Thursday, 29 March 2012

ਸ਼ਿਵ ਸੈਨਾ ਪ੍ਰਧਾਨ ਵੱਲੋਂ ਭੁੱਖ ਹੜਤਾਲ

ਸ਼ਿਵ ਸੈਨਾ ਮਹਾਂ ਸੰਗਰਾਮ ਦੇ ਕੌਮੀ ਪ੍ਰਧਾਨ ਸ੍ਰੀ ਦਿਆਲ ਸਿੰਘ ਨੰਦਾ ਨੂੰ
ਸਨਮਾਨਿਤ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ।
ਸੰਗਰੂਰ, 28 ਮਾਰਚ - ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੇ ਵਿਰੋਧ ਵਜੋਂ ਜਿਥੇ ਸਮੁੱਚੇ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਥੇ ਹੀ ਸ਼ਿਵ ਸੈਨਾ ਮਹਾਂ ਸੰਗਰਾਮ ਦੇ ਕੌਮੀ ਪ੍ਰਧਾਨ ਸ੍ਰੀ ਦਿਆਲ ਸਿੰਘ ਨੰਦਾ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਈ ਰਾਜੋਆਣਾ ਦੀ ਰਿਹਾਈ ਲਈ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀੁੰ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਨੰਦਾ ਨੇ ਕਿਹਾ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਦੀ ਰਿਹਾਈ ਤੱਕ ਉਹ ਭੁੱਖ ਹੜਤਾਲ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਬਹਾਲੀ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਭੁੱਖ ਹੜਤਾਲ 'ਤੇ ਬੈਠੇ ਸ੍ਰੀ ਨੰਦਾ ਨੂੰ ਸਿੱਖ ਜਥੇਬੰਦੀਆਂ ਵਲੋਂ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੇੈਨਾ ਮਹਾ ਸੰਗਰਾਮ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਰਾਜਾ, ਸੁਰਿੰਦਰ ਸਿੰਘ ਸੇਖੋਂ, ਲੱਕੀ ਸ਼ਰਮਾ, ਸਿਕੰਦਰ ਮਾਨ ਅਤੇ ਰਾਜ ਕੁਮਾਰ ਧੂਰੀ ਵੀ ਮੌਜੂਦ ਸਨ।
ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ਼ ਠੀਕ ਕਰਨ ਦੀ ਮੰਗ
ਅਬੋਹਰ, 28 ਮਾਰਚ -ਮਾਡਲ ਟਾਊਨ ਨਿਵਾਸੀਆਂ ਨੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸੜਕ ਬਣਾਉਣ ਤੋਂ ਪਹਿਲਾਂ ਸੀਵਰੇਜ਼ ਪ੍ਰਬੰਧ ਸੁਧਾਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਮਲਕੀਤ ਸਿੰਘ, ਟੀ. ਕੇ. ਦੱਤਾ, ਰੋਸ਼ਨ ਲਾਲ, ਮੋਹਨ ਲਾਲ, ਓ.ਪੀ. ਪੁਜਾਰਾ, ਇੰਦਰਜੀਤ ਸਿੰਘ ਤੇ ਦਰਸ਼ੀ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਲੱਖਾਂ ਰੁਪਏ ਖ਼ਰਚ ਕੇ ਸੜਕ ਬਣ ਰਹੀ ਹੈ। ਪਰ ਇਸ ਨਾਲ ਸਮੱਸਿਆ ਹੱਲ ਨਹੀਂ ਹੋਣੀ। ਕਿਉਂਕਿ ਸੀਵਰੇਜ ਸਿਸਟਮ ਦਾ ਮਾੜਾ ਹਾਲ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੜਕ ਬਣਨ ਤੋਂ ਪਹਿਲਾਂ ਸੀਵਰੇਜ ਸਿਸਟਮ ਵਿਚ ਸੁਧਾਰ ਕੀਤਾ ਜਾਵੇ। ਨਹੀਂ ਤਾਂ ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਵਰੇਜ਼ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਹਿਲਾਂ ਹੀ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।
ਥਾਣੇਦਾਰ ਤਬਦੀਲ
ਅਬੋਹਰ, 28 ਮਾਰਚ -ਉਪ ਮੰਡਲ ਅਧੀਨ ਪੈਂਦੇ ਥਾਣਾ ਖੂਈਆਂ ਸਰਵਰ ਦੇ ਥਾਣੇਦਾਰ ਵੀਰ ਚੰਦ ਨੂੰ ਇੱਥੋਂ ਤਬਦੀਲ ਕਰਕੇ ਥਾਣਾ ਸਦਰ ਜਲਾਲਾਬਾਦ ਭੇਜ ਦਿੱਤਾ ਗਿਆ ਹੈ। ਜਦਕਿ ਉਨ੍ਹਾਂ ਦੀ ਥਾਂ 'ਤੇ ਸ: ਦਰਸ਼ਨ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਕਿ ਫ਼ਰੀਦਕੋਟ ਤੋਂ ਤਬਦੀਲ ਹੋ ਕਿ ਇੱਥੇ ਆਏ ਹਨ ਤੇ ਇਸ ਤੋਂ ਪਹਿਲਾਂ ਵੀ ਉਹ ਕਾਫ਼ੀ ਸਮਾਂ ਥਾਣਾ ਖੂਈਆਂ ਸਰਵਰ ਵਿਚ ਤੈਨਾਤ ਰਹੇ ਹਨ।
ਖੇਤਰੀ ਪਾਰਟੀਆਂ ਇੱਕਜੁੱਟ ਹੋ ਕੇ ਕੇਂਦਰ ਦੀ ਘਪਲੇਬਾਜ਼ ਸਰਕਾਰ
ਤੋਂ ਜਨਤਾ ਦਾ ਖਹਿੜਾ ਛੁਡਾਉਣ-ਓਮ ਪ੍ਰਕਾਸ਼ ਚੌਟਾਲਾ

ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਚੰਦੂਮਾਜਰਾ ਪਰਿਵਾਰ
ਨਾਲ ਦੁੱਖ ਸਾਂਝਾ ਕਰਦੇ ਹੋਏ।
ਫ਼ਤਹਿਗੜ੍ਹ ਸਾਹਿਬ, 28 ਮਾਰਚ  - ਇਨੈਲੋ ਮੁਖੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਪੰਜਾਬ ਵਾਸੀਆਂ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਦੇ ਲਈ ਅਮਨ ਸ਼ਾਂਤੀ ਨਾਲ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਮਨ ਅਮਾਨ ਨਾਲ ਕੀਤਾ ਗਿਆ ਰੋਸ ਪ੍ਰਰਦਰਸ਼ਨ ਅਸਰਦਾਇਕ ਹੁੰਦਾ ਹੈ। ਸ੍ਰੀ ਚੌਟਾਲਾ ਅੱਜ ਪਿੰਡ ਚੰਦੂਮਾਜਰਾ ਵਿਖੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਉਨ੍ਹਾਂ ਦੇ ਭਰਾ ਉਜਾਗਰ ਸਿੰਘ ਦੇ ਦਿਹਾਂਤ 'ਤੇ ਦੁੱਖ ਸਾਂਝਾ ਕਰਨ ਆਏ ਸਨ। ਸ੍ਰੀ ਚੌਟਾਲਾ ਨੇ ਕਿਹਾ ਕਿ ਪੰਜਾਬੀਆਂ ਦਾ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕੇਂਦਰ ਦੀ ਯੂ. ਪੀ. ਏ. ਸਰਕਾਰ 'ਤੇ ਵਰਦਿਆਂ ਕਿਹਾ ਕਿ ਇਹ ਸਰਕਾਰ ਘਪਲਿਆਂਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਨਵਾਂ ਸਾਹਮਣੇ ਆਇਆ ਕੋਲਾ ਘੋਟਾਲਾ 11 ਲੱਖ ਹਜ਼ਾਰ ਕਰੋੜ ਦਾ ਨਹੀਂ ਸਗੋਂ 42 ਲੱਖ ਹਜ਼ਾਰ ਕਰੋੜ ਦਾ ਹੈ। ਦੇਸ਼ ਦੀਆਂ ਖੇਤਰੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਅੱਗੇ ਆਉਣ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਬੰਦ ਦੌਰਾਨ ਅਮਨ ਸ਼ਾਂਤੀ ਕਾਇਮ ਰੱਖਣ ਲਈ ਉਨ੍ਹਾਂ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਗੁਰਵਿੰਦਰ ਸਿੰਘ ਜਿੰਦੂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ, ਸਿਮਰਨਜੀਤ ਸਿੰਘ ਚੰਦੂਮਾਜਰਾ ਡਿਪਟੀ ਐਡਵੋਕੇਟ ਜਨਰਲ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਐਡਵੋਕੇਟ ਜਸਵਿੰਦਰ ਸਿੰਘ ਗਰੇਵਾਲ, ਹਰਭਜਨ ਸਿੰਘ ਚਨਾਰਥਲ, ਬਲਜੀਤ ਸਿੰਘ ਭੁੱਟਾ, ਜਰਨੈਲ ਸਿੰਘ ਹਿੰਦੂਪੁਰ, ਸੁਖਬੀਰ ਸਿੰਘ, ਜਸਵਿੰਦਰ ਸਿੰਘ ਕੌਂਸਲਰ ਪਟਿਆਲਾ, ਜਗਦੀਸ਼ ਕੁਮਾਰ ਜੱਗਾ ਵਾਈਸ ਚੇਅਰਮੈਨ ਰਾਜਪੁਰਾ, ਨਿਰਪਾਲ ਸਿੰਘ ਵੜਿੰਗ ਚੇਅਰਮੈਨ ਪੀਏਡੀਬੀ ਰਾਜਪੁਰਾ, ਹਰਵਿੰਦਰਪਾਲ ਸਿੰਘ ਹਰਪਾਲਪੁਰ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਚੇਅਰਮੈਨ ਸਹਿਕਾਰੀ ਬੈਂਕ ਪਟਿਆਲਾ, ਜਰਨੈਲ ਸਿੰਘ ਬਲਸੂਆਂ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ, ਹਰਦੇਵ ਸਿੰਘ ਹਰਪਾਲਪੁਰ, ਨਿਰਦੇਵ ਸਿੰਘ ਆਕੜੀ, ਅਵਰਿੰਦਰ ਸਿੰਘ ਕੰਗ, ਟੋਡਰ ਸਿੰਘ, ਮਹਿੰਦਰਜੀਤ ਸਿੰਘ ਖਰੋੜੀ, ਜਗਜੀਤ ਸਿੰਘ ਕੋਹਲੀ, ਸੁਖਦੇਵ ਸਿੰਘ ਢੀਂਡਸਾ ਸਾਬਕਾ ਇੰਸਪੈਕਟਰ, ਕੁਲਦੀਪ ਸਿੰਘ ਤਿਸਾਬਲੀ, ਜਿੰਦਰ ਤਿਸਾਬਲੀ ਆਦਿ ਨੇ ਵੀ ਚੰਦੂਮਾਜਰਾ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
 ਵਿਧਾਨ ਸਭਾ 'ਚ ਹੰਗਾਮਾ
ਜਾਖੜ ਨੇ ਸ਼ਰਮਾ ਤੇ ਭਾਜਪਾ ਨੂੰ ਲਲਕਾਰਿਆ
ਚੰਡੀਗੜ੍ਹ, 28 ਮਾਰਚ-ਅੱਜ ਪੰਜਾਬ ਵਿਧਾਨ ਸਭਾ ਵਿਚ ਸਿਫਰ ਕਾਲ ਦੇ ਦੌਰਾਨ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਹੱਤਿਆ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਣ ਲਈ ਦਿੱਤੀ ਗਈ 'ਪੰਜਾਬ ਬੰਦ' ਦੇ ਸੱਦੇ ਨੂੰ ਲੈ ਕੇ ਹੰਗਾਮਾ ਹੋ ਗਿਆ ਜੋ ਲਗਪਗ 10 ਮਿੰਟ ਤੱਕ ਜਾਰੀ ਰਿਹਾ। ਜਿਉਂ ਹੀ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਦਲ ਦੇ ਆਗੂ ਸੁਨੀਲ ਜਾਖੜ ਨੇ ਇਕ ਅਖਬਾਰ ਲਹਿਰਾਉਂਦੇ ਹੋਏ ਦੋਸ਼ ਲਾਇਆ ਕਿ ਇਸ ਸਦਨ ਦੇ ਅਕਾਲੀ ਮੈਂਬਰ ਸ੍ਰੀ ਨਰੇਸ਼ ਸ਼ਰਮਾ ਜ਼ੀਰਕਪੁਰ ਵਿਚ ਲੋਕਾਂ ਨੂੰ ਭੜਕਾ ਰਹੇ ਹਨ ਤੇ ਦੁਕਾਨਾਂ ਬੰਦ ਕਰਾਉਣ ਲਈ ਮਜ਼ਬੂਰ ਕਰ ਰਹੇ ਹਨ, ਜਿਸ ਤੋਂ ਇਉਂ ਲੱਗਦਾ ਹੈ ਕਿ ਰਾਜ ਸਰਕਾਰ ਆਪ ਹੀ ਅਮਨ-ਕਾਨੂੰਨ ਨੂੰ ਖਰਾਬ ਕਰਨ ਵਿਚ ਲੱਗੀ ਹੋਈ ਹੈ। ਸਰਕਾਰ ਜੁਆਬ ਦੇਵੇ ਕਿ ਉਹ ਇਸ ਬਾਰੇ ਕੀ ਕਰ ਰਹੀ ਹੈ? ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਨੂੰ ਲਪੇਟਦੇ ਹੋਏ ਕਿਹਾ ਕਿ ਉਹ ਇਸ ਨਾਜ਼ਕ ਮਾਮਲੇ ਬਾਰੇ ਚੁੱਪ ਕਿਉਂ ਬੈਠੀ ਹੈ? ਉਹ ਆਪਣਾ ਪੱਖ ਸਪੱਸ਼ਟ ਕਰੇ। ਇਸ 'ਤੇ ਸਦਨ ਵਿਚ ਕੁਝ ਸ਼ੋਰ-ਸ਼ਰਾਬਾ ਜਿਹਾ ਮੱਚ ਗਿਆ ਤੇ ਕਈ ਅਕਾਲੀ ਅਤੇ ਕਾਂਗਰਸੀ ਮੈਂਬਰ ਆਪੋ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਕੁਝ ਕਹਿਣ ਲੱਗੇ ਜੋ ਪੂਰਾ ਪ੍ਰੈਸ ਗੈਲਰੀ ਤੱਕ ਸੁਣਾਈ ਨਾ ਦਿੱਤਾ। ਪਰ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਉਚੀ ਦੇਣੀ ਕਿਹਾ ਕਿ ਸ੍ਰੀ ਸ਼ਰਮਾ ਤਾਂ ਲੋਕਾਂ ਨੂੰ ਸਮਝਾਉਣ ਬੁਝਾਉਣ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਬਾਰੇ ਅਪੀਲਾਂ ਕਰਨ ਗਏ ਸਨ। ਕਾਂਗਰਸੀ ਮੈਂਬਰ, ਭੜਕਾਊ ਗੱਲਾਂ ਕਰ ਕੇ ਮਾਹੌਲ ਖਰਾਬ ਨਾ ਕਰਨ। ਇਸ ਮੌਕੇ 'ਤੇ ਸ੍ਰੀ ਨਰੇਸ਼ ਸ਼ਰਮਾ ਜੋ ਕਿ ਹੰਗਾਮਾ ਅਰਾਈ ਦੇ ਦੌਰਾਨ ਸਦਨ ਵਿਚ ਮੌਜੂਦ ਸਨ ਨੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸ. ਮਜੀਠੀਆ ਦੇ ਉੱਤਰ ਦੇਣ ਪਿੱਛੋਂ ਉਹ ਆਪਣੀ ਸੀਟ 'ਤੇ ਬੈਠ ਗਏ। ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਅੱਜ 14ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੇ ਆਖਰੀ ਦਿਨ ਹੋਈ ਹੰਗਾਮਾ ਅਰਾਈ ਸਮੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਵਿਧਾਇਕ ਦਲ ਦੀ ਸਾਬਕਾ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਗੈਰ ਹਾਜ਼ਰ ਸਨ। ਇਨ੍ਹਾਂ ਦੀ ਗੈਰ ਹਾਜ਼ਰੀ ਸਦਨ ਵਿਚ ਦੋਵੇਂ ਧਿਰਾਂ ਮਹਿਸੂਸ ਕਰ ਰਹੀਆਂ ਸਨ ਅਤੇ ਭਾਜਪਾ ਵਾਲੇ ਚੁੱਪ ਕਰਕੇ ਸਭ ਕੁਝ ਸੁਣ ਰਹੇ ਸਨ। ਪਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਾਂਗਰਸੀ ਮੈਂਬਰਾਂ ਦੇ ਵਿਹਾਰ ਬਾਰੇ ਹੀ ਕੁਝ ਗੱਲਾਂ ਕਹੀਆਂ ਅਸਲ ਮੁੱਦੇ ਨੂੰ ਛੋਹਿਆ ਤੱਕ ਨਾ । ਹਾਲਾਂਕਿ ਉਸ ਸਮੇਂ ਭਾਜਪਾ ਵਿਧਾਇਕ ਦਲ ਦੇ ਆਗੂ ਭਗਤ ਚੂਨੀ ਲਾਲ ਤੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਦਨ ਵਿਚ ਮੌਜੂਦ ਸਨ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਭਾਜਪਾ ਦੇ ਮਨੋਰੰਜਨ ਕਾਲੀਆ ਅਤੇ ਆਜ਼ਾਦ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਵੀ ਕਈ ਮਾਮਲੇ ਉਠਾਏ ਪਰ ਉਨ੍ਹਾਂ ਦਾ ਸਦਨ ਨੇ ਕੋਈ ਗੰਭੀਰ ਨੋਟਿਸ ਨਾ ਲਿਆ। ਇਸ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਇਕ ਹਲਕੇ ਤੋਂ ਭਾਜਪਾ ਟਿਕਟ 'ਤੇ ਜਿੱਤੀ ਡਾ. ਨਵਜੋਤ ਕੌਰ ਸਿੱਧੂ ਨੇ ਅਜੇ ਤੱਕ ਵੀ ਵਿਧਾਇਕ ਵਜੋਂ ਸਹੁੰ ਨਹੀਂ ਚੁੱਕੀ। ਦੱਸਿਆ ਗਿਆ ਹੈ ਕਿ ਉਹ ਕੁਝ ਬਿਮਾਰ ਹਨ ਜਿਸ ਕਾਰਨ ਉਨ੍ਹਾਂ ਇਸ ਨਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਵਿਚ ਹਾਜ਼ਰੀ ਤੱਕ ਨਹੀਂ ਲਗਵਾਈ। ਹੁਣ ਉਨ੍ਹਾਂ ਨੂੰ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਕਿਸੇ ਦਿਨ ਵਿਧਾਇਕ ਵਜੋਂ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਕਾਨੂੰਨੀ ਪੱਖ ਤੋਂ ਡਾ. ਨਵਜੋਤ ਕੌਰ ਸਿੱਧੂ ਉਸ ਦਿਨ ਤੋਂ ਹੀ ਬਕਾਇਦਾ ਵਿਧਾਇਕ ਸਮਝੇ ਜਾਣਗੇ, ਜਦੋਂ ਉਹ ਸਹੁੰ ਚੁੱਕਣਗੇ।
ਵੈਟ ਦੀ ਦੁਗਣੀ ਰਕਮ ਨਗਰ ਕੌਂਸਲਾਂ 'ਚ ਭੇਜਣ ਦੀ ਮੰਗ
ਜਲੰਧਰ, 28 ਮਾਰਚ- ਪੰਜਾਬ ਮੁਲਾਜ਼ਮ ਮਿਉਂਸਪਲ ਐਕਸ਼ਨ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਵਾਲੀਆ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਵੇਲੇ ਰਾਜ ਭਰ ਦੀਆਂ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀ ਵਿੱਤੀ ਹਾਲਤ ਕਾਫ਼ੀ ਮਾੜੀ ਹੈ ਤੇ ਇਸ ਲਈ ਉਨ੍ਹਾਂ ਨੂੰ ਵੈਟ ਦੀ ਰਕਮ ਦੁੱਗਣੀ ਭੇਜਣ ਦੀ ਮੰਗ ਕੀਤੀ ਹੈ। ਨਗਰ ਕੌਂਸਲਾਂ ਦੇ ਮੁਲਾਜ਼ਮਾਂ ਨੂੰ ਦੋ-ਦੋ ਮਹੀਨੇ ਤੋਂ ਤਨਖ਼ਾਹਾਂ ਨਹੀਂ ਮਿਲ ਰਹੀਆਂ ਹਨ ਤੇ ਤਿੰਨ ਸਾਲ ਤੋਂ ਮੁਲਾਜ਼ਮਾਂ ਦੀ ਜੀ. ਪੀ. ਐਫ. ਫ਼ੰਡ ਅਜੇ ਤੱਕ ਜਮਾਂ ਨਹੀਂ ਹੋਇਆ ਹੈ। ਉਲਟਾ ਜੀ. ਪੀ. ਐਫ. 'ਤੇ ਲੱਗਦਾ 8 ਫ਼ੀਸਦੀ ਵਿਆਜ ਵੀ ਖ਼ਤਮ ਹੋ ਰਿਹਾ ਹੈ। ਉਨ੍ਹਾਂ ਹੋਰ ਮੰਗ ਕਰਦੇ ਹੋਏ ਕਿਹਾ ਹੈ ਕਿ ਆਦਰਸ਼ ਚੋਣ ਜ਼ਾਬਤਾ ਲੱਗ ਜਾਣ ਕਾਰਨ ਅਹਿਮ ਮੰਗਾਂ ਰਹਿ ਗਈਆਂ ਹਨ , ਜਿਸ ਵਿਚ ਕਲਰਕਾਂ ਨੂੰ ਇੰਸਪੈਕਟਰ ਬਣਾਉਣ ਸਮੇਤ ਹੋਰ ਵੀ ਮੰਗਾਂ ਨੂੰ ਪੁਰੀਆਂ ਕਰਨਾ ਚਾਹੀਦਾ ਹੈ। ਸ. ਵਾਲੀਆ ਨੇ ਕਿਹਾ ਕਿ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀ ਵਿੱਤੀ ਹਾਲਤ ਇਸ ਕਰਕੇ ਵੀ ਮਜ਼ਬੂਤ ਕਰਨ ਲਈ ਲੋੜ ਹੈ ਕਿਉਂਕਿ ਵਿਕਾਸ ਦੇ ਕੰਮ ਵਿੱਤੀ ਸੰਕਟ ਕਰਕੇ ਪ੍ਰਭਾਵਿਤ ਹੋ ਰਹੇ ਹਨ।
ਝੁਲਸੇ ਤਿੱਬਤੀ ਨਾਗਰਿਕ ਦੀ ਮੌਤ
ਨਵੀਂ ਦਿੱਲੀ, 28 ਮਾਰਚ -ਚੀਨ ਦੇ ਰਾਸ਼ਟਰਪਤੀ ਹੂ ਜੀਨਤਾਓ ਦੀ ਭਾਰਤ ਫੇਰੀ ਦਾ ਵਿਰੋਧ ਕਰ ਰਹੇ ਇਕ ਤਿੱਬਤੀ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਅੱਗ 'ਚ ਝੁਲਸ ਗਿਆ ਸੀ, ਦੀ ਅੱਜ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਸਵੇਰੇ ਮੌਤ ਹੋ ਗਈ ਹੈ। ਆਪਣੇ ਆਪ ਨੂੰ ਅੱਗ ਲਗਾ ਕੇ ਚੀਨ ਦੇ ਰਾਸ਼ਟਰਪਤੀ ਦਾ ਵਿਰੋਧ ਕਰ ਰਹੇ ਜੈਮਯੈਂਗ ਯੇਸ਼ੀ ਨਾਂਅ ਦੇ ਇਸ ਨੌਜਵਾਨ ਦੀ ਮੌਤ ਦੀ ਪੁਸ਼ਟੀ ਉਸ ਦੇ ਇਲਾਜ ਕਰ ਰਹੇ ਡਾ ਐਲ. ਕੇ. ਮਖੀਜਾ ਨੇ ਦਿੱਤੀ। ਚੀਨ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਜੰਤਰ-ਮੰਤਰ 'ਚ ਵਿਰੋਧ ਕਰ ਰਹੇ ਤਿੱਬਤੀਆਂ 'ਚ ਉਸ ਵੇਲੇ ਯੇਸ਼ੀ ਨਾਂਅ ਦੇ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ।
ਭਾਰਤ-ਪਾਕਿ ਵੱਲੋਂ ਵੂਲਰ ਬੈਰਜ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ
ਨਵੀਂ ਦਿੱਲੀ, 28 ਮਾਰਚ- ਭਾਰਤ ਅਤੇ ਪਾਕਿਸਤਾਨ ਦੇ ਪਾਣੀ ਸ੍ਰੋਤਾਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਇਥੇ ਇਕ ਮੀਚਿੰਗ ਦੌਰਾਨ ਤੁਲਬੁਲ ਨੇਵੀਗੇਸ਼ਨ/ਵੂਲਰ ਬੈਰੇਜ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਬਾਅਦ ਭਾਰਤ ਨੇ ਇਸ ਗੱਲ ਦੀ ਸਹਿਮਤੀ ਪ੍ਰਗਟਾਈ ਕਿ ਉਹ ਪਾਕਿਸਤਾਨ ਨੂੰ ਇਸ ਬਾਰੇ ਵਾਧੂ ਤਕਨੀਕਾਂ ਮੁਹੱਈਆ ਕਰਵਾਏਗਾ। ਵਿਦੇਸ਼ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪਾਕਿਸਤਾਨ ਅਗਲੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਇਸ ਮੁੱਦੇ ਨਾਲ ਸਬੰਧਤ ਸਾਰੇ ਤੱਥਾਂ ਦੀ ਸਮੀਖਿਆ ਕਰੇਗਾ। ਇਸ ਗੱਲਬਾਤ ਦੌਰਾਨ ਭਾਰਤੀ ਟੀਮ ਦੀ ਅਗਵਾਈ ਪਾਣਾ ਸ੍ਰੋਤਾਂ ਦੇ ਮੰਤਰਾਲੇ ਦੇ ਸਕੱਤਰ ਧਰੁਵ ਵਿਜੈ ਸਿੰਘ ਨੇ ਕੀਤੀ ਜਦੋਂ ਕਿ ਪਾਕਿਸਤਾਨੀ ਦਲ ਦੀ ਅਗਵਾਈ ਪਾਣੀ ਅਤੇ ਬਿਜਲੀ ਮੰਤਰਾਲੇ ਦੇ ਸਕੱਤਰ ਇਮਤਿਆਜ਼ ਕਾਜ਼ੀ ਨੇ ਕੀਤੀ। ਦੱਸਿਆ ਜਾਂਦਾ ਹੈ ਕਿ ਗੱਲਬਾਤ ਬਹੁਤ ਹੀ ਦੋਸਤਾਨਾ ਮਾਹੌਲ 'ਚ ਹੋਈ।
ਅਮਰੀਕਾ ਨੇ ਐਚ-1ਬੀ ਵੀਜ਼ਾ ਫੀਸ 'ਚ ਕੀਤਾ ਵਾਧਾ
ਵਾਸ਼ਿੰਗਟਨ, 28 ਮਾਰਚ - ਅਮਰੀਕਾ ਨੇ ਅਗਲੇ ਵਿੱਤੀ ਵਰ੍ਹੇ ਤੋਂ ਐਚ-1ਬੀ ਵੀਜ਼ੇ ਦੀ ਫੀਸ 'ਚ ਵਾਧਾ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਜਿਸ ਨਾਲ ਭਾਰਤ ਦੀਆਂ ਕਈ ਸੂਚਨਾ ਤਕਨੀਕ (ਆਈ. ਟੀ.) ਕੰਪਨੀਆਂ ਪ੍ਰਭਾਵਤ ਹੋਣਗੀਆਂ। ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸਜ਼ (ਯੂ. ਐਸ. ਸੀ. ਆਈ. ਐਸ.) ਨੇ ਇਸ ਵੀਜ਼ੇ ਲਈ ਫੀਸ ਦੀ ਨਵੀਂ ਸੂਚੀ ਜਾਰੀ ਕੀਤੀ ਹੈ ਜਿਸ ਅਨੁਸਾਰ ਵੀਜ਼ੇ ਲਈ ਅਪੀਲ ਕਰਨ ਵਾਲੇ ਨੂੰ 325 ਡਾਲਰ ਤੋਂ ਲੈ ਕੇ 2000 ਡਾਲਰ ਤਕ ਫੀਸ ਅਦਾ ਕਰਨੀ ਹੋਵੇਗੀ ਜੋ ਅਮਰੀਕਾ 'ਚ 50 ਜਾਂ ਇਸ ਤੋਂ ਜ਼ਿਆਦਾ ਕਾਮਿਆਂ ਨੂੰ ਕੰਮ 'ਤੇ ਰੱਖੇਗਾ ਅਤੇ ਜਿਨ੍ਹਾਂ 'ਚ 50 ਫੀਸਦੀ ਤੋਂ ਜ਼ਿਆਦਾ ਕਾਮੇ ਐਚ-1ਬੀ ਜਾਂ ਐਲ-1 ਵੀਜ਼ੇ 'ਤੇ ਕੰਮ ਕਰਨਗੇ। ਇਸ ਸਾਲ ਤੋਂ ਯੂ.ਐਸ.ਸੀ.ਆਈ.ਐਸ. ਨੇ ਕਿਸੇ ਕੰਪਨੀ 'ਚ ਕੰਮ ਕਰਦੇ 1 ਤੋਂ 25 ਤਕ ਕਾਮਿਆਂ ਲਈ 750 ਡਾਲਰ ਅਤੇ 26 ਜਾਂ ਇਸ ਤੋਂ ਜ਼ਿਆਦਾ ਕਾਮਿਆਂ ਲਈ 1500 ਡਾਲਰ ਫੀਸ ਰੱਖੀ ਹੈ।

No comments:

Post a Comment