ਇਸਲਾਮਾਬਾਦ, 25 ਫਰਵਰੀ -ਪਾਕਿ ਪ੍ਰਸ਼ਾਸਨ ਨੇ ਅੱਜ ਰਾਤ ਐਬਟਾਬਾਦ ਵਿਖੇ ਸਥਿਤ ਓਸਾਮਾ ਬਿਨ ਲਾਦੇਨ ਦੀ ਹਵੇਲੀ ਨੂੰ ਨਸ਼ਟ ਕਰ ਦਿੱਤਾ। ਪਿਛਲੇ ਸਾਲ ਮਈ 'ਚ ਅਮਰੀਕਾ ਨੇ ਰਾਤੋ ਰਾਤ ਕਮਾਂਡੋ ਕਾਰਵਾਈ ਕਰਕੇ ਇਸੇ ਹਵੇਲੀ 'ਚ ਦੁਨੀਆ ਦੇ ਸਭ ਖਤਰਨਾਕ ਅੱਤਵਾਦੀ ਨੂੰ ਮਾਰ ਮੁਕਾਇਆ ਸੀ। 'ਰੇਡੀਓ ਪਾਕਿਸਤਾਨ' ਨੇ ਟਵਿਟਰ 'ਤੇ ਲਿਖਿਆ ਕਿ ਉਸਾਮਾ ਦੀ ਹਵੇਲੀ ਨਸ਼ਟ ਕਰ ਦਿੱਤੀ ਗਈ ਹੈ। ਸਥਾਨਕ ਲੋਕਾਂ ਅਤੇ ਮੀਡੀਆ ਨੇ ਦੱਸਿਆ ਕਿ ਭਾਰੀ ਮਸ਼ੀਨਾਂ ਅਤੇ ਕਈ ਕਰੇਨਾਂ ਨਾਲ ਪਾਕਿ ਸੈਨਿਕ ਅਕੈਡਮੀ ਤੋਂ ਕੇਵਲ 800 ਗਜ ਦੂਰ ਸਥਿਤ ਇਸ ਹਵੇਲੀ ਨੂੰ ਨਸ਼ਟ ਕੀਤਾ ਗਿਆ। ਲਾਦੇਨ ਦੇ ਮਾਰੇ ਜਾਣ ਦੇ ਬਾਅਦ ਤੋਂ ਹੀ ਇਹ ਹਵੇਲੀ ਪਾਕਿ ਸੈਨਾ ਦੇ ਕਬਜ਼ੇ 'ਚ ਸੀ। ਖਬਰ ਹੈ ਕਿ ਸਰਕਾਰ ਨੇ ਅਮਰੀਕੀ ਖੁਫੀਆ ਏਜੰਸੀ ਸੀ. ਆਈ. ਏ. ਨੂੰ ਲਾਦੇਨ ਦਾ ਪਤਾ ਦੱਸਣ ਵਾਲੇ ਡਾਕਟਰ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਹਨ। 'ਡਾਨ' ਅਖਬਾਰ ਅਨੁਸਾਰ ਡਾ. ਸ਼ਕੀਲ ਅਫਰੀਦੀ ਅਤੇ ਉਸ ਦੀ ਪਤਨੀ ਇਮਰਾਨਾ ਦੇ ਬੈਂਕ ਖਾਤੇ ਸੀਲ ਕਰਨ ਦੇ ਨਾਲ ਹੀ ਪਿਸ਼ਾਵਰ ਦੇ ਹਯਾਤਬਾਦ 'ਚ ਉਨ੍ਹਾਂ ਦਾ ਮਕਾਨ ਵੀ ਜ਼ਬਤ ਕਰ ਲਿਆ ਹੈ।
ਇਸਲਾਮਾਬਾਦ, 25 ਫਰਵਰੀ -ਪਾਕਿਸਤਾਨ ਦੇ ਕਰਾਚੀ 'ਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਭਾਰਤੀ ਮਛੇਰਿਆਂ ਨੂੰ ਇਥੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਖ਼ਬਾਰ 'ਡਾਨ' ਨਿਊਜ਼ ਨੇ ਸਨਿਚਰਵਾਰ ਨੂੰ ਦੱਸਿਆ ਕਿ ਮੇਰੀਟਾਈਮ ਸਕਿਉਰਿਟੀ ਏਜੰਸੀ ਨੇ ਪਾਕਿਸਤਾਨੀ ਇਲਾਕੇ 'ਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜਨ ਵਾਲੇ ਇਨ੍ਹਾਂ ਮਛੇਰਿਆਂ ਨੂੰ ਹਿਰਾਸਤ 'ਚ ਲਿਆ ਸੀ ਅਤੇ ਉਨ੍ਹਾਂ ਦੀਆਂ ਮੱਛੀ ਫੜਨ ਦੀਆਂ ਤਿੰਨ ਕਿਸ਼ਤੀਆਂ ਜ਼ਬਤ ਕਰ ਲਈਆਂ ਸਨ। ਤਿੰਨਾਂ ਨੂੰ ਸ਼ੁੱਕਰਵਾਰ ਨੂੰ ਕਰਾਚੀ 'ਚ ਇਕ ਨਿਆਇਕ ਅਧਿਕਾਰੀ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਤਿੰਨਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਦੇ ਹੋਏ ਪੁਲਿਸ ਤੋਂ ਉਨ੍ਹਾਂ ਦੇ ਖਿਲਾਫ਼ ਪਾਕਿਸਤਾਨੀ ਦੰਡ ਪ੍ਰਕਿਰਿਆ ਨਿਯਮਾਂਵਲੀ ਅਧੀਨ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਕੋਲਕਾਤਾ, 25 ਫਰਵਰੀ-ਪੱਛਮੀ ਬੰਗਾਲ 'ਚ ਸਿਲੀਗੁੜੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਅੱਜ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.8 ਦਰਜ ਕੀਤੀ ਗਈ। ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੁਚਾਲ ਦੇ ਝਟਕੇ ਦੁਪਹਿਰ 'ਚ 2 ਵੱਜ ਕੇ 16 ਮਿੰਟ 'ਤੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਭਾਰਤ ਬੰਗਲਾਦੇਸ਼ ਸਰਹੱਦ 'ਤੇ ਉੱਤਰੀ ਬੰਗਾਲ 'ਚ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭੁਚਾਲ ਦੇ ਝਟਕੇ ਜਲਪਾਈਗੁੜੀ ਜ਼ਿਲ੍ਹੇ 'ਚ ਵੀ ਮਹਿਸੂਸ ਕੀਤੇ ਗਏ। ਭੁਚਾਲ ਦੇ ਕਾਰਨ ਖੇਤਰ 'ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
No comments:
Post a Comment