Tuesday, 3 April 2012


ਜ਼ਰਦਾਰੀ ਤੇ ਮਨਮੋਹਨ ਸਿੰਘ ਐਤਵਾਰ ਨੂੰ ਇਕੱਠੇ ਖਾਣਗੇ ਖਾਣਾ

ਇਸਲਾਮਾਬਾਦ, 3 ਅਪ੍ਰੈਲ -ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਆਪਣੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣਗੇ। ਦੋਵਾਂ ਪ੍ਰਮਾਣੂ ਤਾਕਤਾਂ ਵਿਚਾਲੇ ਪਿਛਲੇ ਸਾਲਾਂ ਦੌਰਾਨ ਸਬੰਧ ਸੁਖਾਵੇਂ ਹੋਣ ਦੇ ਦਰਮਿਆਨ ਕਿਸੇ ਪਾਕਿਸਤਾਨੀ ਮੁੱਖੀ ਦਾ 2005 ਤੋਂ ਬਾਅਦ ਇਹ ਪਹਿਲਾ ਭਾਰਤ ਦੌਰਾ ਹੈ। ਬੁਲਾਰੇ ਫਰਹਾਤੁਲ੍ਹਾ ਬਬਰ ਨੇ ਇਕ ਬਿਆਨ ਵਿਚ ਦੱਸਿਆ ਕਿ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਤਾ ਗਿਆ ਦੁਪਹਿਰ ਦੇ ਖਾਣੇ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਉਹ ਐਤਵਾਰ ਨਵੀਂ ਦਿੱਲੀ ਵਿਚ ਮਿਲਣਗੇ। ਆਪਣੇ ਇਕ ਦਿਨਾ ਦੌਰੇ ਦੌਰਾਨ ਜ਼ਰਦਾਰੀ ਵੱਲੋਂ ਸੂਫੀ ਸੰਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੇ ਦਰਸ਼ਨਾਂ ਲਈ ਅਜਮੇਰ ਵੀ ਜਾਣ ਦੀ ਆਸ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਜ਼ਰਦਾਰੀ ਦੀ ਇਕ ਦਿਨਾ ਨਿੱਜੀ ਯਾਤਰਾ ਬਾਰੇ ਭਾਰਤ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਅਸਲ ਵਿਚ ਇਹ ਪੂਰੀ ਤਰਾਂ ਨਿੱਜੀ ਦੌਰਾ ਹੈ ਇਸ ਲਈ ਇਸ ਨੂੰ ਗੁਪਤ ਹੀ ਰੱਖਿਆ ਗਿਆ ਹੈ। ਰਾਸ਼ਟਰਪਤੀ ਦੇ ਇਕ ਸਹਾਇਕ ਨੇ ਦੱਸਿਆ ਕਿ ਜ਼ਰਦਾਰੀ ਲਗਭਗ ਪਿਛਲੇ ਇਕ ਸਾਲ ਤੋਂ ਅਜਮੇਰ ਜਾਣ ਬਾਰੇ ਸੋਚ ਰਹੇ ਸਨ। ਜ਼ਰਦਾਰੀ ਦਾ ਇਸ ਯਾਤਰਾ ਦਾ ਮੰਤਵ ਧਾਰਮਿਕ ਹੈ ਪਰੰਤੂ ਭਾਰਤ ਸਰਕਾਰ ਇਸ ਦੌਰੇ ਦੌਰਾਨ ਰਾਜਸੀ ਵਿਚਾਰ ਵਟਾਂਦਰਾ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਵੀ ਲਾ ਰਹੀ ਹੈ।
ਚੰਡੀਗੜ੍ਹ, 3 ਅਪ੍ਰੈਲ -ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ ਪੰਜਾਬ ਦੀ ਪੇਂਡੂ ਜਲ ਸਪਲਾਈ, ਸੈਨੀਟੇਸ਼ਨ, ਡਿਫੈਂਸ ਸਰਵਿਸਿਜ਼ ਵੈਲਫੇਅਰ, ਪੈਨਸ਼ਨਰਾਂ ਦੀ ਭਲਾਈ ਅਤੇ ਸ਼ਿਕਾਇਤ ਨਿਵਾਰਨ ਕਮੇਟੀਆਂ ਬਾਰੇ ਮੰਤਰੀ ਬੀਬੀ ਜਗੀਰ ਕੌਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਉਨ੍ਹਾਂ ਦੇ ਸਾਰੇ ਵਿਭਾਗ ਫਿਲਹਾਲ ਮੁੱਖ ਮੰਤਰੀ ਨੇ ਆਪਣੇ ਕੋਲ ਹੀ ਰੱਖ ਲਏ ਹਨ। 30 ਮਾਰਚ ਨੂੰ ਪਟਿਆਲਾ ਸਥਿਤ ਸੀ. ਬੀ. ਆਈ. ਦੀ ਅਦਾਲਤ ਵੱਲੋਂ ਹਰਪ੍ਰੀਤ ਹੱਤਿਆ ਕੇਸ 'ਚ ਬੀਬੀ ਜਗੀਰ ਕੌਰ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ। ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸ: ਬਾਦਲ ਨੇ ਹਾਲੇ ਬੀਬੀ ਜਗੀਰ ਕੌਰ ਵਾਲੇ ਵਿਭਾਗ ਕਿਸੇ ਦੂਜੇ ਮੰਤਰੀ ਨੂੰ ਅਲਾਟ ਨਹੀਂ ਕੀਤੇ, ਇਸ ਲਈ ਤਕਨੀਕੀ ਤੌਰ 'ਤੇ ਅਜੇ ਇਨ੍ਹਾਂ ਵਿਭਾਗਾਂ ਦੀ ਦੇਖਭਾਲ ਉਹ ਆਪ ਹੀ ਕਰਨਗੇ। ਜਾਣਕਾਰ ਹਲਕਿਆਂ ਅਨੁਸਾਰ ਸ: ਬਾਦਲ ਨੇ ਅਜੇ ਬੀਬੀ ਜਗੀਰ ਕੌਰ ਦੀ ਖਾਲੀ ਥਾਂ ਪੁਰ ਕਰਨ ਲਈ ਕੋਈ ਨਵਾਂ ਮੰਤਰੀ ਬਣਾਉਣ ਦਾ ਫੈਸਲਾ ਨਹੀਂ ਕੀਤਾ। ਆਮ ਵਿਚਾਰ ਹੈ ਕਿ ਬੀਬੀ ਮਹਿੰਦਰ ਕੌਰ ਜੋਸ਼ ਨੂੰ ਕੁਝ ਸਮਾਂ ਪਾ ਕੇ ਮੰਤਰੀ ਬਣਾਇਆ ਜਾ ਸਕਦਾ ਹੈ, ਜੋ ਦੂਜੀ ਵਾਰ ਅਕਾਲੀ ਟਿਕਟ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਾਖਵੇਂ ਹਲਕੇ ਸ਼ਾਮਚੁਰਾਸੀ ਤੋਂ ਵਿਧਾਇਕ ਚੁਣੇ ਗਏ ਹਨ।
ਇਸਲਾਮਾਬਾਦ, 3 ਅਪ੍ਰੈਲ -ਪਾਕਿਸਤਾਨ ਦੀ ਇਕ ਅਦਾਲਤ ਨੇ ਅਲਕਾਇਦਾ ਦੇ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ ਦੋ ਧੀਆਂ ਨੂੰ ਪਾਕਿਸਤਾਨ ਵਿਚ ਗੈਰਕਾਨੂੰਨੀ ਤੌਰ 'ਤੇ ਰਹਿਣ ਬਦਲੇ 45 ਦਿਨ ਕੈਦ ਦੀ ਸਜ਼ਾ ਸੁਣਾਈ ਹੈ। ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ 14 ਦਿਨ ਜੇਲ੍ਹ 'ਚ ਗੁਜਾਰਨੇ ਪੈਣਗੇ ਕਿਉਂਕਿ ਉਹ ਪਹਿਲਾਂ ਹੀ ਨਜ਼ਰਬੰਦ ਹਨ। ਸਜ਼ਾ ਪਿਛੋਂ ਬਿਨ ਲਾਦੇਨ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਅਮਰੀਕੀ ਸੈਨਿਕਾਂ ਨੇ ਪਿਛਲੇ ਸਾਲ ਮਈ ਮਹੀਨੇ ਪਾਕਿਸਤਾਨ ਦੇ ਐਬਟਾਬਾਦ ਸ਼ਹਿਰ ਵਿਚ ਕਮਾਂਡੋ ਕਾਰਵਾਈ ਕਰਕੇ ਲਾਦੇਨ ਨੂੰ ਮਾਰ ਦਿੱਤਾ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਕਿ ਪਾਕਿਸਤਾਨੀ ਅਧਿਕਾਰੀ ਲਾਦੇਨ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਦੱਸਣ ਤੋਂ ਰੋਕਣ ਲਈ ਲੰਬੀ ਕੈਦ ਨੂੰ ਤਰਜੀਹ ਦੇ ਸਕਦੇ ਹਨ ਕਿ ਓਸਾਮਾ ਬਿਨ ਲਾਦੇਨ ਬਿਨਾਂ ਪਤਾ ਲੱਗੇ ਪਾਕਿਸਤਾਨ ਵਿਚ ਲੰਬਾ ਸਮਾਂ ਕਿਵੇਂ ਰਹਿੰਦਾ ਰਿਹਾ। ਇਹ ਸੰਭਵ ਹੈ ਕਿ ਉਸ ਨੂੰ ਸੁਰੱਖਿਆ ਅਧਿਕਾਰੀਆਂ ਦੀ ਸਹਾਇਤਾ ਪ੍ਰਾਪਤ ਸੀ।
ਅਹਿਮਦਾਬਾਦ, 3 ਅਪ੍ਰੈਲ - ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਫਿਲਹਾਲ ''ਦ 2012 ਟਾਈਮਜ 100 ਪੋਲ'' 'ਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਹਰਮਨ ਪਿਆਰੇ ਰਾਜ ਨੇਤਾਵਾਂ 'ਚ ਸ਼ਾਮਿਲ ਕੀਤੇ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਤੋਂ ਅੱਗੇ ਹੋ ਗਏ ਹਨ। ਮੋਦੀ ਨੇ ਪਿਛਲੇ ਹਫਤੇ ਅਮਰੀਕਾ ਦੇ ਮਸ਼ਹੂਰ ਟਾਈਮਜ ਮੈਗਜੀਨ ਦੇ ਕਵਰ ਪੇਜ 'ਤੇ ਜਗ੍ਹਾ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ''ਦ 2012 ਟਾਈਮਜ 100 ਪੋਲ'' 'ਚ ਸ਼ਾਮਿਲ ਕੀਤਾ ਗਿਆ ਹੈ। ਟਾਈਮਜ ਦੇ ਅਨੁਸਾਰ ਇਸ ਪੋਲ ਦਾ ਟੀਚਾ ਨੇਤਾਵਾਂ, ਕਲਾਕਾਰਾਂ, ਨਾਇਕਾਵਾਂ, ਰੋਜ ਨਵਾਂ ਕਰਨ ਵਾਲਿਆਂ ਅਤੇ ਲੋਕਾਂ ਦੇ ਆਦਰਸ਼ ਬਣੇ ਰਹਿਣ ਵਾਲਿਆਂ 'ਚੋਂ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਚੋਣ ਕਰਨਾ ਹੈ। ਅਧਿਕਾਰਕ ਵੋਟਿੰਗ 6 ਅਪ੍ਰੈਲ ਨੂੰ ਖਤਮ ਹੋਵੇਗੀ ਅਤੇ ਜੇਤੂ ਨੂੰ ''ਟਾਈਮਜ 100'' ਦੇ ਅੰਕ 'ਚ ਸ਼ਾਮਿਲ ਕੀਤਾ ਜਾਵੇਗਾ।
ਨਵੀਂ ਦਿੱਲੀ, 3 ਅਪ੍ਰੈਲ -ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਆਦੇਸ਼ ਦਿੱਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੀ ਮੌਜੂਦਾ ਸਥਿੱਤੀ ਬਾਰੇ ਰਿਪੋਰਟ ਦਾਇਰ ਕੀਤੀ ਜਾਵੇ। ਮਨੋਨੀਤ ਅਦਾਲਤ ਨੇ ਇਹ ਆਦੇਸ਼ ਇਕ ਪਟੀਸ਼ਨ 'ਤੇ ਦਿੱਤਾ ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਭਾਰੀ ਗਿਣਤੀ ਵਿਚ ਅਸਾਮੀਆਂ ਖਾਲੀ ਹਨ ਤੇ ਸਰਕਾਰ ਇਹ ਅਸਾਮੀਆਂ ਭਰਨ ਲਈ ਗੰਭੀਰ ਨਹੀਂ ਹੈ। ਪਟੀਸ਼ਨਰਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰੀ ਸਕੂਲਾਂ ਵਿਚ ਅਸਾਮੀਆਂ ਜਾਣ ਬੁੱਝ ਕੇ ਤੇ ਸੋਚ ਸਮਝਕੇ ਖਾਲੀ ਰੱਖੀਆਂ ਜਾ ਰਹੀਆਂ ਹਨ ਕਿਉਂਕਿ ਇਨ੍ਹਾਂ ਸਕੂਲਾਂ ਵਿਚ ਬਹੁਗਿਣਤੀ ਉਨ੍ਹਾਂ ਵਿਦਿਆਰਥੀਆਂ ਦੀ ਹੈ ਜੋ ਆਰਥਿਕ, ਸਮਾਜਿਕ ਤੇ ਵਿਦਿਅਕ ਪੱਖੋਂ ਪਛੜੇ ਹੋਏ ਵਰਗਾਂ ਨਾਲ ਸਬੰਧ ਰਖਦੇ ਹਨ।
ਲੰਦਨ, 3 ਅਪ੍ਰੈਲ  - ਰਾਸ਼ਟਰ-ਪਿਤਾ ਮਹਾਤਮਾ ਗਾਂਧੀ ਦੇ ਦੋ ਜੋੜੀ ਐਨਕ, ਚਰਖਾ ਤੇ ਜਿਸ ਥਾਂ 'ਤੇ ਉਨ੍ਹਾਂ ਦੀ 1980 'ਚ ਹੱਤਿਆ ਕੀਤੀ ਗਈ ਸੀ ਉੱਥੋਂ ਦੀ ਥੋੜ੍ਹੀ ਜਿਹੀ ਮਿੱਟੀ ਤੇ ਘਾਹ ਦੇ ਟੁੱਕੜਿਆਂ ਸਮੇਤ ਮਹਾਤਮਾ ਗਾਂਧੀ ਨਾਲ ਸਬੰਧਤ ਕਈ ਹੋਰ ਵਸਤੂਆਂ ਦੀ ਨਿਲਾਮੀ ਲੰਡਨ ਦੇ ਸ਼ਰੋਪਸ਼ਾਇਰ ਵਿਖੇ 17 ਅਪ੍ਰੈਲ ਨੂੰ ਕੀਤੀ ਜਾਵੇਗੀ। ਨਿਲਾਮਕਰਤਾਵਾਂ ਵਲੋਂ ਨਿਲਾਮੀ 'ਚ ਇਨ੍ਹਾਂ ਤਿੰਨ ਚੀਜ਼ਾਂ ਦੀ ਨੀਲਾਮੀ ਲਈ ਸਭ ਤੋਂ ਵੱਧ ਰਾਖਵੀਂ ਕੀਮਤ ਰੱਖੀ ਗਈ ਹੈ। ਮਹਾਤਮਾ ਗਾਂਧੀ ਦੀ ਹੱਤਿਆ ਵੇਲੇ ਇਕੱਠੀ ਕੀਤੀ ਗਈ ਥੋੜ੍ਹੀ ਜਿਹੀ ਮਿੱਟੀ ਤੇ ਘਾਹ ਦੇ ਟੁੱਕੜਿਆਂ ਨੂੰ ਗਹਿਣੇ ਸਾਂਭਣ ਵਾਲੇ ਸੰਦੂਕ 'ਚ ਰੱਖਿਆ ਗਿਆ ਹੈ ਜਿਸ 'ਤੇ ਇਨ੍ਹਾਂ ਚੀਜ਼ਾਂ ਨੂੰ ਇਕੱਤਰ ਕਰਨ ਵਾਲੇ ਪੀ. ਪੀ. ਨੰਬਿਆਰ ਨਾਂਅ ਦੇ ਇਕ ਵਿਅਕਤੀ ਦਾ ਸੰਦੇਸ਼ ਲਿਖਿਆ ਹੋਇਆ ਹੈ। ਨਿਲਾਮੀ ਲਈ ਪੇਸ਼ ਕੀਤੀ ਗਈ ਐਨਕ ਬਾਰੇ ਕਿਹਾ ਗਿਆ ਹੈ ਕਿ ਇਹ ਉਹ ਐਨਕ ਹੈ ਜਿਸ ਨੂੰ ਮਹਾਤਮਾ ਗਾਂਧੀ ਨੇ 1890 ਦੇ ਕਰੀਬ ਖਰੀਦਿਆ ਸੀ ਜਦ ਉਹ ਕਾਨੂੰਨ ਦੀ ਪੜ੍ਹਾਈ ਕਰ ਰਹੇ ਸਨ। ਨਿਲਾਮੀ ਕੀਤੀਆਂ ਜਾਣ ਵਾਲੀਆਂ ਹੋਰ ਵਸਤੂਆਂ 'ਚ ਰਾਸ਼ਟਰ-ਪਿਤਾ ਦੀਆਂ 1931 'ਚ ਲੰਡਨ ਫੇਰੀ ਦੀਆਂ ਅਸਲ ਤਸਵੀਰਾਂ, ਰਾਘਵਨ ਨੂੰ ਲਿਖੇ ਗਏ ਪੱਤਰ, ਮਹਾਤਮਾ ਗਾਂਧੀ ਵਲੋਂ ਗੁਜਰਾਤੀ 'ਚ ਲਿਖੇ ਗਏ ਪੱਤਰ ਤੇ ਉਨ੍ਹਾਂ ਦੀ ਗੁਜਰਾਤੀ 'ਚ ਇਕ ਪ੍ਰਾਰਥਨਾ ਕਿਤਾਬ ਮੌਜੂਦ ਹੈ। ਨਿਲਾਮਕਰਤਾ ਨੇ ਕਿਹਾ ਕਿ ਇਹ ਭਾਰਤੀ ਇਤਿਹਾਸ ਦੀਆਂ ਬਹੁਤ ਕੀਮਤੀ ਵਸਤੂਆਂ ਹਨ।

No comments:

Post a Comment