ਮਜਬੂਤ ਸਾਂਝ ਸਦਕਾ ਕੈਨੇਡਾ-ਇੰਡੀਆ ਦੇ ਦੋਵੱਲੇ ਵਪਾਰ ਵਿਚ ਵੱਡਾ ਵਾਧਾ-ਐਡ ਫਾਸਟ
ਓਟਵਾ/ ਕੈਨੇਡਾ ਦੇ ਇੰਟਰਨੈਸ਼ਨਲ ਟਰੇਡ ਬਾਰੇ ਮੰਤਰੀ ਐਡ ਫਾਸਟ ਅੱਜ ਭਾਰਤ ਵਲੋਂ ਲਗਾਈ ਗਈ ਪ੍ਰਦਰਸ਼ਨੀ ‘ਬਰਾਂਡ ਇੰਡੀਆ ਐਕਸਪੋ 2012’ ਵਿਚ ਸ਼ਾਮਲ ਹੋਏ ਜੋ 13 ਅਤੇ 14 ਮਾਰਚ ਨੂੰ ਓਟਵਾ ਵਿਚ ਲੱਗ ਰਹੀ ਹੈ। ਉਹਨਾਂ ਨੇ ਇੰਡੀਆ ਦੇ ਸਮੂਹ ਬਿਜ਼ਨਿਸਮੈਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੋਹਾਂ ਦੇਸ਼ਾਂ ਅਤੇ ਇਸਦੇ ਲੋਕਾਂ ਵਿਚ ਮਜਬੂਤ ਸਾਂਝ ਸਦਕਾ ਕੈਨੇਡਾ-ਇੰਡੀਆ ਦੇ ਵਪਾਰ ਵਿਚ ਵੱਡਾ ਵਾਧਾ ਹੋਇਆ ਅਤੇ ਇਹ ਵਪਾਰ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਇਸ ਸਮਾਗਮ ਵਿਚ ਕੈਨੇਡਾ ਵਿਚ ਇੰਡੀਆ ਦੇ ਹਾਈ ਕਮਿਸ਼ਨਰ ਐਸ ਐਮ ਗਵਈ ਵੀ ਹਾਜਰ ਸਨ। ਉਹਨਾਂ ਨੇ ਮਨਿਸਟਰ ਐਡ ਫਾਸਟ ਦਾ ਇਸ ਸਮਾਗਮ ਵਿਚ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ। ਓਨਟਾਰੀਓ ਵਿੱਚ ਵੱਧ ਰਹੀਆਂ ਨੇ ਡਰਾਈਵਰ ਅਤੇ ਵਹੀਕਲ ਲਾਇਸੰਸ ਫੀਸਾਂ |
ਟੋਰਾਂਟੋ,-ਓਨਟਾਰੀਓ ਵਿੱਚ ਡਰਾਈਵਰ ਤੇ ਵਹੀਕਲ ਲਾਇਸੰਸ ਫੀਸਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਅਗਲੇ ਸਾਲ ਤੋਂ ਡਰਾਈਵਰਾਂ ਲਈ ਨਵੀਂ ਲਾਇਸੰਸ ਫੀਸ ਤੇ ਪੁਰਾਣੇ ਲਾਇਸੰਸ ਨੂੰ ਨਵਿਆਉਣ ਲਈ ਫੀਸ 75 ਡਾਲਰ ਤੋਂ 80 ਡਾਲਰ ਹੋ ਜਾਵੇਗੀ ਤੇ ਡਰਾਇਵਿੰਗ ਲਈ ਇਮਤਿਹਾਨ ਵੀ 5 ਤੋਂ 10 ਡਾਲਰ ਤੱਕ ਵੱਧ ਜਾਵੇਗਾ। ਲਾਇਸੰਸ ਨੂੰ ਬਦਲਾਉਣ ਦਾ ਕੰਮ ਇਸ ਸਾਲ ਤੋਂ ਹੀ ਸੁ਼ਰੂ ਹੋ ਜਾਵੇਗਾ ਤੇ ਇਸ ਉੱਤੇ ਹੁਣ 5 ਡਾਲਰ ਦੀ ਥਾਂ 15 ਡਾਲਰ ਲੱਗਿਆ ਕਰਨਗੇ। ਉੱਤਰੀ ਓਨਟਾਰੀਓ ਵਿੱਚ ਵਹੀਕਲ ਲਾਇਸੰਸ ਦੀ ਸਾਰਥਕਤਾ ਸਬੰਧੀ ਫੀਸ ਉੱਤਰੀ ਓਨਟਾਰੀਓ ਵਿੱਚ 4 ਡਾਲਰ ਤੋਂ 41 ਡਾਲਰ ਤੱਕ ਪਹੁੰਚ ਜਾਵੇਗੀ ਜਦਕਿ ਦੱਖਣੀ ਓਨਟਾਰੀਓ ਵਿੱਚ ਇਹ 8 ਤੋਂ 82 ਡਾਲਰ ਤੱਕ ਪਹੁੰਚ ਜਾਵੇਗੀ। ਟਰੱਕ ਤੇ ਬੱਸ ਆਪਰੇਟਰਾਂ, ਟਰੇਲਰ ਤੇ ਹੋਰਨਾਂ ਵਾਹਨਾਂ ਲਈ ਪਰਮਿਟ ਫੀਸਾਂ ਵੀ ਵੱਧਣ ਵਾਲੀਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਵਿੱਚ ਤਾਂ ਇਸ ਸਾਲ ਤੋਂ ਹੀ ਵਾਧਾ ਹੋਵੇਗਾ। ਫੀਸਾਂ ਵਿੱਚ ਇਹ ਵਾਧਾ ਫਾਰਮ ਤੇ ਸਨੋਅ ਵਹੀਕਲਾਂ ਆਦਿ ਉੱਤੇ ਵੀ ਲਾਗੂ ਹੋਵੇਗੀ। ਪ੍ਰੋਵਿੰਸ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਫੀਸਾਂ ਵਿੱਚ ਵਾਧਾ ਸੜਕਾਂ ਤੇ ਪੁਲਾਂ ਆਦਿ ਲਈ ਕਰ ਰਹੇ ਹਨ। ਗਵਾਚਿਆ ਬੱਚਾ ਮਾਪਿਆਂ ਨੂੰ ਮਿਲ ਗਿਆ |
ਟੋਰਾਂਟੋ,-: ਮੰਗਲਵਾਰ ਦੁਪਹਿਰ ਨੂੰ ਇੱਕ ਗੁਆਚਿਆ ਹੋਇਆ ਬੱਚਾ ਪੁਲਿਸ ਨੂੰ ਬਾਥਰਸਟ ਸਟਰੀਟ ਤੇ ਫਿੰਚ ਐਵਨਿਊ ਵੈਸਟ ਨੇੜਿਓਂ ਮਿਲ ਗਿਆ। ਚਾਰ ਸਾਲ ਦੇ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਲਿਖਵਾਈ ਗਈ ਸਿ਼ਕਾਇਤ ਮਗਰੋਂ ਪੁਲਿਸ ਨੇ ਜਨਤਾ ਨੂੰ ਮਦਦ ਕਰਨ ਦੀ ਅਪੀਲ ਕੀਤੀ ਸੀ। ਅਖੀਰ ਇਹ ਬੱਚਾ ਸ਼ਹਿਰ ਦੇ ਉੱਤਰੀ ਸਿਰੇ ਉੱਤੇ ਦੁਪਹਿਰ ਵੇਲੇ ਮਿਲ ਗਿਆ। ਪੁਲਿਸ ਨੇ ਦੱਸਿਆ ਕਿ ਬੱਚੇ ਦੇ ਸਰਦੀ ਤੋਂ ਬਚਾਅ ਲਈ ਕੱਪੜੇ ਨਹੀਂ ਸਨ ਪਾਏ ਹੋਏ। ਨਾ ਤਾਂ ਉਸ ਦੇ ਜੈਕੇਟ ਪਾਈ ਸੀ ਤੇ ਨਾ ਹੀ ਪੈਰਾਂ ਵਿੱਚ ਜੁੱਤੇ ਸਨ। ਉਸ ਦੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਤੇੜ ਪਜਾਮਾ ਸੀ, ਪੈਰਾਂ ਵਿੱਚ ਨੀਲੇ ਰੰਗ ਦੀਆਂ ਜੁਰਾਬਾਂ ਸਨ। ਪੁਲਿਸ ਅਧਿਕਾਰੀ ਉਸ ਨੂੰ ਸਥਾਨਕ ਥਾਣੇ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਬੱਚੇ ਤੋਂ ਹੌਲੀ ਹੌਲੀ ਉਸ ਦੇ ਘਰ ਦਾ ਫੋਨ ਨੰਬਰ ਤੇ ਪਤਾ ਪੁੱਛਿਆ ਤੇ ਫਿਰ ਉਸ ਦੇ ਮਾਪਿਆਂ ਨਾਲ ਗੱਲ ਕੀਤੀ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੱਚਾ ਉਸ ਦੇ ਆਪਣੇ ਹੀ ਘਰ ਕੋਲੋਂ ਮਿਲਿਆ ਹੈ ਇਸ ਲਈ ਬਹੁਤੀ ਸੰਭਾਵਨਾ ਇਹ ਹੈ ਕਿ ਉਹ ਗਲਤੀ ਨਾਲ ਘਰ ਤੋਂ ਬਾਹਰ ਨਿਕਲ ਕੇ ਰਸਤਾ ਭਟਕ ਗਿਆ। ਪਰ ਫਿਰ ਵੀ ਪੁਲਿਸ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਅਸਲ ਵਿੱਚ ਕੀ ਹੋਇਆ ਸੀ। ਫੈਡਰਲ ਸਰਕਾਰ ਕਿਨਾਰਾ ਕਰ ਸਕਦੀ ਹੈ ਐਫ-35 ਖਰੀਦ ਸਮਝੌਤੇ ਤੋਂ |
ਓਟਵਾ, ਸਹਾਇਕ ਰੱਖਿਆ ਮੰਤਰੀ ਜੂਲੀਅਨ ਫੈਨਟੀਨੋ ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਕਮੇਟੀ ਨੂੰ ਦੱਸਿਆ ਕਿ ਫੈਡਰਲ ਸਰਕਾਰ ਨੇ ਐਫ-35 ਲੜਾਕੂ ਜਹਾਜ਼ ਖਰੀਦਣ ਵਾਲੇ ਪ੍ਰੋਗਰਾਮ ਤੋਂ ਪਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਐਫ-35 ਖਰੀਦ ਸਮਝੌਤੇ ਤੋਂ ਕਿਨਾਰਾ ਕਰ ਸਕਦੀ ਹੈ ਤੇ ਹਾਲ ਦੀ ਘੜੀ ਸਾਰੇ ਬਦਲ ਖੁੱਲ੍ਹੇ ਹਨ। ਦੋਵਾਂ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਇਹ ਟਿੱਪਣੀ ਕੀਤੀ। ਫੈਨਟੀਨੋ ਨੇ ਆਖਿਆ ਕਿ ਹਾਲ ਦੀ ਘੜੀ ਕਿਸੇ ਕਰਾਰ ਉੱਤੇ ਦਸਤਖ਼ਤ ਨਹੀਂ ਕੀਤੇ ਗਏ ਹਨ ਪਰ ਸਰਕਾਰ ਇਹ ਜੈੱਟ ਖਰੀਦਣਾ ਚਾਹੁੰਦੀ ਹੈ। ਉਨ੍ਹਾਂ ਸਰਬ ਪਾਰਟੀ ਮੀਟਿੰਗ ਵਿੱਚ ਇਹ ਵੀ ਆਖਿਆ ਕਿ ਸਰਕਾਰ ਇਸ ਕਰਾਰ ਉੱਤੇ ਸਹੀ ਪਾਉਣ ਲਈ ਜੱਕਾਂ ਤੱਕਾਂ ਕਰ ਰਹੀ ਹੈ ਤੇ ਇਹ ਵੀ ਫੈਸਲਾ ਅਜੇ ਨਹੀਂ ਹੋ ਸਕਿਆ ਹੈ ਕਿ ਇਸ ਸਮਝੌਤੇ ਉੱਤੇ ਕਦੋਂ ਸਹੀ ਪਾਈ ਜਾਵੇ। ਕੰਜ਼ਰਵੇਟਿਵਾਂ ਦੇ ਸੁਰ ਵਿੱਚ ਆਏ ਇਸ ਬਦਲਾਵ ਨਾਲ ਸਾਰੇ ਕਾਫੀ ਹੈਰਾਨ ਹਨ ਕਿਉਂਕਿ ਹੁਣ ਤੱਕ ਸਰਕਾਰ ਇਹੋ ਆਖਦੀ ਰਹੀ ਹੈ ਕਿ ਕੈਨੇਡਾ ਦੀ ਫੌਜ ਲਈ ਇਹ ਲੜਾਕੂ ਜਹਾਜ਼ ਖਰੀਦਣੇ ਸਰਕਾਰ ਦੀ ਤਰਜੀਹ ਹੋਵੇਗੀ। ਜਿ਼ਕਰਯੋਗ ਹੈ ਕਿ 2010 ਵਿੱਚ ਕੰਜ਼ਰਵੇਟਿਵ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਉਮਰ ਵਿਹਾਅ ਚੁੱਕੇ ਸੀਐਫ-18 ਲੜਾਕੂ ਜਹਾਜ਼ਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ 65 ਐਫ-35 ਲੜਾਕੂ ਜਹਾਜ਼ ਖਰੀਦਣਾ ਚਾਹੁੰਦੇ ਹਨ। ਉਸ ਸਮੇਂ ਸਰਕਾਰ ਨੇ ਆਖਿਆ ਸੀ ਕਿ ਪਹਿਲਾ ਜੈੱਟ 2016 ਤੱਕ ਤਿਆਰ ਹੋ ਜਾਵੇਗਾ ਤੇ ਇਨ੍ਹਾਂ ਜੈੱਟ ਜਹਾਜ਼ਾਂ ਦੀ ਖਰੀਦ ਉੱਤੇ ਕੁੱਲ 9 ਬਿਲੀਅਨ ਡਾਲਰ ਲਾਗਤ ਆਵੇਗੀ। ਪਰ ਲਾਕਹੀਡ ਮਾਰਟਿਨ ਕੌਰਪਸ ਐਫ-35 ਪ੍ਰੋਗਰਾਮ ਦੀ ਕਾਫੀ ਨੁਕਤਾਚੀਨੀ ਹੋਈ। ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਤੇ ਕਈ ਹੋਰਨਾਂ ਦੇਸ਼ਾਂ ਨੇ ਵੀ ਆਪਣੇ ਆਰਡਰ ਤੋਂ ਹੱਥ ਪਿੱਛੇ ਖਿੱਚ ਲਏ ਹਨ। ਅਲਬਰਟਾ ਵਿੱਚ 10 ਫੀ ਸਦੀ ਮਰਦ ਔਰਤ ਨੂੰ ਕੁੱਟਣਾ ਜਾਇਜ਼ ਸਮਝਦੇ ਹਨ-ਸਰਵੇ |
ਐਡਮੰਟਨ, : ਅਲਬਰਟਾ ਵਿੱਚ ਦਸਾਂ ਵਿੱਚੋਂ ਇੱਕ ਵਿਅਕਤੀ ਦਾ ਮੰਨਣਾ ਹੈ ਕਿ ਜੇ ਕੋਈ ਔਰਤ ਉਨ੍ਹਾਂ ਨੂੰ ਗੁੱਸਾ ਦਿਵਾਉਂਦੀ ਹੈ ਤਾਂ ਉਸ ਨੂੰ ਕੁੱਟਣਾ ਸਹੀ ਹੈ। ਇਸ ਦਾ ਖੁਲਾਸਾ ਘਰੇਲੂ ਹਿੰਸਾ ਪ੍ਰਤੀ ਪੁਰਸ਼ਾਂ ਦੇ ਰਵੱਈਏ ਸਬੰਧੀ ਕਰਵਾਏ ਗਏ ਸਰਵੇਖਣ ਤੋਂ ਹੋਇਆ ਹੈ। ਅਲਬਰਟਾ ਕਾਉਂਸਲ ਆਫ ਵੁਮਨਜ਼ ਸ਼ੈਲਟਰਜ਼ ਲਈ ਲੈਜਰ ਮਾਰਕਿਟਿੰਗ ਵੱਲੋਂ ਕਰਵਾਏ ਗਏ ਸਰਵੇਖਣ ਦੌਰਾਨ 18 ਤੇ ਇਸ ਤੋਂ ਵੱਧ ਉਮਰ ਵਰਗ ਦੇ 1,000 ਵਿਅਕਤੀਆਂ ਨੂੰ ਘਰੇਲੂ ਹਿੰਸਾ ਅਤੇ ਔਰਤਾਂ ਤੇ ਲੜਕੀਆਂ ਖਿਲਾਫ ਹਿੰਸਾ ਬਾਰੇ ਕਈ ਸਵਾਲ ਪੁੱਛੇ ਗਏ। ਸਰਵੇਖਣ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਕਿ ਅਜੇ ਵੀ ਕਈ ਮਾਮਲਿਆਂ ਵਿੱਚ ਪੁਰਸ਼ ਔਰਤਾਂ ਪ੍ਰਤੀ ਬੜੀ ਦਕੀਆਨੂਸੀ ਸੋਚ ਰੱਖਦੇ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 40 ਫੀ ਸਦੀ ਪੁਰਸ਼ਾਂ ਨੇ ਮੰਨਿਆ ਕਿ ਜੇ ਕੋਈ ਔਰਤ ਭੜਕਾਊ ਕੱਪੜੇ ਪਾਉਂਦੀ ਹੈ ਤਾਂ ਉਹ ਖੁਦ ਨਾਲ ਹੋਣ ਵਾਲੀ ਜ਼ਬਰਦਸਤੀ ਦਾ ਖਤਰਾ ਸਹੇੜਦੀ ਹੈ। ਏਸੀਡਬਲਿਊਐਸ ਦੀ ਪ੍ਰੋਵਿੰਸ਼ੀਅਲ ਕੋ-ਆਰਡੀਨੇਟਰ ਜੈਨ ਰੀਮਰ ਨੇ ਆਖਿਆ ਕਿ ਉਸ ਨੂੰ ਰਲਵੇਂ ਮਿਲਵੇਂ ਅੰਕੜੇ ਹਾਸਲ ਹੋਏ ਹਨ। 56 ਫੀ ਸਦੀ ਲੋਕਾਂ ਨੇ ਆਖਿਆ ਕਿ ਅਜਿਹੇ ਮੁੱਦਿਆਂ ਬਾਰੇ ਉਹ ਪੰਜ ਸਾਲ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹਨ ਜਦਕਿ 91 ਫੀ ਸਦੀ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸੇ ਦੇ ਸਬੰਧ ਹਿੰਸਕ ਹਨ ਤਾਂ ਉਹ ਦਖਲ ਦੇਣ ਤੋਂ ਵੀ ਨਹੀਂ ਝਿਜਕਦੇ। ਪਿਤਾ ਵੱਲੋਂ ਆਪਣੇ ਲੜਕੇ ਜਾਂ ਲੜਕੀ ਨੂੰ ਸਿਹਤਮੰਦ ਸਬੰਧਾਂ ਬਾਰੇ ਦੱਸਣ ਦੇ ਸਵਾਲ ਨੂੰ 9.5 ਫੀ ਸਦੀ ਅੰਕ ਮਿਲੇ। ਸਰਵੇਖਣ ਵਿੱਚ ਅਲਬਰਟਾ ਵਿੱਚ ਵੱਸਦੇ 18 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਪੁਰਸ਼ਾਂ ਨੂੰ ਸ਼ਾਮਲ ਕੀਤਾ ਗਿਆ। ਓਲੰਪਿਕ ਵਿੱਚ ਕੈਨੇਡਾ ਨੂੰ 15ਵਾਂ ਸਥਾਨ ਮਿਲਣ ਦੀ ਪੇਸ਼ੀਨਿਗੋਈ |
ਕੈਨੇਡਾ ਦੇ ਇੱਕ ਇਕਨਾਮਿਕਸ ਦੇ ਪ੍ਰੋਫੈਸਰ ਵੱਲੋਂ ਲੰਡਨ ਵਿੱਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ਤਮਗਿਆਂ ਸਬੰਧੀ ਪੇਸ਼ੀਨਿਗੋਈ ਕੀਤੀ ਗਈ ਹੈ। ਇਸ ਪ੍ਰੋਫੈਸਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਨ੍ਹਾਂ ਖੇਡਾਂ ਵਿੱਚ 15ਵਾਂ ਸਥਾਨ ਹਾਸਲ ਹੋਵੇਗਾ। ਡੈਨੀਅਲ ਜੌਹਨਸਨ 2000 ਦੀਆਂ ਸਿਡਨੀ ਸਮਰ ਗੇਮਜ਼ ਤੋਂ ਹੀ ਤਮਗਿਆਂ ਬਾਰੇ ਭਵਿੱਖਬਾਣੀ ਕਰਦਾ ਆ ਰਿਹਾ ਹੈ। ਜਦੋਂ ਉਹ ਇਸ ਤਰ੍ਹਾਂ ਤਮਗਿਆਂ ਬਾਰੇ ਪੇਸ਼ੀਨਿਗੋਈ ਕਰਦਾ ਹੈ ਤਾਂ ਉਸ ਦਾ ਪੁਰਾਣਾ ਰਿਕਾਰਡ ਵੇਖਦਿਆਂ ਇਹ ਆਖਿਆ ਜਾ ਸਕਦਾ ਹੈ ਕਿ ਹੁਣ ਤੱਕ ਕੀਤੀਆਂ ਗਈਆਂ ਆਪਣੀਆਂ ਭਵਿੱਖਬਾਣੀਆਂ ਵਿੱਚ ਉਹ 93 ਫੀ ਸਦੀ ਸਹੀ ਰਿਹਾ ਹੈ ਤੇ ਜਦੋਂ ਗੱਲ ਸੋਨ ਤਮਗਿਆਂ ਦੀ ਆਉਂਦੀ ਹੈ ਤਾਂ ਉਸ ਦੇ ਸਹੀ ਰਹਿਣ ਦੀ ਸੰਭਾਵਨਾ 85 ਫੀ ਸਦੀ ਤੱਕ ਰਹਿੰਦੀ ਹੈ। ਜੌਹਨਸਨ ਨੇ 2012 ਦੀਆਂ ਓਲੰਪਿਕ ਖੇਡਾਂ ਬਾਰੇ ਆਪਣੇ ਤਾਜ਼ਾ ਅੰਕੜੇ ਸੋਮਵਾਰ ਨੂੰ ਜਾਰੀ ਕੀਤੇ। ਉਸ ਨੇ ਇਨ੍ਹਾਂ ਖੇਡਾਂ ਵਿੱਚ ਕੁੱਲ 99 ਤਮਗਿਆਂ, ਜਿਨ੍ਹਾਂ ਵਿੱਚੋਂ 34 ਸੋਨ ਤਮਗੇ ਹੋਣਗੇ, ਨਾਲ ਅਮਰੀਕਾ ਨੂੰ ਜੇਤੂ ਦਰਸਾਇਆ। ਉਸ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ : • 33 ਸੋਨ ਤਮਗਿਆਂ ਨਾਲ ਕੁੱਲ 67 ਤਮਗੇ ਹਾਸਲ ਕਰਕੇ ਚੀਨ ਦੂਜੇ ਸਥਾਨ ਉੱਤੇ ਰਹੇਗਾ • 25 ਸੋਨ ਤਮਗੇ ਲੈ ਕੇ ਕੁੱਲ 82 ਤਮਗੇ ਹਾਸਲ ਕਰਨ ਮਗਰੋਂ ਰੂਸ ਤੀਜੇ ਸਥਾਨ ਉੱਤੇ ਰਹੇਗਾ • ਮੇਜ਼ਬਾਨ ਗ੍ਰੇਟ ਬ੍ਰਿਟੇਨ ਦੇ ਖਾਤੇ ਵਿੱਚ 20 ਸੋਨ ਤਮਗੇ ਤੇ ਕੁੱਲ 45 ਤਮਗੇ ਆਉਣਗੇ • ਚਾਰ ਸੋਨ ਤਮਗਿਆਂ ਉੱਤੇ ਮੱਲ ਮਾਰ ਕੇ ਕੁੱਲ 17 ਤਮਗਿਆਂ ਨਾਲ ਕੈਨੇਡਾ 15 ਸਥਾਨ ਉੱਤੇ ਆਵੇਗਾ ਓਲੰਪਿਕਸ ਦੀ ਰਵਾਇਤ ਅਨੁਸਾਰ ਸੋਨ ਤਮਗੇ ਜਿੱਤਣ ਦੇ ਹਿਸਾਬ ਨਾਲ ਹੀ ਦੇਸ਼ਾਂ ਦੀ ਦਰਜੇਬੰਦੀ ਕੀਤੀ ਜਾਂਦੀ ਹੈ। ਜਿ਼ਕਰਯੋਗ ਹੈ ਕਿ 2008 ਵਿੱਚ ਬੀਜਿੰਗ ਵਿੱਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਵੀ ਕੈਨੇਡਾ ਤਿੰਨ ਸੋਨ ਤਮਗੇ ਤੇ ਕੁੱਲ 18 ਤਮਗੇ ਜਿੱਤ ਕੇ 15ਵੇਂ ਸਥਾਨ ਉੱਤੇ ਰਿਹਾ ਸੀ। ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮੁਲਕਾਂ ਦੀ ਪ੍ਰਤੀ ਵਿਅਕਤੀ ਆਮਦਨ, ਅਬਾਦੀ ਆਦਿ ਵੇਖ ਕੇ ਦਿੱਤੀ ਜਾਂਦੀ ਹੈ। ਸਿਆਸੀ ਤਾਣੇ ਬਾਣੇ ਤੇ ਪੌਣਪਾਣੀ ਵਰਗੇ ਕਾਰਕਾਂ ਨੂੰ ਹੁਣ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਜਿ਼ੰਮੇਵਾਰੀ ਸੌਂਪਣ ਸਮੇਂ ਵਿਚਾਰਿਆ ਨਹੀਂ ਜਾਂਦਾ। ਇੱਕ ਵੱਡੀ ਅਜੀਬ ਗੱਲ ਇਹ ਹੈ ਕਿ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਦੇਣ ਸਮੇਂ ਕਿਸੇ ਮੁਲਕ ਦੇ ਖਿਡਾਰੀਆਂ ਦੀ ਸਮਰੱਥਾ ਨੂੰ ਤਾਂ ਉੱਕਾ ਹੀ ਗੌਲਿਆ ਨਹੀਂ ਜਾਂਦਾ। |
No comments:
Post a Comment