Thursday, 29 March 2012


ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

 ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਮੁਖੀ
 ਇੰਦਰਮੋਹਨ ਸਿੰਘ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
 ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ
ਚਾਰ ਦੋਸ਼ੀ ਬਰਾਮਦ ਕੀਤੇ ਸਾਮਾਨ ਨਾਲ।
ਸ੍ਰੀ ਮੁਕਤਸਰ ਸਾਹਿਬ- 28 ਮਾਰਚ - ਜ਼ਿਲ੍ਹਾ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਈ ਵੱਡੀਆਂ ਘਟਨਾਵਾਂ ਵਿਚ ਸ਼ਾਮਿਲ ਲੁੱਟਾਂ ਖੋਹਾਂ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਇਕ ਚੋਰੀ ਦੀ ਕਾਰ, ਪਿਸਤੌਲ ਅਤੇ ਹੋਰ ਕਾਫੀ ਸਾਮਾਨ ਬਰਾਮਦ ਕੀਤਾ ਹੈ।
ਜਦ ਕਿ ਗਿਰੋਹ ਦਾ ਇਕ ਮੈਂਬਰ ਭੱਜਣ ਵਿਚ ਸਫ਼ਲ ਹੋ ਗਿਆ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ: ਇੰਦਰਮੋਹਨ ਸਿੰਘ ਨੇ ਦੱਸਿਆ ਕਿ ਥਾਣਾ ਕੋਟਭਾਈ ਦੇ ਐੱਸ. ਐੱਚ. ਓ ਪਰਮਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੇਆਬਾਦ ਜਗ੍ਹਾ 'ਤੇ ਪਿੰਡ ਭਲਾਈਆਣਾ ਦੇ ਸੇਮਨਾਲੇ ਦੀ ਪਟੜੀ ਕੋਲ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਇਕ ਗਿਰੋਹ ਦੇ ਚਾਰ ਮੈਂਬਰਾਂ ਜਸਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਨਾਜਮਵਾਲਾ (ਫਿਰੋਜ਼ਪੁਰ), ਗੁਰਬਾਜ ਸਿੰਘ ਪੁੱਤਰ ਮੁਖਤਿਆਰ ਸਿੰਘ, ਤਰਸੇਮ ਸਿੰਘ ਪੁੱਤਰ ਕਰਤਾਰ ਸਿੰਘ ਦੋਵੇਂ ਪਿੰਡ ਬੂੜਾ ਗੁੱਜਰ (ਮੁਕਤਸਰ), ਮਨਦੀਪ ਸਿੰਘ ਪੁੱਤਰ ਸ਼ਿੰਗਾਰ ਸਿੰਘ ਪਿੰਡ ਮੱਲੋਕੀ (ਜ਼ੀਰਾ) ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਨ੍ਹਾਂ ਦਾ ਇਕ ਸਾਥੀ ਗੋਰਾ ਸਿੰਘ ਪੁੱਤਰ ਅਨੋਖ ਸਿੰਘ ਪਿੰਡ ਸੁਖਨਾ ਅਬਲੂ ਭੱਜਣ ਵਿਚ ਸਫਲ ਹੋ ਗਿਆ। ਗ੍ਰਿਫਤਾਰ ਕੀਤੇ ਗਿਰੋਹ ਦਾ ਮੁਖੀ ਜਸਵਿੰਦਰ ਸਿੰਘ ਪਹਿਲਾਂ ਇਕ ਵੱਡੇ ਗਿਰੋਹ ਦਾ ਮੈਂਬਰ ਵੀ ਰਿਹਾ ਹੈ, ਜਿਸ ਤੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ 50 ਕਾਰਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਬਾਅਦ ਤੋਂ ਜਸਵਿੰਦਰ ਸਿੰਘ ਵੱਲੋਂ ਇਕ ਅਲੱਗ ਗਿਰੋਹ ਬਣਾ ਕੇ ਮੋਗਾ, ਫਿਰੋਜ਼ਪੁਰ ਅਤੇ ਮੁਕਤਸਰ ਜ਼ਿਲ੍ਹੇ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਸਨ। ਵੱਖ-ਵੱਖ ਮੁਕੱਦਮਿਆਂ ਵਿਚ ਅਦਾਲਤ ਨੇ ਇਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਗ੍ਰਿਫਤਾਰ ਦੋਸ਼ੀਆਂ ਕੋਲੋਂ ਮੁਕਤਸਰ ਤੋਂ ਚੋਰੀ ਹੋਈ ਸਵਿਫਟ ਡਿਜ਼ਾਇਰ ਕਾਰ, ਇਕ ਲੈਪਟਾਪ, ਇਕ ਪਿਸਤੌਲ 315 ਬੋਰ, 70 ਕਾਰਤੂਸ , ਇਕ ਕਾਪਾ, ਇਕ ਕਿਰਚ, ਇਕ ਬੇਸਬਾਲ ਤੋਂ ਇਲਾਵਾ ਕਾਰਾਂ ਚੋਰੀ ਕਰਨ ਲਈ ਵਰਤੀਆਂ ਜਾਂਦੀਆਂ ਚਾਬੀਆਂ, ਵੱਖ-ਵੱਖ ਗੱਡੀਆਂ ਦੀਆਂ ਸਟੇਰਿੰਗ ਲਾਕ ਕਿੱਟਾਂ, ਲੋਹਾ ਕੱਟਣ ਵਾਲੀ ਆਰੀ ਸਮੇਤ ਬਲੇਡ, ਚੋਰੀ ਕੀਤੀਆਂ ਗੱਡੀਆਂ ਦੇ ਜ਼ਾਅਲੀ ਦਸਤਾਵੇਜ਼ ਤਿਆਰ ਕਰਨ ਲਈ ਵੱਖ-ਵੱਖ ਅਥਾਰਟੀਆਂ ਦੀਆਂ ਮੋਹਰਾਂ, ਆਰ. ਸੀ. ਖਾਲੀ ਕਾਪੀਆਂ, ਡਰਾਇਵਿੰਗ ਲਾਇੰਸੈਂਸ ਬਣਾਉਣ ਵਾਲੀਆਂ ਖਾਲੀ ਕਾਪੀਆਂ ਬਰਾਮਦ ਹੋਈਆਂ ਹਨ। ਦੋਸ਼ੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮੌਕੇ ਪੁਲਿਸ ਉਪ ਕਪਤਾਨ ਹੈੱਡਕੁਆਰਟਰ ਸ: ਜਸਵਿੰਦਰ ਸਿੰਘ ਘਾਰੂ, ਪੁਲਿਸ ਉਪ ਕਪਤਾਨ ਗਿੱਦੜਬਾਹਾ ਸ੍ਰੀ ਜਗਦੀਸ਼ ਕੁਮਾਰ ਬਿਸ਼ਨੋਈ ਅਤੇ ਥਾਣਾ ਕੋਟਭਾਈ ਦੇ ਮੁੱਖੀ ਸ: ਪਰਮਿੰਦਰ ਸਿੰਘ ਵੀ ਹਾਜਰ ਸਨ।
ਪ੍ਰੀਖਿਆ ਕੇਂਦਰ ਅੰਦਰੋਂ ਅਗਵਾ ਕੀਤਾ ਨੌਜਵਾਨ ਫਿਰੋਜ਼ਪੁਰ ਤੋਂ ਬਰਾਮਦ
ਜਗਰਾਉਂ.- 28 ਮਾਰਚ  ਪਿੰਡ ਹੇਰਾਂ ਦੇ ਪ੍ਰੀਖਿਆ ਕੇਂਦਰ ਅੰਦਰੋਂ ਪਿਸਤੌਲ ਦੀ ਨੋਕ 'ਤੇ ਅਗਵਾ ਕਰ ਕੇ ਲਿਜਾਏ ਗਏ ਨੌਜਵਾਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।
ਐੱਸ. ਐੱਸ. ਪੀ. ਲੁਧਿਆਣਾ (ਦਿਹਾਤੀ) ਅਮਰ ਸਿੰਘ ਚਾਹਲ ਨੇ ਦੱਸਿਆ ਕਿ ਹਾਂਸ ਕਲਾਂ ਦੇ ਰਹਿਣ ਵਾਲੇ ਨੌਜਵਾਨ ਜਗਤਾਰ ਸਿੰਘ ਨੂੰ ਪ੍ਰੀਖਿਆ ਕੇਂਦਰ ਦੇ ਅੰਦਰੋਂ ਅਗਵਾ ਕਰ ਕੇ ਲੈ ਜਾਣ ਵਾਲੇ ਨੌਜਵਾਨਾਂ ਨੂੰ ਕਾਬੂ ਕਰਨ ਲਈ ਪੰਜਾਬ ਭਰ ਦੇ ਪੁਲਿਸ ਥਾਣਿਆਂ ਨੂੰ ਸੂਚਨਾ ਭੇਜੀ ਗਈ ਸੀ ਤੇ ਫ਼ਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ ਨੇੜੇ ਲੱਗੇ ਪੁਲਿਸ ਨਾਕੇ ਨੂੰ ਦੇਖ ਕਥਿਤ ਦੋਸ਼ੀਆਂ ਨੇ ਅਗਵਾ ਕੀਤੇ ਨੌਜਵਾਨ ਜਗਤਾਰ ਸਿੰਘ ਉਤਾਰ ਦਿੱਤਾ ਤੇ ਆਪ ਮੌਕੇ ਤੋਂ ਖਿਸਕਣ 'ਚ ਕਾਮਯਾਬ ਹੋ ਗਏ। ਸੂਚਨਾ ਮਿਲਣ 'ਤੇ ਫਿਰੋਜ਼ਪੁਰ ਪੁਲਿਸ ਵੱਲੋਂ ਜਗਤਾਰ ਸਿੰਘ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ ਗਿਆ, ਜਿਥੋਂ ਸਥਾਨਕ ਪੁਲਿਸ ਨੇ ਉਸ ਨੂੰ ਸਹੀ ਸਲਾਮਤ ਵਾਪਿਸ ਲੈ ਆਂਦਾ। ਪੁਲਿਸ ਮੁਖੀ ਅਨੁਸਾਰ ਅਗਵਾਕਾਰਾਂ ਨੇ ਰਸਤੇ 'ਚ ਵੀ ਨੌਜਵਾਨ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਪਹਿਲੀ ਕੋਸ਼ਿਸ਼ ਅਗਵਾ ਹੋਏ ਨੌਜਵਾਨ ਨੂੰ ਬਰਾਮਦ ਕਰਨਾ ਸੀ ਜੋ ਕਰ ਲਿਆ ਤੇ ਹੁਣ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਕਾਰ ਦੀ ਫੇਟ ਵੱਜਣ ਨਾਲ ਸਕੂਟਰ ਸਵਾਰ ਪਤੀ-ਪਤਨੀ ਦੀ ਮੌਤ

 ਹਾਦਸੇ 'ਚ ਨੁਕਸਾਨੀ ਗਈ ਕਾਰ ਅਤੇ (ਸੱਜੇ) ਮਾਰੇ ਗਏ ਗੁਰਮੇਜ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਦੀਆਂ ਪੁਰਾਣੀਆਂ ਤਸਵੀਰਾਂ।
ਸੁਲਤਾਨਪੁਰ ਲੋਧੀ, 28 ਮਾਰਚ ਅੱਜ ਸਵੇਰੇ ਲਗਭਗ 9 ਵਜੇ ਸੁਲਤਾਨਪੁਰ ਲੋਹੀਆਂ ਸੜਕ 'ਤੇ ਪਿੰਡ ਦੀਪੇਵਾਲ ਨੇੜੇ ਸਕੂਟਰ ਅਤੇ ਕਾਰ ਦੇ ਹੋਏ ਹਾਦਸੇ ਵਿਚ ਸਕੂਟਰ ਸਵਾਰ ਪਤੀ-ਪਤਨੀ ਦੀ ਮੌਕੇ ਤੇ ਮੌਤ ਹੋ ਗਈ। ਪਿੰਡ ਸੱਦੂਪੁਰ ਨਿਵਾਸੀ ਗੁਰਮੇਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਿੱਦੂਪੁਰ ਅਤੇ ਉਨ੍ਹਾਂ ਦੀ ਪਤਨੀ ਸਕੂਟਰ ਤੇ ਗੁਰਦੁਆਰਾ ਬੇਰ ਸਾਹਿਬ ਵੱਲ ਆ ਰਹੇ ਸਨ।
ਸੁਲਤਾਨਪੁਰ ਲੋਧੀ ਵੱਲੋਂ ਆ ਰਹੀ ਇਕ ਸਵਿਫਟ ਕਾਰ ਨੇ ਇਕ ਬੱਸ ਨੂੰ ਓਵਰਟੇਕ ਕਰਦੇ ਸਮੇਂ ਸਕੂਟਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਾਰ ਭੱਠੇ ਨੇੜੇ ਖਤਾਨਾ ਵੱਲ ਦੋਵਾਂ ਨੂੰ ਸਕੂਟਰ ਸਮੇਤ ਧੂਹ ਕੇ ਲੈ ਗਈ। ਟੱਕਰ ਇਨ੍ਹੀ ਭਿਅੰਕਰ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਨੰਬਰ ਪੀ.ਬੀ.08 ਐਨ. 8621 ਨੂੂੰ ਜੱਲੋਪੁਰ ਨਿਵਾਸੀ 22 ਸਾਲਾ ਗੁਰਸ਼ਰਨ ਸਿੰਘ ਪੁੱਤਰ ਗਿਆਨ ਸਿੱਘ ਜੱਲੋਪੁਰ ਚਲਾ ਰਿਹਾ ਸੀ। ਤੀਰਥ ਸਿੰਘ ਇੰਸਪੈਕਟਰ ਤੇ ਹਵਲਦਾਰ ਭਜਨ ਸਿੰਘ ਨੇ ਮੌਕੇ 'ਤੇ ਪੁੱਜ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਗੁਰਸ਼ਰਨ ਸਿੰਘ ਨੂੰ ਹਿਰਾਸਤ 'ਚ ਲੈ ਲਿਆ ਹੈ।
ਪੋਸਟ ਮਾਰਟਮ ਪਿੱਛੋਂ ਸ਼ਾਮ 6 ਵਜੇ ਮ੍ਰਿਤਕ ਜੋੜੇ ਦਾ ਪਿੰਡ ਸਿੱਧੂਪੁਰ ਵਿਖੇ ਇੱਕ ਹੀ ਚਿਤਾ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਜੰਮੂ, ਮਾ: ਮਨਜੀਤ ਸਿੰਘ, ਅਮਰਜੀਤ ਸਿੰਘ ਰਾਣਾ, ਸੁਰਿੰਦਰ ਸਿੰਘ ਰਤਨਪਾਲ, ਗੁਰਨਾਮ ਸਿੰਘ ਰਤਨਪਾਲ, ਗੁਰਚਰਨ ਸਿੰਘ ਸਫਰੀ, ਬਚਿੰਤ ਸਿੰਘ ਸਾ: ਸਰਪੰਚ, ਧਰਮ ਸਿੰਘ ਪੰਚ, ਸਾਧੂ ਸਿੰਘ ਪੰਚ, ਸੁਰਜੀਤ ਸਿੰਘ ਜੋਸਣ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ।

No comments:

Post a Comment