Friday, 24 February 2012


ਪਿਸਤੌਲ ਦਿਖਾ ਕੇ ਫਾਰਚੂਨਰ ਗੱਡੀ ਖੋਹੀ
ਫਗਵਾੜਾ, 23 ਫਰਵਰੀ-ਸਥਾਨਕ ਜੀ.ਟੀ ਰੋਡ 'ਤੇ ਪਿੰਡ ਜਮਾਲਪੁਰ ਦੇ ਨੇੜੇ ਬੀਤੀ ਦੇਰ ਰਾਤ ਨੂੰ ਅਣਪਛਾਤੇ ਪਿਸਤੌਲਧਾਰੀ ਲੁਟੇਰਿਆਂ ਨੇ ਇਕ ਫਾਰਚੂਨਰ ਗੱਡੀ ਖੋਹ ਲਈ। ਗੱਡੀ ਵਿੱਚ ਪਏ ਦੋ ਲੱਖ ਰੁਪਏ, ਦੋ ਮੋਬਾਈਲ ਅਤੇ ਇਕ ਲੈਪਟਾਪ ਵੀ ਲੁਟੇਰੇ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਇਕ ਸ਼ੈਵਰਲੇਅ ਗੱਡੀ ਵਿਚ ਸਵਾਰ ਸਨ। ਜਾਣਕਾਰੀ ਦੇ ਅਨੁਸਾਰ ਸਿਮਰ ਫਾਈਨਾਂਸ ਕੰਪਨੀ ਦੇ ਮਾਲਕ ਸ੍ਰੀ ਦੀਪਕ ਬਾਲੀ ਪੁੱਤਰ ਸ੍ਰੀ ਧਰਮਪਾਲ ਬਾਲੀ ਵਾਸੀ ਗੁਰਜੀਤ ਨਗਰ ਜਲੰਧਰ ਬੀਤੀ ਰਾਤ ਆਪਣੇ ਇਕ ਸਾਥੀ ਇੰਦਰਜੀਤ ਸਿੰਘ ਦੇ ਨਾਲ ਗੁਰਾਇਆ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਪਣੀ ਫਾਰਚੂਨਰ ਗੱਡੀ ਨੰਬਰ ਪੀ.ਬੀ 08 ਏ.ਵਾਈ (ਟੀ) 1040 ਵਿਚ ਜਾ ਰਹੇ ਸਨ। ਦੀਪਕ ਬਾਲੀ ਦੇ ਅਨੁਸਾਰ ਜਦੋਂ ਉਨ੍ਹਾਂ ਦੀ ਗੱਡੀ ਫਗਵਾੜਾ ਦੇ ਪਿੰਡ ਜਮਾਲਪੁਰ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਇਕ ਸ਼ੈਵਰਲੇਅ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ। ਉਨ੍ਹਾਂ ਦੇ ਡਰਾਈਵਰ ਨੇ ਉਕਤ ਗੱਡੀ ਦੇ ਨੇੜੇ ਜਾ ਕਿ ਗੱਡੀ ਰੋਕੀ ਅਤੇ ਨੁਕਸਾਨ ਦੇਖਣ ਸਬੰਧੀ ਥੱਲੇ ਉਤਰਿਆ। ਡਰਾਈਵਰ ਬਲਵੰਤ ਸਿੰਘ ਤੋਂ ਬਾਅਦ ਉਹ ਵੀ ਗੱਡੀ ਤੋਂ ਹੇਠਾਂ ਉਤਰ ਆਏ। ਏਨੀ ਦੇਰ ਨੂੰ ਸ਼ੈਵਰਲੇਅ ਸਵਾਰਾਂ ਨੇ ਪਿਸਤੌਲ ਕੱਢ ਲਈ ਅਤੇ ਉਨ੍ਹਾਂ ਨੂੰ ਧਮਕਾ ਕੇ ਗੱਡੀ ਖੋਹ ਕੇ ਫ਼ਰਾਰ ਹੋ ਗਏ। ਦੀਪਕ ਬਾਲੀ ਨੇ ਦੱਸਿਆ ਕਿ ਗੱਡੀ ਵਿਚ ਪਏ ਦੋ ਲੱਖ ਰੁਪਏ ਨਕਦ, ਇਕ ਲੈਪਟਾਪ ਅਤੇ ਉਨ੍ਹਾਂ ਦੇ ਦੋ ਮੋਬਾਈਲ ਫ਼ੋਨ ਵੀ ਲੁੱਟ ਕਿ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰਕੇ ਵਾਰਦਾਤ ਦਾ ਜਾਇਜ਼ਾ ਲਿਆ। ਸਦਰ ਪੁਲਿਸ ਨੇ ਇਸ ਘਟਨਾ ਸਬੰਧੀ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨੀਤਾ ਅੰਬਾਨੀ ਵਲੋਂ ਜਲੰਧਰ ਦੇ 'ਯੂਨੀਕ ਹੋਮ' ਦਾ ਦੌਰਾ


ਨੀਤਾ ਅੰਬਾਨੀ ਜਲੰਧਰ ਦੇ ਯੂਨੀਕ ਹੋਮ ਦੇ ਬਾਹਰ ਨੰਨ੍ਹੇ-ਮੁੰਨੇ ਬੱਚਿਆਂ ਨਾਲ ਅਤੇ
(2)
ਬੀਬੀ ਪ੍ਰਕਾਸ਼ ਕੌਰ ਨਾਲ ਖੜ੍ਹੇ ਹਨ।
ਜਲੰਧਰ. 23 ਫਰਵਰੀ ਰਿਲਾਇੰਸ ਇੰਡਸਟਰੀਜ਼ ਲਿਮ: ਦੇ ਕਰਤਾ-ਧਰਤਾ ਮੁਕੇਸ਼ ਅੰਬਾਨੀ ਦੀ ਪਤਨੀ ਅਤੇ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਨੀਤਾ ਅੰਬਾਨੀ ਅੱਜ ਬਾਅਦ ਦੁਪਹਿਰ ਇਥੇ ਮਾਡਲ ਹਾਊਸ ਜਲੰਧਰ ਦੀ ਤਾਰਾਂਵਾਲੀ ਗਲੀ ਵਿਚ ਸਥਿਤ 'ਯੂਨੀਕ ਹੋਮ' ਵੇਖਣ ਆਏ। ਯਾਦ ਰਹੇ ਇਹ ਅਨਾਥ ਅਤੇ ਬੇਸਹਾਰਾ ਬੱਚਿਆਂ ਦਾ ਰੈਣ-ਬਸੇਰਾ ਹੈ। ਇਸ ਦੀ ਸੰਚਾਲਕਾ ਬੀਬੀ ਪ੍ਰਕਾਸ਼ ਕੌਰ ਹਨ। ਇਸ ਵਿਚ 58 ਬੱਚਿਆਂ ਦਾ ਪਾਲਣ-ਪੋਸਣ ਹੋ ਰਿਹਾ ਹੈ। ਸਭ ਤੋਂ ਛੋਟਾ ਬੱਚਾ ਚਾਰ ਮਹੀਨੇ ਦਾ ਹੈ। ਇਸ ਨੂੰ ਭਾਈ ਘਨੱਈਆ ਜੀ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਹੈ। ਸ੍ਰੀਮਤੀ ਨੀਤਾ ਅੰਬਾਨੀ ਜਦੋਂ ਯੂਨੀਕ ਹੋਮ ਪੁੱਜੇ ਤਾਂ ਬਾਹਰ ਗਲੀ ਵਿਚ ਪੰਜ ਨੰਨ੍ਹੇ-ਮੁੰਨੇ ਬੱਚਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਉਂਦਿਆਂ ਪਹਿਲਾਂ 'ਸਤਿ ਸ੍ਰੀ ਅਕਾਲ' ਕੀਤੀ ਤੇ ਫਿਰ ਬੱਚਿਆਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਵਿਚੋਂ ਇਕ ਨੂੰ ਕੁੱਛੜ ਚੁੱਕ ਕੇ ਬਾਕੀਆਂ ਨਾਲ ਵੀ ਲਾਡ ਲਡਾਇਆ। ਇਹ ਬੱਚੇ ਸਨ ਰੋਮੀ, ਜੀਆ, ਸ਼ਿਵੀ, ਵਨਸੇਰਾ ਤੇ ਸਲੀਨਾ। ਯੂਨੀਕ ਹੋਮ ਵਿਚ ਪ੍ਰਵੇਸ਼ ਕਰਨ 'ਤੇ ਬੀਬੀ ਪ੍ਰਕਾਸ਼ ਕੌਰ ਤੇ ਬੱਚਿਆਂ ਨੇ ਜਿਨ੍ਹਾਂ ਰੰਗ-ਬਰੰਗੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ, ਉਨ੍ਹਾਂ ਦਾ ਸਵਾਗਤ ਕੀਤਾ। ਸਾਰਾ ਯੂਨੀਕ ਹੋਮ ਹੀ ਸਜਾਇਆ ਹੋਇਆ ਸੀ। ਉਨ੍ਹਾਂ ਇਥੇ ਕਾਫੀ ਸਮਾਂ ਬੱਚਿਆਂ ਨਾਲ ਬਿਤਾਇਆ। ਉਨ੍ਹਾਂ ਯੂਨੀਕ ਹੋਮ ਬਾਰੇ ਜਾਣਕਾਰੀ ਵੀ ਲਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਬੱਚੇ ਅੰਦਰ ਰਹਿੰਦੇ ਹਨ, ਕਿਵੇਂ ਉਨ੍ਹਾਂ ਦਾ ਪਾਲਣ-ਪੋਸਣ ਕੀਤਾ ਜਾਂਦਾ ਹੈ। ਉਨ੍ਹਾਂ ਦੀ ਪੜ੍ਹਾਈ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਹੁਣ ਤੱਕ 12 ਲੜਕੀਆਂ ਵਿਆਹੀਆਂ ਜਾ ਚੁੱਕੀਆਂ ਹਨ। ਯਾਦ ਰਹੇ, ਇਥੇ ਸਿਰਫ ਲੜਕੀਆਂ ਹੀ ਰੱਖੀਆਂ ਜਾਂਦੀਆਂ ਹਨ। ਬਾਅਦ ਵਿਚ ਜਦੋਂ ਮੈਡਮ ਅੰਬਾਨੀ ਬਾਹਰ ਆਏ ਤਾਂ ਕਈ ਘੰਟੇ ਤੋਂ ਉਡੀਕ 'ਚ ਖੜ੍ਹੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਹਿਲੀ ਵਾਰੀ ਜਲੰਧਰ ਤੇ ਯੂਨੀਕ ਹੋਮ (ਬੇਸਹਾਰਿਆਂ ਦਾ ਸਹਾਰਾ) ਵੇਖ ਕੇ ਅਤੇ ਬੱਚਿਆਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਹਨ। ਉਨ੍ਹਾਂ ਬੀਬੀ ਪ੍ਰਕਾਸ਼ ਕੌਰ 'ਸੰਚਾਲਕਾ' ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸੇਵਾ ਦੀ ਮੂਰਤ ਹਨ। ਉਹ ਖੁਦ ਉਨ੍ਹਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਹ ਬੇਸਹਾਰਾ ਬੱਚਿਆਂ ਦੇ ਪਾਲਣ-ਪੋਸਣ ਦੀ ਜਿਵੇਂ ਸੇਵਾ ਕਰ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਹ ਮੇਰੇ ਸਮੇਤ ਸਾਰਿਆਂ ਦੇ ਪ੍ਰੇਰਨਾ-ਸਰੋਤ ਹਨ। ਆਮ ਔਰਤਾਂ ਨੂੰ ਵੀ ਉਨ੍ਹਾਂ ਵਾਂਗ ਹੀ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ ਸੱਦੇ 'ਤੇ ਬੀਬੀ ਪ੍ਰਕਾਸ਼ ਕੌਰ ਜਦੋਂ ਮੁੰਬਈ ਉਨ੍ਹਾਂ ਪਾਸ ਆਏ ਸਨ, ਜਿਥੇ ਉਨ੍ਹਾਂ ਨੂੰ ਐਵਾਰਡ ਪ੍ਰਦਾਨ ਕੀਤਾ ਗਿਆ ਸੀ, ਉਦੋਂ ਮੈਂ ਇਨ੍ਹਾਂ ਨਾਲ ਜਲੰਧਰ ਆਉਣ ਦਾ ਵਾਅਦਾ ਕੀਤਾ ਸੀ। ਸੋ, ਅੱਜ ਮੈਂ ਇਥੇ ਆ ਕੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ। ਹੁਣ ਮੈਂ ਇਨ੍ਹਾਂ ਨੂੰ ਸਾਰੇ ਬੱਚਿਆਂ ਸਮੇਤ ਮੁੰਬਈ ਆਉਣ ਦਾ ਸੱਦਾ ਦਿੱਤਾ ਹੈ। ਬਾਅਦ ਵਿਚ ਪਤਾ ਲੱਗਾ ਕਿ ਬੀਬੀ ਪ੍ਰਕਾਸ਼ ਕੌਰ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ। ਸ਼ਾਮ ਨੂੰ ਯੂਨੀਕ ਹੋਮ ਦੀ ਨਕੋਦਰ ਰੋਡ ਬਾਦਸ਼ਾਹਪੁਰ (ਨੇੜੇ ਆਲੂ ਫਾਰਮ ਕੋਲ) ਬਣ ਰਹੀ ਨਵੀਂ ਇਮਾਰਤ ਵੇਖਣ ਲਈ ਪੁੱਜੇ। ਉਥੇ ਉਨ੍ਹਾਂ ਬਹੁਤ ਸਾਰਾ ਸਮਾਂ ਬੱਚਿਆਂ ਨਾਲ ਹੱਸ-ਖੇਡ ਕੇ ਬਿਤਾਇਆ। ਉਨ੍ਹਾਂ ਬੱਚਿਆਂ ਨਾਲ ਰਲ ਕੇ ਗੁਜਰਾਤੀ ਗਰਬਾ ਡਾਂਸ ਵੀ ਕੀਤਾ। ਉਨ੍ਹਾਂ ਗੁਜਰਾਤੀ ਵਿਚ ਗੀਤ ਵੀ ਗਾਏ। ਬੱਚਿਆਂ ਨੇ ਵੀ ਗੁਜਰਾਤੀ ਵਿਚ ਤਿਆਰ ਕੀਤੇ ਗੀਤ ਸੁਣਾਏ। ਮੈਡਮ ਨੀਤਾ ਅੰਬਾਨੀ ਨੇ ਬੱਚਿਆਂ ਨੂੰ ਆਪਣੀ ਜੀਵਨ ਕਹਾਣੀ ਵੀ ਸੁਣਾਈ ਅਤੇ ਨਾਲ ਲਿਆਂਦੇ ਖਿਡੌਣੇ ਵੀ ਵੰਡੇ। ਵਾਪਸੀ 'ਤੇ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਮੱਥਾ ਟੇਕਣ ਲਈ ਗਏ, ਜਿਥੇ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਯਾਦ ਰਹੇ ਉਨ੍ਹਾਂ ਦੇ ਯੂਨੀਕ ਹੋਮ ਵਿਚ ਜੋ ਦੋ ਸਮਾਗਮ ਹੋਏ, ਉਨ੍ਹਾਂ ਵਿਚ ਪੱਤਰਕਾਰਾਂ ਨੂੰ ਜਾਣ ਦੀ ਬਿਲਕੁਲ ਮਨਾਹੀ ਸੀ, ਕਿਉਂਕਿ ਇਹ ਸਮਾਗਮ ਉਨ੍ਹਾਂ ਦਾ ਨਿੱਜੀ ਸੀ। ਪਤਾ ਲੱਗਾ ਹੈ ਕਿ ਉਹ ਇਨ੍ਹਾਂ ਬੱਚਿਆਂ ਨੂੰ ਲੈ ਕੇ ਇਕ ਦਸਤਾਵੇਜ਼ੀ (ਡਾਕੂਮੈਂਟਰੀ) ਫ਼ਿਲਮ ਬਣਾ ਰਹੇ ਹਨ। ਇਥੇ ਉਨ੍ਹਾਂ ਫ਼ਿਲਮ ਲਈ ਵੱਖ-ਵੱਖ ਦ੍ਰਿਸ਼ ਫਿਲਮਾਏ। ਯਾਦ ਰਹੇ ਕਿ ਉਹ ਪੰਜਾਬੀ ਪਹਿਰਾਵੇ ਸਲਵਾਰ-ਕਮੀਜ਼ ਵਿਚ ਸਨ।

ਬੈਰਾਗੀ ਮਹਾਂ ਮੰਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ
ਫਾਊਂਡੇਸ਼ਨ ਦੀਆਂ ਉੱਤਰ ਪ੍ਰਦੇਸ਼ ਇਕਾਈਆਂ ਦਾ ਗਠਨ

ਲੁਧਿਆਣਾ 23 ਫਰਵਰੀ-ਕੁਲ ਹਿੰਦ ਬੈਰਾਗੀ (ਵੈਸ਼ਨਵ) ਮਹਾਂ ਮੰਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸਾਂਝੀ ਮੀਟਿੰਗ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਜਨਰਲ ਸਕੱਤਰ ਪ੍ਰੋ: ਜੀਵਨ ਦਾਸ ਬਾਵਾ ਦੀ ਪ੍ਰਧਾਨਗੀ ਹੇਠ ਮੰਦਿਰ ਬਾਬਾ ਰਾਮ ਥੰਮਨ, ਜਿੰਗਨੀਆਂ (ਸ਼ਿਵਰਾਜਪੁਰ) ਜ਼ਿਲ੍ਹਾ ਸੀਤਾਪੁਰ ਵਿਖੇ ਹੋਈ। ਇਸ ਸਮੇਂ ਸਰਬਸੰਮਤੀ ਨਾਲ ਨਿਰਭੈ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉੱਤਰ ਪ੍ਰਦੇਸ਼ ਦਾ ਪ੍ਰਧਾਨ ਜਦਕਿ ਰਾਮਨਾਥ ਬਾਵਾ ਨੂੰ ਬੈਰਾਗੀ ਮਹਾਂ ਮੰਡਲ ਉੱਤਰ ਪ੍ਰਦੇਸ਼ ਦਾ ਪ੍ਰਧਾਨ ਥਾਪਿਆ ਗਿਆ। ਪ੍ਰੋ: ਜੀਵਨ ਦਾਸ ਬਾਵਾ ਨੇ ਨਿਰਭੈ ਸਿੰਘ ਨੂੰ ਇਕ ਮਹੀਨੇ ਦੇ ਸਮੇਂ ਦੌਰਾਨ ਜਥੇਬੰਦਕ ਢਾਂਚਾ ਬਣਾਉਣ ਲਈ ਕਿਹਾ। ਇਸ ਦੇ ਨਾਲ ਹੀ ਬੈਰਾਗੀ ਮਹਾਂ ਮੰਡਲ ਉੱਤਰ ਪ੍ਰਦੇਸ਼ ਦੇ ਬਲਰਾਮ ਦਾਸ ਬਾਵਾ, ਬਲਬੀਰ ਬਾਵਾ ਅਤੇ ਅਮਰਨਾਥ ਬਾਵਾ ਨੂੰ ਸਰਪ੍ਰਸਤ, ਹੀਰਾ ਲਾਲ ਬਾਵਾ ਅਤੇ ਮਨਦੀਪ ਬਾਵਾ ਉਪ ਪ੍ਰਧਾਨ, ਸਤਨਾਮ ਬਾਵਾ ਜਨਰਲ ਸਕੱਤਰ, ਬਲਵਿੰਦਰ ਦਾਸ ਬਾਵਾ ਅਤੇ ਧਰਮਪਾਲ ਬਾਵਾ ਸਕੱਤਰ ਥਾਪੇ ਗਏ। ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇਸ ਸਮੇਂ ਕੇਂਦਰੀ ਟਰਾਂਸਪੋਰਟ ਮੰਤਰੀ ਜਤਿਨ ਪ੍ਰਸਾਦ ਨੂੰ ਸੰਸਥਾ ਵੱਲੋਂ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕਰਦਿਆਂ ਸੰਸਥਾ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ ਤੋਂ ਜਾਣੂ ਕਰਵਾਇਆ। ਸ੍ਰੀ ਬਾਵਾ ਨੇ ਕਿਹਾ ਕਿ ਅੱਜ ਲੋੜ ਹੈ ਬੈਰਾਗੀ ਭਾਈਚਾਰੇ ਦੇ ਲੋਕ ਉੱਤਰ ਪ੍ਰਦੇਸ਼ 'ਚ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਣੀ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ 'ਚ ਪਹਿਚਾਣ ਬਣਾਉਣ। ਇਸ ਮੀਟਿੰਗ ਵਿਚ ਸੰਤ ਨਿਰਮਲ ਸਿੰਘ ਕਾਰ ਸੇਵਾ ਵਾਲੇ, ਚੌਧਰੀ ਦਸੌਧੀ ਰਾਮ ਨੇਤਾ ਗੁਜਰ ਸਮਾਜ, ਅਮਰਦੀਪ ਸਿੰਘ ਗਰੇਵਾਲ ਯੂਥ ਨੇਤਾ, ਰਵਿੰਦਰ ਕੁਮਾਰ ਬਾਵਾ, ਰਜਿੰਦਰ ਕੁਮਾਰ ਬਾਵਾ, ਭਗੀਰਥ ਦਾਸ ਬਾਵਾ, ਰਮੇਸ਼ ਚੰਦ ਬਾਵਾ, ਛਿੰਦਰਪਾਲ ਬਾਵਾ, ਬੀਰਾ ਰਾਮ ਬਾਵਾ, ਪ੍ਰਸ਼ੋਤਮ ਦਾਸ ਬਾਵਾ, ਜੀਤ ਰਾਮ ਬਾਵਾ, ਕਪਲ ਦੇਵ ਬਾਵਾ, ਦੇਸ ਰਾਜ ਬਾਵਾ, ਸ਼ਿਵ ਨਰਾਇਣ ਬਾਵਾ, ਦਲਬੀਰ ਦਾਸ ਬਾਵਾ, ਹੈਪੀ ਬਾਵਾ, ਜਸਵਿੰਦਰ ਪਾਲ ਬਾਵਾ, ਭੁਪਿਦਰ ਪਾਲ ਬਾਵਾ, ਲਖਵਿੰਦਰ ਸਿੰਘ, ਸ਼ਸ਼ਪਾਲ ਬਾਵਾ, ਪ੍ਰੇਮ ਦਾਸ ਅਤੇ ਭਾਗ ਸਿੰਘ ਆਦਿ ਸ਼ਾਮਿਲ ਹੋਏ।

ਆਬੂਧਾਬੀ ਦੀ ਜੇਲ੍ਹ 'ਚ ਬੰਦ 16 ਪੰਜਾਬੀ ਨੌਜਵਾਨਾਂ 'ਤੇ ਕੀਤਾ ਜਾ ਰਿਹੈ ਤਸ਼ੱਦਦ

ਆਬੂਧਾਬੀ ਜੇਲ੍ਹ 'ਚ ਬੰਦ ਨੌਜਵਾਨ ਬਲਵਿੰਦਰ ਸਿੰਘ ਦੀ ਮਾਤਾ ਸ੍ਰੀਮਤੀ ਪਿਆਰੀ, ਨਰਿੰਦਰਜੀਤ ਕੌਰ ਭਰਜਾਈ ਅਤੇ ਪਿੰਡ ਵਾਸੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ।
ਬੰਗਾ. 23 ਫਰਵਰੀ ૿ ਦੁਬਈ 'ਚ ਪਾਕਿਸਤਾਨੀ ਨਾਗਰਿਕ ਮਿਸਰੀ ਖਾਂ ਦੇ ਸਾਲ 2009 'ਚ ਹੋਏ ਕਤਲ 'ਚ ਦੋਸ਼ੀ ਮੰਨੇ ਗਏ 17 ਪੰਜਾਬੀ ਨੌਜਵਾਨਾਂ ਦੀ ਜਾਨ ਬਖਸ਼ੀ ਉਪਰੰਤ ਅਜੇ ਵਤਨ ਵਾਪਸੀ ਸੰਭਵ ਨਹੀਂ ਹੋਈ ਕਿ ਆਬੂਧਾਬੀ ਦੀ ਅਲਬਸ਼ਪਾ ਜੇਲ੍ਹ 'ਚ ਬੰਦ 16 ਹੋਰ ਪੰਜਾਬੀ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ 'ਤੇ ਵੀ ਇਕ ਪਾਕਿਸਤਾਨੀ ਨਾਗਰਿਕ ਪਠਾਨ ਮੁਹੰਮਦ ਸ਼ਵੇਤ ਦੇ ਕਤਲ ਦਾ ਦੋਸ਼ ਹੈ। ਅਲਬਸ਼ਪਾ ਜੇਲ੍ਹ 'ਚ ਬੰਦ ਬਲਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਪਿੰਡ ਹੇੜੀਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਤਾ ਸ੍ਰੀਮਤੀ ਪਿਆਰੋ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਬਲਵਿੰਦਰ ਸਿੰਘ ਨੂੰ ਜੂਨ 2010 ਦੌਰਾਨ ਕਰਜ਼ਾ ਚੁੱਕ ਕੇ ਆਬੂਧਾਬੀ ਭੇਜਿਆ ਸੀ। ਉਨ੍ਹਾਂ ਜਿਸ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਸੀ ਕਿ 3 ਨਵੰਬਰ 2011 ਦੀ ਰਾਤ ਨੂੰ ਉਨ੍ਹਾਂ ਦੇ ਨਜ਼ਦੀਕ ਹੀ ਇਕ ਕਮਰੇ 'ਚ ਰਹਿ ਰਹੇ 3 ਪੰਜਾਬੀ ਨੌਜਵਾਨਾਂ ਦਾ ਆਪਸ ਵਿਚ ਕਿਸੇ ਗੱਲੋ ਝਗੜਾ ਹੋ ਗਿਆ। ਜਦੋਂ ਇਨ੍ਹਾਂ ਨੌਜਵਾਨਾਂ ਨੂੰ ਛੁਡਾਉਣ ਲਈ ਇਕ ਪਾਕਿਸਤਾਨੀ ਨਾਗਰਿਕ ਪਠਾਨ ਮੁਹੰਮਦ ਸ਼ਵੇਤ ਅੱਗੇ ਆਇਆ ਤਾਂ ਕਿਸੇ ਵਿਅਕਤੀ ਨੇ ਪਿਛੋਂ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ ਅਤੇ ਇਲਾਜ ਦੌਰਾਨ ਉਸ ਦੀ ਇਕ ਹਸਪਤਾਲ 'ਚ 29 ਨਵੰਬਰ 2011 ਨੂੰ ਮੌਤ ਹੋ ਗਈ। ਆਬੂਧਾਬੀ ਪੁਲਿਸ ਵੱਲੋਂ ਇਸ ਕਤਲ ਦੇ ਦੋਸ਼ ਵਿਚ ਬਲਵਿੰਦਰ ਸਿੰਘ ਸਮੇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਚਾਰ, ਅੰਮਿਤਸਰ ਜ਼ਿਲ੍ਹੇ ਦੇ ਤਿੰਨ, ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ, ਫਰੀਦਕੋਟ, ਬਠਿੰਡਾ, ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆ ਦੇ ਇਕ-ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਜਿਥੇ ਭੁੱਖਿਆ ਰੱਖ ਕੇ ਭਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਪੁਲਿਸ ਦੇ ਇਸ ਤਸ਼ੱਦਦ ਤੋਂ ਡਰਦੇ ਕਈ ਨੌਜਵਾਨ ਜੁਰਮ ਕਬੂਲ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨਾਲ ਜੇਲ੍ਹ 'ਚ ਬੰਦ ਹੋਰ ਪੰਜਾਬੀ ਨੌਜਵਾਨਾਂ 'ਚ ਅਮਨਦੀਪ ਸਿੰਘ ਵਾਸੀ ਖੁਰਦ, ਰਾਮ ਸਿੰਘ ਅਤੇ ਰਾਜ ਕੁਮਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਪਰਮਿੰਦਰ ਸਿੰਘ ਵਾਸੀ ਪੰਜ ਗਰਾਈਆਂ ਜ਼ਿਲ੍ਹਾ ਫਰੀਦਕੋਟ, ਰਾਜ ਸਿੰਘ ਵਾਸੀ ਰੱਤਾ ਖੇੜਾ ਜ਼ਿਲ੍ਹਾ ਫਿਰੋਜ਼ਪੁਰ, ਗੁਰਦੇਵ ਸਿੰਘ ਵਾਸੀ ਜੰਡ ਜ਼ਿਲ੍ਹਾ ਅੰਮ੍ਰਿਤਸਰ, ਸੁਖਵੰਤ ਸਿੰਘ ਬੋਨੀ ਵਾਸੀ ਮੀਰਾਕੋਟ ਜ਼ਿਲ੍ਹਾ ਅੰਮ੍ਰਿਤਸਰ, ਸੁਰਜੀਤ ਸਿੰਘ ਵਾਸੀ ਬੁੱਟਰ ਕਲਾ ਜ਼ਿਲ੍ਹਾ ਅੰਮ੍ਰਿਤਸਰ, ਵਿਰਸਾ ਸਿੰਘ ਵਾਸੀ ਚਾੜਕੇ ਜ਼ਿਲ੍ਹਾ ਜਲੰਧਰ, ਅਮਨਦੀਪ ਸਿੰਘ ਵਾਸੀ ਅਲੀਕੇ ਬਠਿੰਡਾ, ਜਤਿੰਦਰ ਸਿੰਘ ਤੇ ਸੰਦੀਪ ਕੁਮਾਰ ਵਾਸੀ ਖਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਪੇਸ਼ੀ 28 ਫਰਵਰੀ 2012 ਤਹਿ ਕੀਤੀ ਗਈ ਹੈ।

ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰ ਕੇ ਆਗੂ ਆਪਣੇ ਹਿੱਤ ਪੂਰਦੇ ਨੇ-ਘੋਲੀਆ

ਜਗਰਾਉਂ, 23 ਫਰਵਰੀ -ਪੰਜਾਬ ਅੰਦਰ ਡੇਢ ਮਹੀਨਾ ਰਹਿ ਕੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਤੇ ਦੇਖਿਆ ਕਿ ਗੁਰੂਆਂ ਤੇ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦਾ ਕੋਈ ਅਜਿਹਾ ਖੂੰਜਾ ਨਹੀਂ ਹੈ ਜੋ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਨਾ ਰਿਹਾ ਹੋਵੇ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਕੈਨੇਡਾ) ਦੇ ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ ਘੋਲੀਆ ਨੇ ਉਪ ਦਫ਼ਤਰ ਜਗਰਾਉਂ 'ਚ ਪਹੁੰਚ ਕੇ ਕਹੇ। ਉਨ੍ਹਾਂ ਕਿਹਾ ਕਿ ਸਾਡੀ ਧਰਤੀ, ਪਾਣੀ ਤੇ ਹਵਾ ਦੇ ਨਾਲ-ਨਾਲ ਧਰਮ, ਸੱਭਿਆਚਾਰ, ਖੇਡਾਂ, ਸਿੱਖਿਆ ਆਦਿ ਖੇਤਰ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ ਤੇ ਸਭ ਤੋਂ ਦੁੱਖ ਭਰੀ ਗੱਲ ਹੈ ਕਿ ਕੋਈ ਵੀ ਆਗੂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਨਹੀਂ ਆ ਰਿਹਾ, ਸਗੋਂ ਇਨ੍ਹਾਂ ਸਮੱਸਿਆਵਾਂ ਨੂੰ ਉਭਾਰ ਕੇ ਆਪਣੇ ਹਿੱਤਾ ਦੀ ਪੂਰਤੀ ਹੀ ਕਰ ਰਹੇ ਹਨ। ਅਕਾਲੀ ਆਗੂ ਘੋਲੀਆ ਨੇ ਕਿਹਾ ਕਿ ਪੰਜਾਬ ਅੰਦਰ ਜੋ ਖੇਡ ਮੇਲੇ ਹੋ ਰਹੇ ਹਨ ਉਸ 'ਚ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਜਾ ਕੇ ਉਹ ਪ੍ਰਚਾਰ ਕਰਨਗੇ ਕਿ ਜਿਹੜੇ ਖੇਡ ਮੇਲਿਆਂ 'ਚ ਖਿਡਾਰੀ ਜਾਂ ਪ੍ਰਬੰਧਕ ਨਸ਼ਿਆਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਨਾ ਦਿੱਤਾ ਜਾਵੇ। ਇਸ ਮੌਕੇ ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਸੁਖਮੰਦਰ ਸਿੰਘ ਬੁੱਟਰ ਕੈਨੇਡਾ, ਰੋਬਨ ਗਿੱਲ, ਕੁਲਦੀਪ ਸਿੰਘ ਜਗਰਾਉਂ, ਨਛੱਤਰ ਸਿੰਘ, ਜੰਗੀਰ ਸਿੰਘ ਖ਼ਾਲਸਾ ਤੇ ਸ਼ਿਸਪਾਲ ਸਿੰਘ ਆਦਿ ਵੀ ਹਾਜ਼ਰ ਸਨ।

No comments:

Post a Comment