Thursday, 29 March 2012


ਅੱਠ ਨੌਜਵਾਨ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ

ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਹੋਏ ਨੌਜਵਾਨ ਅਤੇ (ਹੇਠਾਂ)
ਨੌਜਵਾਨ ਸੰਤ ਜਗਜੀਤ ਸਿੰਘ ਤੋਂ ਅਸ਼ੀਰਵਾਦ ਲੈਂਦੇ ਹੋਏ।
ਬਠਿੰਡਾ, 28 ਮਾਰਚ- ਸਿੱਖ ਕੌਮ ਦੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫ਼ਾਂਸੀ ਦੇਣ ਖਿਲਾਫ਼ ਜੋਸ਼ ਵਿਚ ਆਏ ਅੱਠ ਨੌਜਵਾਨ ਅੱਜ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਪਿੰਡ ਗਿੱਲ ਪੱਤੀ ਅਤੇ ਭੋਖੜਾ ਵਿਚਕਾਰ ਬਣੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ। ਨੌਜਵਾਨਾਂ ਨੇ ਭਾਈ ਰਾਜੋਆਣਾ ਦੇ ਹੱਕ ਵਿਚ ਨਾਅਰੇਬਾਜ਼ੀ ਕਰਦਿਆਂ ਉਸ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਘਟਨਾ ਦੀ ਸੂਚਨਾ ਮਿਲਦਿਆ ਹੀ ਡੀ. ਐੱਸ. ਪੀ, ਤਹਿਸੀਲਦਾਰ ਬਠਿੰਡਾ ਸ: ਅਵਤਾਰ ਸਿੰਘ ਮੱਕੜ ਭਾਰੀ ਪੁਲਿਸ ਫੌਰਸ ਸਮੇਤ ਮੌਕੇ 'ਤੇ ਪੁੱਜੇ ਅਤੇ ਨੌਜਵਾਨਾਂ ਨੂੰ ਟੈਂਕੀ ਤੋਂ ਹੇਠਾਂ ਉਤਰਨ ਲਈ ਕਿਹਾ। ਪਰ ਨੌਜਵਾਨ ਆਪਣੀ ਮੰਗ 'ਤੇ ਅੜੇ ਰਹੇ। ਪ੍ਰਾਪਤ ਜਾਣਕਾਰੀ ਅਹਨੁਸਾਰ ਹਰਪ੍ਰੀਤ ਸਿੰਘ ਤੇ ਕੁਲਦੀਪ ਸ਼ਰਮਾ ਵਾਸੀ ਗੋਨਿਆਣਾ ਮੰਡੀ, ਮਨਦੀਪ ਸਿੰਘ ਮਨੀ, ਕਰਮਜੀਤ ਸਿੰਘ, ਗ਼ਗਨਦੀਪ ਸਿੰਘ, ਸ਼ਾਮ ਸਿੰਘ ਅਤੇ ਰਣਜੀਤ ਸਿੰਘ ਵਾਸੀਅਨ ਪਿੰਡ ਕੋਠੇ ਨੱਥਾ ਸਿੰਘ ਵਾਲੇ ਅਤੇ ਪ੍ਰਦੀਪ ਸਿੰਘ ਬਰਾੜ ਵਾਸੀ ਮਹਿਮਾ ਸਰਜਾ ਅੱਜ ਭਾਈ ਰਾਜੋਆਣਾਂ ਦੀ ਫ਼ਾਂਸੀ ਖਿਲਾਫ਼ ਸਿੱਖ ਸੰਗ਼ਤਾਂ ਵੱਲੋਂ ਕੱਢੇ ਗਏ ਰੋਸ ਮਾਰਚ ਵਿਚ ਸ਼ਾਮਿਲ ਸਨ। ਉਕਤ ਸਿੱਖ ਨੌਜਵਾਨ ਇਸ ਕਦਰ ਜੋਸ਼ ਵਿਚ ਆ ਗਏ ਕਿ ਉਹ ਪਿੰਡ ਗਿੱਲਪੱਤੀ ਅਤੇ ਭੋਖੜਾ ਦੇ ਵਿਚਕਾਰ ਸਥਿੱਤ ਪਾਣੀ ਵਾਲੀ ਟੈਂਕੀ ਉਪਰ ਜਾ ਚੜ੍ਹੇ। ਸਿੱਖ ਨੌਜਵਾਨ ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਭਾਈ ਰਾਜੋਆਣਾਂ ਦੇ ਹੱਕ ਵਿਚ ਨਾਅਰੇਬਾਜ਼ੀ ਕਰ ਰਹੇ ਸਨ। ਨੌਜਵਾਨਾਂ ਦੇ ਸਿਰਾਂ 'ਤੇ ਪੀਲੇ ਪਟਕੇ ਬੰਨੇ ਹੋਏ ਸਨ ਅਤੇ ਹੱਥਾਂ ਵਿਚ ਕੇਸਰੀ ਝੰਡੇ ਫੜੇ ਹੋਏ ਸਨ। ਉਹ ਪਾਣੀ ਵਾਲੀ ਟੈਂਕੀ ਤੋਂ ਵਾਰ-ਵਾਰ ਭਾਈ ਰਾਜੋਆਣਾਂ ਦੀ ਰਿਹਾਈ ਦੀ ਮੰਗ ਕਰਦੇ ਰਹੇ। ਨੌਜਵਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਈ ਰਾਜੋਆਣਾ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਕੋਈ ਵੀ ਸਖ਼ਤ ਕਦਮ ਉਠਾ ਸਕਦੇ ਹਨ। ਜ਼ਿਲ੍ਹਾ ਪ੍ਰਸਾਸ਼ਨ ਨੇ ਵੱਡੀ ਗਿਣਤੀ ਪੁਲਿਸ ਟੈਂਕੀ ਦੇ ਆਸੇ-ਪਾਸੇ ਤਾਇਨਾਤ ਕਰ ਦਿੱਤੀ। ਨੇੜਲੇ ਪਿੰਡਾਂ ਦੇ ਕੁੱਝ ਮੋਹਤਵਰ ਵਿਅਕਤੀਆਂ ਨੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਨੌਜਵਾਨਾਂ ਨੂੰ ਹੇਠਾਂ ਉਤਰਨ ਲਈ ਮਨਾ ਲਿਆ। ਪਰ ਉਕਤ ਸਿੱਖ ਨੌਜਵਾਨਾਂ ਨੇ ਸ਼ਰਤ ਰੱਖ ਦਿੱਤੀ ਕਿ ਉਹ ਕਿਸੇ ਧਾਰਮਿਕ ਆਗੂ ਦੇ ਕਹਿਣ 'ਤੇ ਹੀ ਹੇਠਾਂ ਉਤਰਣਗੇ। ਮੌਕੇ 'ਤੇ ਪੁੱਜੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ, ਭਾਜਪਾ ਆਗੂ ਪ੍ਰਸ਼ੋਤਮ ਦਾਸ ਟੰਡਨ, ਰਾਜਾ ਸਰਪੰਚ ਅਤੇ ਹੋਰਨਾਂ ਨੌਜਵਾਨਾਂ ਦੀ ਸ਼ਰਤ ਮੁਤਾਬਿਕ ਸੰਤ ਜਗਜੀਤ ਸਿੰਘ ਟਿਕਾਣਾ ਭਾਈ ਜਗਤਾ ਨੂੰ ਪਾਣੀ ਵਾਲੀ ਟੇੈਂਕੀ ਕੋਲ ਲਿਆਂਦਾ ਅਤੇ ਟੈਕੀ 'ਤੇ ਚੜ੍ਹੇ ਨੌਜਵਾਨਾਂ ਨਾਲ ਮੋਬਾਇਲ 'ਤੇ ਗੱਲ ਕਰਵਾਈ। ਨੌਜਵਾਨਾਂ ਨੇ ਸੰਤਾਂ ਨੂੰ ਦੱਸਿਆ ਕਿ ਸਿੱਖ ਸੰਗ਼ਤਾਂ ਨੇ ਭਾਈ ਰਾਜੋਆਣਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ 'ਤੇ ਕਈ ਘੰਟੇ ਆਵਾਜਾਈ ਠੱਪ ਕੀਤੀ ਸੀ। ਪਰ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਨਣ ਨਹੀਂ ਆਇਆ। ਨੌਜਵਾਨਾਂ ਦਾ ਕਹਿਣਾ ਸੀ ਕਿ ਸਿੱਖ ਕੌਮ ਦੇ ਨੌਜਵਾਨਾਂ ਦੀ ਭਾਵਨਾਵਾਂ ਭਾਈ ਰਾਜੋਆਣਾ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਭਾਈ ਸਾਹਿਬ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਸੰਤ ਜਗਜੀਤ ਸਿੰਘ ਵੱਲੋ ਉਨ੍ਹਾਂ ਦੀ ਗੱਲ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਭਰੋਸੇ ਬਾਅਦ ਅੱਠੇ ਨੌਜਵਾਨ ਟੈਂਕੀ ਤੋਂ ਹੇਠਾਂ ਉੱਤਰ ਆਏ। ਨੌਜਵਾਨਾਂ ਦੇ ਪਾਣੀ ਵਾਲੀ ਟੈਂਕੀ ਤੋਂ ਉਤਰਨ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੁੱਖ ਦਾ ਸਾਹ ਮਿਲਿਆ। ਇਸ ਮੌਕੇ ਅਮੀਰ ਸਿੰਘ ਮੱਕੜ ਸ਼ਹਿਰੀ ਪ੍ਰਧਾਨ, ਚਰਨਜੀਤ ਸ਼ਰਮਾ ਪ੍ਰੈਸ ਸੈਕਟਰੀ ਸ਼੍ਰੋਮਣੀ ਅਕਾਲੀ ਦਲ, ਕੁਲਵੰਤ ਸਿੰਘ ਸਰਕਲ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਪੁੱਜੇ ਹੋਏ ਸਨ।

No comments:

Post a Comment