Wednesday, 14 March 2012

ਖਾਕੀ ਹੋਈ ਸ਼ਰਮਸਾਰ


ਨਸ਼ੇ 'ਚ ਟੱਲੀ ਪੁਲਸੀਏ ਨੇ ਕੀਤੀਆਂ ਅਜੀਬੋ-ਗਰੀਬ ਹਰਕਤਾਂ
ਪਠਾਨਕੋਟ,- ਜਿਸ ਖਾਕੀ 'ਤੇ ਅਪਰਾਧੀਆਂ 'ਤੇ ਸ਼ਿਕੰਜਾ ਕੱਸ ਕੇ ਸਮਾਜ ਨੂੰ ਅਪਰਾਧਮੁਕਤ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਆਏ ਦਿਨ ਆਪਣੇ ਅਨੋਖੇ ਕਾਰਨਾਮਿਆਂ ਨਾਲ ਸ਼ਰਮਸਾਰ ਹੁੰਦੀ ਰਹਿੰਦੀ ਹੈ। ਅਜਿਹੀ ਹੀ ਇਕ ਤਾਜ਼ਾ ਘਟਨਾ ਅੱਜ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਅਪਰਾਧੀਆਂ ਨੂੰ ਅਦਾਲਤ ਵਿਚ ਲੈ ਕੇ ਆਏ ਪੁਲਸ ਕਰਮਚਾਰੀਆਂ 'ਚੋਂ ਇਕ ਨੇ ਨਸ਼ੇ ਵਿਚ ਟੱਲੀ ਹੋ ਕੇ ਅਜੀਬੋ ਗਰੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੁਪਹਿਰ ਦੇ ਸਮੇਂ ਵਾਪਰੀ ਉਪਰੋਕਤ ਘਟਨਾ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਮਿਲੀ ਜਾਣਕਾਰੀ ਅਨੁਸਾਰ ਉਕਤ ਕਰਮਚਾਰੀ ਆਪਣੇ ਬਾਕੀ ਸਾਥੀ ਕਰਮਚਾਰੀਆਂ ਤੋਂ ਵੱਖਰਾ ਹੋ ਕੇ ਸ਼ਰਾਬ ਦੇ ਨਸ਼ੇ ਵਿਚ ਇੰਨਾ ਟੁੰਨ ਹੋ ਗਿਆ ਕਿ ਆਪਣੇ ਹੋਸ਼ ਤਕ ਗਵਾ ਬੈਠਾ। ਦਿਮਾਗ 'ਤੇ ਸ਼ਰਾਬ ਦਾ ਅਸਰ ਹੋਣ ਨਾਲ ਉਕਤ ਕਰਮਚਾਰੀ ਇਧਰ-ਉਧਰ ਟਹਿਲਣ ਲੱਗਾ ਅਤੇ ਅਜੀਬੋ ਗਰੀਬ ਹਰਕਤਾਂ ਕਰਦੇ ਹੋਏ ਦੁਕਾਨਾਂ ਵਿਚ ਜਾ ਕੇ ਵੜਨ ਲੱਗਾ, ਜਿਸ ਕਾਰਨ ਉਸ 'ਤੇ ਲੋਕ ਖੂਬ ਹੱਸੇ।  ਘਟਨਾ ਸਥਾਨ 'ਤੇ ਹਾਜ਼ਰ ਲੋਕਾਂ ਅਨੁਸਾਰ ਲੋਕਾਂ ਨੇ ਜਿਸ ਤਰ੍ਹਾਂ ਹੀ ਨਸ਼ੇ ਵਿਚ ਟੱਲੀ ਇਸ ਪੁਲਸ ਕਰਮਚਾਰੀ ਦੀਆਂ ਹਰਕਤਾਂ ਦੇਖੀਆਂ ਤਾਂ ਉਥੇ ਤਮਾਸ਼ਬੀਨਾਂ ਦਾ ਮੇਲਾ ਲੱਗ ਗਿਆ। ਇਸਦੇ ਬਾਅਦ ਜਦੋਂ ਉਕਤ ਕਰਮਚਾਰੀ ਦੇ ਸਾਥੀਆਂ ਨੂੰ ਇਸਦੀ ਜਾਣਕਾਰੀ ਮਿਲੀ ਤਾਂ ਉਹ ਹਫਰਾ-ਤਫਰੀ ਵਿਚ ਉਥੇ ਪੁੱਜੇ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿੱਤੀ ਤਾਂ ਪੁਲਸ ਕਰਮਚਾਰੀਆਂ ਦੇ ਉਥੇ ਪੁੱਜਣ ਤੋਂ ਪਹਿਲਾਂ ਹੀ ਉਕਤ ਕਰਮਚਾਰੀ ਆਟੋ ਵਿਚ ਸਵਾਰ ਹੋ ਕੇ ਆਪਣੇ ਘਰ ਚਲਿਆ ਗਿਆ।  

No comments:

Post a Comment