ਦੇਹਾਂਤ ਹੋ ਗਿਆ। ਉਹ 68 ਸਾਲਾਂ ਦੇ ਸਨ। ਅੱਜ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਗੁਰਮਰਿਆਦਾ ਅਨੁਸਾਰ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ ਪਤਨੀ ਜਸਪ੍ਰੀਤ ਕੌਰ ਅਤੇ ਤਿੰਨ ਲੜਕੀਆਂ ਛੱਡ ਗਏ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਸਮੂਚਾ ਸੰਤ ਸਮਾਜ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਅਤੇ ਪੂਰੇ ਪੰਜਾਬ ਦੀ ਸੰਗਤ ਹਾਜ਼ਰ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਸਮਾਜ ਦੇ ਸਕੱਤਰ ਜਨਰਲ ਅਤੇ ਗੁਰਦੁਆਰਾ ਬੁੰਗਾ ਸਾਹਿਬ ਦੇ ਸੰਚਾਲਕ ਸੰਤ ਪਰਮਜੀਤ ਸਿੰਘ ਜੀ ਦਾ ਬੀਤੀ ਰਾਤ ਦਿਲ ਦੀ ਗਤੀ ਰੁਕਣ ਕਾਰਣ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਰੀਰ ਨੂੰ ਅਗਨੀ ਗਿਆਨੀ ਤਰਲੋਚਨ ਸਿੰਘ ਸਿੰਘ ਸਾਹਿਬ, ਸਿੰਘ ਸਾਹਿਬ, ਗਿਆਨੀ ਜਸਵੀਰ ਸਿੰਘ ਰੋਡੇ, ਜੱਥੇਦਾਰ ਨਿਹਾਲ ਸਿੰਘ, ਸੰਤ ਹਰਨਾਮ ਸਿੰਘ, ਸੰਤ ਸੇਵਾ ਸਿੰਘ ਖਡੂਰ ਸਾਹਿਬ, ਸੰਤ ਭਾਗ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਸਰੂਪ ਸਿੰਘ ਅਤੇ ਉਨ੍ਹਾਂ ਦੇ ਭਰਾ ਪ੍ਰੋ ਅਪਿੰਦਰ ਸਿੰਘ ਨੇ ਦਿੱਤੀ। ਅੰਤਿਮ ਅਰਦਾਸ ਦੀ ਰਸਮ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਨਿਭਾਈ। ਇਸ ਮੌਕੇ ਸੰਤ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਜਸਵੀਰ ਸਿੰਘ ਰੋਡੇ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸੰਤ ਚਰਨਜੀਤ ਸਿੰਘ ਜੱਸੋਵਾਲ ਪ੍ਰਧਾਨ ਭਾਈ ਲਾਲੋ ਇੰਟਰਨੈਸ਼ਨਲ ਸੰਤ ਸਮਾਜ, ਜੰਗ ਬਹਾਦਰ ਰਾਏ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਬਲਵੀਰ ਸਿੰਘ, ਸੰਤ ਮਹਾਂਵੀਰ ਸਿੰਘ, ਸੰਤ ਸੋਹਣ ਸਿੰਘ, ਸੰਤ ਦਯਾ ਸਿੰਘ, ਸੰਤ ਹਰੀ ਸਿੰਘ, ਸੰਤ ਬਲਵੀਰ ਸਿੰਘ, ਸੰਤ ਰਣਜੀਤ ਸਿੰਘ, ਸੰਤ ਸਵਰਨ ਸਿੰਘ, ਸੁਖਵਿੰਦਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸੰਤ ਹਰਪਾਲ ਸਿੰਘ ਫ਼ਹਿਤਗੜ੍ਹ ਸਾਹਿਬ, ਜਸਜੀਤ ਸਿੰਘ ਥਿਆੜਾ ਚੇਅਰਮੈਨ, ਕਰਨਲ ਸੁਰਿੰਦਰ ਸਿੰਘ, ਸੰਤ ਸਾਧੂ ਸਿੰਘ ਕਹਾਰਪੁਰੀ, ਪ੍ਰਿੰ ਸੁਰਜੀਤ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਬੈਂਸ ਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਕਿਸਾਨਾਂ ਨੂੰ ਸਿੱਧੇ ਚੈੱਕ ਕੰਪਨੀਆਂ ਦਾ ਪੰਜਾਬ ਦੀਆਂ
ਮੰਡੀਆਂ 'ਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼-ਚੀਮਾ

ਖੰਨਾ, 18 ਫਰਵਰੀ-ਆੜ੍ਹਤੀਆ ਐਸੋਸੀਏਸ਼ਨ ਸੂਬਾ ਪ੍ਰਧਾਨ ਸ: ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਖੰਨਾ ਵਿਖੇ ਹੋਈ ਮੀਟਿੰਗ ਵਿਚ ਕਿਸਾਨਾਂ ਦੀ ਫ਼ਸਲ ਦੀ ਸਿੱਧੇ ਚੈਕਾਂ ਰਾਹੀਂ ਅਦਾਇਗੀ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਪਿੱਛੇ ਬਹੁ ਕੌਮੀ ਕੰਪਨੀਆਂ ਨੂੰ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ 'ਤੇ ਕਾਬਜ਼ ਕਰਾਉਣਾ ਆਖਿਆ ਗਿਆ। ਮੀਟਿੰਗ ਵਿਚ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਕੋਈ ਲਾਭ ਨਹੀਂ ਪਹੁੰਚੇਗਾ, ਸਗੋਂ ਜਿੰਨ੍ਹਾਂ ਸੂਬਿਆਂ ਵਿਚ ਸਿੱਧੀ ਚੈੱਕ ਰਾਹੀਂ ਅਦਾਇਗੀ ਲਾਗੂ ਕੀਤੀ ਗਈ ਹੈ, ਉਨ੍ਹਾਂ ਵਿਚ ਵੀ ਹੁਣ ਆਮ ਛੋਟੇ ਕਿਸਾਨਾਂ ਦੀ ਫ਼ਸਲ ਉਨ੍ਹਾਂ ਦੇ ਨਾਵਾਂ 'ਤੇ ਹੀ ਵਿਕਣੀ ਬੰਦ ਹੋ ਗਈ ਹੈ ਤੇਂ ਇੰਨ੍ਹਾਂ ਥਾਵਾਂ 'ਤੇ ਛੋਟੇ ਵਪਾਰੀ ਆਪਣੇ ਆਪ ਨੂੰ ਕਿਸਾਨ ਦੱਸ ਕੇ ਆਪਣੇ ਨਾਵਾਂ 'ਤੇ ਸਰਕਾਰ ਕੋਲ ਫਸਲ ਵੇਚ ਕੇ ਚੈਕ ਲੈ ਲੈਂਦੇ ਹਨ। ਜਿਸ ਨਾਲ ਬਲਕਿ ਛੋਟੇ ਕਿਸਾਨਾਂ ਦੀ ਉਨ੍ਹਾਂ ਸੂਬਿਆਂ ਵਿਚ ਹੋਰ ਵੀ ਲੁੱਟ ਖਸੁੱਟ ਹੁੰਦੀ ਹੈ ਅਤੇ ਉਨ੍ਹਾਂ ਦਾ ਸਾਰਾ ਮਾਲ ਬੇ ਨਾਮੀ ਨਾਵਾਂ 'ਤੇ ਵੇਚਿਆ ਜਾਂਦਾ ਹੈ ਅਤੇ ਹਿਸਾਬ ਨਹੀਂ ਦਿੱਤਾ ਜਾਂਦਾ। ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਪੰਜਾਬ ਤੇ ਫਿਰ ਵੀ ਕੋਈ ਨਵੇਂ ਨਿਯਮ ਠੋਸੇ ਗਏ ਤਾਂ ਆੜ੍ਹਤੀ ਵਰਗ ਖਰੀਦ ਦਾ ਬਾਈਕਾਟ ਕਰੇਗਾ। ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਾਬੂ ਰਾਮਧਾਰੀ ਕਾਂਸਲ, ਆੜ੍ਹਤੀਆ ਐਸੋਸੀਏਸ਼ਨ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਮੋਗਾ, ਸ: ਕੁਲਵਿੰਦਰ ਸਿੰਘ ਗਿੱਲ, ਸੀਨੀ: ਮੀਤ ਪ੍ਰਧਾਨ ਸ: ਹਰਨਾਮ ਸਿੰਘ ਅਲਾਵਲਪੁਰ ਜਲੰਧਰ, ਮੀਤ ਪ੍ਰਧਾਨ ਸਤਵਿੰਦਰ ਭੰਡਾਰੀ ਫਿਰੋਜ਼ਪੁਰ, ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਜਸਵੰਤ ਬੱਲੋ, ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਜਸਵਿੰਦਰ ਰਾਣਾ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਲਖਬੀਰ ਸਿੰਘ ਕਲਾਲ ਮਾਜਰਾ, ਹਰਨੇਕ ਸਿੰਘ ਬੈਨੀਪਾਲ ਆੜ੍ਹਤੀ ਐਸੋਸੀਏਸ਼ਨ ਖੰਨਾ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਸੁਰਜੀਤ ਸਿੰਘ ਭਿੱਟੇਵਿੰਡ, ਜ਼ਿਲ੍ਹਾ ਪ੍ਰਧਾਨ ਮਾਨਸਾ, ਸ੍ਰੀ ਮੁਨੀਸ਼ ਕੁਮਾਰ, ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਮੋਹਨ ਸਿੰਘ ਮੱਤਾ, ਜ਼ਿਲ੍ਹਾ ਮੁਕਤਸਰ ਰਾਜ ਕੁਮਾਰ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸ: ਕੁਲਦੀਪ ਸਿੰਘ ਪੱਟੀ, ਤਰਨਤਾਰਨ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਲਦੇਵ ਪ੍ਰਾਸ਼ਰ, ਸੂਬਾ ਸੰਯੁਕਤ ਸਕੱਤਰ ਸਤਿੰਦਰ ਸਿੰਘ ਬਟਾਲਾ, ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਸੁਧੀਰ ਸੂਦ, ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਮਨਵਿੰਦਰ ਵਾਲੀਆ, ਜ਼ਿਲ੍ਹਾ ਪ੍ਰਧਾਨ ਮੋਹਾਲੀ ਅੰਮ੍ਰਿਤਪਾਲ, ਕੁਲਵੰਤ ਰਾਏ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਲਖਬੀਰ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸੂਬਾ ਸੰਯੁਕਤ ਸਕੱਤਰ ਅਸ਼ੋਕ ਖੰਨਾ ਰੋਪੜ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਰਾਜ ਸਾਨੇਵਾਲੀਆ, ਕਮਲਜੀਤ ਸਿੰਘ ਕੰਮਾ, ਯਾਦਵਿੰਦਰ ਸਿੰਘ ਲਿਬੜਾ ਆਦਿ ਹਾਜ਼ਰ ਸਨ।
ਕੰਪਨੀਆਂ ਨੇ ਪੰਪ ਮਾਲਕਾਂ 'ਤੇ ਮਹਿੰਗਾ ਤੇਲ
ਵੇਚਣ ਦਾ ਦਬਾਅ ਪਾਉਣਾ ਛੱਡਿਆ
ਜਲੰਧਰ, 18 ਫਰਵਰੀ -ਕੰਪਨੀਆਂ ਨੇ ਹੁਣ ਮਹਿੰਗਾ (ਮਾਰ੍ਹਕੇ ਵਾਲਾ) ਤੇਲ ਵੇਚਣ ਲਈ ਪੰਪ ਮਾਲਕਾਂ 'ਤੇ ਦਬਾਅ ਪਾਉਣਾ ਛੱਡ ਦਿੱਤਾ ਹੈ ਜਿਸ ਨਾਲ ਇਨ੍ਹਾਂ ਨੂੰ ਰਾਹਤ ਮਿਲੀ ਹੈ। ਇਸ ਵੇਲੇ ਮਾਰ੍ਹਕੇ ਵਾਲਾ ਡੀਜ਼ਲ ਆਮ ਨਾਲੋਂ 2.50 ਰੁਪਏ ਤੇ ਮਾਰ੍ਹਕੇ ਵਾਲਾ ਪੈਟਰੋਲ ਆਮ ਨਾਲੋਂ 3 ਰੁਪਏ ਦੇ ਕਰੀਬ ਮਹਿੰਗਾ ਹੈ ਤੇ ਹੁਣ ਲੋਕ ਪੰਪਾਂ 'ਤੇ ਮਾਰ੍ਹਕੇ ਵਾਲੇ ਤੇਲ ਪਾਉਣ ਵਾਲੀ ਮਸ਼ੀਨ ਕੋਲ ਨਹੀਂ ਖੜਦੇ ਤੇ ਨਾ ਹੀ ਹੁਣ ਪੰਪਾਂ ਦੇ ਕਰਿੰਦੇ ਲੋਕਾਂ ਨੂੰ ਮਾਰ੍ਹਕੇ ਵਾਲਾ ਮਹਿੰਗਾ ਤੇਲ ਵੇਚਣ ਲਈ ਕੋਈ ਸਿਫ਼ਾਰਸ਼ ਕਰਦੇ ਹਨ। ਮਾਰ੍ਹਕੇ ਵਾਲੇ ਤੇਲ ਵਿਚ ਆਮ ਤੇਲ ਨਾਲ ਕੋਈ ਫ਼ਰਕ ਨਹੀਂ ਹੈ ਪਰ ਕੰਪਨੀ ਦਾਅਵਾ ਕਰਦੀ ਰਹੀ ਹੈ ਕਿ ਮਾਰ੍ਹਕੇ ਵਾਲੇ ਤੇਲ ਨਾਲ ਗੱਡੀ ਜ਼ਿਆਦਾ ਕਿਲੋਮੀਟਰ ਚੱਲਦੀ ਹੈ। ਪਰ ਇਸ ਦੇ ਬਾਵਜੂਦ ਵੀ ਹੁਣ ਲੋਕ ਪੰਪਾਂ 'ਤੇ ਆਮ ਤੇਲ ਪੁਆਉਣ ਨੂੰ ਪਹਿਲ ਦਿੰਦੇ ਹਨ। ਇਸ ਵੇਲੇ ਪੈਟਰੋਲ ਦਾ ਭਾਅ 70 ਰੁਪਏ ਪ੍ਰਤੀ ਲੀਟਰ ਤੋਂ ਟੱਪ ਗਿਆ ਹੈ ਤੇ ਆਮ ਲੋਕਾਂ ਦੇ ਵਸੋਂ ਹੁਣ ਮਹਿੰਗੇ ਤੇਲ ਦੀ ਖ਼ਰੀਦ ਕਰਨਾ ਵੀ ਬਾਹਰ ਹੋ ਗਿਆ ਹੈ। ਉੱਧਰ ਈਰਾਨ ਵਿਚ ਵਿਵਾਦ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦਾ ਭਾਅ ਵਧ ਰਿਹਾ ਹੈ ਤੇ ਹੁਣ ਪੰਪ ਕਾਰੋਬਾਰੀ ਵੀ ਮੰਨਣ ਲੱਗ ਪਏ ਹਨ ਕਿ 4 ਮਾਰਚ ਨੂੰ ਚੋਣਾਂ ਤੋਂ ਬਾਅਦ ਪੈਟਰੋਲ ਦਾ ਭਾਅ ਵਧਾਉਣ ਦੇ ਨਾਲ ਨਾਲ ਡੀਜ਼ਲ ਦੇ ਭਾਅ ਵਿਚ ਵਾਧੇ ਬਾਰੇ ਕੰਪਨੀਆਂ ਕਿਸੇ ਵੇਲੇ ਵੀ ਐਲਾਨ ਕਰ ਸਕਦੀਆਂ ਹਨ।
ਡੇਰਾ ਮੁਖੀ ਕੇਸ ਦੀ ਸੁਣਵਾਈ ਟਲੀ 17 ਮਾਰਚ ਨੂੰ ਹੋਵੇਗਾ ਫ਼ੈਸਲਾ

ਗੁਰਮੀਤ ਰਾਮ ਰਹੀਮ
ਬਠਿੰਡਾ, 18 ਫਰਵਰੀ-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਬਠਿੰਡਾ ਪੁਲਿਸ ਵੱਲੋਂ ਦਰਜ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਨੂੰ ਖਾਰਜ ਕਰਨ ਲਈ ਅਦਾਲਤ ਵਿਚ ਚੱਲ ਰਹੇ ਕੇਸ 'ਤੇ ਅੱਜ ਚੀਫ਼ ਜ਼ੁਡੀਸ਼ੀਅਲ ਮੈਜਿਸਟਰੇਟ ਹਰਜੀਤ ਸਿੰਘ ਦੇ ਛੁੱਟੀ 'ਤੇ ਹੋਣ ਕਾਰਨ ਕੋਈ ਸੁਣਵਾਈ ਨਹੀਂ ਹੋ ਸਕੀ। ਉਨ੍ਹਾਂ ਦੀ ਜਗ੍ਹਾ ਡਿਊਟੀ ਮੈਜਿਸਟਰੇਟ ਸ੍ਰੀ ਕਰਨ ਗਰਗ ਨੇ ਇਸ ਕੇਸ ਦੀ ਅਗਲੀ ਸੁਣਵਾਈ ਲਈ 17 ਮਾਰਚ ਦੀ ਤਾਰੀਕ ਨਿਰਧਾਰਿਤ ਕੀਤੀ ਹੈ। ਕੇਸ ਦੇ ਸ਼ਿਕਾਇਤ ਕਰਤਾ ਸ: ਰਾਜਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਜਸਪਾਲ ਸਿੰਘ ਮੰਝਪੁਰ, ਧਾਰਮਿਕ ਵਿੰਗ ਦੇ ਚੇਅਰਮੈਨ ਬਾਬਾ ਹਰਦੀਪ ਸਿਘੰ ਗੁਰੂਸਰ ਮਹਿਰਾਜ ਵਾਲੇ ਆਪਣੇ ਸਮਰਥਕਾਂ ਸਮੇਤ ਸਵੇਰ ਤੋਂ ਹੀ ਅਦਾਲਤ ਵਿਚ ਪੁੱਜੇ ਹੋਏ ਸਨ। ਤਰੀਕ ਪੇਸ਼ੀ ਮੌਕੇ ਸ਼ਿਕਾਇਤ ਕਰਤਾ ਰਾਜਿੰਦਰ ਸਿੰਘ ਸਿੱਧੂ ਅਤੇ ਜਸਪਾਲ ਸਿੰਘ ਮੰਝਪੁਰ ਦੇ ਵਕੀਲ ਨਿਵਕਿਰਨ ਸਿੰਘ ਅਤੇ ਜਤਿੰਦਰ ਰਾਏ ਖੱਟੜ ਵੀ ਮੌਜੂਦ ਸਨ। 20 ਮਈ 2007 ਨੂੰ ਬਠਿੰਡਾ ਪੁਲਿਸ ਨੇ ਡੇਰਾ ਮੁਖੀ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕੀਤਾ ਸੀ। ਪਰ ਪੁਲਿਸ ਵੱਲੋਂ ਬਾਬੇ ਖਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਨਾ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲਿਆਂ ਨੇ 28 ਮਈ 2011 ਨੂੰ ਇਕ ਰਿੱਟ ਦਾਇਰ ਕਰਕੇ ਬਾਬੇ ਖਿਲਾਫ਼ ਚਲਾਨ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਰੱਖੀ ਗਈ ਸੀ। ਪਰ ਇਸੇ ਸਮੇਂ ਦੌਰਾਨ ਵੋਟਾਂ ਪੈਣ ਤੋਂ ਸਿਰਫ਼ ਤਿੰਨ ਦਿਨ ਪਹਿਲਾਂ 27 ਜਨਵਰੀ 2012 ਨੂੰ ਬਠਿੰਡਾ ਪੁਲਿਸ ਨੇ ਡੇਰਾ ਮੁਖੀ ਖਿਲਾਫ਼ ਦਰਜ ਮਾਮਲੇ ਨੂੰ ਖਾਰਜ ਕਰਨ ਵਾਲੀ ਆਪਣੀ ਰਿਪੋਰਟ ਅਦਾਲਤ ਸਨਮੁੱਖ ਰੱਖ ਦਿੱਤੀ। ਪੁਲਿਸ ਨੇ ਖਾਰਜ ਰਿਪੋਰਟ ਨਾਲ ਸ਼ਿਕਾਇਤ ਕਰਤਾ ਰਾਜਿੰਦਰ ਸਿੰਘ ਸਿੱਧੂ ਦਾ ਸਹਿਮਤੀ ਵਾਲਾ ਹਲਫੀਆ ਬਿਆਨ ਵੀ ਲਾਇਆ ਗਿਆ ਸੀ। ਪਰ ਰਾਜਿੰਦਰ ਸਿੱਧੂ ਨੇ ਅਦਾਲਤ ਸਾਹਮਣੇ ਡੇਰਾ ਮੁਖੀ ਖਿਲਾਫ਼ ਕੇਸ ਖਾਰਜ ਕਰਨ ਵਾਲੀ ਰਿਪੋਰਟ ਨਾਲ ਅਸਹਿਮਤੀ ਹੀ ਪ੍ਰਗਟ ਨਹੀਂ ਕੀਤੀ, ਸਗੋਂ ਰਿਪੋਰਟ ਨਾਲ ਲੱਗੇ ਆਪਣੇ ਹਲਫ਼ੀਆ ਬਿਆਨ ਨੂੰ ਫਰਜ਼ੀ ਦੱਸਿਆ ਸੀ। ਉਸਨੇ ਡੇਰਾ ਮੁਖੀ ਖਿਲਾਫ਼ ਚਲਾਨ ਪੇਸ਼ ਕਰਨ ਦੀ ਮੰਗ ਕੀਤੀ ਸੀ। ਚੀਫ਼ ਜ਼ੁਡੀਸ਼ੀਅਲ ਮੈਜਿਸਟਰੇਟ ਸ: ਹਰਜੀਤ ਸਿੰਘ ਨੇ 11 ਫਰਵਰੀ ਨੂੰ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਇਸ ਕੇਸ 'ਚ ਅੱਜ ਫ਼ੈਸਲਾ ਸੁਨਾਉਣਾ ਸੀ। ਸਿੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਅਦਾਲਤ ਪਹੁੰਚੇ ਹੋਏ ਸਨ। ਦੂਜੇ ਪਾਸੇ ਕਰੀਬ ਤਿੰਨ ਦਰਜਨ ਡੇਰਾ ਪ੍ਰੇਮੀ ਵੀ ਅਦਾਲਤ ਵਿਚ ਹਾਜ਼ਰ ਸਨ। ਡੇਰਾ ਮੁਖੀ ਦੇ ਮਾਮਲੇ 'ਚ ਆਉਣ ਵਾਲੇ ਫ਼ੈਸਲੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਅਦਾਲਤ ਦੇ ਬਾਹਰ ਐਡਵੋਕੇਟ ਨਵਕਿਰਨ ਸਿੰਘ, ਸ਼ਿਕਾਇਤ ਕਰਤਾ ਰਾਜਿੰਦਰ ਸਿੱਧੂ, ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਨੇ ਆਖਿਆ ਕਿ ਡੇਰਾ ਮੁਖੀ ਨੂੰ ਸਜ਼ਾ ਦਿਵਾਏ ਜਾਣ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡੇਰਾ ਮੁਖੀ ਖਿਲਾਫ਼ ਕੇਸ ਵਾਪਸ ਲੈਣ ਦੀ ਸਾਜ਼ਿਸ਼ ਰਚਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅਗਲੀ ਸੁਣਵਾਈ 17 ਮਾਰਚ ਨੂੰ ਅਦਾਲਤ ਡੇਰਾ ਮੁਖੀ ਖਿਲਾਫ਼ ਕੇਸ ਚਲਾਉਣ ਲਈ ਇਜ਼ਾਜ਼ਤ ਦੇ ਦੇਵੇਗੀ।

ਮੁੱਖ ਮੰਤਰੀ ਦਾ ਫ਼ੈਸਲਾ ਸੋਨੀਆ ਗਾਂਧੀ ਦੇ ਹੱਥਾਂ 'ਚ-ਭੱਠਲ
ਖਨੌਰੀ, 18 ਫਰਵਰੀ - ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਅਤੇ ਮੁੱਖ ਮੰਤਰੀ ਦਾ ਫ਼ੈਸਲਾ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਹੱਥ ਵਿਚ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਰਜਿੰਦਰ ਕੌਰ ਭੱਠਲ ਨੇ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਗਰਗ ਦੇ ਸ਼ੈਲਰ ਵਿਖੇ ਪਾਰਟੀ ਵਰਕਾਰਾਂ ਦਾ ਧੰਨਵਾਦ ਕੀਤੇ ਜਾਣ ਦੇ ਲਈ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰਨ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀਤਾ। ਸ੍ਰੀਮਤੀ ਭੱਠਲ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਦੀ ਇੱਛਾ ਹਰੇਕ ਵਿਧਾਇਕ ਦੀ ਹੁੰਦੀ ਹੈ। ਫਿਰ ਉਨ੍ਹਾਂ ਨੂੰ ਤਾਂ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਦੇ ਰੂਪ ਵਿਚ ਅਨੇਕਾਂ ਸਾਲਾਂ ਦਾ ਤਜਰਬਾ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਦੁਆਰਾ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦੀ ਸੂਰਤ ਵਿਚ ਮੁੱਖ ਮੰਤਰੀ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਦਾ ਐਲਾਨ ਕੀਤੇ ਜਾਣ ਦੇ ਸਬੰਧ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਵੱਡੀ ਪਾਰਟੀ ਹੈ ਅਤੇ ਪਾਰਟੀ ਦੀ ਰਵਾਇਤ ਰਹੀ ਹੈ ਕਿ ਕਿਸੇ ਵੀ ਸੂਬੇ ਵਿਚ ਮੁੱਖ ਮੰਤਰੀ ਦਾ ਫ਼ੈਸਲਾ ਜਿੱਤੇ ਹੋਏ ਵਿਧਾਇਕਾਂ ਦੀ ਸਹਿਮਤੀ ਨਾਲ ਪਾਰਟੀ ਦਾ ਪ੍ਰਧਾਨ ਹੀ ਕਰਦਾ ਹੈ। ਇਸ ਪੰਜਾਬ ਵਿਚ ਵੀ ਮੁੱਖ ਮੰਤਰੀ ਦਾ ਫ਼ੈਸਲਾ ਸ੍ਰੀਮਤੀ ਸੋਨੀਆ ਗਾਂਧੀ ਹੀ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਲੇ ਪੰਜਾਬ ਵਿਧਾਨ ਸਭਾ ਦੇ ਲਈ ਬੀਤੇ ਦਿਨੀਂ ਹੋਈਆਂ ਚੋਣਾਂ ਵਿਚ ਪਾਰਟੀ ਦੀ ਹਾਰ ਨੂੰ ਸਾਹਮਣੇ ਦੇਖ ਕੇ ਬੁਖਲਾ ਗਏ ਹਨ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਸੂਬੇ ਦੇ ਲੋਕਾਂ ਨੂੰ ਲਾਵਾਰਿਸ ਛੱਡ ਕੇ ਵਿਦੇਸ਼ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਨਲਾਇਕੀ ਦਾ ਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਸਿਰ 72 ਹਜਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਮੀਟਿੰਗ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਨ ਸਭਾ ਚੋਣਾਂ ਵਿਚ ਦਿੱਤੇ ਗਏ ਸਹਿਯੋਗ ਦੇ ਲਈ ਧੰਨਵਾਦ ਕੀਤਾ। ਇਸ ਮੌਕੇ 'ਤੇ ਗਿਰਧਾਰੀ ਲਾਲ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ, ਰਜਿੰਦਰ ਕੁਮਾਰ ਇੰਦਰ ਸ਼ਹਿਰੀ ਪ੍ਰਧਾਨ, ਦੇਸ ਰਾਜ, ਮੇਘ ਰਾਜ ਗੋਇਲ, ਧਰਮਪਾਲ ਗੋਇਲ ਠੇਕੇਦਾਰ, ਗੁਰਤੇਜ ਸਿੰਘ ਤੇਜੀ, ਬਲਵਿੰਦਰ ਸਿੰਘ ਬਿੰਦੂ, ਪਰਵਿੰਦਰ ਸਿੰਘ ਯੱਕੂ, ਅਮਰੀਕ ਸਿੰਘ ਢੀਂਡਸਾ, ਦਿਲਬਾਗ ਸਿੰਘ ਢੀਂਡਸਾ, ਡਾ. ਸੈਣੀ, ਸੰਜੀਵ ਰੰਗਾ ਜ਼ਿਲ੍ਹਾ ਡੈਲੀਗੇਟ, ਅਸ਼ੋਕ ਕੁਮਾਰ ਬੱਲਰਾਂ ਆਦਿ ਮੌਜੂਦ ਸਨ।
 

No comments:

Post a Comment