Saturday, 21 April 2012

ਪਾਕਿ 'ਚ ਹਵਾਈ ਜਹਾਜ਼ ਹਾਦਸਾਗ੍ਰਸਤ-127 ਮੌਤਾਂ
ਖਰਾਬ ਮੌਸਮ ਕਾਰਨ ਵਾਪਰਿਆ ਹਾਦਸਾ
: ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ

ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਨੇੜੇ ਹੋਏ ਹਵਾਈ ਹਾਦਸੇ ਉਪਰੰਤ ਬਚਾਅ ਕਾਰਜਾਂ 'ਚ ਲੱਗੇ ਰਾਹਤ ਅਮਲੇ ਦੇ ਕਰਮਚਾਰੀ।
ਰਾਵਲਪਿੰਡੀ, 21 ਅਪ੍ਰੈਲ - ਪਾਕਿਸਤਾਨ 'ਚ ਅੱਜ ਸ਼ਾਮ ਵਾਪਰੇ ਹਵਾਈ ਹਾਦਸੇ ਵਿਚ 127 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਰਾਵਲਪਿੰਡੀ ਦੇ ਚਕਲਾਲਾ ਏਅਰਬੇਸ ਤੋਂ 10 ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਹੁਸੈਨ ਅਬਾਦ ਵਿਖੇ ਖਰਾਬ ਮੌਸਮ ਕਾਰਨ ਵਾਪਰਿਆ, ਜਿਸ ਕਾਰਨ ਉਸ ਵਿਚ ਸਵਾਰ ਸਾਰੇ 118 ਯਾਤਰੀਆਂ ਅਤੇ ਚਾਲਕ ਅਮਲੇ ਦੇ 9 ਮੈਂਬਰ ਮਾਰੇ ਗਏ। ਹਾਦਸੇ ਉਪਰੰਤ ਪਾਕਿ ਸੈਨਾ ਦੇ ਜਵਾਨ ਅਤੇ ਬਚਾਅ ਦਲ ਦੇ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਬੁਲਾਰੇ ਪ੍ਰਵੇਜ਼ ਜਾਰਜ ਨੇ ਦੱਸਿਆ ਕਿ ਭੋਜਾ ਏਅਰ ਜੈੱਟ ਦੇ ਬੋਇੰਗ 737 ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 5.00 ਵਜੇ ਕਰਾਚੀ ਤੋਂ ਉਡਾਣ ਭਰੀ। ਇਸ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 6.50 ਵਜੇ ਰਾਵਲਪਿੰਡੀ ਦੇ ਚਕਲਾਲਾ ਏਅਰਬੇਸ 'ਤੇ ਉਤਰਨਾ ਸੀ, ਪਰ ਖਰਾਬ ਮੌਸਮ ਕਾਰਨ ਇਹ ਰਨ-ਵੇਅ ਤੋਂ 10 ਕਿਲੋਮੀਟਰ ਦੂਰ ਪਿੰਡ ਹੁਸੈਨ ਅਬਾਦ ਦੇ ਰਿਹਾਇਸ਼ੀ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ਿਕਰਯੋਗ ਹੈ ਕਿ ਰਾਵਲਪਿੰਡ ਤੇ ਆਸ ਪਾਸ ਦੇ ਇਲਾਕੇ 'ਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਜਹਾਜ਼ ਰਿਹਾਇਸ਼ੀ ਇਲਾਕੇ 'ਚ ਹਾਦਸਾਗ੍ਰਸਤ ਹੋਇਆ ਹੈ ਇਸ ਲਈ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਜਹਾਜ਼ ਨੂੰ ਅਸਮਾਨ 'ਚ ਹੀ ਅੱਗ ਲੱਗ ਗਈ ਸੀ ਅਤੇ ਇਹ ਰਿਹਾਇਸ਼ੀ ਇਲਾਕੇ 'ਚ ਡਿੱਗ ਗਿਆ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਪਾਕਿ ਸਰਕਾਰ ਨੇ ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਸਾਰੇ ਹਸਪਤਾਲਾਂ 'ਚ ਰੈੱਡ ਐਲਰਟ ਜਾਰੀ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੀ ਇਹ ਪਹਿਲੀ ਉਡਾਣ ਸੀ। ਖਰਾਬ ਮੌਸਮ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
 
ਜਲੰਧਰ ਸਨਅਤੀ ਹਾਦਸੇ 'ਚ ਮਰਨ ਵਾਲਿਆਂ
ਦੀ ਗਿਣਤੀ 17 ਹੋਈ
ਬਿਹਾਰ ਦੇ ਰੈਜ਼ੀਡੈਂਟ ਕਮਿਸ਼ਨਰ ਵੱਲੋਂ ਘਟਨਾ ਸਥਾਨ ਦਾ ਦੌਰਾ
ਬਿਹਾਰੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਦੀ ਮਦਦ
: ਮਲਬਾ ਹਟਾਉਣ ਦਾ ਕੰਮ ਅਜੇ ਵੀ ਜਾਰੀ


ਸ਼ੀਤਲ ਫਾਈਬਰ ਦੀ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ 'ਚੋਂ ਦੱਬੀ ਲਾਸ਼ ਬਾਹਰ ਕੱਢਦੇ ਹੋਏ ਫੌਜੀ ਜਵਾਨ।
ਜਲੰਧਰ, 21 ਅਪ੍ਰੈਲ-ਐਤਵਾਰ ਨੂੰ ਜਲੰਧਰ ਦੇ ਸਨਅਤੀ ਕੰਪਲੈਕਸ 'ਚ ਸ਼ੀਤਲ ਫਾਈਬਰ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 17 ਮੌਤਾਂ ਦੀ ਪੁਸ਼ਟੀ ਹੋ ਗਈ ਹੈ, ਜਦ ਕਿ ਕੁਲ 62 ਵਿਅਕਤੀਆਂ ਨੂੰ ਬਚਾਅ ਕਾਰਜਾਂ ਦੌਰਾਨ ਸੁਰੱਖਿਅਤ ਕੱਢ ਲਿਆ ਗਿਆ ਹੈ। ਇਨ੍ਹਾਂ ਵਿਚੋਂ ਦਰਜਨ ਦੇ ਕਰੀਬ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਤੇ ਦੇਵੀ ਤਲਾਬ ਚੈਰੀਟੇਬਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਪੁਲਿਸ ਕਮਿਸ਼ਨਰ ਜਲੰਧਰ ਗੌਰਵ ਯਾਦਵ ਨੇ ਦੱਸਿਆ ਕਿ ਮਲਬਾ ਹਟਾਉਣ ਦੀ ਕਾਰਵਾਈ ਭਾਵੇਂ ਅਜੇ ਚੱਲ ਰਹੀ ਹੈ, ਪਰ ਹੁਣ ਮਲਬੇ ਹੇਠ ਕਿਸੇ ਮ੍ਰਿਤਕ ਦੇ ਦੱਬੇ ਹੋਣ ਦੀ ਗੁੰਜਾਇਸ਼ ਘੱਟ ਹੀ ਹੈ। ਮਲਬੇ ਦੀ ਅੱਜ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੇ ਡਿਟੈਕਟਰਾਂ ਨਾਲ ਕਾਫੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ। ਜਿਸ ਦੌਰਾਨ ਇਕ ਲਾਸ਼ ਹੋਰ ਬਾਹਰ ਕੱਢੀ ਗਈ ਹੈ। ਕੌਮੀ ਆਫ਼ਤ ਰਾਹਤ ਫੋਰਸ, ਫੌਜ, ਪੁਲਿਸ ਦੇ ਜਵਾਨ ਅਤੇ ਕੁਝ ਸਮਾਜਿਕ ਸੇਵਾ ਸੰਗਠਨਾਂ ਦੇ ਵਰਕਰ ਅੱਜ ਵੀ ਸਾਰਾ ਦਿਨ ਮਲਬਾ ਹਟਾਉਣ 'ਚ ਸਰਗਰਮੀ ਨਾਲ ਰੁਝੇ ਰਹੇ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਨਿਚਰਵਾਰ ਇਹ ਆਪ੍ਰੇਸ਼ਨ ਖ਼ਤਮ ਕਰ ਲਿਆ ਜਾਵੇ। ਬਿਹਾਰ ਦੇ ਰੈਜੀਡੈਂਟ ਕਮਿਸ਼ਨਰ ਪੁੱਜੇ-ਹਾਦਸੇ 'ਚ ਮਰਨ ਵਾਲਿਆਂ 'ਚ ਵਧੇਰੇ ਗਿਣਤੀ ਮਜ਼ਦੂਰ ਬਿਹਾਰੀ ਹੋਣ ਕਾਰਨ ਅੱਜ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਦੀ ਹਦਾਇਤ ਉੱਪਰ ਰੈਜੀਡੈਂਟ ਕਮਿਸਸ਼ਨਰ ਸ੍ਰੀ ਅਮਰ ਬੈਨਰਜੀ ਘਟਨਾ ਸਥਾਨ ਉੱਪਰ ਪੁੱਜੇ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਸਰਕਾਰੀ ਅਧਿਕਾਰੀਆਂ ਨਾਲ ਉਹ ਸਿਵਲ ਹਸਪਤਾਲ ਤੇ ਨਿੱਜੀ ਹਸਪਤਾਲ ਵਿਚ ਦਾਖ਼ਲ ਜ਼ਖ਼ਮੀਆਂ ਨੂੰ ਵੀ ਮਿਲਣ ਗਏ। ਬਚਾਅ ਕਾਰਜਾਂ ਤੇ ਜ਼ਖ਼ਮੀਆਂ ਦੀ ਦੇਖ ਭਾਲ 'ਤੇ ਉਨ੍ਹਾਂ ਗਹਿਰੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਐਲਾਨ ਕੀਤਾ ਕਿ ਹਾਦਸੇ 'ਚ ਮਾਰੇ ਗਏ ਸਾਰੇ ਬਿਹਾਰੀ ਮਜ਼ਦੂਰਾਂ ਦੇ ਵਾਰਸਾਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

ਘਟਨਾ ਸਥਾਨ 'ਤੇ ਬਿਹਾਰ ਦੇ ਰੈਜੀਡੈਂਟ ਕਮਿਸ਼ਨਰ ਅਮਰ ਬੈਨਰਜੀ ਇਕ ਪੀੜਤ ਵਿਅਕਤੀ ਦੇ ਦੁਖੜੇ ਸੁਣਦੇ ਹੋਏ। (ਸੱਜੇ) ਮਲਬੇ ਨੂੰ ਉਠਾਉਂਦੀ ਮਸ਼ੀਨ।
ਸਿਵਲ ਹਸਪਤਾਲ 'ਚ ਸੂਚਨਾ ਕੇਂਦਰ-ਡਾ: ਅਵਤਾਰ ਚੰਦ ਸਿਵਲ ਸਰਜਨ ਜਲੰਧਰ ਵੱਲੋਂ ਸ਼ੀਤਲ ਫੈਕਟਰੀ ਹਾਦਸੇ ਦੇ ਸਬੰਧ ਵਿਚ ਸਿਵਲ ਹਸਪਤਾਲ ਜਲੰਧਰ ਵਿਖੇ ਦਾਖ਼ਲ ਮਰੀਜ਼ਾਂ ਬਾਰੇ ਜਾਣਕਾਰੀ ਲੈਣ ਬਾਰੇ ਹਸਪਤਾਲ ਦੇ ਐਮਰਜੈਂਸੀ ਲੈਂਡਲਾਈਨ ਨੰਬਰ 0181-2227560 ਨੂੰ ਜਨਤਾ ਦੀ ਸਹੂਲਤ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਮਰੀਜ਼ਾਂ ਬਾਰੇ ਕਿਸੇ ਵੀ ਜਾਣਕਾਰੀ ਲੈਣ ਲਈ ਇਸ ਨੰਬਰ 'ਤੇ ਫੋਨ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਇਕਬਾਲ ਸਿੰਘ ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਨੇ ਦੱਸਿਆ ਕਿ ਸ਼ੀਤਲ ਫੈਕਟਰੀ ਹਾਦਸੇ ਨਾਲ ਸਬੰਧਿਤ ਕੁਲ 15 ਮਰੀਜ਼ ਹਸਪਤਾਲ ਵਿਚ ਦਾਖ਼ਲ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਸਵੈ-ਸੇਵੀ ਸੰਸਥਾਵਾਂ ਅਤੇ ਹਸਪਤਾਲ ਸਟਾਫ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਖਾਣਾ ਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ।
 
ਸ੍ਰੀਨਗਰ 'ਚ ਅੱਤਵਾਦੀ ਹਮਲੇ ਦੌਰਾਨ
ਪੁਲਿਸ ਅਧਿਕਾਰੀ ਸ਼ਹੀਦ
ਮੋਰਚੇ ਹਟਾਉਣ ਦਾ ਕੰਮ ਜਾਰੀ

ਸ੍ਰੀਨਗਰ 'ਚ ਸ਼ਹੀਦ ਸੁਖਪਾਲ ਸਿੰਘ ਦੀ ਮ੍ਰਿਤਕਦੇਹ 'ਤੇ ਰਾਸ਼ਟਰੀ ਝੰਡਾ ਪਾਉਂਦੇ ਹੋਏ ਪੁਲਿਸ ਅਧਿਕਾਰੀ।
ਸ੍ਰੀਨਗਰ, 21 ਅਪ੍ਰੈਲ ()-ਸਰਕਾਰ ਵੱਲੋਂ ਗਰਮ ਰੁੱਤ ਦੀ ਰਾਜਧਾਨੀ ਦੀਆਂ ਸੜਕਾਂ ਤੋਂ ਸੀ.ਆਰ.ਪੀ. ਐਫ ਦੀ ਮੋਰਚਾਬੰਦੀ ਹਟਾਉਣ ਦੇ ਦਰਮਿਆਨ ਅੱਤਵਾਦੀਆਂ ਨੇ ਸ਼ਹਿਰ 'ਚ ਹਮਲਾ ਕਰਕੇ ਇਕ ਪੁਲਿਸ ਅਧਿਕਾਰੀ ਨੂੰ ਸ਼ਹੀਦ ਕਰ ਦਿੱਤਾ। ਇਸ ਘਟਨਾ ਦੇ ਬਾਵਜੂਦ ਲਾਲ ਚੌਕ ਵਿਚਲੇ ਮੋਰਚੇ ਨੂੰ ਹਟਾਇਆ ਜਾ ਰਿਹਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼ਹਿਰ ਦੇ ਹੇਠਲੇ ਖੇਤਰ ਦਾਰਿਸ਼ ਕਡਾਲ ਵਿਖੇ ਜੰਮੂ ਕਸ਼ਮੀਰ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਥਾਣੇਦਾਰ ਸੁਖਪਾਲ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਆਪਰੇਸ਼ਨ ਥੀਏਟਰ ਵਿਚ ਦਮ ਤੋੜ ਗਿਆ। ਪੁਲਿਸ ਮੁਖੀ ਕੁਲਦੀਪ ਖੋਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਲ ਚੌਕ ਦੇ ਜਿਸ ਸਥਾਨ ਤੋਂ ਮੋਰਚਾਬੰਦੀ ਖਤਮ ਕੀਤੀ ਜਾ ਰਹੀ ਹੈ ਉਸ ਸਥਾਨ 'ਤੇ ਪੁਲਿਸ ਚੌਕੀ ਕਾਇਮ ਕੀਤੀ ਜਾਵੇਗੀ।

ਸ੍ਰੀਨਗਰ 'ਚ ਸ਼ਹੀਦ ਸੁਖਪਾਲ ਸਿੰਘ ਦੇ ਸਸਕਾਰ ਮੌਕੇ ਪੁਲਿਸ ਦੇ ਜਵਾਨ ਸਲਾਮੀ ਦਿੰਦੇ ਹੋਏ।
ਇਥੇ ਮਹੱਤਵਪੂਰਨ ਹੈ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿੱਛੇ ਜਿਹੇ ਹੀ ਸ਼ਹਿਰ ਦੀਆਂ ਸੜਕਾਂ ਤੋਂ ਮੋਰਚਾਬੰਦੀ ਹਟਾ ਦੇਣ ਦਾ ਐਲਾਨ ਕੀਤਾ ਸੀ। ਪਿਛਲੇ ਮਹੀਨੇ ਇਕ ਮੋਰਚਾ ਜੋ ਕੋਈ 2 ਦਹਾਕੇ ਪਹਿਲਾਂ ਕਾਇਮ ਕੀਤਾ ਗਿਆ ਸੀ, ਨੂੰ ਹਟਾ ਦਿੱਤਾ ਗਿਆ ਸੀ। ਅਜੇ ਵੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਨੀਮ ਫੌਜੀ ਬਲਾਂ ਦੇ 2 ਦਰਜਨ ਦੇ ਕਰੀਬ ਮੋਰਚੇ ਹਨ।

No comments:

Post a Comment