Friday, 24 February 2012


ਇਟਲੀ ਦੇ ਸੁਰੱਖਿਆ ਗਾਰਡਾਂ ਦਾ 7 ਦਿਨਾ ਹੋਰ ਪੁਲਿਸ ਰਿਮਾਂਡ

ਕੋਚੀ ਵਿਖੇ ਇਟਲੀ ਸਮੁੰਦਰੀ ਫੌਜ ਦੇ ਸੁਰੱਖਿਆ ਜਵਾਨਾਂ ਨੂੰ ਪੇਸ਼ੀ ਲਈ ਅਦਾਲਤ 'ਚ ਲਿਜਾਏ ਜਾਣ ਦਾ ਦ੍ਰਿਸ਼।
ਕੋਲਾਮ, 23 ਫਰਵਰੀ-ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪਹਿਲਾ ਦਰਜਾ ਜੁਡੀਸ਼ਲ ਮੈਜਿਸਟਰੇਟ ਨੇ ਇਟਲੀ ਸਮੁੰਦਰੀ ਜਹਾਜ਼ ਦੇ ਦੋ ਸੁਰੱਖਿਆ ਜਵਾਨਾਂ ਨੂੰ 7 ਦਿਨਾ ਲਈ ਮੁੜ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਪੁਲਿਸ ਹਿਰਾਸਤ ਦੌਰਾਨ ਇਟਲੀ ਦੇ ਜਵਾਨ ਲਾਤੋਰੇ ਮੇਸੀਮਿਲਾਨੋ ਅਤੇ ਸਾਲਵਾਤੋਰ ਗਿਰੋਨੇ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।
ਕੇਂਦਰ ਤੇ ਰਾਜ ਸਰਕਾਰ ਨੂੰ ਨੋਟਿਸ
ਕੇਰਲਾ ਹਾਈ ਕੋਰਟ ਨੇ ਇਟਲੀ ਸਰਕਾਰ ਦੇ ਕੌਂਸਲ ਜਨਰਲ ਜਿਆਮਪਾਲੋ ਕੁਟੀਲੋ ਵੱਲੋਂ ਦਾਇਰ ਕੀਤੀ ਪਟੀਸ਼ਨ 'ਤੇ ਕੇਂਦਰ ਤੇ ਕੇਰਲਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਦਾਇਰ ਪਟੀਸ਼ਨ ਵਿਚ ਦੋ ਭਾਰਤੀਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਇਟਲੀ ਦੇ ਦੋ ਜਲ ਸੈਨਿਕਾਂ ਖਿਲਾਫ਼ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਲਈ 28 ਫਰਵਰੀ ਦੀ ਤਰੀਕ ਨਿਰਧਾਰਿਤ ਕੀਤੀ ਹੈ। ਪਟੀਸ਼ਨ ਵਿਚ ਇਟਲੀ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਗੋਲੀਬਾਰੀ ਦੀ ਘਟਨਾ ਭਾਰਤੀ ਸਮੁੰਦਰੀ ਇਲਾਕੇ ਵਿਚ ਨਹੀਂ ਵਾਪਰੀ ਸਗੋਂ ਅੰਤਰਰਾਸ਼ਟਰੀ ਸਮੁੰਦਰੀ ਇਲਾਕੇ ਵਿਚ ਹੋਈ ਹੈ ਜਿਸ ਦੇ ਆਧਾਰ 'ਤੇ ਕੇਸ ਰੱਦ ਕਰਕੇ ਇਟਲੀ ਦੇ ਜਲ ਸੈਨਿਕਾਂ ਨੂੰ ਰਿਹਾਅ ਕੀਤਾ ਜਾਵੇ। ਦੂਜੇ ਰਾਜ ਸਰਕਾਰ ਨੇ ਕਿਹਾ ਹੈ ਕਿ ਜੇਕਰ ਗ੍ਰਿਫ਼ਤਾਰ ਇਟਲੀ ਦੇ ਗਾਰਡਾਂ ਦੀ ਰਿਹਾਈ ਕੀਤੀ ਜਾਂਦੀ ਹੈ ਤਾਂ ਜਾਂਚ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।
ਵਿਦੇਸ਼ ਮੰਤਰੀ ਵੱਲੋਂ ਸੰਤੁਸ਼ਟੀ
ਇਥੇ ਸੀ. ਆਈ. ਐਸ. ਐਫ਼. ਦੇ ਗੈਸਟ ਹਾਊਸ ਵਿਚ ਬੰਦ ਇਟਲੀ ਜਲ ਸੈਨਿਕਾਂ ਦਾ ਪਤਾ ਲੈਣ ਪੁੱਜੇ ਇਟਲੀ ਦੇ ਉਪ-ਵਿਦੇਸ਼ ਮੰਤਰੀ ਸਟੀਫ਼ਨ. ਡੀ. ਮਿਸਟੁਰਾ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੁੱਛਗਿੱਛ ਦੌਰਾਨ ਇਟਲੀ ਵੱਲੋ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਪਟਿਆਲਾ, 23 ਫਰਵਰੀ -ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੀ. ਸੀ. ਐਸ. (ਜੁਡੀਸ਼ੀਅਲ)-2011 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਬਾਰੇ ਕਮਿਸ਼ਨ ਦੇ ਸਕੱਤਰ (ਪ੍ਰੀਖਿਆਵਾਂ) ਵੱਲੋਂ ਦੱਸਿਆ ਗਿਆ ਹੈ ਕਿ ਪੀ. ਸੀ. ਐਸ. (ਜੁਡੀਸ਼ੀਅਲ) 'ਮੇਨ' ਦੇ ਲਿਖਤੀ ਪੇਪਰ 20 ਤੋਂ 22 ਜਨਵਰੀ ਤੱਕ ਇਸੇ ਵਰ੍ਹੇ ਲਏ ਗਏ ਸਨ। ਹੁਣ ਇਨ੍ਹਾਂ 'ਚੋਂ ਸਫਲ ਉਮੀਦਵਾਰਾਂ ਦਾ ਨਤੀਜਾ ਐਲਾਨਿਆ ਗਿਆ ਹੈ।  ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਂਡ ਕੰਪੀਟੀਸ਼ਨ 2009 : ਇਸੇ ਦੌਰਾਨ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਕਮਿਸ਼ਨ ਵਲੋਂ ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਂਡ ਕੰਪੀਟੀਸ਼ਨ 2009 ਦੇ ਮੁੱਖ ਲਿਖਤੀ ਪੇਪਰਾਂ ਦੀਆਂ ਕਾਪੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਕਿ ਜਿਉਂ ਹੀ ਇਹ ਕੰਮ ਮੁਕੰਮਲ ਹੋ ਗਿਆ ਤਾਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।  ਸਕਰੀਨਿੰਗ ਟੈਸਟ 4 ਮਾਰਚ ਨੂੰ : ਕਮਿਸ਼ਨ ਵਲੋਂ ਰਾਜ ਦੇ ਲੋਕ ਨਿਰਮਾਣ ਵਿਭਾਗ 'ਚ ਐਸ. ਡੀਜ਼ ਦੀ ਭਰਤੀ ਲਈ ਸਾਰੇ ਯੋਗ ਉਮੀਦਵਾਰਾਂ ਦਾ ਸਕਰੀਨਿੰਗ ਟੈਸਟ 4 ਮਾਰਚ ਨੂੰ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਯੋਗ ਉਮੀਦਵਾਰਾਂ ਨੂੰ ਐਡਮਿਟ ਕਾਰਡ ਭੇਜੇ ਜਾ ਰਹੇ ਹਨ, ਜਿਨ੍ਹਾਂ ਉਮੀਦਵਾਰਾਂ ਨੂੰ 29 ਫਰਵਰੀ ਤੱਕ ਇਹ ਕਾਰਡ ਨਹੀਂ ਮਿਲਦੇ ਉਹ, ਕਮਿਸ਼ਨ ਦੇ ਦਫ਼ਤਰੋਂ ਪਹਿਲੀ ਤੇ ਦੋ ਮਾਰਚ ਨੂੰ ਨਿੱਜੀ ਤੌਰ 'ਤੇ ਦਫ਼ਤਰੀ ਸਮੇਂ ਦੌਰਾਨ ਹਾਸਿਲ ਕਰ ਸਕਦੇ ਹਨ।

ਮੁੱਲਾਂਪੁਰ ਦਾਖਾ, 23 ਫਰਵਰੀ-ਡੀ. ਐਸ. ਪੀ. ਬਲਰਾਜ ਸਿੰਘ ਗਿੱਲ ਅਤੇ ਮੋਨਿਕਾ ਕਪਿਲਾ ਦੇ ਕਾਤਲਾਂ ਨੂੰ ਲੱਭਣ ਵਿਚ ਨਾਕਾਮ ਪੰਜਾਬ ਪੁਲਿਸ ਨੂੰ ਅੱਜ ਉਦੋਂ ਹੋਰ ਨਮੋਸ਼ੀ ਝੱਲਣੀ ਪਈ ਜਦ ਗੈਂਗਵਾਰ ਗਿਰੋਹ ਨਾਲ ਜੁੜੇ ਅੰਮਿਤ ਕੰਬੋਜ ਨੂੰ ਪੇਸ਼ੀ ਦੌਰਾਨ ਮਾਡਲ ਥਾਣਾ ਦੀ ਹਦੂਦ ਵਿਚ ਫਰੀਦਕੋਟ ਪੁਲਿਸ ਤੋਂ ਉਸ ਦੇ ਸਾਥੀ ਛੁਡਵਾ ਕੇ ਲੈ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਅਪਰਾਧ ਦੀ ਦੁਨੀਆ ਵਿਚ ਜਾਣੇ-ਪਹਿਚਾਣੇ ਅਮਿਤ ਕੰਬੋਜ ਨੂੰ ਕਿਸੇ ਮਾਮਲੇ ਵਿਚ ਫਰੀਦਕੋਟ ਪੁਲਿਸ ਪੇਸ਼ੀ ਲਈ ਮੁਹਾਲੀ ਲੈ ਕੇ ਗਈ ਸੀ। ਐਚ. ਆਰ 02-2376 ਕਾਰ ਵਿਚ ਪੁਲਿਸ ਪਾਰਟੀ ਜਿਉਂ ਹੀ ਅਮਿਤ ਕੰਬੋਜ ਨੂੰ ਮੁਹਾਲੀ ਤੋਂ ਫਰੀਦਕੋਟ ਲਿਆ ਰਹੀ ਸੀ, ਦਾਖਾ ਨਜ਼ਦੀਕ ਅਮਿਤ ਕੰਬੋਜ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਪਿਸ਼ਾਬ ਕਰਨਾ ਹੈ। ਜਿਉਂ ਹੀ ਕਾਰ ਰੁਕੀ ਪਹਿਲਾਂ ਵਿਉਂਤ ਅਨੁਸਾਰ ਅਮਿਤ ਕੰਬੋਜ ਦੇ ਗਿਰੋਹ ਦੇ ਕਰੀਬ ਅੱਧੀ ਦਰਜਨ ਸਾਥੀ ਪੁਲਿਸ ਪਾਰਟੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਆਪਣੇ ਸਾਥੀ ਕੰਬੋਜ ਲੈ ਕੇ ਫਰਾਰ ਹੋ ਗਏ। ਅਮਿਤ ਕੰਬੋਜ ਨੂੰ ਛੁਡਾਉਣ ਲਈ ਇਤਲਾਹ ਫਰੀਦਕੋਟ ਪੁਲਿਸ ਵੱਲੋਂ ਮਾਡਲ ਥਾਣਾ ਦਾਖਾ ਨੂੰ ਦਿੱਤੀ। ਅਪਰਾਧ ਦਾ ਸਰਗਣਾ ਸੀ-ਕੰਬੋਜ, ਮੁਹਾਲੀ ਤੋਂ ਪੇਸ਼ੀ ਬਾਅਦ ਗਿਰੋਹ ਵੱਲੋਂ ਪੁਲਿਸ ਤੋਂ ਮੁਕਤ ਕਰਵਾਇਆ ਕੰਬੋਜ ਗੁਆਂਢੀ ਸੂਬੇ ਹਰਿਆਣਾ ਨਾਲ ਸੰਬੰਧਿਤ ਹੈ। ਸੰਨ 2007 ਵਿਚ ਅਮਿਤ ਉੱਪਰ ਮਾਡਲ ਥਾਣਾ ਦਾਖਾ ਵਿਚ ਮੁਕੱਦਮੇ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਦੇ ਵੱਖੋ-ਵੱਖ ਥਾਣਿਆਂ ਵਿਚ ਕਰੀਬ ਦੋ ਦਰਜਨ ਮੁਕੱਦਮੇ ਦਰਜ ਹਨ। ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਕੰਬੋਜ ਨੂੰ ਛੁਡਾਉਣ ਵਾਲੇ ਗਿਰੋਹ ਦੀ ਭਾਲ ਲਈ ਪੂਰੇ ਜ਼ਿਲ੍ਹੇ ਵਿਚ ਥਾਂ-ਥਾਂ ਨਾਕੇ ਲਗਾ ਕੇ ਚੈਕਿੰਗ ਆਰੰਭ ਹੋਈ ਹੈ। ਪੁਲਿਸ ਨੂੰ ਸ਼ੱਕ-ਪੁਲਿਸ ਨੂੰ ਸ਼ੱਕ ਹੈ ਕਿ ਅਮਿਤ ਕੰਬੋਜ ਦੀਆਂ ਜੜ੍ਹਾਂ ਪਿਛਲੇ ਸਮੇਂ ਪੁਲਿਸ ਮੁਕਾਬਲੇ ਵਿਚ ਬਿਲਗਾ ਥਾਣੇ ਅਧੀਨ ਮਾਰੇ ਗਏ ਗੈਂਗਸਟਰ ਸ਼ਾਦੀਪੁਰ ਵਾਸੀ ਭੁਪਿੰਦਰ ਸਿੰਘ ਭਿੰਦਾ, ਰਾਜਿੰਦਰ ਰੂਬੀ ਦੇ ਗਿਰੋਹ ਨਾਲ ਜੁੜ ਸਕਦੀਆਂ ਹਨ। ਮੁਕੱਦਮਾ ਦਰਜ-ਕੰਬੋਜ ਨੂੰ ਪੇਸ਼ੀ ਦੌਰਾਨ ਕੋਤਾਹੀ ਵਰਤਣ ਵਾਲੇ ਸਿਪਾਹੀ ਸੇਵਕ ਸਿੰਘ, ਹੌਲਦਾਰ ਜਸਵੀਰ ਸਿੰਘ ਵਿਰੁੱਧ ਮਾਡਲ ਥਾਣਾ ਦਾਖਾ ਵਿਚ ਮੁਕੱਦਮਾ ਦਰਜ ਕਰ ਲਿਆ। ਨਿੱਜੀ ਕਾਰ ਚਾਲਕ ਹਰਵਿੰਦਰ ਸਿੰਘ ਨੂੰ ਵੀ ਪੁਲਿਸ ਮੁਕੱਦਮੇ ਵਿਚ ਸ਼ਾਮਿਲ ਕਰ ਲਿਆ।

ਮੁੰਬਈ, 23 ਫਰਵਰੀ -ਕੱਲ੍ਹ ਸ਼ਾਮ ਗ੍ਰਿਫਤਾਰੀ ਤੋਂ ਬਾਅਦ ਰਿਹਾਅ ਕੀਤੇ ਗਏ ਅਦਾਕਾਰ ਸੈਫ਼ ਅਲੀ ਖ਼ਾਨ ਨੇ ਵੀ ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਆਪਣੀ ਸ਼ਿਕਾਇਤ ਵਿਚ ਸੈਫ਼ ਨੇ ਆਖਿਆ ਕਿ ਇਕਬਾਲ ਨੇ ਪਹਿਲਾਂ ਮੇਰੇ 'ਤੇ ਹਮਲਾ ਕੀਤਾ ਸੀ ਅਤੇ ਆਪਣੇ ਬਚਾਅ ਲਈ ਮੈਂ ਜਵਾਬੀ ਕਾਰਵਾਈ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਿਕਾਇਤ ਦੀ ਛਾਣਬੀਣ ਲਈ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ, ਜਿਨ੍ਹਾਂ ਵਿਚ ਹੋਟਲ ਦੇ ਚਾਰ ਮੁਲਾਜ਼ਮ ਅਤੇ ਇਕਬਾਲ ਦੇ ਪਰਿਵਾਰਕ ਮੈਂਬਰ ਸ਼ਾਮਿਲ ਹਨ। ਦੂਜੇ ਪਾਸੇ ਮੁੰਬਈ ਪੁਲਿਸ ਦੇ ਸਹਾਇਕ ਕਮਿਸ਼ਨਰ ਇਕਬਾਲ ਸ਼ੇਖ ਨੇ ਦੱਸਿਆ ਕਿ ਪੁਲਿਸ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁੱਟੇਜ਼ ਤੋਂ ਵੀ ਇਹ ਜਾਨਣ ਦੀ ਯਤਨ ਕਰ ਰਹੀ ਹੈ ਕਿ ਪਹਿਲ ਸੈਫ਼ ਨੇ ਕੀਤੀ ਜਾਂ ਇਕਬਾਲ ਨੇ। ਇਸੇ ਦੌਰਾਨ ਸੈਫ਼ ਅਲੀ ਖ਼ਾਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਕਿ ਫ਼ਿਲਮ 'ਵਿਨੋਦ ਏਜੰਟ' ਨੂੰ ਸਫਲ ਕਰਨ ਲਈ ਇਸ ਘਟਨਾ ਦਾ ਨਾਟਕ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਉਸ ਦਾ ਨਾਕਾਰਾਤਮਕ ਪ੍ਰਚਾਰ ਹੋਵੇ। ਜ਼ਿਕਰਯੋਗ ਹੈ ਕਿ ਕੱਲ੍ਹ ਮੁੰਬਈ ਦੇ ਇਕ ਰੈਸਟੋਰੈਂਟ ਵਿਚ ਸੈਫ਼ ਅਲੀ ਖ਼ਾਨ ਨੇ ਪ੍ਰਵਾਸੀ ਭਾਰਤੀ ਇਕਬਾਲ ਸ਼ਰਮਾ ਦੀ ਕੁੱਟਮਾਰ ਕਰ ਦਿੱਤੀ ਸੀ। ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ ਸੈਫ਼ ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।

No comments:

Post a Comment