Tuesday, 3 April 2012

19 ਮੋਟਰਸਾਈਕਲਾਂ ਤੇ ਸਕੂਟਰਾਂ ਸਮੇਤ ਚੋਰ ਗਰੋਹ ਕਾਬੂ

ਚੰਡੀਗੜ੍ਹ, 3 ਅਪਰੈਲ-ਚੋਰ ਗਰੋਹ ਸਾਲੋ-ਸਾਲ ਪੁਲੀਸ ਦੇ ਨੱਕ ਹੇਠ ਹੀ ਸ਼ਹਿਰ ਵਿੱਚ ਚੋਰੀ ਕੀਤੇ ਵਾਹਨਾਂ ’ਤੇ ਸਵਾਰ ਹੋ ਕੇ ਭਲਵਾਨੀ ਗੇੜੀਆਂ ਲਾਉਂਦੇ ਹਨ। ਇਹ ਖੁਲਾਸਾ ਚੰਡੀਗੜ੍ਹ ਪੁਲੀਸ ਵੱਲੋਂ ਇਕ ਚੋਰ ਗਰੋਹ ਨੂੰ ਚੋਰੀ ਕੀਤੇ 19 ਮੋਟਰਸਾਈਕਲਾਂ ਤੇ ਸਕੂਟਰਾਂ ਸਮੇਤ ਕਾਬੂ ਕਰਨ ’ਤੇ ਕੀਤਾ ਗਿਆ ਹੈ।
ਪੁਲੀਸ ਇਸ ਗਰੋਹ ਨੂੰ ਕਾਬੂ ਕਰਕੇ ਜਿਥੇ ਆਪਣੀਆਂ ਪ੍ਰਾਪਤੀਆਂ ਦੇ ਪੁਲ ਬੰਨ੍ਹ ਰਹੀ ਹੈ ਉਥੇ ਉਲਟਾ ਪੁਲੀਸ ਉਪਰ ਹੀ ਸਵਾਲ ਖੜ੍ਹੇ ਹੋ ਗਏ ਹਨ ਕਿ ਇਸ ਗਰੋਹ ਦੇ ਮੈਂਬਰਾਂ ਵੱਲੋਂ ਸਾਢੇ ਤਿੰਨ ਸਾਲ ਚੋਰੀ ਕੀਤੇ ਵਾਹਨ ਸੜਕਾਂ ਉਪਰ ਘੁੰਮਾਉਣ ਵੇਲੇ ਪੁਲੀਸ ਤੰਤਰ ਕਿੱਥੇ ਸੀ? ਚੰਡੀਗੜ੍ਹ ਪੁਲੀਸ ਨੇ ਪਿੰਡ ਲਾਲ ਗੰਜ ਹਜ਼ਾਰਾ (ਪ੍ਰਤਾਪਗੜ੍ਹ) ਦੇ ਰਾਕੇਸ਼ ਕੁਮਾਰ ਉਰਫ ਰਾਕਾ, ਇਥੋਂ ਦੇ ਪਿੰਡ ਦੜੀਆ ਦੇ ਸੰਦੀਪ ਕੁਮਾਰ, ਡੇਰਾ ਸਾਹਿਬ ਮਨੀਮਾਜਰਾ ਦੇ ਸ਼ਕੀਰ ਅਹਿਮਦ, ਸੈਕਟਰ-45 ਦੇ ਸੁਰਿੰਦਰ ਮਾਜ਼ੀ ਉਰਫ ਬੰਟੀ ਤੇ ਡੱਡੂਮਾਜਰਾ ਕਲੋਨੀ ਦੇ ਸਿਕੰਦਰ ਉਰਫ ਦਾਦਾ ਨੂੰ ਅੱਜ ਚੋਰੀ ਕੀਤੇ 15 ਮੋਟਰਸਾਈਕਲਾਂ, ਚਾਰ ਸਕੂਟਰਾਂ, ਇਕ ਰੋਟਰ ਮਸ਼ੀਨ ਤੇ ਇਕ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਵਿੱਚੋਂ ਇਕ ਦਾਦਾ ਨੇ ਪਿਛਲੇ ਦਿਨੀਂ ਦੋਸ਼ ਲਾਇਆ ਸੀ ਕਿ ਸੈਕਟਰ-39 ਥਾਣੇ ਦੇ ਐਸ.ਐਚ.ਓ. ਚਰਨਜੀਤ ਸਿੰਘ ਵਿਰਕ ਤੇ ਮਲੋਆ ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਬਲਦੇਵ ਕੁਮਾਰ ਨੇ ਉਸ ਨੂੰ ਨਾਜਾਇਜ਼ ਢੰਗ ਨਾਲ ਹਿਰਾਸਤ ਵਿੱਚ ਲੈ ਕੇ ਉਸ ਨੂੰ ਕਰੰਟ ਲਾਏ ਸਨ। ਪੁਲੀਸ ਨੇ ਇਸ ਗਰੋਹ ਕੋਲੋਂ ਅੱਜ ਤੋਂ ਸਾਢੇ ਤਿੰਨ ਸਾਲ ਪਹਿਲਾਂ 19 ਅਗਸਤ 2008 ਨੂੰ ਸੈਕਟਰ-39 ਥਾਣੇ ਦੇ ਖੇਤਰ ਵਿੱਚੋਂ ਚੋਰੀ ਹੋਏ ਬਜਾਜ ਚੇਤਕ ਸਕੂਟਰ ਸੀ.ਐਚ.-03-ਐਚ-9786 ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਥੇ ਹੀ ਬੱਸ ਨਹੀਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਬਰਾਮਦ ਕੀਤੇ 19 ਮੋਟਰਸਾਈਕਲਾਂ ਤੇ ਸਕੂਟਰਾਂ ਵਿੱਚੋਂ 11 ਵਾਹਨ ਇਕ ਸਾਲ ਤੋਂ ਲੈ ਕੇ ਸਾਢੇ ਤਿੰਨ ਸਾਲ ਪਹਿਲਾਂ ਚੋਰੀ ਹੋਏ ਹਨ। ਪੁਲੀਸ ਅਨੁਸਾਰ ਇਸ ਗਰੋਹ ਦੇ ਕੁਝ ਮੈਂਬਰ ਨਸ਼ਾ ਵਗੈਰਾ ਕਰਦੇ ਹਨ ਤੇ ਵਿੱਤੀ ਪੱਖੋਂ ਵੀ ਕਮਜ਼ੋਰ ਹਨ ਪਰ ਇਸ ਦੇ ਬਾਵਜੂਦ ਮੁਲਜ਼ਮਾਂ ਵਲੋਂ ਸਾਲਾਂਬੱਧੀ ਚੋਰੀ ਕੀਤੇ ਵਾਹਨ ਅੱਗੇ ਨਾ ਵੇਚਣ ਦੇ ਕਾਰਨਾਂ ਦਾ ਪੁਲੀਸ ਕੋਲ ਕੋਈ   ਜਵਾਬ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਅੱਜ ਬਰਾਮਦ ਕੀਤੇ ਵਾਹਨਾਂ ਵਿੱਚੋਂ ਇਕ ਸਪਲੈਂਡਰ ਮੋਟਰਸਾਈਕਲ ਸੀ.ਐਚ.-03-ਜ਼ੈਡ-6671 ਦੋ ਸਤੰਬਰ 2008 ਨੂੰ, ਹੀਰੋ ਹੌਂਡਾ ਮੋਟਰਸਾਈਕਲ ਸੀ.ਐਚ.-03-ਐਮ-3852 ਵੀਹ ਜੁਲਾਈ 2009 ਨੂੰ, ਬੁਲੇਟ ਮੋਟਰਸਾਈਕਲ ਪੀ.ਬੀ.-10 ਵਾਈ-7072 ਇਕ ਫਰਵਰੀ 2011 ਨੂੰ, ਡਿਸਕਰ ਮੋਟਰਸਾਈਕਲ ਪੀ.ਬੀ.22 ਸੀ 5504 ਉਣੱਤੀ ਦਸੰਬਰ 2011 ਨੂੰ, ਪਲਸਰ ਮੋਟਰਸਾਈਕਲ ਸੀ.ਐਚ.-03 ਕਿਆਊ-1389 ਨੌਂ ਅਗਸਤ 2010 ਨੂੰ, ਸਪਲੈਂਡਰ ਮੋਟਰਸਾਈਕਲ ਐਚ.ਆਰ.-03ਏ-2287 ਬਾਈਂ ਸਤੰਬਰ 2011 ਨੂੰ, ਪਲਸਰ ਮੋਟਰਸਾਈਕਲ ਸੀ.ਐਚ.-03-ਐਕਸ-0692 ਛੱਬੀ ਮਾਰਚ 2011 ਨੂੰ, ਹੌਂਡਾ ਐਕਟਿਵਾ ਸਕੂਟਰ ਸੀ.ਐਚ.-01-ਏ.ਏ.-1579 ਦੋ ਫਰਵਰੀ 2011 ਨੂੰ, ਹੀਰੋ ਹੌਂਡਾ ਮੋਟਰਸਾਈਕਲ ਸੀ.ਐਚ.-03 ਜ਼ੈਡ-1330 ਚਾਰ ਅਗਸਤ 2011 ਨੂੰ ਤੇ ਪੈਸ਼ਨ ਮੋਟਰਸਾਈਕਲ ਸੀ.ਐਚ.-03-ਯੂ-3109 3 ਮਈ 2011 ਨੂੰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਚੋਰੀ ਹੋਏ ਸਨ। ਇਸ ਤਰ੍ਹਾਂ ਇਹ ਗਰੋਹ ਸਾਲਾਂਬੱਧੀ ਚੋਰੀ ਕੀਤੇ ਵਾਹਨਾਂ ਦੀ ਵਰਤੋਂ ਕਰਦਾ ਆ ਰਿਹਾ ਸੀ ਜਦਕਿ ਡੀ.ਐਸ.ਪੀ. (ਪੂਰਬ) ਜਸਵੰਤ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਹ ਗਰੋਹ ਗੇੜੀਆਂ ਲਾਉਣ ਲਈ ਸ਼ੁਗਲ ਵਿੱਚ ਵਾਹਨ ਚੋਰੀ ਕਰਦਾ ਸੀ ਜਿਸ ਕਾਰਨ ਮੁਲਜ਼ਮਾਂ ਨੇ ਅੱਗੇ ਵਾਹਨ ਨਹੀਂ ਵੇਚੇ।
ਦੂਸਰੇ ਪਾਸੇ ਡੀ.ਐਸ.ਪੀ. (ਪੀ.ਸੀ.ਆਰ.) ਰੋਸ਼ਨ ਲਾਲ ਨੇ ਇਸ ਹੈਰਾਨੀਜਨਕ ਮੁੱਦੇ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਮੁਲਜ਼ਮ ਚੋਰੀ ਕੀਤੇ ਵਾਹਨਾਂ ਉਪਰ ਫਰਜ਼ੀ ਨੰਬਰ ਲਾ ਕੇ ਪੁਲੀਸ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹੀਰੋ ਹੌਂਡਾ ਮੋਟਰਸਾਈਕਲ ਦਾ ਅਸਲ ਨੰਬਰ ਸੀ.ਐਚ.-03-ਐਮ-3852 ਹੈ ਜਦਕਿ ਮੁਲਜ਼ਮਾਂ ਨੇ ਇਸ ਉਪਰ ਸੀ.ਐਚ.-03 ਕਿਊ 1028 ਨੰਬਰ ਲਾਇਆ ਸੀ ਜਦਕਿ ਇਕ ਹੋਰ ਮੋਟਰਸਾਈਕਲ ਦਾ ਅਸਲ ਨੰਬਰ ਸੀ.ਐਚ.-03-ਪੀ. 2136 ਹੈ ਜਦਕਿ ਮੁਲਜ਼ਮਾਂ ਨੇ ਫਰਜ਼ੀ ਨੰਬਰ ਸੀ.ਐਚ.-03-ਪੀ. 3126 ਲਾਇਆ ਸੀ। ਇਸ ਗਰੋਹ ਨੂੰ ਫੜਨ ਵਾਲੀ ਟੀਮ ਦੇ ਮੈਂਬਰਾਂ ਇੰਸਪੈਕਟਰ ਰਣਜੀਤ ਸਿੰਘ ਢਿੱਲੋਂ ਤੇ ਮਨੀਮਾਜਰਾ ਥਾਣੇ ਦੇ ਐਸ.ਐਚ.ਓ. ਰਾਜੇਸ਼ ਸ਼ੁਗਲਾ ਨੇ ਦੱਸਿਆ ਕਿ ਮੁਲਜ਼ਮ ਰਾਕਾ, ਸੰਦੀਪ ਕੁਮਾਰ, ਦਾਦਾ, ਆਲਮ ਤੇ ਬੰਟੀ ਪਹਿਲਾਂ ਵੀ ਚੋਰੀਆਂ, ਆਰਮਡ ਐਕਟ ਤੇ ਸੰਨਾਂ ਲਾਉਣ ਦੇ ਦੋਸ਼ ਹੇਠ ਜੇਲ੍ਹ ਵਿਚ ਜਾ ਚੁੱਕੇ ਹਨ।

No comments:

Post a Comment