ਬਦਲੇ ਮੌਸਮ ਕਾਰਨ ਮੰਡੀਆਂ 'ਚ ਅਜੇ ਤਕ ਨਹੀਂ ਪਹੁੰਚੀ ਕਣਕ
ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕੱਚੀ ਕਣਕ ਨਾ ਵੱਢਣ ਦੀ ਸਲਾਹ
ਬਟਾਲਾ, 3 ਅਪ੍ਰੈਲ-ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਆਮ ਤੌਰ 'ਤੇ 31 ਮਾਰਚ ਜਾਂ ਇਕ ਅਪ੍ਰੈਲ ਨੂੰ ਸ਼ੁਰੂ ਹੋ ਜਾਂਦੀ ਰਹੀ ਹੈ । ਇਸ ਵਰ੍ਹੇ ਸੂਬੇ ਦੀਆਂ ਸਭ ਮੰਡੀਆਂ ਵਿਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਕੋਈ ਵਿਰਲਾ ਟਾਵਾਂ ਕਿਸਾਨ ਵੀ ਮੰਡੀ ਵਿਚ ਨਹੀਂ ਵੜਿਆ। ਮਾਝੇ ਖੇਤਰ ਦੀਆਂ ਵੱਡੀਆਂ ਅਨਾਜ ਮੰਡੀਆਂ ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਵਿਚ ਹੁਣ ਤੱਕ ਸਰਕਾਰੀ ਏਜੰਸੀਆਂ ਵੱਲੋਂ ਇਕ ਵੀ ਦਾਣਾ ਕਣਕ ਦੀ ਖਰੀਦ ਨਹੀਂ ਹੋਈ। ਭਾਵੇਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਈ ਮੰਡੀਆਂ ਵਿਚ ਅਜੇ ਤੱਕ ਬਾਰਦਾਨਾ ਵੀ ਨਹੀਂ ਪਹੁੰਚਿਆ। ਇਸ ਸਬੰਧੀ ਪੁੱਛਣ 'ਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਕੋਲ ਕੋਈ ਖਾਸ ਜਵਾਬ ਨਾ ਹੋਣ ਕਾਰਨ ਬਟਾਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ: ਪਰਮਬੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਵਰਤਾਰੇ ਪਿਛੇ ਮੌਸਮ ਦਾ ਬਦਲਿਆ ਮਿਜਾਜ਼ ਹੀ ਜ਼ਿੰਮੇਵਾਰ ਹੈ ਕਿਉਂਕਿ ਮਾਰਚ ਦੇ ਆਖਰੀ ਹਫਤੇ ਵਿਚ ਮੌਸਮ ਵਿਚ ਗਰਮੀ ਅਤੇ ਖੁਸ਼ਕੀ ਕਣਕ ਦੀ ਅਗੇਤੀ ਪਕਾਈ ਲਈ ਜ਼ਿੰਮੇਵਾਰ ਹੁੰਦੇ ਹਨ ਪਰ ਇਸ ਵਾਰ ਇਨ੍ਹਾਂ ਦਿਨਾਂ ਦੌਰਾਨ ਮੌਸਮ ਠੰਢਾ ਅਤੇ ਬੱਦਲਵਾਈ ਰਹਿਣ ਕਾਰਨ ਕਣਕ ਦੀ ਪਕਾਈ ਲਗਭਗ ਇਕ ਹਫਤਾ ਦੇਰ ਨਾਲ ਹੋਵੇਗੀ। ਸਾਲ 2010 ਵਿਚ 5 ਅਪ੍ਰੈਲ ਤੱਕ ਸੂਬੇ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨੇ 1460 ਕੁਇੰਟਲ ਕਣਕ ਦੀ ਖਰੀਦ ਹੋਈ ਸੀ ਪਰ 2011 ਵਿਚ ਅਪ੍ਰੈਲ ਮਹੀਨੇ ਵਿਚ ਪਏ ਮੀਂਹ ਕਾਰਨ ਭਾਵੇਂ ਚੰਗੀ ਤਰ੍ਹਾਂ ਵਾਢੀ 19 ਅਪ੍ਰੈਲ ਤੋਂ ਸ਼ੁਰੂ ਹੋਈ ਸੀ ਪਰ 10 ਅਪ੍ਰੈਲ ਤੋਂ ਮੰਡੀਆਂ ਵਿਚ ਟਾਵੀਂ-ਟਾਵੀਂ ਢੇਰੀ ਆਉਣੀ ਸ਼ੁਰੂ ਹੋ ਗਈ ਸੀ। ਇਸ ਵਾਰ ਵੀ ਬਦਲੇ ਮੌਸਮ ਅਤੇ ਦੇਰ ਤੱਕ ਰਹੀ ਠੰਢ ਕਾਰਨ ਵਾਢੀ ਸ਼ੁਰੂ ਨਹੀਂ ਹੋ ਸਕੀ। ਅਜੇ ਤੱਕ ਕਣਕਾਂ ਹਰੀਆਂ ਹਨ। ਇਸ ਸਾਲ ਕਣਕ ਦੀ ਬਿਜਾਈ ਤੋਂ ਲੈ ਕੇ ਪੱਕਣ ਤੱਕ ਚੰਗੀਆਂ ਅਤੇ ਸਮੇਂ ਸਿਰ ਹੋਈਆਂ ਬਰਸਾਤਾਂ ਕਾਰਨ ਜ਼ਮੀਨ ਵਿਚ ਚੰਗੀ ਸਿੱਲ ਹੋਣ ਕਾਰਨ ਵੀ ਕਣਕ ਪੱਕਣ ਲਈ ਸਮਾਂ ਆਮ ਨਾਲੋਂ ਇਕ ਹਫਤਾ ਵੱਧ ਲੱਗ ਸਕਦਾ ਹੈ। ਕੁਝ ਖੇਤੀਬਾੜੀ ਮਾਹਿਰਾਂ ਦੀ ਇਹ ਵੀ ਰਾਇ ਹੈ ਕਿ ਕਣਕ ਪੱਕਣ ਤੋਂ ਕੁਝ ਦਿਨ ਪਹਿਲਾਂ ਮੌਸਮ ਵਿਚਲੀ ਹੌਲੀ-ਹੌਲੀ ਤਬਦੀਲੀ ਝਾੜ 'ਤੇ ਅਨੁਕੂਲ ਅਸਰ ਪਾਉਂਦੀ ਹੈ ਅਤੇ ਦਾਣਾ ਮੋਟਾ ਹੋਣ ਕਾਰਨ ਝਾੜ ਜ਼ਿਆਦਾ ਨਿਕਲਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਇਹ ਵੀ ਰਾਇ ਦਿੱਤੀ ਹੈ ਕਿ ਉਹ ਕੱਚੀ ਫਸਲ ਨਾ ਵੱਢਣ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ 146 ਮੰਡੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 1770 ਖਰੀਦ ਕੇਂਦਰ ਕਾਇਮ ਕੀਤੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਕਣਕ ਦਾ ਝਾੜ ਰਿਕਾਰਡ-ਤੋੜ ਹੋਣ ਦੀ ਸੰਭਾਵਨਾ ਹੈ। |
No comments:
Post a Comment