Friday, 24 February 2012


ਪੁਲਿਸ ਵੱਲੋਂ ਅੰਤਰਰਾਜੀ ਗੱਡੀ ਚੋਰ ਗਿਰੋਹ ਦਾ ਪਰਦਾਫਾਸ਼

ਅਜੀਤਗੜ੍ਹ- 23 ਫਰਵਰੀ ૿ ਅਜੀਤਗੜ੍ਹ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਅੰਤਰਰਾਜ਼ੀ ਚੋਰਾਂ ਦੇ ਗਿਰੋਹ ਨੂੰ ਕਾਬੂ ਕਰ ਕੇ ਕਰੀਬ 76 ਲੱਖ ਰੁਪਏ ਦੀ ਕੀਮਤ ਦੀਆਂ ਵੱਖ-ਵੱਖ ਮਾਰਕੇ ਦੀਆਂ ਚੋਰੀ ਕੀਤੀਆਂ 10 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਪੱਤਰਕਾਰ ਸੰਮੇਲਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਿਸ ਪਾਰਟੀ ਨੂੰ ਉਕਤ ਗਿਰੋਹ ਬਾਰੇ ਖੁਫੀਆ ਇਤਲਾਹ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਅੰਗਰੇਜ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਬੰਡਾਲਾ ਥਾਣਾ ਸਦਰ ਫਿਰੋਜ਼ਪੁਰ ਨੂੰ ਪੁਲਿਸ ਨੇ ਕੁਰਾਲੀ ਤੋਂ ਅਤੇ ਪ੍ਰੀਤਮ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਲੰਡੇ ਥਾਣਾ ਸਲਾਮਸਰ ਜ਼ਿਲ੍ਹਾ ਮੋਗਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਦੇ ਦੋ ਸਾਥੀ ਦੋਸ਼ੀ ਨਾਇਬ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਕਿੱਲੀ ਗੋਦਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਇਕਬਾਲ ਹੁਸੈਨ ਪੁੱਤਰ ਅਬਹਰ ਹੂਸੈਨ ਵਾਸੀ ਜ਼ਿਲ੍ਹਾ ਰਾਮਪੁਰ ( ਯੂ. ਪੀ.) ਫਰਾਰ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਅਧੀਨ ਧਾਰਾ 379, 411, 413, 420, 473, ਥਾਣਾ ਕੁਰਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 4 ਗੱਡੀਆਂ ਟਾਟਾ ਸਫਾਰੀ, 2 ਬਲੈਰੋ, 2 ਇੰਡੀਗੋ ਅਤੇ 2 ਸਕਾਰਪਿਓ ਬਰਾਮਦ ਕੀਤੀਆਂ ਗਈਆਂ ਹਨ ਜੋ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਮੁਹਾਲੀ ਤੋਂ ਚੋਰੀ ਕੀਤੀਆਂ ਸਨ। ਇਸ ਮੌਕੇ ਐੱਸ. ਪੀ. (ਡੀ) ਭੁਪਿੰਦਰ ਸਿੰਘ ਸਿੱਧੂ, ਐੱਸ. ਪੀ. (ਸਿਟੀ) ਹਰਪ੍ਰੀਤ ਸਿੰਘ, ਡੀ. ਐੱਸ. ਪੀ (ਡੀ) ਅਮ੍ਰਿਤ ਸਿੰਘ, ਸੀ. ਆਈ. ਏ. ਇੰਚਾਰਜ ਗੁਰਚਰਨ ਸਿੰਘ ਵੀ ਹਾਜਰ ਸਨ।

ਲੁਧਿਆਣਾ 'ਚ ਹਥਿਆਰਬੰਦ ਲੁਟੇਰੇ 5 ਲੱਖ ਦੇ
ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ

 
ਲੁਧਿਆਣਾ. - 23 ਫਰਵਰੀ ૿ ਸਥਾਨਿਕ ਫੁਆਰਾ ਚੌਕ ਵਿਚ ਅੱਜ ਦਿਨ ਦਿਹਾੜੇ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ ਇਕ ਔਰਤ ਪਾਸੋਂ 5 ਲੱਖ ਰੁਪਏ ਦੇ ਗਹਿਣੇ ਅਤੇ 20 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਘਟਨਾ ਅੱਜ ਦੁਪਹਿਰ 4 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਹਿਮਾਚਲ ਪ੍ਰਦੇਸ਼ ਦੇ ਪਰਵਾਨੂ ਦੇ ਰਹਿਣ ਵਾਲੇ ਆਦਰਸ਼ ਕੁਮਾਰ ਆਪਣੀ ਪਤਨੀ ਅੰਜੂ ਅਤੇ ਨੂੰਹ ਨੇਹਾ ਨਾਲ ਆਪਣੇ ਛੋਟੇ ਲੜਕੇ ਦੇ ਵਿਆਹ ਦੀ ਖਰੀਦੋ-ਫਰੋਖਤ ਕਰਨ ਲਈ ਲੁਧਿਆਣਾ ਆਏ ਸਨ। ਉਨ੍ਹਾਂ ਨੇ ਆਪਣੀ ਕਾਰ ਕਾਲਜ ਸੜਕ 'ਤੇ ਖੜ੍ਹੀ ਕੀਤੀ ਤੇ ਥੋੜ੍ਹੀ ਦੂਰ ਸਥਿਤ ਆਪਣੇ ਆਪਣੇ ਰਿਸ਼ਤੇਦਾਰ ਖੰਨਾ ਜਿਊਲਰਜ਼ ਦੀ ਦੁਕਾਨ ਵੱਲ ਪੈਦਲ ਹੀ ਤੁਰ ਪਏ ਜਦੋਂ ਉਹ ਦੁਕਾਨ ਦੇ ਨੇੜੇ ਪਹੁੰਚੇ ਤਾਂ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ ਉਨ੍ਹਾਂ ਪਾਸ ਆ ਕੇ ਰੁਕੇ ਅਤੇ ਉਨ੍ਹਾਂ ਨੇ ਅੰਜੂ ਦੇ ਹੱਥ ਫੜਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ, ਪਹਿਲੀ ਵਾਰ ਵਿਚ ਉਹ ਸਫਲ ਨਹੀਂ ਹੋਏ ਜਿਸ 'ਤੇ ਇਕ ਲੁਟੇਰਾ ਮੋਟਰਸਾਇਕਲ ਤੋਂ ਹੇਠਾਂ ਉਤਰਿਆ ਅਤੇ ਉਹ ਸ੍ਰੀਮਤੀ ਅੰਜੂ ਨਾਲ ਕੁਝ ਸਕਿੰਟਾਂ ਲਈ ਉਲਝ ਪਿਆ ਅਤੇ ਬੈਗ ਲੁੱਟ ਕੇ ਫਰਾਰ ਹੋ ਗਿਆ।
ਸ੍ਰੀਮਤੀ ਅੰਜੂ ਦੇ ਕੁਝ ਹੀ ਦੂਰੀ 'ਤੇ ਉਨ੍ਹਾਂ ਦਾ ਪਤੀ ਆਦਰਸ਼ ਕੁਮਾਰ ਅਤੇ ਨੇਹਾ ਵੀ ਆ ਰਹੇ ਸਨ, ਪਰ ਜਦੋਂ ਤੱਕ ਉਹ ਸ੍ਰੀਮਤੀ ਅੰਜੂ ਤੱਕ ਪਹੁੰਚਦੇ ਉਸ ਵਕਤ ਤੱਕ ਲੁਟੇਰੇ ਬੈੱਗ ਵਿਚ ਲੈ ਕੇ ਫਰਾਰ ਹੋ ਚੁੱਕੇ ਸਨ। ਬੈਗ ਵਿਚ 5 ਲੱਖ ਰੁਪਏ ਮੁੱਲ ਦੇ ਗਹਿਣੇ ਅਤੇ 20 ਹਜ਼ਾਰ ਦੀ ਨਕਦੀ ਸੀ। ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਪਿਛਲੇ ਚਾਰ ਦਿਨਾਂ ਦੌਰਾਨ ਲੁੱਟ ਦੀ ਇਹ ਤੀਜੀ ਵੱਡੀ ਵਾਰਦਾਤ ਹੈ। ਪਹਿਲਾਂ ਫਿਰੋਜ਼ ਗਾਂਧੀ ਮਾਰਕੀਟ ਵਿਚ ਮਾਰੂਤੀ ਡੀਲਰ ਤੋਂ 5 ਲੱਖ ਤੇ ਦਸ਼ਮੇਸ਼ ਨਗਰ ਵਿਚ ਦੁੱਧ ਦੇ ਵਪਾਰੀ ਤੋਂ 7 ਲੱਖ ਰੁਪਏ ਲੁੱਟੇ ਜਾ ਚੁੱਕੇ ਹਨ।

ਟਰੈਕਟਰ ਟਰਾਲੀ ਪਲਟਣ ਨਾਲ 2 ਮੌਤਾਂ

 ਅਨੰਦਪੁਰ ਸਾਹਿਬ ਮੁੱਖ ਸੜਕ 'ਤੇ ਬੀਤੀ ਦੇਰ ਰਾਤ ਵਾਪਰੇ ਇਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਥਾਣਾ ਪੋਜੇਵਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਤ ਲਗਭਗ 11 ਵਜੇ ਦੇ ਕਰੀਬ ਟਰੈਕਟਰ ਟਰਾਲੀ ਜੋ ਕਿ ਲੱਕੜ ਨਾਲ ਭਰੀ ਹੋਈ ਸੀ, ਪਿੰਡ ਸਿੰਘ ਪੁਰ ਤੋਂ ਆ ਰਹੀ ਸੀ ਕਿ ਜਦੋਂ ਇਹ ਜਲ ਸਪਲਾਈ ਦੀ ਟੈਂਕੀ ਕੋਲ ਉਤਰਾਈ 'ਤੇ ਪੁੱਜੇ ਤਾਂ ਹਾਦਸਾ ਵਾਪਰ ਗਿਆ।
ਟਰਾਲੀ ਦੇ ਨਾਲ ਨਾਲ ਟਰੈਕਟਰ ਵੀ ਪੂਰੀ ਤਰ੍ਹਾਂ ਪਲਟ ਗਿਆ ਜਿਸ ਦੇ ਸਿੱਟੇ ਵਜੋਂ ਇਸ 'ਤੇ ਸਵਾਰ ਜੋਗਾ ਸਿੰਘ (45) ਪੁੱਤਰ ਪ੍ਰੀਤਾ ਰਾਮ ਪਿੰਡ ਸੁਜੋਵਾਲ, ਬਲਾਚੌਰ ਤੇ ਰਾਮ ਅਧਿਕਾਰ ਰਾਮੂ ਪੁੱਤਰ ਭਵਿਸ਼ ਸੈਣੀ ਵਾਸੀ ਬਿਹਾਰ ਦੀ ਮੌਤ ਹੋ ਗਈ। ਥਾਣਾ ਮੁਖੀ ਰਾਮ ਜੀ ਦਾਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਈ. ਗਵਰਨੈਂਸ
ਤਹਿਤ 85 ਉਦਯੋਗ ਹੋਏ ਰਜਿਸਟਰਡ-ਖੰਨਾ
ਪਟਿਆਲਾ. - 23 ਫਰਵਰੀ ૿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਈ. ਗਵਰਨੈਂਸ ਪ੍ਰਾਜੈਕਟ ਬਾਰੇ ਗੱਲਬਾਤ ਕਰਦਿਆਂ ਸ਼੍ਰੀ ਵਿਸ਼ਵਜੀਤ ਖੰਨਾ ਪ੍ਰਿੰਸੀਪਲ ਸਕੱਤਰ, ਸਾਇੰਸ ਅਤੇ ਤਕਨਾਲੋਜੀ ਨੇ ਕਿਹਾ ਕਿ ਈ-ਗਵਰਨੈਂਸ ਸ਼ੁਰੂ ਹੋਣ ਨਾਲ ਜਿੱਥੇ ਬੋਰਡ ਦੀ ਕਾਰਜਸ਼ੈਲੀ ਵਿਚ ਪਾਰਦਰਸ਼ਤਾ ਆਈ ਹੈ ਉੱਥੇ ਹੀ ਕਾਗ਼ਜ਼ਾਂ ਦੀ ਵਰਤੋਂ ਵੀ ਲਗਭਗ ਖਤਮ ਹੋ ਰਹੀ ਹੈ।
ਉਨਾਂ ਕਿਹਾ ਕਿ ਹੁਣ ਤੱਕ 85 ਉਦਯੋਗ ਆਨ ਲਾਈਨ ਰਜਿਸਟਰਡ ਹੋ ਚੁੱਕੇ ਹਨ, ਜਿਸ ਨਾਲ ਜਿੱਥੇ ਉਦਯੋਗਪਤੀਆਂ ਦਾ ਬੋਰਡ ਵਿੱਚ ਗੇੜੇ ਲਗਾਉਣ ਦਾ ਕੀਮਤੀ ਵਕਤ ਬਚਿਆ ਉੱਥੇ ਬੋਰਡ ਨੇ ਵੀ ਪੂਰੀ ਪਾਰਦਰਸ਼ਤਾ ਨਾਲ ਸਮਾਂਬੱਧ ਇਹ ਰਜ਼ਾਮੰਦੀ ਸਰਟੀਫਿਕੇਟ ਜਾਰੀ ਕੀਤੇ ਹਨ। ਬੋਰਡ ਦੇ ਚੇਅਰਮੈਨ ਸ: ਰਵਿੰਦਰ ਸਿੰਘ ਨੇ ਦੱਸਿਆ ਕਿ ਬੋਰਡ ਦੇ 13 ਖੇਤਰੀ ਦਫ਼ਤਰਾਂ ਅਤੇ ਜ਼ੋਨਲ ਦਫ਼ਤਰਾਂ ਵਿੱਚ ਤਾਇਨਾਤ ਸਮੁੱਚਾ ਇੰਜੀਨੀਅਰਿੰਗ ਸਟਾਫ਼ ਈ. ਗਵਰਨੈਂਸ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਉਦਯੋਗਪਤੀਆਂ ਲਈ ਵੀ ਇਹ ਇੱਕ ਵੱਡੀ ਸਹੂਲਤ ਹੋਣ ਕਾਰਨ ਉਹ ਵੀ ਇਸ ਦਾ ਪੂਰਾ ਫ਼ਾਇਦਾ ਉਠਾ ਰਹੇ ਹਨ।
ਜਦੋਂ ਵੀ ਕੋਈ ਉਦਯੋਗਪਤੀ ਆਨ-ਲਾਈਨ ਅਰਜ਼ੀ ਫਾਈਲ ਕਰਦਾ ਹੈ ਤਾਂ ਤੁਰੰਤ ਖੇਤਰੀ ਦਫ਼ਤਰ ਦੇ ਅਕਾਊਂਟ ਵਿੱਚ ਆ ਜਾਂਦੀ ਹੈ ਅਤੇ ਹਰੇਕ ਸਟੇਜ 'ਤੇ ਸਮਰੱਥ ਅਧਿਕਾਰੀ ਤੱਕ ਇਹ ਅਰਜ਼ੀ ਸਮੇਤ ਸਿਫ਼ਾਰਸ਼ਾਂ ਆਨ-ਲਾਈਨ ਹੀ ਜਾਂਦੀ ਹੈ ਅਤੇ ਸਮਰੱਥ ਅਧਿਕਾਰੀ ਵੀ ਆਨ-ਲਾਈਨ ਹੀ ਇਸ ਦੀ ਪ੍ਰਵਾਨਗੀ ਦਿੰਦਾ ਹੈ ਅਤੇ ਪ੍ਰਵਾਨਗੀ ਉਪਰੰਤ ਰਜ਼ਾਮੰਦੀ/ ਇਤਰਾਜ਼ਹੀਣਤਾ ਸਰਟੀਫਿਕੇਟ ਆਨ-ਲਾਈਨ ਹੀ ਉਦਯੋਗ ਦੇ ਅਕਾਊਂਟ ਵਿੱਚ ਚਲਾ ਜਾਂਦਾ ਹੈ ਜਿਸ ਨੂੰ ਉਦਯੋਗਪਤੀ ਡਾਊਨ ਲੋਡ ਕਰ ਕੇ ਆਪਣੇ ਰਿਕਾਰਡ ਵਿੱਚ ਰੱਖ ਸਕਦਾ ਹੈ।

ਖੁਰਾਕ ਅਤੇ ਸਪਲਾਈ ਵਿਭਾਗ ਵਿਚ ਤਰੱਕੀਆਂ ਦੀ ਫਾਈਲ ਲੱਗੀ ਖੂੰਜੇ
ਸੰਗਰੂਰ. - 23 ਫਰਵਰੀ ૿ ਖੁਰਾਕ ਅਤੇ ਸਪਲਾਈ ਵਿਭਾਗ ਪੰਜਾਬ ਦੇ ਵੱਖ-ਵੱਖ ਦਫ਼ਤਰਾਂ ਵਿਚ 88 ਅਸਾਮੀਆਂ ਖਾਲੀ ਰਹਿਣ ਕਾਰਨ ਜਿੱਥੇ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ ਉਥੇ ਤਰੱਕੀਆਂ ਪਾਉਣ ਵਾਲੇ ਮੁਲਾਜ਼ਮਾਂ ਵਿਚ ਵੀ ਬੇਚੈਨੀ ਦੇਖਣ ਨੂੰ ਮਿਲ ਰਹੀ ਹੈ।
ਖੁਰਾਕ ਅਤੇ ਸਪਲਾਈ ਵਿਭਾਗ ਮਨਿਸਟਰੀਅਲ ਸਟਾਫ਼ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੁਪਰਡੈਂਟਾਂ ਦੀਆਂ 18, ਸੀਨੀਅਰ ਸਹਾਇਕਾਂ ਦੀਆਂ 10 ਅਤੇ ਸਹਾਇਕ ਖੁਰਾਕ ਸਪਲਾਈ ਅਫ਼ਸਰਾਂ ਦੀਆਂ 60 ਅਸਾਮੀਆਂ ਖ਼ਾਲੀ ਪਈਆਂ ਹਨ ਜੋ ਤਰੱਕੀ ਰਾਹੀਂ ਭਰੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਮੁਲਾਜ਼ਮ ਤਾਂ ਆਪਣੀਆਂ ਤਰੱਕੀਆਂ ਦਾ ਇੰਤਜ਼ਾਰ ਕਰਦੇ ਹੋਏ ਸੇਵਾ ਮੁਕਤ ਵੀ ਹੋ ਚੁੱਕੇ ਹਨ ਅਤੇ ਕਈ ਹੋਣ ਵਾਲੇ ਹਨ।
ਸ੍ਰੀ ਅਰੋੜਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੁਰਾਕ ਅਤੇ ਸਪਲਾਈਜ਼ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵਿਭਾਗ ਦੇ ਸਕੱਤਰ ਸ੍ਰੀ ਡੀ.ਐਸ. ਗਰੇਵਾਲ ਦੀ ਮੌਜੂਦਗੀ ਵਿਚ ਇਹ ਤਰੱਕੀਆਂ ਇਕ ਹਫ਼ਤੇ ਵਿਚ ਕਰਨ ਦਾ ਵਿਸ਼ਵਾਸ਼ ਦਿਵਾਇਆ ਸੀ ਪਰ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਾਬਤਾ ਲੱਗ ਜਾਣ ਕਾਰਨ ਇਹ ਤਰੱਕੀਆਂ ਵਾਲੀ ਫਾਈਲ ਖੂੰਜੇ ਲੱਗ ਕੇ ਰਹਿ ਗਈ। ਉਨ੍ਹਾਂ ਕਿਹਾ ਕਿ ਹੁਣ ਜਦ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਤਰੱਕੀਆਂ ਲਈ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਹੈ ਤਾਂ ਇਹ ਤਰੱਕੀਆਂ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਪੰਜਾਬ 'ਚ ਸੇਮ ਦੇ ਖਾਤਮੇ ਲਈ ਕੀਤੇ ਸਰਕਾਰੀ ਯਤਨ ਸਫ਼ਲ ਨਾ ਹੋ ਸਕੇ

ਪਿੰਡ ਵਿਚ ਪਾਣੀ ਨਾਲ ਭਰਿਆ ਪਿਆ ਰਕਬਾ। 
ਅਬੋਹਰ, 23 ਫਰਵਰੀ- ਪੰਜਾਬ ਵਿਚ ਕਰੀਬ 5 ਲੱਖ ਏਕੜ ਤੋਂ ਵੱਧ ਰਕਬਾ ਸੇਮ ਪ੍ਰਭਾਵਿਤ ਹੈ 'ਤੇ ਮਾਲਵਾ ਖੇਤਰ ਹੀ ਜ਼ਿਆਦਾਤਰ ਇਸ ਦੀ ਮਾਰ ਹੇਠ ਹੈ। ਮਾਲਵੇ ਵਿਚ ਜਿਵੇਂ ਮਨੁੱਖੀ ਜੀਵਨ ਕੈਂਸਰ ਦੀ ਲਪੇਟ 'ਚ ਆ ਰਿਹਾ ਹੈ ਉਵੇਂ ਹੀ ਅਨਾਜ ਪੈਦਾ ਕਰਨ ਵਾਲੀ ਧਰਤੀ ਸੇਮ ਦੀ ਬੀਮਾਰੀ ਤੋਂ ਪੀੜਤ ਹੈ ਅਤੇ ਪੰਜਾਬ ਦੇ ਕਰੀਬ 5 ਲੱਖ ਏਕੜ ਰਕਬੇ 'ਚ ਕੱਖ ਨਹੀਂ ਹੁੰਦਾ। ਪਹਿਲਾਂ ਭਾਖੜਾ ਨਹਿਰ ਨੇੜੇ ਹੋਣ ਕਰ ਕੇ ਪਟਿਆਲੇ ਦੇ ਇਲਾਕੇ ਵਿਚ ਸੇਮ ਸੀ। ਹੁਣ ਮਾਲਵੇ ਦਾ ਸ੍ਰੀ ਮੁਕਤਸਰ ਸਾਹਿਬ ਅਤੇ ਨਵੇ ਬਣੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਇਲਾਕਾ ਸੇਮ ਦੀ ਜ਼ਿਆਦਾ ਮਾਰ ਹੇਠ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਲਾਕੇ ਵਿੱਚੋਂ ਲੰਘਦੀਆਂ ਵੱਡੀਆਂ ਨਹਿਰਾਂ ਦੀ ਸੀਪੇਜ਼ ਉੱਥੇ ਸੇਮ ਦੀ ਜਨਮਦਾਤੀ ਬਣੀ ਜਦੋਂ ਕਿ ਉਥੋਂ ਸੇਮ ਖ਼ਤਮ ਕਰਨ ਲਈ ਕੱਢੇ ਸੇਮ ਨਾਲਿਆ ਕਾਰਨ ਅਬੋਹਰ ਦਾ ਇਲਾਕਾ ਇਹ ਦੀ ਮਾਰ ਹੇਠ ਆਇਆ। ਸਰਕਾਰ ਵੱਲੋਂ ਪਿੰਡਾਂ ਵਿਚ ਲਿਫਟ ਪੰਪ ਲੱਗੇ ਜਿਸ ਰਾਹੀਂ ਸੇਮ ਦਾ ਪਾਣੀ ਚੁੱਕ ਕੇ ਦੂਰ ਸੇਮ ਨਾਲਿਆਂ ਜਾਂ ਹੋਰ ਥਾਵਾਂ 'ਤੇ ਛੱਡਿਆ ਜਾਣਾ ਸੀ ਪਰ ਸਰਕਾਰ ਦੀ ਇਹ ਲਿਫਟ ਸਕੀਮ ਸਹੀ ਦੇਖ ਰੇਖ ਨਾ ਹੋਣ ਕਾਰਨ ਸਫ਼ਲ ਨਾ ਹੋ ਸਕੀ। ਸ੍ਰੀ ਮੁਕਤਸਰ ਸਾਹਿਬ 'ਤੇ ਗਿੱਦੜਬਾਹਾ ਦੀਆਂ ਦੋਨਾਂ ਡਵੀਜਨਾਂ ਵਿਚ ਕਰੀਬ 13 ਲਿਫਟ ਸਕੀਮ ਚਲ ਰਹੀਆਂ ਹਨ। ਪਰ ਇੱਥੇ ਪਿੰਡ ਬਹਾਵਲ ਵਾਸੀ ਵਿਚ ਨਿਵਾਡ ਤਹਿਤ ਲਿਫਟ ਸਕੀਮ ਜਦੋਂ ਲੱਗੀ ਸੀ ਉਦੋਂ ਤੋਂ ਹੀ ਫਲਾਪ ਸਾਬਤ ਹੋਈ ਹੈ। ਵਿਭਾਗ ਦੇ ਤਰਕ ਅਨੁਸਾਰ ਕਈ ਥਾਵਾਂ 'ਤੇ ਮੋਟਰਾਂ ਛੋਟੀਆਂ ਹਨ 'ਤੇ ਕਈ ਥਾਵਾਂ 'ਤੇ ਉਪਰੇਟਰ ਨਹੀਂ ਹਨ ਜਿਸ ਕਾਰਨ ਇਹ ਸਫ਼ਲਤਾ ਦੀ ਪੌੜੀ ਨਹੀਂ ਚੜ ਸਕੀ। ਸੇਮ ਪ੍ਰਭਾਵਿਤ ਇਲਾਕੇ ਵਿਚ ਕਿਸਾਨਾਂ ਨੂੰ ਮੁਆਵਜਾਂ ਵੀ ਸਮਾ ਲੰਘਾ ਕੇ ਸਰਕਾਰੀ ਸਮੇਂ ਅਨੁਸਾਰ ਹੀ ਮਿਲਦਾ ਹੈ।

ਹੁਣ ਸੂਬੇ ਦੀ ਅਫ਼ਸਰਸ਼ਾਹੀ ਦੀ ਨਹੀਂ ਚੱਲੇਗੀ ਫਰਲੋ...!
ਫ਼ਿਰੋਜ਼ਪੁਰ, 23 ਫਰਵਰੀ - ਹੁਣ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਅਤੇ ਖ਼ਾਸ ਕਰਕੇ ਅਧਿਕਾਰੀਆਂ ਦੀ ਫਰਲੋ ਨਹੀਂ ਚੱਲ ਸਕੇਗੀ। ਸੂਬਾ ਸਰਕਾਰ ਹੁਣ ਕਈ ਅਹਿਮ ਮਹਿਕਮਿਆਂ ਨੂੰ ਵੀਡੀਓ-ਕਾਨਫਰੰਸ ਤਕਨੀਕ ਨਾਲ ਜੋੜਣ ਜਾ ਰਿਹਾ ਹੈ। ਸਰਕਾਰ ਮਹਿਸੂਸ ਕਰ ਰਹੀ ਹੈ ਕਿ ਜ਼ਿਲ੍ਹਾ ਸਦਰ ਮੁਕਾਮਾਂ ਅਤੇ ਵੱਖ-ਵੱਖ ਤਹਿਸੀਲਾਂ ਤੋਂ ਆਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਚੰਡੀਗੜ੍ਹ ਆ ਕੇ ਅਕਸਰ ਹੀ ਧੱਕੇ ਖਾਂਦੇ ਰਹਿੰਦੇ ਹਨ ਅਤੇ ਸੰਬੰਧਿਤ ਉੱਚ ਅਧਿਕਾਰੀ ਨਾ ਮਿਲਣ ਦੀ ਸੂਰਤ ਵਿਚ ਫ਼ਿਰ ਥੱਕ ਹਾਰ ਕੇ ਵਾਪਸ ਚਲੇ ਜਾਂਦੇ ਹਨ। ਲੋਕ ਜਦੋਂ ਆਪਣੀਆਂ ਸਮੱਸਿਆਵਾਂ ਲੈ ਕੇ ਦਫ਼ਤਰਾਂ 'ਚ ਪਹੁੰਚਦੇ ਹਨ ਤਾਂ ਅਧਿਕਾਰੀ ਅੱਗੋਂ ਗਾਇਬ ਹੁੰਦੇ ਹਨ। ਅਜਿਹੇ ਹਾਲਾਤਾਂ ਵਿਚ ਦੋਵਾਂ ਧਿਰਾਂ ਦਾ ਜਿਥੇ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਸਰਕਾਰੀ ਹਲਕਿਆਂ ਅਨੁਸਾਰ ਵੀਡੀਓ ਕਾਨਫਰੰਸ ਤਕਨੀਕ ਤਹਿਤ ਸੂਬੇ ਦੀਆਂ 6 ਨਗਰ ਨਿਗਮਾਂ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਤਹਿਤ ਪੈਂਦੀਆਂ ਨਗਰ ਕੌਂਸਲਾਂ ਨੂੰ ਜੋੜ ਦਿੱਤਾ ਗਿਆ ਹੈ। ਹੁਣ ਚੰਡੀਗੜ੍ਹ ਬੈਠੇ ਅਧਿਕਾਰੀ ਸਿੱਧੀ ਵੀਡੀਓ ਕਾਨਫਰੰਸ ਰਾਹੀਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਰੋਜ਼ਾਨਾ ਦੀ ਕਾਰਗੁਜ਼ਾਰੀ ਦੀ ਰਿਪੋਰਟ ਲੈ ਸਕਣਗੇ ਅਤੇ ਇਸ ਨਾਲ ਝੂਠ ਮਾਰਨ ਦੀ ਪ੍ਰਥਾ ਆਪਣੇ-ਆਪ ਹੀ ਖ਼ਤਮ ਹੋ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਨਾਲ ਸੰਬੰਧਿਤ ਸਾਰੇ ਦਫ਼ਤਰ ਇਸ ਤਕਨੀਕ ਰਾਹੀਂ 24 ਘੰਟੇ ਇਕ-ਦੂਜੇ ਨਾਲ ਜੁੜੇ ਰਹਿਣਗੇ। ਇਹ ਵੀ ਪਤਾ ਲੱਗਾ ਹੈ ਕਿ ਵੀਡੀਓ ਕਾਨਫਰੰਸ ਦਾ ਸਾਰਾ ਖਰਚਾ ਨਗਰ ਨਿਗਮਾਂ ਅਤੇ ਡਿਪਟੀ ਡਾਇਰੈਕਟਰਾਂ ਦੇ ਦਫ਼ਤਰ ਉਠਾਉਣਗੇ।

ਪੇਸ਼ੀ ਭੁਗਤਣ ਗਿਆ ਬੰਦੀ ਫਰਾਰ
ਸੰਗਰੂਰ, 23 ਫਰਵਰੀ - ਸਥਾਨਕ ਜ਼ਿਲ੍ਹਾ ਜੇਲ੍ਹ ਵਿਚੋਂ ਪੇਸ਼ੀ ਭੁਗਤਣ ਗਏ ਇਕ ਬੰਦੀ ਦੇ ਫਰਾਰ ਹੋਣ ਦਾ ਸਮਾਚਾਰ ਹੈ। ਮੁੱਢਲੀ ਰਿਪੋਰਟ ਅਨੁਸਾਰ ਇਸ ਬੰਦੀ ਨੂੰ ਇਕ ਗੱਡੀ ਰਾਹੀਂ ਸੰਗਰੂਰ ਕਚਹਿਰੀਆਂ ਵਿਚੋਂ ਸਥਾਨਕ ਜੇਲ੍ਹ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿਚ ਪੈਂਦਾ ਰੇਲਵੇ ਫਾਟਕ ਬੰਦ ਹੋਣ ਕਾਰਨ ਗੱਡੀ ਨੂੰ ਰੁਕਣਾ ਪੈ ਗਿਆ। ਇਸੇ ਦੌਰਾਨ ਇਹ ਬੰਦੀ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਪੁਲਿਸ ਅਤੇ ਜੇਲ੍ਹ ਅਧਿਕਾਰੀ ਵਾਰ ਵਾਰ ਪੁੱਛਣ ਉਤੇ ਵੀ ਟਾਲ ਮਟੋਲ ਕਰਦੇ ਰਹੇ।

No comments:

Post a Comment