Sunday, 1 April 2012

ਨਸ਼ੇ ਦਾ ਕਾਰੋਬਾਰ ਕਰਨ ਵਾਲੇ 6 ਕਾਬੂ

ਤਰਨ ਤਾਰਨ ਵਿਖੇ ਹੈਰੋਇਨ ਸਮੇਤ ਫੜੇ ਵਿਅਕਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਸਟਾਫ ਦੇ ਇੰਚਾਰਜ ਪ੍ਰਭਜੀਤ ਸਿੰਘ ਤੇ ਪੁਲਿਸ ਪਾਰਟੀ।

ਤਰਨ ਤਾਰਨ- ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਫੜੇ ਗਏ ਵਿਅਕਤੀਆਂ ਦੇ ਕਬਜ਼ੇ 'ਚੋਂ ਪੁਲਿਸ ਨੇ ਸਮੈਕ, ਨਸ਼ੀਲੀਆਂ ਦਵਾਈਆਂ, ਹੈਰੋਇਨ ਤੇ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਵੱਖ ਵੱਖ ਥਾਣਿਆਂ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਭਾਰੀ ਸਫਲਤਾ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਸਟਾਫ ਤਰਨ ਤਾਰਨ ਦੇ ਏ.ਐਸ.ਆਈ. ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਦੱਸਿਆ ਕਿ ਪਿੰਡ ਰਸੂਲਪੁਰ ਦੇ ਨਜ਼ਦੀਕ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੇ ਗਏ ਵਿਅਕਤੀ ਦੀ ਪਛਾਣ ਹਰਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਹਵੇਲੀਆਂ ਦੇ ਰੂਪ ਵਿਚ ਹੋਈ। ਇਸ ਸਬੰਧੀ ਥਾਣਾਂ ਸਰਾਏ ਅਮਾਨਤ ਖਾਂ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਪੱਟੀ ਦੀੇ ਏ.ਐਸ.ਆਈ. ਕੇਵਲ ਸਿੰਘ ਨੇ ਕ੍ਰਿਸ਼ਨਦੀਪ ਪੁਰੀ ਵਾਸੀ ਵਾਰਡ ਨੰ: 10 ਦੇ ਕੋਲੋਂ 4 ਗ੍ਰਾਮ ਸਮੈਕ, ਪੱਟੀ ਪੁਲਿਸ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੇ ਹਰਪਾਲ ਸਿੰਘ ਵਾਸੀ ਵਾਰਡ ਨੰ: 13 ਮੀਰਾਂ ਵਾਲੀ ਬਸਤੀ ਪੱਟੀ ਕੋਲੋਂ 500 ਨਸ਼ੀਲ ਕੈਪਸੂਲ, ਥਾਣਾ ਖੇਮਕਰਨ ਦੀ ਪੁਲਿਸ ਨੇ ਗੁਰਲਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਭੂਰਾ ਕੋਹਨਾ ਕੋਲੋਂ 700 ਨਸ਼ੀਲੀਆਂ ਗੋਲੀਆਂ, ਪੱਟੀ ਪੁਲਿਸ ਨੇ ਐਚ.ਸੀ. ਹਰਜੀਤ ਸਿੰਘ ਨੇ ਰਵਿੰਦਰ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪੱਟੀ ਕੋਲੋਂ 15000 ਮਿਲੀਲੀਟਰ ਸ਼ਰਾਬ ਅਤੇ ਥਾਣਾ ਸਿਟੀ ਦੀ ਪੁਲਿਸ ਨੇ ਮੂਲਾ ਉਰਫ ਟੀਨੂੰ ਵਾਸੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਕੋਲੋਂ 24 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਕੇ ਵੱਖ ਵੱਖ ਥਾਣਿਆਂ 'ਚ ਕਾਰਵਾਈ ਕਰ ਦਿੱਤੀ ਹੈ।

No comments:

Post a Comment