Saturday, 21 April 2012

ਨਸ਼ਿਆਂ ਦੀ ਰੋਕਥਾਮ ਲਈ ਠੋਸ ਨੀਤੀ ਛੇਤੀ-ਬਾਦਲ

ਲੰਬੀ ਹਲਕੇ ਦੇ ਪਿੰਡ ਪੰਜਾਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ।
ਲੰਬੀ/ਮੰਡੀ ਕਿੱਲਿਆਂਵਾਲੀ 21 ਅਪ੍ਰੈਲ - ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੱਦੀ ਹਲਕੇ ਲੰਬੀ ਦੇ ਪਿੰਡ ਪੰਜਾਵਾ ਵਿਖੇ ਧੰਨਵਾਦੀ ਦੌਰੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਕੋਹੜ ਤੋਂ ਮੁਕਤ ਕਰਵਾਉਣ ਲਈ ਰਾਜ ਸਰਕਾਰ ਬੇਹੱਦ ਗੰਭੀਰ ਹੈ। ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਵਿੱਚ ਗੜੁੱਚ ਨੌਜਵਾਨਾਂ ਦੇ ਮੁੜ ਵਸੇਬੇ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ ਇਕ ਠੋਸ ਨੀਤੀ ਬਣਾਈ ਜਾ ਰਹੀ ਹੈ, ਜਿਸ ਦਾ ਖਰੜਾ ਤਿਆਰ ਕਰਨ ਲਈ 22 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਇਕ ਉਚ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ। ਸ: ਬਾਦਲ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਆਏ ਦਿਨ ਸੂਬਾ ਸਰਕਾਰਾਂ ਉਪਰ ਆਪਣੀ ਮਰਜ਼ੀ ਮੁਤਾਬਿਕ ਸ਼ਰਤਾਂ ਥੋਪ ਕੇ ਸੰਘੀ ਢਾਂਚੇ ਦੀਆਂ ਨੀਂਹਾਂ ਨੂੰ ਖੋਖਲੀਆਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਿਆਂ ਵਿਚੋਂ ਟੈਕਸਾਂ ਦੇ ਰੂਪ ਵਿਚ ਇਕੱਠਾ ਕੀਤਾ ਪੈਸਾ ਜਦੋਂ ਮੁੜ ਸੂਬਿਆਂ ਨੂੰ ਹੀ ਗਰਾਂਟਾਂ ਵਜੋਂ ਦੇਣਾ ਹੁੰਦਾ ਹੈ ਤਾਂ ਉਸ ਲਈ ਵੀ ਕੇਂਦਰ ਸਰਕਾਰ ਨਵੀਂ ਨੀਤੀ ਘੜ੍ਹ ਲੈਂਦੀ ਹੈ, ਜੋ ਸਿੱਧੇ ਤੌਰ 'ਤੇ ਸੂਬਿਆਂ ਦੇ ਅਧਿਕਾਰਾਂ 'ਤੇ ਛਾਪਾ ਮਾਰਨ ਦੇ ਬਰਾਬਰ ਹੈ। ਸ: ਬਾਦਲ ਨੇ ਦੱਸਿਆ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਜੂਨ ਮਹੀਨੇ ਤੋਂ ਇਲੈਕਟ੍ਰਾਨਿਕ ਬੈਨੇਫਿਟ ਟਰਾਂਸਟਰ (ਈ.ਬੀ.ਟੀ.) ਪ੍ਰਣਾਲੀ ਰਾਹੀਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਸ ਲਈ ਬੈਂਕਾਂ ਦੇ ਸਟਾਫ ਵੱਲੋਂ ਪਿੰਡ-ਪਿੰਡ ਜਾ ਕੇ ਲਾਭਪਾਤਰੀਆਂ ਦੇ ਖਾਤੇ ਖੋਲ੍ਹਣ ਅਤੇ ਹੋਰ ਲੋੜੀਂਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਲਾਗੂ ਹੋਣ ਨਾਲ ਬੈਂਕਾਂ ਦਾ ਅਮਲਾ ਖੁਦ ਪਹੁੰਚ ਕਰਕੇ ਪੈਨਸ਼ਨ ਦਿਆ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਲੜਕੀ ਦੇ ਵਿਆਹ ਤੋਂ ਪਹਿਲਾਂ ਵਿੱਤੀ ਸਹਾਇਤਾ ਦੇਣ ਨੂੰ ਯਕੀਨੀ ਬਣਾਉਣ ਲਈ ਵੀ ਠੋਸ ਨੀਤੀ ਉਲੀਕੀ ਗਈ ਹੈ ਜਿਸ ਤਹਿਤ ਵਿਆਹ ਤੋਂ ਇਕ ਮਹੀਨਾ ਪਹਿਲਾਂ ਅਰਜ਼ੀ ਦੇਣ ਨਾਲ ਵਿਆਹ ਵਾਲੀ ਤਾਰੀਖ ਤੋਂ ਪਹਿਲਾਂ ਰਾਸ਼ੀ ਲਾਭਪਾਤਰੀ ਕੋਲ ਪੁੱਜ ਜਾਇਆ ਕਰੇਗੀ। ਸੂਬੇ ਵਿੱਚ ਢਾਣੀਆਂ 'ਚ ਵੱਸਦੀ ਆਬਾਦੀ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੀ ਸ਼ਰਤ ਨੂੰ ਨਰਮ ਕਰਨ ਬਾਰੇ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਨਵੀਂ ਨੀਤੀ ਤਹਿਤ ਹੁਣ 5 ਘਰਾਂ ਦੀ ਬਜਾਏ 3 ਘਰਾਂ ਦੇ ਸਮੂਹ ਲਈ ਵੀ 24 ਘੰਟੇ ਬਿਜਲੀ ਸਪਲਾਈ ਦੀ ਲਾਈਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨ ਲਈ ਬਿਜਲੀ ਨਿਗਮ ਨੂੰ 70 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਅੱਜ ਮੁੜ ਆਖਿਆ ਕਿ ਰਾਜ ਦੇ ਅਧਿਕਾਰੀ ਲੋਕਾਂ ਦੇ ਸੇਵਕ ਬਣ ਕੇ ਵਿਚਰਨ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਮੇਜਰ ਭੁਪਿੰਦਰ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ ਤੇ ਗੁਰਕੀਰਤ ਕ੍ਰਿਪਾਲ ਸਿੰਘ, ਅਕਾਲੀ ਆਗੂ ਸ. ਪਰਮਜੀਤ ਸਿੰਘ ਲਾਲੀ ਬਾਦਲ, ਉਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਸਤਿੰਦਰਜੀਤ ਸਿੰਘ ਮੰਟਾ, ਚੇਅਰਮੈਨ ਨਿਸ਼ਾਨ ਸਿੰਘ ਮਨੀਆਂਵਾਲਾ, ਐਸ.ਓ.ਆਈ. ਦੇ ਕੌਮੀ ਜਨਰਲ ਸਕੱਤਰ ਜਸਵਿੰਦਰ ਸਿੰਘ ਧੌਲਾ, ਜ਼ਿਲ੍ਹਾ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ, ਬਾਬਾ ਜੀਵਨ ਸਿੰਘ ਮੰਚ ਦੇ ਸੂਬਾ ਪ੍ਰਧਾਨ ਹਰਮੇਸ਼ ਸਿੰਘ ਖੁੱਡੀਆਂ, ਸਰਕਲ ਪ੍ਰਧਾਨ ਇਕਬਾਲ ਸਿੰਘ ਤਰਮਾਲਾ,ਜਸਵੀਰ ਸਿੰਘ ਸ਼ੇਰਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਡੀ.ਆਈ.ਜੀ. ਸ੍ਰੀ ਪ੍ਰਮੋਦ ਬਾਨ, ਜ਼ਿਲ੍ਹਾ ਪੁਲਿਸ ਮੁਖੀ ਸ: ਇੰਦਰਮੋਹਨ ਸਿੰਘ, ਲੰਬੀ ਬੀ.ਡੀ.ਪੀ.ਓ. ਹਰਮੇਲ ਸਿੰਘ ਬੰਗੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਜੂਹੀ ਬੱਬਰ ਨੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਿਆ

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਅਦਾਕਾਰਾ ਜੂਹੀ ਬੱਬਰ ਸੋਨੀ ਆਪਣੇ
ਪਤੀ ਅਨੂਪ ਸੋਨੀ ਨਾਲ। ਤ
ਅੰਮ੍ਰਿਤਸਰ.21 ਅਪ੍ਰੈਲ - ਫ਼ਿਲਮ ਅਦਾਕਾਰਾ ਜੂਹੀ ਬੱਬਰ ਸੋਨੀ ਨੇ ਆਪਣੇ ਪਤੀ ਅਨੂਪ ਸੋਨੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਮੱਥਾ ਟੇਕਿਆ। ਇਸ ਦੌਰਾਨ ਜੂਹੀ ਬੱਬਰ ਨੇ ਦੱਸਿਆ ਕਿ ਉਹ ਅਕਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ ਅੱਜ ਆਪਣੇ ਪਰਿਵਾਰ ਨਾਲ ਆਈ ਹੈ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ 'ਤੇ ਉਸ ਨੂੰ ਆਂਤਮਿਕ ਸ਼ਾਂਤੀ ਮਿਲਦੀ ਹੈ ਤੇ ਅੱਜ ਜਿਸ ਮੁਕਾਮ 'ਤੇ ਹੈ ਉਹ ਗੁਰੂ ਘਰ ਦੀ ਬਖ਼ਸ਼ਿਸ਼ ਦੇ ਸਦਕਾ ਹੈ।
ਢਾਈ ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ

ਤਰਨਤਾਰਨ ਵਿਖੇ ਹੈਰੋਇਨ ਸਮੇਤ ਫੜ੍ਹੇ ਗਏ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹੋਏ
ਨਾਰਕੋਟਿਕ ਸੈੱਲ ਦੇ ਇੰਚਾਰਜ ਹਰਦੀਪ ਸਿੰਘ।
ਤਰਨਤਾਰਨ.21 ਅਪ੍ਰੈਲ -ਤਰਨਤਾਰਨ ਨਾਰਕੋਟਿਕ ਸੈੱਲ ਦੇ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਇਕ ਪੈਦਲ ਆ ਰਹੇ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਢਾਈ ਕਰੋੜ ਰੁਪਏ ਦੱਸੀ ਜਾਂਦੀ ਹੈ। ਫੜ੍ਹੇ ਗਏ ਵਿਅਕਤੀ ਕੋਲੋਂ ਹੋਰ ਪੁੱਛਗਿੱਛ ਲਈ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਫੜ੍ਹੇ ਗਏ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਝੁਗੀਆਂ ਕਿਸ਼ੋਰਬਾਲਾ ਥਾਣਾ ਮਮਦੋਟ (ਫਿਰੋਜ਼ਪੁਰ) ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਇਹ ਹੈਰੋਇਨ ਤਰਨ ਤਾਰਨ ਵਿਖੇ ਸਪਲਾਈ ਕਰਨ ਆਇਆ ਸੀ। ਇਸ ਮੌਕੇ ਏ.ਐੱਸ.ਆਈ. ਹਰਜੀਤ ਸਿੰਘ, ਏ.ਐੱਸ.ਆਈ. ਨਰਿੰਦਰ ਸਿੰਘ, ਐੱਚ.ਸੀ. ਕਰਤਾਰ ਸਿੰਘ, ਸੁਰਜੀਤ ਸਿੰਘ, ਪ੍ਰਵੀਨ ਕੁਮਾਰ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
ਖਰੜ ਦੀ ਅਦਾਲਤ 'ਚ ਅੱਗ ਲੱਗਣ ਕਾਰਨ ਰਿਕਾਰਡ ਨਸ਼ਟ

ਖਰੜ ਦੀ ਅਦਾਲਤ ਵਿਚ ਸੜੇ ਹੋਏ ਰਿਕਾਰਡ ਦਾ ਦ੍ਰਿਸ਼।
ਖਰੜ.21 ਅਪ੍ਰੈਲ -ਖਰੜ ਦੀ ਅਦਾਲਤ ਵਿਚ ਅੱਜ ਭੇਦ ਭਰੀ ਹਾਲਤ 'ਚ ਅੱਗ ਲੱਗਣ ਕਾਰਨ ਅਦਾਲਤ ਦੇ ਪੇਸ਼ੀ ਵਾਲੇ ਕਮਰੇ ਵਿਚ ਪਈਆਂ ਕੇਸਾਂ ਵਾਲੀਆਂ ਬਹੁਤ ਸਾਰੀਆਂ ਫਾਈਲਾਂ ਸੜ ਕੇ ਸੁਆਹ ਹੋ ਗਈਆਂ। ਇਹ ਘਟਨਾ ਖਰੜ ਦੀ ਅਦਾਲਤ ਜੂਨੀਅਰ ਡਵੀਜ਼ਨ ਮੈਡਮ ਸ਼ਿਖਾ ਗੋਇਲ ਦੇ ਪੇਸ਼ੀ ਕਮਰਾ ਨੰਬਰ 2 ਵਿਚ ਵਾਪਰੀ, ਜਿਥੇ ਕਿ ਅਦਾਲਤ ਵਿਚ ਚੱਲ ਰਹੇ ਕੇਸਾਂ ਦੀਆਂ ਫਾਈਲਾਂ ਰੱਖੀਆਂ ਹੁੰਦੀਆਂ ਹਨ ਅਤੇ ਇਸ ਕਮਰੇ ਵਿਚ ਅਹਿਲਮਦ ਸਮੇਤ ਹੋਰ ਕਰਮਚਾਰੀ ਬੈਠਦੇ ਹਨ। ਖਰੜ ਪੁਲਿਸ ਵੱਲੋਂ ਇਸ ਸਬੰਧੀ ਜੱਜਮੈਂਟ ਰਾਇਟਰ ਮਨੋਜ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਡਵੀਜ਼ਨ ਜੱਜ ਰਸ਼ਮੀ ਕਪਿਲਾ ਅਤੇ ਜੂਨੀਅਰ ਡਵੀਜ਼ਨ ਜੱਜ ਸਿਖ਼ਾ ਗੋਇਲ ਵੱਲੋਂ ਮੌਕੇ 'ਤੇ ਜਾਇਜ਼ਾ ਵੀ ਲਿਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਅਜੇ ਤਾਂ ਇਹ ਦੇਖਿਆ ਜਾ ਰਿਹਾ ਹੈ ਕਿ ਕਿੰਨੀਆਂ ਫਾਈਲਾਂ ਸੜ ਕੇ ਨਸ਼ਟ ਹੋਈਆਂ ਹਨ।
ਨਸਰਾਲਾ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਟੱਕਰ-ਦੋ ਮੌਤਾਂ

ਅੱਡਾ ਮੰਡਿਆਲਾਂ ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ ਨੁਕਸਾਨਿਆਂ ਗਿਆ ਮੋਟਰਸਾਈਕਲ
ਅਤੇ ਹਾਦਸਾਗ੍ਰਸਤ ਟਰੱਕ।
ਨਸਰਾਲਾ. 21 ਅਪ੍ਰੈਲ - ਅੱਡਾਂ ਮੰਡਿਆਲਾਂ ਨਜ਼ਦੀਕ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਰਾਤ ਤਕਰੀਬਨ 9 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਇਹ ਨੌਜਵਾਨ ਆਪਣੇ ਪਲਸਰ ਮੋਟਰਸਾਈਕਲ ਨੰਬਰ ਪੀ.ਬੀ.07-ਬੀ.ਐਲ.-9887 'ਤੇ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਪੀਰ ਨਿਗਾਹੇ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਟਰੱਕ ਟਰੱਕ ਨੰਬਰ ਪੀ.ਬੀ. 32 ਏ 2430 ਹੁਸ਼ਿਆਰਪੁਰ ਵਾਲੇ ਪਾਸੇ ਤੋਂ ਰੇਤਾ ਜਲੰਧਰ ਨੂੰ ਲੈ ਕੇ ਜਾ ਰਿਹਾ ਸੀ। ਜਦੋਂ ਇਹ ਦੋਨੋਂ ਵਾਹਨ ਪਿੰਡ ਢੋਡੋ ਮਾਜਰਾ ਗੇਟ ਅਤੇ ਮੰਡਿਆਲਾਂ ਪੈਟਰੋਲ ਪੰਪ ਦੇ ਵਿਚਕਾਰ ਆਏ ਤਾਂ ਆਪਸ 'ਚ ਟਕਰਾ ਗਏ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਹਿਚਾਣ ਪ੍ਰਿੰਸ (20) ਪੁੱਤਰ ਸਲੀਮ ਵਾਸੀ ਜਲੰਧਰ ਅਤੇ ਅਨੂੰ (24) ਪੁੱਤਰ ਮਹਿੰਦਰ ਪਾਲ ਵਾਸੀ ਜਲੰਧਰ ਵਜੋਂ ਹੋਈ ਹੈ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ, ਪੁਲਿਸ ਚੌਂਕੀ ਮੰਡਿਆਲਾਂ ਦੇ ਇੰਚਾਰਜ ਸ਼੍ਰੀ ਗੋਬਿੰਦਰ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਚਾਲੂ ਕੀਤੀ। ਟਰੱਕ ਡਰਾਈਵਰ ਮੌਕੇ 'ਤੇ ਫ਼ਰਾਰ ਹੋ ਗਿਆ। ਇਸ ਸੰਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
2 ਹੋਰ ਹੈਰੋਇਨ ਤਸਕਰ ਗ੍ਰਿਫ਼ਤਾਰ

ਹੈਰੋਇਨ ਤਸਕਰਾਂ ਨੂੰ ਜਾਂਚ ਲਈ ਲਿਜਾਂਦੀ ਹੋਈ ਫ਼ਾਜ਼ਿਲਕਾ ਪੁਲਿਸ।
ਫ਼ਾਜ਼ਿਲਕਾ. 21 ਅਪ੍ਰੈਲ - ਫ਼ਾਜ਼ਿਲਕਾ ਪੁਲਿਸ ਵੱਲੋਂ 20 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਤਸਕਰਾਂ ਨਿਰਵੈਲ ਸਿੰਘ ਅਤੇ ਦਿਲਬਾਗ ਸਿੰਘ ਦੇ ਪੁਲਿਸ ਰਿਮਾਂਡ 'ਚ ਹਨ ਦੀ ਨਿਸ਼ਾਨਦੇਹੀ 'ਤੇ ਹੁਣ 2 ਹੋਰ ਤਸਕਰਾਂ ਜਗਤਾਰ ਸਿੰਘ ਉਰਫ਼ ਤਾਰੀ ਵਾਸੀ ਪਿੰਡ ਦਲ, ਥਾਣਾ ਖਾਲੜਾ ਅਤੇ ਗੁਰਦੇਵ ਸਿੰਘ ਉਰਫ਼ ਡਾਕਟਰ ਵਾਸੀ ਅਮਰਕੋਟ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਨੂੰ ਵੀ ਹਿਰਾਸਤ ਵਿਚ ਲਿਆ ਹੈ। ਪੁਲਿਸ ਦੀ ਜਾਂਚ ਦੌਰਾਨ ਪਕੜੇ ਗਏ ਨਿਰਵੈਲ ਸਿੰਘ ਅਤੇ ਦਿਲਬਾਗ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੇ ਇਹ 20 ਕਿਲੋ ਹੈਰੋਇਨ ਜਗਤਾਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਦੇਣੀ ਸੀ। ਥਾਣਾ ਸਦਰ ਪੁਲਿਸ ਨੇ ਜਗਤਾਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਵੀ ਸਥਾਨਕ ਜੱਸ ਆਸ਼ੀਸ਼ ਸਾਲਦੀ ਦੀ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ 27 ਅਪ੍ਰੈਲ ਤੱਕ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਹੈ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਸਪਾ ਵੱਲੋਂ ਮੀਟਿੰਗਾਂ ਸ਼ੁਰੂ

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਗੁਰਲਾਲ ਸਿੰਘ ਸੈਲਾ ਪਾਰਟੀ ਵਰਕਰਾਂ ਦੀ ਮੀਟਿੰਗ
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
ਫ਼ਿਰੋਜ਼ਪੁਰ. 21 ਅਪ੍ਰੈਲ -ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰ ਮੀਟਿੰਗਾਂ ਕਰਕੇ ਚੋਣਾਂ 'ਚ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਵਰਕਰਾਂ ਨੂੰ ਕਮਰਕੱਸੇ ਕਰਨ ਲਈ ਕਿਹਾ ਗਿਆ ਹੈ। ਅੱਜ ਬਸਪਾ ਦੇ ਸੂਬਾ ਪ੍ਰਧਾਨ ਗੁਰਲਾਲ ਸੈਲਾ ਨੇ ਫ਼ਿਰੋਜ਼ਪੁਰ ਛਾਉਣੀ ਵਿਖੇ ਪਾਰਟੀ ਵਰਕਰਾਂ ਦੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਅੰਦਰ ਬਸਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਾਝਾ ਅਤੇ ਦੁਆਬੇ ਵਿਚ ਬਸਪਾ ਦੇ ਵੋਟ ਬੈਂਕ ਵਿਚ ਹੋਏ ਭਾਰੀ ਵਾਧੇ ਨੂੰ ਦੇਖਦਿਆਂ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਸਰਕਾਰਾਂ ਪਾਰਟੀ ਦੀ ਸਾਖ਼ ਨੂੰ ਧੱਕਾ ਲਾਉਣ ਦੀ ਕੋਸ਼ਿਸ਼ਾਂ ਵਿਚ ਲੱਗੀਆਂ ਹੋਈਆਂ ਹਨ। 15 ਦਿਨਾਂ ਦੇ ਅੰਦਰ ਪਾਰਟੀ ਵੱਲੋਂ ਜ਼ਿਲ੍ਹਾ ਇਕਾਈਆਂ ਦਾ ਗਠਨ ਕਰ ਦਿੱਤਾ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘ, ਬਲਦੇਵ ਸਿੰਘ ਮੱਲਾ, ਸੁਖਦੇਵ ਸਿੰਘ ਸ਼ੀਹਾ, ਇਕਬਾਲ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ, ਹਰਬੰਸ ਸਿੰਘ ਸ਼ਾਂਦੇ ਹਾਸ਼ਮ, ਨੇਕ ਸਿੰਘ, ਬਲਵਿੰਦਰ ਸਿੰਘ, ਰਾਜੂ ਗੁਰੂਹਰਸਹਾਏ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਪੰਜਾਬ ਐਗਰੋ 13 ਲੱਖ ਟਨ ਕਣਕ ਖਰੀਦੇਗੀ-ਆਲੀਵਾਲ

ਜਗਰਾਉਂ ਮੰਡੀ 'ਚ ਕਣਕ ਦੀ ਖਰੀਦ ਕਰਵਾਉਂਦੇ ਹੋਏ ਚੇਅਰਮੈਨ ਅਮਰੀਕ ਸਿੰਘ ਆਲੀਵਾਲ।
ਉਨ੍ਹਾਂ ਨਾਲ ਜਥੇ: ਹਰਸੁਰਿੰਦਰ ਸਿੰਘ ਗਿੱਲ, ਰਛਪਾਲ ਸਿੰਘ ਤਲਵਾੜਾ, ਸਵਰਨ ਸਿੰਘ
ਤਿਹਾੜਾ, ਹਰਪਾਲ ਸਿੰਘ ਹਾਂਸ ਅਤੇ ਹੋਰ।
ਜਗਰਾਉਂ. 21 ਅਪ੍ਰੈਲ - ਪੰਜਾਬ ਐਗਰੋ ਰਾਜ 'ਚ 13 ਲੱਖ ਟਨ ਕਣਕ ਦੀ ਖਰੀਦ ਕਰੇਗੀ ਅਤੇ ਖਰੀਦ ਏਜੰਸੀ ਵੱਲੋਂ ਕਿਸਾਨਾਂ ਦੀ ਜਿਣਸ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾਵੇਗੀ। ਇਹ ਪ੍ਰਗਟਾਵਾ ਅੱਜ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਨੇ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ ਦੇ ਦੌਰੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਪੰਜਾਬ ਐਗਰੋ ਸੂਬੇ ਦੀਆਂ 229 ਅਤੇ ਲੁਧਿਆਣਾ ਜ਼ਿਲ੍ਹੇ ਦੀਆਂ 17 ਮੰਡੀਆਂ 'ਚ ਕਣਕ ਦੀ ਖਰੀਦ ਕਰ ਰਹੀ ਹੈ ਅਤੇ ਹਰੇਕ ਮੰਡੀ 'ਚ ਤਾਇਨਾਤ ਖਰੀਦ ਇੰਸਪੈਕਟਰਾਂ ਨੂੰ ਕਿਸਾਨਾਂ ਨੂੰ ਤੁਰੰਤ ਵਿਹਲੇ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਜਥੇ: ਹਰਸੁਰਿੰਦਰ ਸਿੰਘ ਗਿੱਲ, ਰਛਪਾਲ ਸਿੰਘ ਤਲਵਾੜਾ, ਸੁਰਜੀਤ ਸਿੰਘ ਕਲੇਰ, ਸਵਰਨ ਸਿੰਘ ਤਿਹਾੜਾ, ਹਰਪਾਲ ਸਿੰਘ ਹਾਂਸ, ਦਰਸ਼ਨ ਸਿੰਘ ਸਿੱਧਵਾਂ, ਮਨਜੀਤ ਸਿੰਘ, ਬਲੌਰ ਸਿੰਘ ਭੁੱਲਰ, ਪ੍ਰਿਤਪਾਲ ਸਿੰਘ ਬੁੱਟਰ, ਪਰਮਿੰਦਰ ਸਿੰਘ ਬੁੱਟਰ, ਗੋਬਿੰਦ ਸਿੰਘ ਗਰੇਵਾਲ, ਆੜ੍ਹਤੀ ਜਗਜੀਤ ਸਿੰਘ ਸਿੱਧੂ, ਰਾਕੇਸ਼ ਬਬਲੀ, ਜਥੇ: ਸੋਹਣ ਸਿੰਘ ਆਦਿ ਹਾਜ਼ਰ ਸਨ।
ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਫੀਸ 'ਚ ਵਾਧਾ
ਅਜੀਤਗੜ੍ਹ. 21 ਅਪ੍ਰੈਲ - ਵਿੱਤੀ ਸੰਕਟ ਦੀ ਮਾਰ ਝੱਲ ਰਿਹਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੁਣ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆ ਫੀਸਾਂ ਵਿਚ 100 ਰੁਪਏ ਵਾਧਾ ਕਰਕੇ ਰਾਜ ਦੇ ਲੱਖਾਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਪੜ੍ਹਾਈ ਨੂੰ ਹੋਰ ਮਹਿੰਗਾ ਕਰ ਦਿੱਤਾ ਹੈ। ਸਿੱਖਿਆ ਬੋਰਡ ਵੱਲੋਂ ਦਸਵੀਂ ਸਕੂਲ ਪ੍ਰੀਖਿਆਰਥੀ (ਸਮੇਤ ਓਪਨ ਸਕੂਲ) ਦੀ ਮੌਜੂਦਾ ਫੀਸ ਵਿਚ 100 ਰੁਪਏ ਵਾਧਾ ਕਰ ਦਿੱਤਾ ਹੈ, ਜੋ ਹੁਣ 400+50 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ) ਪ੍ਰੀਖਿਆਰਥੀਆਂ ਨੂੰ ਦੇਣੀ ਹੋਵੇਗੀ। ਪੰਜਾਬ ਦੇ ਪ੍ਰੀਖਿਆਰਥੀ ਜਿਨ੍ਹਾਂ ਦੀ ਰੀ-ਅਪੀਅਰ, ਕਾਰਗੁਜ਼ਾਰੀ ਵਧਾਉਣ ਲਈ ਇਕ ਤੋਂ ਵੱਧ ਵਾਧੂ ਵਿਸ਼ੇ ਲਈ 600+50 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ), ਪੰਜਾਬ ਰਾਜ ਤੋਂ ਬਾਹਰਲੇ ਪ੍ਰੀਖਿਆਰਥੀ ਜਿਨ੍ਹਾਂ ਦੀ ਰੀ-ਅਪੀਅਰ, ਕਾਰਗੁਜ਼ਾਰੀ ਵਧਾਉਣ ਲਈ ਇਕ ਤੋਂ ਵੱਧ ਵਾਧੂ ਵਿਸ਼ੇ ਲਈ 800+50 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ), ਪੰਜਾਬ ਰਾਜ ਦੇ ਪ੍ਰੀਖਿਆਰਥੀ ਜਿਨ੍ਹਾਂ ਨੇ ਵਾਧੂ ਵਿਸ਼ਾ (ਇਕ ਵਿਸ਼ਾ ਦਸਵੀਂ) ਦੀ ਪ੍ਰੀਖਿਆ ਦੇਣੀ ਹੈ ਉਹ 420+50 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ) ਅਤੇ ਪੰਜਾਬ ਤੋਂ ਬਾਹਰਲੇ ਪ੍ਰੀਖਿਆਰਥੀ ਪ੍ਰੀਖਿਆਰਥੀ 530+50 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ) ਫੀਸ ਭਰਨਗੇ। ਇਸੇ ਤਰ੍ਹਾਂ ਬਾਰ੍ਹਵੀਂ ਸਕੂਲ ਪ੍ਰੀਖਿਆਰਥੀ (ਸਮੇਤ ਓਪਨ ਸਕੂਲ) ਦੀ ਮੌਜੂਦਾ ਫੀਸ ਵਿਚ 100 ਰੁਪਏ ਵਾਧਾ ਕਰ ਦਿੱਤਾ ਹੈ, ਜੋ ਹੁਣ 500+70 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ) ਪ੍ਰੀਖਿਆਰਥੀਆਂ ਨੂੰ ਦੇਣੀ ਹੋਵੇਗੀ। ਪੰਜਾਬ ਰਾਜ ਦੇ ਪ੍ਰੀਖਿਆਰਥੀ ਜਿਨ੍ਹਾਂ ਦੀ ਰੀ-ਅਪੀਅਰ, ਕਾਰਗੁਜ਼ਾਰੀ ਵਧਾਉਣ ਲਈ ਇਕ ਤੋਂ ਵੱਧ ਵਾਧੂ ਵਿਸ਼ੇ ਲਈ 700+70 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ), ਪੰਜਾਬ ਰਾਜ ਤੋਂ ਬਾਹਰਲੇ ਪ੍ਰੀਖਿਆਰਥੀ ਜਿਨ੍ਹਾਂ ਦੀ ਰੀ-ਅਪੀਅਰ ਕਾਰਗੁਜ਼ਾਰੀ ਵਧਾਉਣ ਲਈ ਇਕ ਤੋਂ ਵੱਧ ਵਾਧੂ ਵਿਸ਼ੇ ਲਈ 900+70 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ), ਪੰਜਾਬ ਰਾਜ ਦੇ ਪ੍ਰੀਖਿਆਰਥੀ ਜਿਨ੍ਹਾਂ ਨੇ ਵਾਧੂ ਵਿਸ਼ਾ (ਇਕ ਵਿਸ਼ਾ ਬਾਰ੍ਹਵੀਂ) ਦੀ ਪ੍ਰੀਖਿਆ ਦੇਣੀ ਹੈ ਉਹ 420+70 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ) ਅਤੇ ਪੰਜਾਬ ਤੋਂ ਬਾਹਰਲੇ ਪ੍ਰੀਖਿਆਰਥੀ ਪ੍ਰੀਖਿਆਰਥੀ 530+70 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ (ਪ੍ਰਤੀ ਸਮੈਸਟਰ) ਫੀਸ ਭਰਨਗੇ। ਬਾਰ੍ਹਵੀਂ ਸਕੂਲ ਪ੍ਰੀਖਿਆਰਥੀ ਦੀ ਮਾਈਗ੍ਰੇਸ਼ਨ ਫੀਸ (ਕੇਵਲ ਇਕ ਵਾਰ) 200 ਰੁਪਏ ਹੋਵੇਗੀ। ਗੁਪਤ ਨਤੀਜਾ ਫੀਸ 2 ਹਜ਼ਾਰ ਰੁਪਏ ਤੋਂ ਵਧਾ ਕੇ 3 ਹਜ਼ਾਰ ਰੁਪਏ ਅਤੇ ਵਿਸ਼ਾ ਬਦਲੀ ਫੀਸ 1500 ਰੁਪਏ ਤੋਂ ਵਧਾਕੇ 2000 ਰੁਪਏ ਕਰ ਦਿੱਤੀ ਹੈ।
ਸਵਾਈਨ ਫਲੂ ਨਾਲ ਇਕ ਮੌਤ
ਲੁਧਿਆਣਾ. 21 ਅਪ੍ਰੈਲ - ਸਥਾਨਕ ਇਕ ਹਸਪਤਾਲ 'ਚ ਸਵਾਈਨ ਫਲੂ ਤੋਂ ਪੀੜਤ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਵਿਜੈ ਕੁਮਾਰ (35) ਰੋਪੜ ਜ਼ਿਲ੍ਹੇ ਦੇ ਪਿੰਡ ਖੈੜਾ ਕਲੋਮਟ (ਨੇੜੇ ਨੰਗਲ) ਦਾ ਰਹਿਣ ਵਾਲਾ ਸੀ। ਉਹ 2 ਅਪ੍ਰੈਲ ਨੂੰ ਲੁਧਿਆਣਾ ਵਿਖੇ ਆਇਆ ਸੀ ਅਤੇ 3 ਅਪ੍ਰੈਲ ਨੂੰ ਬਿਮਾਰ ਹੋਣ ਪਿੱਛੋਂ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਉਸਦੀ ਹਾਲਤ ਵਿਗੜਦੀ ਵੇਖ ਕੇ 7 ਅਪ੍ਰੈਲ ਨੂੰ ਡੀ. ਐਮ. ਸੀ. ਹਸਪਤਾਲ ਲੁਧਿਆਣਾ 'ਚ ਦਾਖ਼ਲ ਕਰਵਾਇਆ ਜਿੱਥੇ ਉਸਦੇ ਖੂਨ ਦੇ ਨਮੂਨਿਆਂ ਦੀ ਜਾਂਚ ਉਪਰੰਤ ਸਵਾਈਨ ਫਲੂ ਤੋਂ ਪੀੜਤ ਪਾਇਆ ਗਿਆ। ਉਹ ਲੁਧਿਆਣਾ ਵਿਖੇ ਇਕ ਹਲਵਾਈ ਕੋਲ ਕਾਰੀਗਰ ਵਜੋਂ ਕੰਮ ਕਰਦਾ ਸੀ।
ਮੋਗਾ ਮਿਊਂਸਪਲ ਕਾਰਪੋਰੇਸ਼ਨ ਬਣਾਉਣ 'ਤੇ ਦੁਬਾਰਾ ਰੋਕ
ਚੰਡੀਗੜ੍ਹ, 21 ਅਪ੍ਰੈਲ - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ ਹੁਕਮਾਂ ਤੱਕ ਮੋਗਾ ਦੀ ਮਿਊਂਸਪਲ ਕਮੇਟੀ ਨੂੰ ਦਰਜਾ ਵਧਾਕੇ ਮਿਊਂਸਪਲ ਕਾਰਪੋਰੇਸ਼ਨ ਨਾ ਬਣਾਇਆ ਜਾਵੇ। ਕਮੇਟੀ ਦੇ ਕੌਂਸਲਰ ਪ੍ਰਸ਼ੋਤਮਪੁਰੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਨਵਨੀਤ ਕਪੂਰ ਵੱਲੋਂ ਰਿੱਟ ਦਾਇਰ ਕਰਕੇ ਦੱਸਿਆ ਗਿਆ ਸੀ ਕਿ ਕਮੇਟੀ ਕੋਲ ਕਾਰਪੋਰੇਸ਼ਨ ਬਣਾਉਣ ਲਈ ਲੋੜੀਂਦਾ ਬਜਟ ਨਹੀਂ ਹੈ ਅਤੇ ਕਮੇਟੀ ਅੰਦਰ ਪੈਂਦੇ ਖੇਤਰ ਦੀ ਆਬਾਦੀ ਅਤੇ ਵੋਟਾਂ ਦੀ ਗਿਣਤੀ ਵੀ ਕਾਰਪੋਰੇਸ਼ਨ ਬਣਾਉਣ ਦੀਆਂ ਸ਼ਰਤਾਂ ਅਨੁਸਾਰ ਘੱਟ ਹੈ। ਕਮੇਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮਿਆਦ ਅਜੇ ਬਾਕੀ ਰਹਿੰਦੀ ਹੈ। ਜਸਟਿਸ ਰਾਜੀਵ ਨਰਾਇਣ ਰੈਣਾ ਨੇ ਪੰਜਾਬ ਸਰਕਾਰ ਤੋਂ 16 ਮਈ ਤੱਕ ਜੁਆਬ ਮੰਗਿਆ ਹੈ।

No comments:

Post a Comment