2 ਵਿਅਕਤੀ ਬਿਆਸ ਦਰਿਆ 'ਚ ਰੁੜ੍ਹੇ
ਸਠਿਆਲਾ 21 ਅਪ੍ਰੈਲ - ਬਾਬਾ ਬਕਾਲਾ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਗਾਜ਼ੀਵਾਲ ਮਿਆਣੀ ਵਿਖੇ ਸਥਿਤ ਗੁਰਦੁਆਰਾ ਚਿੱਟਾ ਸ਼ੇਰ ਨੇੜੇ ਬਿਆਸ ਦਰਿਆ 'ਚ ਦੋ ਵਿਅਕਤੀਆਂ ਦੇ ਰੁੜ੍ਹ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਜੈਮਲ ਸਿੰਘ (22) ਪਿੰਡ ਯੋਧੇ (ਅੰਮ੍ਰਿਤਸਰ) ਅਤੇ ਜਸਵੰਤ ਸਿੰਘ ਪੁੱਤਰ ਗੋਪਾਲ ਸਿੰਘ (40) ਵਾਸੀ ਉਪਲ ਜ਼ਿਲ੍ਹਾ ਤਰਨ ਤਾਰਨ ਜੋ ਕਿ ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਦੀ ਅਗਵਾਈ 'ਚ ਰੋਜ਼ਾਨਾ ਦੀ ਤਰ੍ਹਾਂ ਗਊਆਂ ਚਾਰਨ ਦੀ ਸੇਵਾ ਕਰਦੇ ਸਨ। ਅੱਜ ਗਊਆਂ ਚਾਰਨ ਸਮੇਂ ਅਚਾਨਕ ਕੁਝ ਗਊਆਂ ਦਰਿਆ ਪਾਰ ਕਰ ਗਈਆਂ ਜਿਨ੍ਹਾਂ ਨੂੰ ਦੋਵੇਂ ਵਿਅਕਤੀ ਵਾਪਸ ਲੈਣ ਦਰਿਆ 'ਚ ਵੜ੍ਹੇ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਦੇਖਦਿਆਂ-ਦੇਖਦਿਆਂ ਰੁੜ੍ਹ ਗਏ। ਘਟਨਾ ਸਥਾਨ 'ਤੇ ਪੁਲਿਸ ਥਾਣਾ ਬਿਆਸ ਦੇ ਮੁਖੀ ਹਰਕ੍ਰਿਸ਼ਨ ਆਪਣੀ ਪੁਲਿਸ ਪਾਰਟੀ ਸਮੇਤ ਪੁੱਜੇ । ਆਖਰੀ ਰਿਪੋਰਟਾਂ ਮਿਲਣ ਤੱਕ ਗੋਤਾ ਖੋਰਾਂ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਅਜੀਤਗੜ੍ਹ, 21 ਅਪ੍ਰੈਲ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਦਸਵੀਂ /ਬਾਰ੍ਹਵੀਂ ਮਾਰਚ 2012 ਦੀ ਪ੍ਰੀਖਿਆਵਾਂ ਦੌਰਾਨ ਗੁਰਦਾਸਪੁਰ ਸ਼ਹਿਰ ਵਿਚ ਕਰਫਿਊ ਲੱਗਣ ਕਾਰਨ, ਪੇਪਰ ਕੈਲਾਸ਼, ਜਾਂ ਕਿਸੇ ਹੋਰ ਗਲਤੀ ਕਾਰਨ ਪ੍ਰੀਖਿਆ ਦੇਣ ਤੋਂ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ 2 ਮਈ ਤੋਂ 4 ਮਈ 2012 ਤੱਕ ਕਰਾਈ ਜਾ ਰਹੀ ਹੈ। ਸਿੱਖਿਆ ਬੋਰਡ ਦੇ ਸਕੱਤਰ ਡਾ: ਬਲਵਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਸਿੱਖਿਆ ਬੋਰਡ ਵੱਲੋਂ ਪਹਿਲਾਂ ਹੀ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿਚ ਸਵੇਰੇ-ਸ਼ਾਮ ਹੋਵੇਗੀ। ਉਨ੍ਹਾਂ ਦੱਸਿਆ ਕਿ ਸਵੇਰ ਦਾ ਸੈਸ਼ਨ ਦਾ ਸਮਾਂ 9: 30 ਤੋਂ 12:30 ਅਤੇ ਸ਼ਾਮ ਦਾ ਸਮਾਂ 2 ਵਜੇ ਤੋਂ 5 ਵਜੇ ਤੱਕ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਵੇਰ ਦੇ ਸੈਸ਼ਨ ਵਿਚ ਦਸਵੀਂ ਦੂਜਾ ਸਮੈਸਟਰ ਅਤੇ ਬਾਰ੍ਹਵੀਂ ਪਹਿਲਾ ਸਮੈਸਟਰ, ਸਾਲਾਨਾ ਪੀ੍ਰਖਿਆ ਪ੍ਰਣਾਲੀ (ਓਲਡ) ਦੀ ਪੀ੍ਰਖਿਆ ਹੋਵੇਗੀ। ਸ਼ਾਮ ਦੇ ਸੈਸ਼ਨ ਵਿਚ ਦਸਵੀਂ ਪਹਿਲਾ ਸਮੈਸਟਰ ਸਾਲਾਨਾ ਪ੍ਰੀਖਿਆ ਪ੍ਰਣਾਲੀ (ਓਲਡ) ਅਤੇ ਬਾਰ੍ਹਵੀਂ ਦੂਜੇ ਸਮੈਸਟਰ ਦੀ ਪ੍ਰੀਖਿਆ ਹੋਵੇਗੀ। ਉਪਰੰਤ ਪ੍ਰੀਖਿਆਵਾਂ ਲਈ ਦਰਜ ਸਮੇਂ ਤੋਂ ਇਲਾਵਾ ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਹੋਰ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ ਨਾਲ ਸੰਬੰਧਿਤ ਪ੍ਰੀਖਿਆਰਥੀ ਗੁਰਦਾਸਪੁਰ ਵਿਖੇ, ਸੰਗਰੂਰ, ਬਠਿੰਡਾ, ਬਰਨਾਲਾ, ਪਟਿਆਲਾ, ਮਾਨਸਾ ਨਾਲ ਸਬੰਧਿਤ ਪ੍ਰੀਖਿਆਰਥੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ, ਲੁਧਿਆਣਾ, ਫਰੀਦਕੋਟ, ਕਪੂਰਥਲਾ, ਜਲੰਧਰ, ਫਿਰੋਜਪੁਰ, ਮੋਗਾ, ਮੁਕਤਸਰ ਨਾਲ ਸੰਬੰਧਿਤ ਪ੍ਰੀਖਿਆਰਥੀ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਅਤੇ ਅਜੀਤਗੜ੍ਹ, ਨਵਾਂ ਸ਼ਹਿਰ, ਰੋਪੜ, ਫਤਿਗਹੜ੍ਹ ਸਾਹਿਬ ਨਾਲ ਸੰਬੰਧਿਤ ਪੀ੍ਰਖਿਆਰਥੀ ਮੁੱਖ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਅਜੀਤਗੜ੍ਹ ਵਿਖੇ ਪ੍ਰੀਖਿਆ ਦੇਣਗੇ। ਉਨ੍ਹਾਂ ਦੱਸਿਆ ਕਿ 2 ਮਈ ਨੂੰ ਦਸਵੀਂ ਦੀ ਪੰਜਾਬੀ ਏ, ਅੰਗਰੇਜ਼ੀ, ਹਿੰਦੀ/ਉਰਦੂ (ਹਿੰਦੀ ਦੀ ਥਾਂ), ਗਣਿਤ, ਸਮਾਜਿਕ ਸਿੱਖਿਆ, ਸਿਹਤ ਅਤੇ ਸਰੀਰਕ ਸਿੱਖਿਆ, ਕਟਾਈ ਸਿਲਾਈ, ਸੰਗੀਤ (ਸਾਜ) ਅਤੇ ਸਿਹਤ ਵਿਗਿਆਨ ਦਾ ਪੇਪਰ ਹੋਵੇਗਾ। ਬਾਰ੍ਹਵੀਂ ਸ਼੍ਰੇਣੀ ਦੀ ਜਨਰਲ ਅੰਗਰੇਜ਼ੀ, ਜਨਰਲ ਪੰਜਾਬੀ, ਪੰਜਾਬੀ ਚੋਣਵੀਂ, ਗਣਿਤ, ਸਿੱਖਿਆ, ਸੰਗੀਤ (ਆਵਾਜ਼), ਸੰਗੀਤ (ਤਬਲਾ), ਫਲਾਸਫੀ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਵਾਤਾਵਰਨ ਸਿੱਖਿਆ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਡੋਮੈਸਟਿਕ ਐਪਲਾਈਜਿਸ਼, ਟੈਸਟ ਅਤੇ ਮਇਅਰਿੰਗ ਇੰਸਟਰੂਮੈਂਟਸ, ਰਿਪੋਡਕਸ਼ਨ ਆਫ ਬਲਿਊ ਪ੍ਰਿੰਟਸ ਦੀ ਪ੍ਰੀਖਿਆ ਹੋਵੇਗੀ। 3 ਮਈ ਨੂੰ ਦਸਵੀਂ ਦੀ ਵਿਗਿਆਨ, ਸੰਗੀਤ (ਆਵਾਜ਼), ਸੰਗੀਤ (ਤਬਲਾ), ਗ੍ਰਹਿ ਵਿਗਿਆਨ, ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ-ਬੀ ਦਾ ਪੇਪਰ ਹੋਵੇਗਾ। ਜਦੋਂ ਕਿ ਬਾਰ੍ਹਵੀਂ ਦਾ ਹਿੰਦੀ ਚੋਣਵੀਂ, ਇਤਿਹਾਸ, ਸਮਾਜ ਸ਼ਾਸਤਰ, ਬਿਜ਼ਨੈਸ ਇਕਨਾਮਿਕਸ ਐਂਡ ਕੁਐਂਟਟਿਟੇਲਿਵ ਮੈਥਡਜ਼-11 ਅਤੇ 4 ਮਈ ਨੂੰ ਦਸਵੀਂ ਦਾ ਖੇਤੀਬਾੜੀ ਦਾ ਪੇਪਰ ਹੋਵੇਗਾ।
ਚੰਡੀਗੜ੍ਹ, 21 ਅਪ੍ਰੈਲ - ਪੰਜਾਬ ਸਰਕਾਰ ਵੱਲੋਂ ਅੱਜ ਇੱਕ ਹੁਕਮ ਜਾਰੀ ਕਰਕੇ ਗੁਰਦਾਸਪੁਰ, ਰੋਪੜ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਸਮੇਤ ਪੰਜ ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ। ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸ੍ਰੀ ਵਿਕਾਸ ਗਰਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵਿਸ਼ੇਸ਼ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਲਗਾਇਆ ਗਿਆ ਹੈ, ਜਦੋਂਕਿ ਰੂਪਨਗਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਜੀ.ਕੇ. ਸਿੰਘ ਨੂੰ ਪਟਿਆਲਾ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਮਹਿੰਦਰ ਸਿੰਘ ਨੂੰ ਸਕੱਤਰ ਪੰਜਾਬ ਮੰਡੀ ਬੋਰਡ ਅਤੇ ਡਾ. ਅਭਿਨਵ ਏ.ਡੀ.ਸੀ. ਬਠਿੰਡਾ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਲਗਾਇਆ ਗਿਆ ਹੈ। ਸ੍ਰੀ ਪਰਦੀਪ ਅਗਰਵਾਲ ਏ. ਡੀ. ਸੀ. ਲੁਧਿਆਣਾ ਨੂੰ ਡਿਪਟੀ ਕਮਿਸ਼ਨਰ ਰੋਪੜ ਨਿਯੁਕਤ ਕੀਤਾ ਗਿਆ ਹੈ। ਬਦਲੇ ਗਏ ਪੁਲਿਸ ਅਧਿਕਾਰੀਆਂ ਵਿਚ ਸ੍ਰੀ ਹਰੀਸ਼ ਕੁਮਾਰ ਬਾਂਸਲ ਨੂੰ ਜੁਆਇੰਟ ਡਾਇਰੈਕਟਰ ਇੰਟਰਨਲ ਵਿਜੀਲੈਂਸ ਬਿਊਰੋ ਪੰਜਾਬ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਦਿਨੇਸ਼ ਪਰਤਾਪ ਸਿੰਘ ਏ.ਆਈ.ਜੀ. ਪ੍ਰੋਵਿਜਨਿੰਗ ਨੂੰ ਜੁਆਇੰਟ ਡਾਇਰੈਕਟਰ ਪ੍ਰਸ਼ਾਸਨ ਵਿਜੀਲੈਂਸ ਬਿਊਰੋ ਪੰਜਾਬ ਲਗਾਇਆ ਗਿਆ ਹੈ।
ਜਲੰਧਰ, 21 ਅਪ੍ਰੈਲ - ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਧਵਾਰ ਤੇ ਸਕੱਤਰ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਤੇਲ ਵਿਚੋਂ ਕਮਿਸ਼ਨ ਨਾ ਵਧਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿਚ 23 ਅਪ੍ਰੈਲ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਉਹ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਕੇਂਦਰੀ ਪੈਟਰੋਲੀਅਮ ਮੰਤਰੀ ਸ੍ਰੀ ਜੈਪਾਲ ਰੈਡੀ ਨਾਲ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਸ੍ਰੀ ਰੈਡੀ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਇਸ ਮਾਮਲੇ ਵਿਚ ਅਪੂਰਵ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਵਾਏਗੀ ਤੇ ਕਮਿਸ਼ਨ ਬਾਰੇ ਜਲਦੀ ਫ਼ੈਸਲਾ ਕਰ ਦਿੱਤਾ ਜਾਵੇਗਾ।
ਚੰਡੀਗੜ੍ਹ, 21 ਅਪ੍ਰੈਲ-ਪੰਜਾਬ ਸਰਕਾਰ ਨੇ ਸ਼ਗਨ ਸਕੀਮ ਅਤੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਲਈ ਲਾਗੂ ਕੀਤੀਆਂ ਜਾਂਦੀਆਂ ਵਜ਼ੀਫਾ ਸਕੀਮਾਂ ਅਧੀਨ ਗਰਾਂਟ/ਵਜ਼ੀਫੇ ਦੀ ਰਾਸ਼ੀ ਯੋਗ ਲਾਭਪਾਤਰੀਆਂ ਅਤੇ ਵਿਦਿਆਰਥੀਆਂ ਨੂੰ ਸਹੀ ਸਮੇਂ 'ਤੇ ਦੇਣ ਲਈ ਆਨ ਲਾਈਨ ਸਿਸਟਮ ਸ਼ੁਰੂ ਕੀਤਾ ਹੈ, ਜਿਸ ਨਾਲ ਤੈਅ ਸਮੇਂ ਦੇ ਅੰਦਰ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਰਾਸ਼ੀ ਜਮ੍ਹਾਂ ਹੋਵੇਗੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਗਨ ਸਕੀਮ ਲਈ ਯੋਗ ਪਰਿਵਾਰਾਂ ਨੂੰ ਦਰਖਾਸਤ ਹਰ ਪੱਖੋਂ ਮੁਕੰਮਲ ਕਰਕੇ ਵਿਆਹ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਦੇਣੀ ਹੋਵੇਗੀ ਜਿਸ ਨਾਲ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਸ਼ਗਨ ਸਕੀਮ ਦੀ ਰਾਸ਼ੀ ਵਿਆਹ ਵਾਲੇ ਦਿਨ ਤੋਂ ਪਹਿਲਾਂ ਜਮ੍ਹਾਂ ਹੋ ਜਾਵੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਲਈ ਲਾਗੂ ਕੀਤੀਆਂ ਗਈਆਂ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ ਕਮ ਮੀਨਜ਼ ਬੇਸਡ ਵਜ਼ੀਫਾ ਸਕੀਮਾਂ ਦੇ ਨਿਯਮਾਂ ਅਨੁਸਾਰ ਯੋਗ ਲਾਭਪਾਤਰੀਆਂ ਵੱਲੋਂ ਦਰਖਾਸਤਾਂ ਦੇਣ ਸਮੇਂ ਆਪਣਾ ਨਿੱਜੀ ਬੈਂਕ ਖਾਤਾ ਅਤੇ ਸੰਬੰਧਿਤ ਬੈਂਕ ਬਰਾਂਚ ਦਾ ਆਈ.ਐਫ.ਐਸ. ਕੋਡ ਦਿੱਤਾ ਜਾਣਾ ਲਾਜ਼ਮੀ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਕਾਲਰਸ਼ਿਪ ਦੀ ਰਾਸ਼ੀ ਸੰਬੰਧਿਤ ਵਿਦਿਆਰਥੀ ਦੇ ਬੈਂਕ ਖਾਤੇ ਵਿੱਚ ਹੀ ਭੇਜੀ ਜਾਵੇ। ਸਰਕਾਰੀ ਬੁਲਾਰੇ ਅਨੁਸਾਰ ਬੈਂਕ ਖਾਤਾ ਕਿਸੇ ਵੀ ਬੈਂਕ ਦੀ ਅਜਿਹੀ ਬਰਾਂਚ ਵਿੱਚ ਖੋਲ੍ਹਿਆ ਜਾਵੇ, ਜਿਹੜੀ ਆਨਲਾਈਨ ਹੋਵੇ। ਇਸ ਤੋਂ ਇਲਾਵਾ ਜੇਕਰ ਕੋਈ ਵੀ ਵਿਦਿਆਰਥੀ ਦੋ ਜਾਂ ਦੋ ਤੋਂ ਵੱਧ ਸਕੀਮਾਂ ਅਧੀਨ ਦਰਖਾਸਤ ਦਿੰਦਾ ਹੈ ਤਾਂ ਉਸ ਨੂੰ ਕਿਸੇ ਵੀ ਸਕੀਮ ਤਹਿਤ ਸਕਾਲਰਸ਼ਿਪ ਨਹੀਂ ਮਿਲੇਗੀ।
No comments:
Post a Comment