ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘਾਂ ਨੇ ਸਜਾਇਆ ਮਹੱਲਾ
ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਾਏ ਗਏ ਮਹੱਲੇ ਦਾ ਅਲੋਕਿਕ ਦ੍ਰਿਸ਼।
ਅਨੰਦਪੁਰ ਸਾਹਿਬ 9 ਮਾਰਚ, ਨਿਹੰਗ ਸਿੰਘਾਂ ਦੇ ਸਾਰੇ ਦਲਾਂ ਨੇ ਅੱਜ ਦੁਪਹਿਰ ਬਾਅਦ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿਚ ਮਹੱਲਾ ਕੱਢਿਆ। ਇਸ ਸਮੇਂ ਗੁਰੂ ਕੀਆਂ ਲਾਡਲੀਆਂ ਫੌਜਾਂ ਇਕ-ਦੂਜੇ 'ਤੇ ਸੁੱਕਾ ਰੰਗ ਗੁਲਾਲ ਸੁੱਟ ਕੇ ਖੁਸ਼ੀ ਅਤੇ ਖੇੜੇ ਦਾ ਪ੍ਰਗਟਾਅ ਕਰ ਰਹੀਆਂ ਸਨ।ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਾਏ ਗਏ ਮਹੱਲੇ ਦਾ ਅਲੋਕਿਕ ਦ੍ਰਿਸ਼।
ਨਿਹੰਗ ਸਿੰਘਾਂ ਦੇ ਸਾਰੇ ਦਲਾਂ ਦੇ ਨਿਹੰਗ ਸਿੰਘ ਆਪਣੇ-ਆਪਣੇ ਆਗੂਆਂ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ ਲੈ ਕੇ ਕੇਸਰੀ, ਨੀਲੇ ਪੁਸ਼ਾਕੇ ਪਹਿਨੀ, ਹੱਥਾਂ ਵਿਚ ਰਵਾਇਤੀ ਸ਼ਸਤਰ ਲੈ ਕੇ ਪੈਦਲ, ਘੋੜਿਆਂ, ਹਾਥੀਆਂ 'ਤੇ ਮਾਰਚ ਕਰਦੇ ਜਾ ਰਹੇ ਸਨ। ਹਰੇਕ ਦਲ ਦੇ ਅੱਗੇ ਇਕ-ਇਕ ਨਿਹੰਗ ਸਿੰਘ ਨਗਾਰੇ ਉੱਤੇ ਧੌਂਸਾ ਵਜਾਉਂਦਾ ਜਾ ਰਿਹਾ ਸੀ। ਕੁਝ ਨਿਹੰਗ ਸਿੰਘਾਂ ਨੇ ਬੜੇ ਵੱਡੇ ਦਸਤਾਰੇ ਸਜਾਏ ਹੋਏ ਸਨ। ਨਿਹੰਗ ਸਿੰਘਾਂ ਦਾ ਇਹ ਮਹੱਲਾ ਆਪਣੀਆਂ-ਆਪਣੀਆਂ ਛਾਉਣੀਆਂ ਤੋਂ ਸ਼ੁਰੂ ਹੋ ਕੇ ਨਵੀਂ ਆਬਾਦੀ, ਸ੍ਰੀ ਕੇਸਗੜ੍ਹ ਮਾਰਕੀਟ, ਬੱਸ ਸਟੈਂਡ ਤੋਂ ਹੁੰਦਾ ਹੋਇਆ ਅਗੰਮਪੁਰ, ਕਿਲ੍ਹਾ ਹੋਲਗੜ੍ਹ ਰਾਹੀਂ ਗੁਰਦੁਆਰਾ ਮਾਤਾ ਜੀਤੋ ਜੀ ਦੇ ਗੁਰਦੁਆਰੇ ਪੁੱਜਾ ਜਿਥੇ ਸਾਰੇ ਨਿਹੰਗ ਸਿੰਘ ਦਸਮ ਪਾਤਸ਼ਾਹ ਦੇ ਮਹਿਲ ਮਾਤਾ ਜੀਤੋ ਜੀ ਨੂੰ ਨਤਮਸਤਕ ਹੋ ਕੇ ਪੂਰੇ ਜਾਹੋ-ਜਲਾਲ ਨਾਲ ਆਪਣੇ ਜੰਗਜੂ ਕਰਤੱਬ ਦਿਖਾਉਣ ਲਈ ਚਰਨ ਗੰਗਾ ਸਟੇਡੀਅਮ ਪੁੱਜੇ।
ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਤੋਂ ਇਲਾਵਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨਾਗਰ ਸਿੰਘ, ਬਾਬਾ ਅਵਤਾਰ ਸਿੰਘ, ਸ੍ਰੀ ਦਸਮੇਸ਼ ਤਰਨਾ ਦਲ ,ਬਾਬਾ ਮੱਖਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਦਇਆ ਸਿੰਘ, ਬਾਬਾ ਗੱਜਣ ਸਿੰਘ, ਬਾਬਾ ਮੋਹਨ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਮਾਨ ਸਿੰਘ, ਬਾਬਾ ਤਰਲੋਕ ਸਿੰਘ, ਬਾਬਾ ਸੁੱਖਾ ਸਿੰਘ (ਮਹਿਤਾ ਚੌਕ), ਬਾਬਾ ਤਰਲੋਕ ਸਿੰਘ, ਬਾਬਾ ਲਾਲ ਸਿੰਘ, ਬਾਬਾ ਰਛਪਾਲ ਸਿੰਘ, ਬਾਬਾ ਫੁੰਮਣ ਸਿੰਘ, ਬਾਬਾ ਵਿਵੇਕ ਸਿੰਘ, ਬਾਬਾ ਸਤਨਾਮ ਸਿੰਘ (ਸ਼ਹੀਦ ਤਾਰੂ ਸਿੰਘ), ਬਾਬਾ ਹਰਜੀਤ ਸਿੰਘ ਅਤੇ ਬਾਬਾ ਸਤਨਾਮ ਸਿੰਘ (ਨੀਲਧਾਰੀ ਸੰਪਰਦਾਇ) ਆਦਿ ਕਰ ਰਹੇ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ: ਗਿਆਨੀ ਤਰਲੋਚਨ ਸਿੰਘ ਨੇ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਹਰੀਆਂ ਵੇਲਾਂ ਆਦਿ ਸਾਰੇ ਦਲਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਨਿਹੰਗ ਸਿੰਘਾਂ ਦੇ ਸਾਰੇ ਦਲਾਂ ਲਈ ਭੇਜੀ ਇਕ ਲੱਖ ਰੁਪਏ ਦੀ ਰਕਮ ਬਾਬਾ ਨਾਗਰ ਸਿੰਘ ਨੂੰ ਭੇਟ ਕੀਤੀ। ਇਸ ਸਮੇਂ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ: ਸੁਰਿੰਦਰ ਸਿੰਘ, ਸ: ਦਿਲਜੀਤ ਸਿੰਘ ਭਿੰਡਰ, ਸ: ਪਰਮਜੀਤ ਸਿੰਘ ਲੱਖੇਵਾਲ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਸ: ਕੁਲਦੀਪ ਸਿੰਘ ਪੱਟੀ, ਠੇਕੇਦਾਰ ਗੁਰਨਾਮ ਸਿੰਘ, ਸ: ਭਗਤ ਸਿੰਘ ਚਨੌਲੀ, ਜਥੇ: ਰਾਮ ਸਿੰਘ, ਮੀਤ ਮੈਨੇਜਰ ਸ: ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਨਿਹੰਗ ਸਿੰਘ ਨੇ ਵੱਖ-ਵੱਖ ਜੰਗਜੂ ਕਰਤੱਬ ਦਿਖਾ ਕੇ ਲੱਖਾਂ ਦੀ ਗਿਣਤੀ ਵਿਚ ਖੜ੍ਹੀਆਂ ਸੰਗਤਾਂ ਸਾਹਮਣੇ ਪ੍ਰਦਰਸ਼ਨ ਕੀਤਾ।
ਦੁਰੰਤੋ ਰੇਲ ਗੱਡੀ ਦੀਆਂ ਖਾਮੀਆਂ ਦੂਰ ਕਰਨ ਦੀ
ਥਾਂ ਬੰਦ ਕਰਨ ਦੇ ਯਤਨ-ਬੀਬੀ ਚਾਵਲਾ
ਬੀਬੀ ਲਕਸ਼ਮੀ ਕਾਂਤਾ ਚਾਵਲਾ ਗੱਲਬਾਤ ਕਰਦੇ ਹੋਏ।
ਜਲੰਧਰ. ਮੇਜਰ ਸਿੰਘ 9 ਮਾਰਚ, ਸਾਬਕਾ ਮੰਤਰੀ ਤੇ ਭਾਜਪਾ ਆਗੂ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਰੇਲਵੇ ਮੰਤਰਾਲਾ ਅੰਮ੍ਰਿਤਸਰ-ਚੰਡੀਗੜ੍ਹ ਵਿਚਕਾਰ ਆਰੰਭ ਹੋਈ ਦੁਰੰਤੋ ਰੇਲ ਗੱਡੀ ਦੀਆਂ ਖਾਮੀਆਂ ਦੂਰ ਕਰਨ ਦੀ ਥਾਂ ਇਸ ਨੂੰ ਬੰਦ ਕਰਨ ਦੀਆਂ ਵਿਉਂਤਾਂ ਘੜ ਰਿਹਾ ਹੈ। 'ਅਜੀਤ' ਭਵਨ ਵਿਖੇ ਗੱਲਬਾਤ ਕਰਦਿਆਂ ਬੀਬੀ ਚਾਵਲਾ ਨੇ ਕਿਹਾ ਕਿ ਇਕ ਤਾਂ ਇਹ ਗੱਡੀ ਜਲੰਧਰ, ਲੁਧਿਆਣਾ ਰੁਕਦੀ ਨਹੀਂ ਤੇ ਦੂਜਾ ਚੰਡੀਗੜ੍ਹ ਤੋਂ ਵਾਪਸੀ ਦਾ ਸਮਾਂ ਸ਼ਾਮ 7 ਵਜੇ ਹੈ। ਥਾਂ ਬੰਦ ਕਰਨ ਦੇ ਯਤਨ-ਬੀਬੀ ਚਾਵਲਾ
ਬੀਬੀ ਲਕਸ਼ਮੀ ਕਾਂਤਾ ਚਾਵਲਾ ਗੱਲਬਾਤ ਕਰਦੇ ਹੋਏ।
ਲੁਧਿਆਣਾ, ਜਲੰਧਰ ਤੋਂ ਇਸ ਗੱਡੀ ਵਿਚ ਕੋਈ ਸਵਾਰੀ ਬੈਠ ਨਹੀਂ ਸਕਦੀ ਤੇ ਨਾਲ ਹੀ ਸ਼ਾਮ 4-5 ਵਜੇ ਚੰਡੀਗੜ੍ਹ ਕੰਮ ਤੋਂ ਵਿਹਲੇ ਹੋਣ ਵਾਲੇ ਲੋਕਾਂ ਨੂੰ 7 ਵਜੇ ਤੱਕ ਉਡੀਕ ਕਰਨੀ ਔਖੀ ਹੁੰਦੀ ਹੈ। 7 ਵਜੇ ਗੱਡੀ ਚੱਲਣ ਨਾਲ ਉਹ ਰਾਤ 12 ਵਜੇ ਘਰ ਪੁੱਜਦੇ ਹਨ। ਦੁਰੰਤੋ ਦਾ ਵਾਪਸੀ ਦਾ ਕਿਰਾਇਆ ਏ. ਸੀ. ਬੱਸਾਂ ਨਾਲੋਂ 100 ਰੁਪਏ ਵੱਧ ਹੈ ਤੇ ਮੁਸਾਫਿਰ ਗੱਡੀ ਦੀ ਉਡੀਕ ਕਰਨ ਦੀ ਥਾਂ ਬੱਸ ਵਿਚ ਸਫਰ ਕਰਨ ਨੂੰ ਤਰਜੀਹ ਦਿੰਦੇ ਹਨ।
ਇਹੀ ਕਾਰਨ ਹੈ ਕਿ ਸ਼ਾਮ ਸਮੇਂ ਇਸ ਗੱਡੀ ਵਿਚ ਮਸਾਂ 200-250 ਮੁਸਾਫਿਰ ਸਵਾਰ ਹੁੰਦੇ ਹਨ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਘੱਟ ਮੁਸਾਫਿਰਾਂ ਦਾ ਬਹਾਨਾ ਬਣਾ ਕੇ (ਬਾਕੀ ਸਫ਼ਾ 13 'ਤੇ) ਰੇਲ ਮੰਤਰਾਲਾ ਇਹ ਗੱਡੀ ਬੰਦ ਕਰਵਾ ਸਕਦਾ ਹੈ। ਬੀਬੀ ਚਾਵਲਾ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਦੁਰੰਤੋ ਰੇਲ ਗੱਡੀ ਨੂੰ ਜਲੰਧਰ ਤੇ ਲੁਧਿਆਣਾ ਵਿਚ ਵੀ ਰੋਕਿਆ ਜਾਵੇ। ਦੂਜਾ ਰਿਜ਼ਰਵੇਸ਼ਨ ਸਿਰਫ 2 ਏ. ਸੀ. ਡੱਬਿਆਂ ਵਿਚ ਹੀ ਹੋਵੇ ਤੇ ਬਾਕੀ ਡੱਬੇ ਬਿਨਾਂ ਰਿਜ਼ਰਵੇਸ਼ਨ ਹੋਣ ਤੇ ਖਾਣੇ ਦੇ ਜਬਰੀ ਪੈਸੇ ਟਿਕਟ ਵਿਚ ਲੈਣੇ ਬੰਦ ਕੀਤੇ ਜਾਣ। ਸਾਡੀਆਂ ਇਹ ਗੱਲਾਂ ਮੰਨੇ ਜਾਣ ਨਾਲ ਗੱਡੀ ਸਵਾਰੀਆਂ ਨਾਲ ਭਰੀ ਜਾਵੇਗੀ ਤੇ ਆਮ ਲੋਕਾਂ ਦੀ ਮੁਸ਼ਕਿਲ ਵੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਮਾਫੀਆ ਵੀ ਨਹੀਂ ਚਾਹੁੰਦਾ ਕਿ ਕੋਈ ਤੇਜ਼ ਰਫਤਾਰ ਗੱਡੀ ਇਸ ਰੂਟ ਉੱਪਰ ਚੱਲੇ ਜੋ ਸਾਰੇ ਸ਼ਹਿਰਾਂ 'ਚ ਰੁਕਦੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਇਹ ਗੱਡੀ ਲੋਕਾਂ ਦੀ ਸਹੂਲਤ ਲਈ ਸ਼ੁਰੂ ਕਰਵਾਈ ਸੀ ਤੇ ਇਸ ਨੂੰ ਕਿਸੇ ਵੀ ਕੀਮਤ ਉੱਪਰ ਬੰਦ ਨਹੀਂ ਹੋਣ ਦਿਆਂਗੇ।
ਸੜਕ ਹਾਦਸੇ 'ਚ ਇਕ ਦੀ ਮੌਤ-32 ਜ਼ਖ਼ਮੀ
ਅੱਡਾ ਸਰਾਂ. ਹਰਜਿੰਦਰ ਸਿੰਘ ਮਸੀਤੀ 9 ਮਾਰਚ, ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਹੋਏ ਸੜਕ ਹਾਦਸੇ ਦੌਰਾਨ ਇੱਕ ਬੱਚੀ ਦੀ ਮੌਤ ਹੋ ਗਈ ਤੇ 32 ਵਿਅਕਤੀ ਜ਼ਖ਼ਮੀ ਹੋ ਗਏ। ਇਹ ਭਿਆਨਕ ਹਾਦਸਾ ਪਿੰਡ ਪੰਡੋਰੀ ਨਜ਼ਦੀਕ ਉਸ ਸਮੇਂ ਵਾਪਰਿਆ ਜਦੋਂ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਟਾਂਡਾ ਤੋਂ ਅਨੰਦਪੁਰ ਸਾਹਿਬ ਨੂੰ ਜਾ ਰਹੀ ਟਾਟਾ 207 ਗੱਡੀ ਦੀ ਟੱਕਰ ਸਾਹਮਣੇ ਤੋਂ ਆ ਰਹੀ ਟਾਟਾ ਆਰੀਆ ਗੱਡੀ ਨਾਲ ਹੋ ਗਈ। ਇਨ੍ਹਾਂ ਗੱਡੀਆਂ ਨੇ ਮੋਟਰ ਸਾਈਕਲ ਸਵਾਰ ਦੋ ਹੋਰ ਸ਼ਰਧਾਲੂਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਹਾਦਸੇ ਸਬੰਧੀ ਪਤਾ ਚੱਲਦਿਆਂ ਹੀ ਨਜ਼ਦੀਕੀ ਪਿੰਡ ਪੰਡੋਰੀ ਤੇ ਝਾਵਾਂ ਦੇ ਲੋਕ ਜ਼ਖ਼ਮੀਆਂ ਦੀ ਮਦਦ ਕਰਨ ਲਈ ਪਹੁੰਚ ਗਏ। ਇਸ ਹਾਦਸੇ ਦੌਰਾਨ 1 ਸਾਲ ਦੀ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ। ਜਿਸਦੀ ਪਹਿਚਾਣ ਸੁਪਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਪਿੰਡ ਮਿਸ਼ਰਪੁਰ (ਗੁਰਦਾਸਪੁਰ) ਵਜੋਂ ਹੋਈ, ਜਦਕਿ 32 ਹੋਰ ਸ਼ਰਧਾਲੂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਟਾਂਡਾ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਹਾਦਸੇ ਉਪਰੰਤ ਹਸਪਤਾਲ ਵਿਖੇ ਪਹੁੰਚ ਕੇ ਡੀ. ਐਸ. ਪੀ. ਤਰਸੇਮ ਲਾਲ, ਥਾਣਾ ਮੁਖੀ ਦਲਜੀਤ ਸਿੰਘ ਖੱਖ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਅਰਵਿੰਦਰ ਸਿੰਘ ਰਸੂਲਪੁਰ, ਜੋਗਿੰਦਰ ਸਿੰਘ ਗਿਲਜੀਆਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਟਾਂਡਾ ਪੁਲਿਸ ਨੇ ਜ਼ਖ਼ਮੀ ਅਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਮਿਸ਼ਰਪੁਰ ਦੇ ਬਿਆਨਾਂ ਦੇ ਆਧਾਰ 'ਤੇ ਟਾਟਾ ਆਰੀਆ ਚਾਲਕ ਸਰਬਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
No comments:
Post a Comment