Sunday, 26 February 2012


ਨਸਬੰਦੀ ਤੋਂ ਬਾਅਦ ਗਰਭਵਤੀ ਨੇ ਲੜਕੀ ਨੂੰ
ਜਨਮ ਦੇਣ ਤੋਂ ਬਾਅਦ ਤੋੜਿਆ ਦਮ

ਤਰਨ ਤਾਰਨ, 25 ਫਰਵਰੀ -ਤਰਨ ਤਾਰਨ ਦੇ ਪਿੰਡ ਬਾਠ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ ਦੀ ਅੱਜ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਸ ਨੇ ਕੁਝ ਸਮਾਂ ਪਹਿਲਾਂ ਨਸਬੰਦੀ ਕਰਵਾਈ ਸੀ। ਇਸ ਔਰਤ ਨੂੰ ਪਹਿਲਾਂ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਵੱਡੇ ਆਪ੍ਰੇਸ਼ਨ 'ਤੇ ਇਸ ਮਹਿਲਾ ਨੇ ਇਕ ਲੜਕੀ ਨੂੰ ਜਨਮ ਦਿੱਤਾ, ਜੋ ਕਿ ਹੁਣ ਤੱਕ ਠੀਕ ਠਾਕ ਹੈ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਔਰਤ ਦੀ ਮੌਤ ਤੋਂ ਭੜਕੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਡਾਕਟਰ ਅਤੇ ਹੋਰ ਸਟਾਫ ਦੇ ਖਿਲਾਫ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸਿਵਲ ਹਸਪਤਾਲ ਵਿਖੇ ਰੋਸ ਮੁਜ਼ਾਹਰਾ ਵੀ ਕੀਤਾ। ਦੂਜੇ ਪਾਸੇ ਸਿਵਲ ਸਰਜਨ ਡਾ: ਕਰਨਜੀਤ ਸਿੰਘ ਨੇ ਲਾਪਰਵਾਹੀ ਦੇ ਦੋਸ਼ਾਂ ਨੂੰ ਨਕਾਰਦਿਆਂ ਆਪਣੇ ਡਾਕਟਰਾਂ ਦਾ ਹੀ ਪੱਖ ਪੂਰਦੇ ਕਿਹਾ ਕਿ ਇਸ ਔਰਤ ਦੇ ਖੂਨ ਵਿਚੋਂ ਸੈੱਲ ਖਤਮ ਹੋਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਸੀ, ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਪਰ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਔਰਤ ਨੂੰ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ। ਵਰਣਨਯੋਗ ਹੈ ਕਿ ਪਿੰਡ ਬਾਠ ਦੇ ਰਹਿਣ ਵਾਲੇ ਸਤਨਾਮ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਸਾਢੇ ਚਾਰ ਸਾਲ ਪਹਿਲਾਂ ਸਰਕਾਰੀ ਹਸਪਤਾਲ ਝਬਾਲ ਵਿਖੇ ਨਸਬੰਦੀ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਨਸਬੰਦੀ ਆਪ੍ਰੇਸ਼ਨ ਕਰਵਾਉਣ ਦੇ ਬਾਵਜੂਦ ਵੀ ਗਰਭਵਤੀ ਹੋਣ 'ਤੇ ਜਦ ਇਸ ਪੀੜ੍ਹਤ ਪਰਿਵਾਰ ਨੂੰ ਕਿਸੇ ਕੋਲੋਂ ਇਨਸਾਫ ਨਾ ਮਿਲਿਆ ਤਾਂ ਇਨ੍ਹਾਂ ਨੇ ਅਦਾਲਤ ਰਾਹੀਂ ਸੰਬੰਧਿਤ ਡਾਕਟਰਾਂ ਉਪਰ ਕੇਸ ਵੀ ਕੀਤਾ ਸੀ ਅਤੇ ਅਦਾਲਤ ਵੱਲੋਂ ਇਸ ਔਰਤ ਨੂੰ 30 ਹਜ਼ਾਰ ਰੁਪਏ ਦੀਆਂ ਦਵਾਈਆਂ ਦਾ ਖਰਚਾ ਹਰਜਾਨੇ ਵਜੋਂ ਦਿਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਉਸ ਦੀ ਪਤਨੀ ਮਨਜੀਤ ਕੌਰ ਦੇ ਦਰਦਾਂ ਸ਼ੁਰੂ ਹੋਣ ਕਾਰਨ ਉਸ ਨੂੰ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਵਿਚ ਲੈ ਆਇਆ, ਜਿਥੇ ਉਸ ਦੀ ਪਤਨੀ ਨੂੰ ਦਵਾਈ ਦੇ ਕੇ ਡਾਕਟਰਾਂ ਘਰ ਵਾਪਿਸ ਭੇਜ ਦਿੱਤਾ, ਪਰ ਉਸ ਦੀ ਪਤਨੀ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਉਸ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਿਆ, ਜਿਥੇ ਡਾਕਟਰ ਨੇ ਨਸਬੰਦੀ ਦਾ ਆਪ੍ਰੇਸ਼ਨ ਹੋਣ ਕਾਰਨ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।, ਫਿਰ ਉਹ ਆਪਣੀ ਪਤਨੀ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲੈ ਆਇਆ। ਤਰਨ ਤਾਰਨ ਸਿਵਲ ਹਸਪਤਾਲ ਵਿਖੇ ਉਸ ਦੀ ਪਤਨੀ ਦਾ ਆਪ੍ਰੇਸ਼ਨ ਕਰਨ 'ਤੇ ਉਸ ਨੇ ਇਕ ਲੜਕੀ ਨੂੰ ਜਨਮ ਦਿੱਤਾ। ਆਪ੍ਰੇਸ਼ਨ ਤੋਂ ਬਾਅਦ ਉਸਦੀ ਪਤਨੀ ਦੀ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਸਤਨਾਮ ਸਿੰਘ ਨੇ ਦੱਸਿਆ ਕਿ ਉਥੇ ਜਾਣ 'ਤੇ ਉਸ ਦੀ ਪਤਨੀ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਅਤੇ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ, ਜਿਸ ਕਾਰਨ ਉਸ ਦੀ ਪਤਨੀ ਦੀ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ। ਪੀੜ੍ਹਤ ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਸਿਵਲ ਸਰਜਨ ਡਾ: ਕਰਨਜੀਤ ਸਿੰਘ ਨੇ ਕਿਹਾ ਕਿ ਇਸ ਮਹਿਲਾ ਦੇ ਖੂਨ ਵਿਚ ਸੈੱਲ ਖਤਮ ਹੋ ਚੁੱਕੇ ਸਨ, ਜਿਸ ਕਾਰਨ ਉਸਦੇ ਸਰੀਰ ਵਿਚੋਂ ਖੂਨ ਨਹੀਂ ਰੁਕ ਰਿਹਾ ਸੀ, ਉਨ੍ਹਾਂ ਨੇ ਡਾਕਟਰਾਂ ਦੀ ਲਾਪਰਵਾਹੀ ਹੋਣ ਤੋਂ ਸਿੱਧੇ ਤੌਰ 'ਤੇ ਇਨਕਾਰ ਕੀਤਾ ਹੈ।

ਸਿਹਤ ਘੁਟਾਲੇ ਸਬੰਧੀ ਦੂਸਰੇ ਦਿਨ ਵੀ ਯੂ.ਪੀ. 'ਚ ਛਾਪੇ

ਲਖਨਊ, 25 ਫਰਵਰੀ-ਉੱਤਰ ਪ੍ਰਦੇਸ਼ ਵਿਚ ਅੱਜ ਦੂਸਰੇ ਦਿਨ ਵੀ ਸੀ.ਬੀ.ਆਈ ਨੇ ਬਹੁ ਕਰੋੜੀ ਕੌਮੀ ਦਿਹਾਤੀ ਸਿਹਤ ਮਿਸ਼ਨ ਘੁਟਾਲੇ ਸਬੰਧੀ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਰਾਜ ਵਿਚ 23 ਸਥਾਨਾਂ 'ਤੇ ਛਾਪੇ ਮਾਰੇ ਤੇ ਤਲਾਸ਼ੀਆਂ ਲਈਆਂ। ਵਿਸ਼ੇਸ਼ ਤੌਰ 'ਤੇ ਮੁੱਖ ਮੈਡੀਕਲ ਅਫਸਰ ਤੇ ਵਧੀਕ ਸੀ.ਐਮ.ਓ ਦੇ ਦਫਤਰਾਂ ਤੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ। ਰਾਜਧਾਨੀ ਵਿਚ ਤਿੰਨ ਥਾਵਾਂ 'ਤੇ ਛਾਪੇ ਮਾਰੇ ਗਏ। ਡਾ ਆਰ .ਐਸ ਵਰਮਾ ਦੀ ਓਮ ਨਗਰ, ਡਾ ਐਸ.ਕੇ ਸ਼ਿਲੋਇਆ ਦੀ ਨਿਊ ਹੈਦਰਾਬਾਦ ਕਲੋਨੀ ਤੇ ਡਾ. ਹਰੀਸ਼ ਚੰਦਰ ਦੀ ਸਰੋਜਨੀਨਗਰ ਸਥਿੱਤ ਰਿਹਾਇਸ਼ 'ਤੇ ਛਾਪੇ ਮਾਰੇ ਗਏ। ਵਾਰਾਨਸੀ ਵਿਚ 4, ਗੋਰਖਪੁਰ , ਗੌਂਡਾ ਤੇ ਮੇਰਠ ਵਿਚ 2-2 ਥਾਵਾਂ ਦੀ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਭਰਿਆਚ, ਸ਼ਾਰਾਵਸਤੀ, ਕਾਨਪੁਰ, ਝਾਂਸੀ, ਗਾਜ਼ੀਆਬਾਦ, ਬਸਤੀ ਤੇ ਕਨੌਜ ਜਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ। ਬੀਤੇ ਦਿਨ ਵੀ ਸੀ.ਬੀ.ਆਈ ਵੱਲੋਂ ਸਿਹਤ ਵਿਭਾਗ ਦੇ ਅਫਸਰਾਂ ਅਤੇ ਦਵਾਈਆਂ ਤੇ ਸਰਜੀਕਲ ਸਾਜ ਸਮਾਨ ਸਪਲਾਈ ਕਰਨ ਵਾਲਿਆਂ ਦੇ ਲਖਨਊ, ਬਾਹਰੈਚ, ਮੇਰਠ, ਵਾਰਾਨਸੀ ਤੇ ਬਲੀਆ ਸਥਿੱਤ ਦਫਤਰਾਂ ਤੇ ਰਿਹਾਈਸ਼ੀ ਥਾਵਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਸਨ।

No comments:

Post a Comment