ਲੋਹੀਆਂ ਖਾਸ ਨੇੜੇ ਨੌਜਵਾਨ ਦਾ ਕਤਲ
ਲੋਹੀਆਂ
ਖਾਸ, 3 ਅਕਤੂਬਰ (ਜੰਮੂ, ਵਿੱਕੀ, ਦਿਲਬਾਗ ਸਿੰਘ, ਸ਼ਤਾਬਗੜ੍ਹ)-ਪੈਸੇ ਦੇ ਲੈਣ ਦੇਣ ਅਤੇ
ਪੁਰਾਣੀ ਰੰਜਿਸ਼ ਦੇ ਚਲਦਿਆਂ ਸਥਾਨਕ ਵਾਰਡ ਨੰਬਰ 2 ਦੇ ਵਸਨੀਕ ਸਕੇ ਭਰਾਵਾਂ ਨੂੰ
ਉਨ੍ਹਾਂ ਦੇ ਘਰ ਵਿਖੇ ਹੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰਕੇ ਗੰਭੀਰ ਫੱਟੜ ਕਰ
ਦਿੱਤਾ, ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਸਰਕਾਰੀ ਹਸਪਤਾਲ ਜਲੰਧਰ ਵਿਖੇ
ਜ਼ੇਰੇ ਇਲਾਜ ਹੈ | ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਐਸ. ਐਚ. ਓ ਵੱਲੋਂ ਦੱਸਿਆ ਕਿ
ਅਮਰਜੀਤ ਉਰਫ਼ ਅਮਰ (35) ਪੁੱਤਰ ਮੋਹਣ ਲਾਲ ਵਾਸੀ ਬਸੰਤ ਕਾਲੋਨੀ ਦਾ ਬਾਹਰ ਦੇ ਕਿਸੇ
ਵਿਅਕਤੀ ਨਾਲ ਪੈਸੇ ਦੇ ਲੈਣ ਦੇਣ ਦਾ ਝਗੜਾ ਸੀ | ਜਿਸ ਦਾ ਰਾਜ਼ੀਨਾਮਾ ਕਰਾਉਣ ਲਈ ਕੁਝ ਵਿਅਕਤੀਆਂ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿ ਬੀਤੀ ਰਾਤ 12.30 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਅਮਨ ਪੁੱਤਰ ਅਵਤਾਰ ਸਿੰਘ ਵਾਸੀ ਦਾਦੂਵਾਲ ਥਾਣਾ ਸਦਰ ਜਮਸ਼ੇਰ ਖਾਸ ਜ਼ਿਲ੍ਹਾ ਜਲੰਧਰ ਨੇ 6-7 ਬੰਦਿਆਂ ਨੂੰ ਨਾਲ ਲੈ ਕੇ ਅਮਰਜੀਤ ਅਤੇ ਉਸ ਦੇ ਭਰਾ ਮਹਿੰਦਰ ਪਾਲ 'ਤੇ ਉਨ੍ਹਾਂ ਦੇ ਘਰ ਵਿਖੇ ਹੀ ਸੁੱਤੇ ਪਿਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨਾਲ ਅਮਰਜੀਤ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਮਹਿੰਦਰ ਪਾਲ ਸਰਕਾਰੀ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਹੈ | ਸਥਾਨਕ ਪੁਲਿਸ ਵੱਲੋਂ ਧਾਰਾ 302, 307, 458, 148 ਅਤੇ 149 ਆਈ ਪੀ ਸੀ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਟੀਮਾਂ ਭੇਜੀਆਂ ਗਈਆਂ ਹਨ |
ਹੁਸ਼ਿਆਰਪੁਰ ਤੋਂ ਦਿੱਲੀ ਲਈ ਸਿੱਧੀ ਰੇਲ ਸੇਵਾ ਸ਼ੁਰੂ
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਨੂੰ ਰੇਲਵੇ ਲਾਈਨ ਬਣਨ ਦੇ 100 ਸਾਲ ਬਾਅਦ ਸਿੱਧੀ ਹੁਸ਼ਿਆਰਪੁਰ-ਦਿੱਲੀ ਰੇਲ ਸੇਵਾ ਪ੍ਰਾਪਤ ਹੋਈ ਹੈ ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ | ਇਹ ਪ੍ਰਗਟਾਵਾ ਕੇਂਦਰੀ ਸਿਹਤ ਰਾਜ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਨੇ ਅੱਜ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ 'ਤੇ 'ਹੁਸ਼ਿਆਰਪੁਰ ਐਕਸਪ੍ਰੈਸ' ਨੂੰ ਦੁਪਹਿਰ ਕਰੀਬ 12 ਵਜੇ ਹਰੀ ਝੰਡੀ ਦਿਖਾਉਣ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ 1913 ਵਿਚ ਹੁਸ਼ਿਆਰਪੁਰ ਲਈ ਰੇਲ ਸੇਵਾ ਬਹਾਲ ਹੋਈ ਸੀ ਤੇ ਅੱਜ 2 ਅਕਤੂਬਰ 2013 ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ ਮੌਕੇ ਅਤੇ ਆਜ਼ਾਦੀ ਦੇ 66 ਸਾਲਾਂ ਬਾਅਦ ਹੁਸ਼ਿਆਰਪੁਰ ਦੀ ਜਨਤਾ ਨੂੰ ਦਿੱਲੀ ਲਈ ਸਿੱਧੀ ਰੇਲ ਸੇਵਾ ਬਹਾਲ ਕੀਤੀ ਗਈ ਹੈ | ਉਨ੍ਹਾਂ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੀਆਂ ਤਸਵੀਰਾਂ 'ਤੇ ਫੁੱਲ ਅਰਪਣ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀਆਂ ਦਿੱਤੀਆਂ | ਸ੍ਰੀਮਤੀ ਸੰਤੋਸ਼ ਚੌਧਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਪਹਿਲਾਂ ਜਲੰਧਰ ਤੱਕ ਹੀ ਰੇਲ ਸੇਵਾ ਚੱਲ ਰਹੀ ਸੀ ਜਿਸ ਨੂੰ ਉਨ੍ਹਾਂ ਦੇ ਯਤਨਾਂ ਸਦਕਾ ਅੰਮਿ੍ਤਸਰ ਤੇ ਫਿਰੋਜ਼ਪੁਰ ਤੱਕ ਵਧਾਇਆ ਤੇ ਅੱਜ ਇਹ ਰੇਲ ਸੇਵਾ ਦਿੱਲੀ ਤੱਕ ਮੁਹੱਈਆ ਕਰਵਾਈ ਗਈ ਹੈ | ਪਹਿਲਾਂ ਇਹ ਰੇਲ ਸੇਵਾ ਹਫ਼ਤੇ ਵਿਚ ਇਕ ਦਿਨ ਤੇ ਜਲਦੀ ਹੀ ਹੁਸ਼ਿਆਰਪੁਰ ਤੋਂ ਦਿੱਲੀ ਲਈ ਰੋਜ਼ਾਨਾ ਰੇਲ ਸੇਵਾ ਮੁਹੱਈਆ ਕਰਵਾਈ ਜਾਵੇਗੀ | ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦਾ ਵੀ ਵਿਸਥਾਰ ਕੀਤਾ ਜਾਵੇਗਾ ਤੇ ਇਸ ਦੇ ਆਲੇ-ਦੁਆਲੇ ਨੂੰ ਹਰਾ-ਭਰਾ ਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਸੋਨਾਲੀਕਾ ਗਰੁੱਪ ਕਲੀਨ ਐਾਡ ਗਰੀਨ ਪ੍ਰੋਜੈਕਟ ਅਧੀਨ ਅਪਣਾ ਕੇ ਇਸ ਦੇ ਆਲੇ-ਦੁਆਲੇ ਪੌਦੇ ਲਗਾ ਕੇ ਸੁੰਦਰਤਾ ਨੂੰ ਵਧਾਇਆ ਜਾਵੇਗਾ | ਰੇਲਵੇ ਵਿਭਾਗ ਦੇ ਰੇਲ ਪ੍ਰਬੰਧਕ ਫਿਰੋਜ਼ਪੁਰ ਡਿਵੀਜ਼ਨ ਐਨ ਸੀ ਗੋਇਲ ਨੇ ਕੇਂਦਰੀ ਰੇਲ ਮੰਤਰੀ ਮਲਿਕ ਅਰਜੁਨ ਖੜਗੇ ਵੱਲੋਂ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ | ਵਿਧਾਇਕ ਹਲਕਾ ਹੁਸ਼ਿਆਰਪੁਰ ਸੁੰਦਰ ਸ਼ਾਮ ਅਰੋੜਾ ਨੇ ਵੀ ਲੋਕਾਂ ਨੂੰ ਵਧਾਈ ਦਿੰਦਿਆਂ ਵਿਚਾਰ ਪੇਸ਼ ਕੀਤੇ | ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸਾਬਕਾ ਵਿਧਾਇਕ ਚੌਧਰੀ ਰਾਮ ਲੁਭਾਇਆ, ਸਾਬਕਾ ਮੰਤਰੀ ਨਰੇਸ਼ ਠਾਕਰ, ਰੇਲਵੇ ਡਿਵੀਜ਼ਨ ਦੇ ਸੈਕਸ਼ਨ ਇੰਜੀ: ਅਸ਼ੋਕ ਸ਼ਰਮਾ, ਸਹਾਇਕ ਡਿਵੀਜ਼ਨਲ ਸੈਕਸ਼ਨ ਇੰਜੀ: ਦਿਨੇਸ਼ ਕੁਮਾਰ ਸ਼ਰਮਾ, ਸਟੇਸ਼ਨ ਸੁਪਰਡੈਂਟ ਵਿਦਿਆ ਸਾਗਰ, ਸੋਨਾਲੀਕਾ ਪ੍ਰੋਜੈਕਟ ਦੇ ਇੰਚਾਰਜ ਐਸ. ਕੇ. ਪੋਮਰਾ, ਸੋਹਨੀ ਚੌਧਰੀ, ਤਿਲਕ ਰਾਜ ਗੁਪਤਾ, ਮਿੱਕੀ ਡੋਗਰਾ, ਸ: ਕੁਲਆਜ਼ਾਦ ਸਿੰਘ ਖੱਖ, ਕੌਾਸਲਰ ਬ੍ਰਹਮ ਸ਼ੰਕਰ ਜਿੰਪਾ, ਰਮਨ ਖੁੱਲਰ, ਡਾ. ਕੁਲਦੀਪ ਨੰਦਾ, ਸਰਵਨ ਸਿੰਘ, ਅਜੇ ਮੋਹਨ ਬੱਬੀ, ਸੁਦਰਸ਼ਨ ਧੀਰ, ਤਰਨਜੀਤ ਕੌਰ ਸੇਠੀ, ਕਿਸ਼ਨਾ ਸੈਣੀ, ਸ: ਜਸਵੰਤ ਸਿੰਘ ਚੌਟਾਲਾ, ਸ: ਹਰਬੀਰ ਸਿੰਘ ਚੌਟਾਲਾ, ਸੁਰਿੰਦਰ ਕੁਮਾਰ ਸ਼ਿੰਦਾ, ਰਣਜੋਧ ਸਿੰਘ ਬੂਰੇ ਜੱਟਾਂ, ਹਰਦੇਵ ਸਿੰਘ ਧੂਤ ਆਦਿ ਹਾਜ਼ਰ ਸਨ |
ਮਾਲੇਰਕੋਟਲਾ 'ਚ ਸਥਿਤੀ ਮੁੜ ਤਣਾਅਪੂਰਨ
ਮਾਲੇਰਕੋਟਲਾ, 3 ਅਕਤੂਬਰ - ਦੋ ਦਿਨ ਪਹਿਲਾਂ ਇੱਥੇ ਅੱਗ ਲਾ ਕੇ ਜਿਊਾਦਾ ਸਾੜੇ ਗਏ 13 ਸਾਲਾ ਬੱਚੇ ਵਿਧੂ ਜੈਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਪੁੱਛਗਿੱਛ ਲਈ ਹਿਰਾਸਤ ਵਿਚ ਲਏ ਤਿੰਨ ਨੌਜਵਾਨਾਂ ਨੂੰ ਛੁਡਵਾਉਣ ਲਈ ਅੱਜ ਮਾਲੇਰਕੋਟਲਾ ਦੇ ਸੈਂਕੜੇ ਲੋਕਾਂ ਨੇ ਸਥਾਨਕ ਜਰਗ ਚੌਾਕ, ਸਰੋਦ ਬਾਈਪਾਸ ਤੇ ਕਿਲ੍ਹਾ ਰਹਿਮਤਗੜ੍ਹ ਵਿਖੇ ਧਰਨੇ ਲਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਠੱਪ ਕੀਤੀ | ਪੁਲਿਸ ਵੱਲੋਂ ਚੁੱਕੇ ਨੌਜਵਾਨਾਂ ਦੀ ਰਿਹਾਈ ਲਈ ਸੈਂਕੜੇ ਨੌਜਵਾਨਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਦੁਕਾਨਾਂ ਬੰਦ ਕਰਵਾਈਆਂ | ਸਿੱਟੇ ਵਜੋਂ ਮਾਲੇਰਕੋਟਲਾ ਸ਼ਹਿਰ ਅੱਜ ਤੀਜੇ ਦਿਨ ਵੀ ਮੁਕੰਮਲ ਬੰਦ ਰਿਹਾ ਅਤੇ ਕਰਫ਼ਿਊ ਵਰਗੀ ਹਾਲਤ ਬਣੀ ਰਹੀ | ਉਧਰ ਸਥਾਨਕ ਰੈਸਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਸੰਗਰੂਰ ਡਾ. ਇੰਦੂ ਨੇ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ ਕਰਦਿਆਂ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਅਤੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ | ਡੀ.ਸੀ. ਨੇ ਸਪਸ਼ਟ ਕੀਤਾ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਹੈ ਪ੍ਰੰਤੂ ਸ਼ਹਿਰ 'ਚ ਵਾਪਰੇ ਘਿਨੌਣੇ ਕਾਂਡ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਅੱਜ ਸਵੇਰੇ ਜਿਉਂ ਹੀ ਲੋਕਾਂ ਨੂੰ ਸ਼ਹਿਰ 'ਚੋਂ ਤਿੰਨ ਲੜਕਿਆਂ ਨੂੰ ਪੁਲਿਸ ਵੱਲੋਂ ਚੁੱਕ ਲਏ ਜਾਣ ਦਾ ਪਤਾ ਲੱਗਿਆ ਤਾਂ ਗਲੀਆਂ ਮੁਹੱਲਿਆਂ ਵਿਚੋਂ ਲੋਕ ਇਕੱਠੇ ਹੋ ਕੇ ਸਥਾਨਕ ਜਰਗ ਚੌਾਕ ਪਹੁੰਚਣੇ ਸ਼ੁਰੂ ਹੋ ਗਏ ਅਤੇ ਮਾਲੇਰਕੋਟਲਾ-ਲੁਧਿਆਣਾ-ਪਟਿਆਲਾ-ਸੰਗਰੂਰ-ਖੰਨਾ ਸੜਕਾਂ ਦੀ ਆਵਾਜਾਈ ਠੱਪ ਕਰ ਦਿੱਤੀ |
ਪਟਿਆਲਾ ਸੜਕ 'ਤੇ ਕਿਲ੍ਹਾ ਰਹਿਮਤਗੜ੍ਹ ਦੇ ਲੋਕਾਂ ਨੇ ਸੜਕ 'ਤੇ ਆ ਕੇ ਧਰਨਾ ਲਾ ਦਿੱਤਾ ਅਤੇ ਸਰੋਦ ਬਾਈਪਾਸ 'ਤੇ ਵੀ ਗ਼ੁੱਸੇ ਵਿਚ ਆਏ ਨੌਜਵਾਨਾਂ ਨੇ ਟਾਇਰਾਂ ਨੂੰ ਅੱਗ ਲਾ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਡੀ.ਸੀ. ਸੰਗਰੂਰ ਡਾ.ਇੰਦੂ ਅਤੇ ਐੱਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਕਿਲ੍ਹਾ ਰਹਿਮਤਗੜ੍ਹ ਵਿਖੇ ਧਰਨੇ 'ਤੇ ਬੈਠੇ ਲੋਕਾਂ ਨੂੰ ਮਨਾਉਣ ਵਿਚ ਸਫਲ ਰਹੇ ਪ੍ਰੰਤੂ ਜਰਗ ਚੌਂਕ ਦਾ ਧਰਨਾ ਸ਼ਾਮ ਤੱਕ ਜਿਉਂ ਦਾ ਤਿਉਂ ਜਾਰੀ ਰਿਹਾ। ਮੁਫਤੀ-ਏ-ਪੰਜਾਬ ਇਰਕਤਾ-ਉਲ-ਹਸਨ-ਕਾਂਧਲਵੀ ਨੇ ਇਸਲਾਮ ਦੀਆਂ ਹਿਦਾਇਤਾਂ ਦਾ ਹਵਾਲਾ ਦਿੰਦਿਆਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਰੋਸ ਵਿਖਾਵਾ ਜ਼ਰੂਰ ਕਰਨ ਪ੍ਰੰਤੂ ਆਵਾਜਾਈ ਠੱਪ ਕਰ ਕੇ ਕਿਸੇ ਦੀਆਂ ਤਕਲੀਫ਼ਾਂ 'ਚ ਵਾਧਾ ਨਾ ਕਰਨ। ਧਰਨਾਕਾਰੀਆਂ ਉਪਰ ਐਸ.ਐਸ.ਪੀ. ਅਤੇ ਮੁਫ਼ਤੀ ਸਾਹਿਬ ਦੀਆਂ ਭਾਵੁਕ ਤਕਰੀਰਾਂ ਕੋਈ ਬਹੁਤਾ ਅਸਰ ਨਹੀਂ ਦਿਖਾ ਸਕੀਆਂ। ਉੱਧਰ ਸ਼ਹਿਰ ਅੰਦਰ ਰੋਸ ਵਿਖਾਵਾ ਕਰ ਰਹੇ ਨੌਜਵਾਨਾ ਦੇ ਹਜੂਮ ਨੇ ਕਈ ਥਾਂਈਂ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਸਫਲ ਨਹੀਂ ਹੋਣ ਦਿੱਤਾ। ਪੁੱਛ ਗਿੱਛ ਲਈ ਹਿਰਾਸਤ ਵਿਚ ਲਏ ਵਿਅਕਤੀਆਂ ਨੂੰ ਛੁਡਾਉਣ ਲਈ ਲਾਏ ਜਾਮ ਅਤੇ ਧਰਨੇ ਤੋਂ ਬਾਅਦ ਭੜਕੇ ਲੋਕਾਂ ਵੱਲੋਂ ਸਥਾਨਕ ਰਾਏਕੋਟ ਰੋਡ ਤੇ ਸਥਿਤ ਰੇਲਵੇ ਕਰਾਸਿੰਗ ਤੇ ਰੇਲਵੇ ਲਾਈਨਾਂ ਉੱਤੇ ਟਾਇਰਾਂ ਨੂੰ ਅੱਗ ਲਾ ਕੇ ਲੁਧਿਆਣਾ ਜਾਖ਼ਲ ਰੇਲਵੇ ਰੂਟ ਨੂੰ ਜਾਮ ਕਰ ਦਿੱਤਾ, ਜਿਸ 'ਤੇ ਰੇਲਵੇ ਨੇ ਇਸ ਰੂਟ 'ਤੇ ਰੇਲ ਆਵਾਜਾਈ ਬੰਦ ਕਰ ਦਿੱਤੀ ਹੈ। ਇਸੇ ਦੌਰਾਨ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਨੀਮ ਫੌਜੀ ਬਲ ਤਾਇਨਾਤ ਕਰ ਦਿੱਤੇ ਗਏ ਹਨ, ਜਦਕਿ ਕਈ ਗੁਆਂਢੀ ਇਲਾਕਿਆਂ ਤੋਂ ਵੀ ਪੁਲਿਸ ਬਲ ਬੁਲਾਏ ਹਨ। ਵੱਖ-ਵੱਖ ਵਰਗਾਂ ਦੇ ਵਫ਼ਦਾਂ ਵੱਲੋਂ ਕਮਿਸ਼ਨਰ ਪਟਿਆਲਾ ਅਜੀਤ ਸਿੰਘ ਪੰਨੂ ਨਾਲ ਮੁਲਾਕਾਤਾਂ-ਅੱਜ ਦੁਪਹਿਰ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲੈਣ ਲਈ ਮਾਲੇਰਕੋਟਲਾ ਪੁੱਜੇ ਕਮਿਸ਼ਨਰ ਪਟਿਆਲਾ ਅਜੀਤ ਸਿੰਘ ਪੰਨੂ ਨੇ ਮਾਲੇਰਕੋਟਲਾ ਸ਼ਹਿਰ ਦੇ ਹਿੰਦੂ, ਮੁਸਲਿਮ, ਸਿੱਖ ਅਤੇ ਮੀਡੀਆ ਨਾਲ ਸਬੰਧਿਤ ਵਫ਼ਦਾਂ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੀ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ। ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਜਮਾਤ-ਏ-ਇਸਲਾਮੀ ਹਿੰਦ ਪੰਜਾਬ ਦੇ ਅਮੀਰ ਅਬਦੁਲ ਸ਼ਕੂਰ ਨੇ ਪ੍ਰਿੰਸੀਪਲ ਮੁਹੰਮਦ ਅਰਸ਼ਦ, ਮਾਸਟਰ ਮੁਹੰਮਦ ਇਸਮਾਈਲ ਤੇ ਅਲਤਾਫ਼ ਚੌਹਾਨ ਆਦਿ ਆਗੂਆਂ ਸਮੇਤ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਵਿਧੂ ਜੈਨ ਦੇ ਕਾਤਲਾਂ ਨੂੰ ਢੁਕਵੀਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਨਿਰਦੋਸ਼ ਨੂੰ ਫਸਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਸੜਕਾਂ 'ਤੇ ਜਾਮ ਲਾਉਣ ਦੀ ਕਾਰਵਾਈ ਨੂੰ ਇਸਲਾਮ ਦੇ ਉਲਟ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਸਿਆਸੀ ਰੋਟੀਆਂ ਸੇਕਣ ਨਾ ਦਿੱਤੀਆਂ ਜਾਣ ਅਤੇ ਸਦੀਆਂ ਤੋਂ ਚੱਲੀ ਆ ਰਹੀ ਭਾਈਚਾਰਕ ਸਾਂਝ ਨੂੰ ਬਰਬਾਦ ਨਹੀਂ ਕਰਨ ਦਿੱਤਾ ਜਾਣਾ ਚਾਹੀਦਾ।
No comments:
Post a Comment