ਆਂਧਰਾ ਸੰਕਟ ਦਾ ਹੱਲ ਰਾਸ਼ਟਰਪਤੀ ਰਾਜ ਨਹੀਂ: ਸੁਸ਼ੀਲ ਸ਼ਿੰਦੇ
* ਆਂਧਰਾ ’ਚ ਰੋਸ ਪ੍ਰਦਰਸ਼ਨ ਜਾਰੀ * ਨਾਇਡੂ ਨੂੰ ਆਂਧਰਾ ਭਵਨ ਖਾਲੀ ਕਰਨ ਲਈ ਨੋਟਿਸ
ਨਵੀਂ ਦਿੱਲੀ/ਹੈਦਰਾਬਾਦ, 9 ਅਕਤੂਬਰ
ਹਿੰਸਾਗ੍ਰਸਤ ਸੀਮਾਂਧਰਾ ਖੇਤਰ ਵਿਚ ਜਿੱਥੇ ਜ਼ੋਰਦਾਰ ਰੋਸ ਪ੍ਰਦਰਸ਼ਨ ਜਾਰੀ ਹਨ, ਉਥੇ ਗ੍ਰਹਿ
ਮੰਤਰੀ ਸੁਸ਼ੀਲ ਸ਼ਿੰਦੇ ਨੇ ਆਂਧਰਾ ਪ੍ਰਦੇਸ਼ ਵਿਚ ਰਾਸ਼ਟਰਪਤੀ ਰਾਜ ਲਾਏ ਜਾਣ ਤੋਂ ਬਿਲਕੁਲ
ਇਨਕਾਰ ਕਰ ਦਿੱਤਾ ਹੈ ਅਤੇ ਸੰਕੇਤ ਦਿੱਤੇ ਹਨ ਕਿ ਬਿਜਲੀ ਸਪਲਾਈ ਦੀ ਬਦਤਰ ਹੋ ਰਹੀ ਸਥਿਤੀ
ਕਾਰਨ ਜ਼ਰੂਰੀ ਸੇਵਾਵਾਂ ਅਤੇ ਆਵਾਜਾਈ ਠੱਪ ਹੋਣ ਕਿਨਾਰੇ ਪੁੱਜਣ ਕਰਕੇ ਐਸਮਾ (ਈਐਸਐਮਏ)
ਲਾਗੂ ਕੀਤਾ ਜਾ ਸਕਦਾ ਹੈ।
ਬਿਜਲੀ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ (ਜੇਏਸੀ) ਅਤੇ ਸਰਕਾਰ ਵਿਚਾਲੇ ਅਣਮਿੱਥੇ ਸਮੇਂ
ਦੀ ਹੜਤਾਲ ਨੂੰ ਲੈ ਕੇ ਚੱਲੀ ਗੱਲਬਾਤ ਬਿਨਾਂ ਸਿਰੇ ਲੱਗਿਆਂ ਮੁੱਕ ਗਈ। ਇਸੇ ਦੌਰਾਨ
ਦਿੱਲੀ ’ਚ ਆਂਧਰਾ ਪ੍ਰਦੇਸ਼ ਭਵਨ ਵਿਚ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਸਾਬਕਾ
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਭਵਨ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ
ਪਰ ਉਨ੍ਹਾਂ ਨੇ ਉਥੋਂ ਹਿੱਲਣੋਂ ਇਨਕਾਰ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੀ ਵੰਡ ਦੇ
ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਤੱਟੀ ਆਂਧਰਾ ਅਤੇ ਰਾਇਲਸੀਮਾ
ਖੇਤਰਾਂ ਵਿਚ ਲੋਕ ਲਗਾਤਾਰ ਬਿਜਲੀ ਦੀ ਕਿੱਲਤ ਝੱਲ ਰਹੇ ਹਨ। ਇਸ ਕਰਕੇ ਮੁੱਖ ਮੰਤਰੀ ਐਨ.
ਕਿਰਨ ਕੁਮਾਰ ਰੈਡੀ ਇਹ ਜਮੂਦ ਖਤਮ ਕਰਨ ਲਈ ਭਲਕੇ ਫਿਰ ਜੇਏਸੀ ਨਾਲ ਗੱਲਬਾਤ ਕਰਨਗੇ।
ਰਿਪੋਰਟਾਂ ਅਨੁਸਾਰ ਬਿਜਲੀ ਦੇ ਸੰਕਟ ਦਾ ਸਭ ਤੋਂ ਵੱਧ ਕਹਿਰ ਹਸਪਤਾਲ ਸੇਵਾਵਾਂ ’ਤੇ ਵਰਸ
ਰਿਹਾ ਹੈ, ਜਦਕਿ ਸੀਮਾਂਧਰਾ ਦੇ ਹਵਾਈ ਅੱਡੇ ਬੈਕਅੱਪ ਸਿਸਟਮ ਆਸਰੇ ਚੱਲ ਰਹੇ ਸਨ। ਰੇਲ
ਸੇਵਾਵਾਂ ਦਾ ਵੀ ਮੰਦਾ ਹਾਲ ਹੈ ਤੇ ਪੂਰਬ ਤੱਟੀ ਰੇਲਵੇ ਨੂੰ ਜਾਂ ਤਾਂ ਆਪਣੀਆਂ ਕਈ ਅਹਿਮ
ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਹਨ ਜਾਂ ਫਿਰ ਉਨ੍ਹਾਂ ਦਾ ਸਮਾਂ ਬਦਲਿਆ ਗਿਆ ਹੈ।
ਵਿਜੈਵਾੜਾ ਥਰਮਲ ਪਾਵਰ ਸਟੇਸ਼ਨ ਅਤੇ ਰਾਇਲਸੀਮਾ ਥਰਮਲ ਪਾਵਰ ਸਟੇਸ਼ਨ ਸਮੇਤ ਪ੍ਰਮੁੱਖ ਬਿਜਲੀ
ਘਰਾਂ ਵਿਚ ਬਿਜਲੀ ਦਾ ਉਤਪਾਦਨ ਠੱਪ ਹੈ ਜਿਸ ਕਰਕੇ ਅਥਾਰਟੀਆਂ ਨੂੰ ਤਿੰਨ ਤੋਂ 10 ਘੰਟੇ
ਦੇ ਬਿਜਲੀ ਕੱਟ ਲਾਉਣੇ ਪੈ ਰਹੇ ਹਨ। ਸਰਕਾਰੀ ਸੂਤਰਾਂ ਅਨੁਸਾਰ ਸੂਬੇ ਵਿਚ ਬਿਜਲੀ ਦੀ
ਕੁੱਲ ਮੰਗ 11000 ਮੈਗਾਵਾਟ ਹੈ ਪਰ ਸਪਲਾਈ 7500 ਮੈਗਾਵਾਟ ਦੀ ਹੀ ਹੋ ਰਹੀ ਹੈ।
ਸੂਬੇ
ਦੇ ਅਹਿਮ ਖੇਤਰਾਂ ’ਚ ਹਨੇਰਾ ਛਾਇਆ ਹੋਇਆ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬੋਸਤਾ
ਸੱਤਿਆ ਨਾਰਾਇਨਣ ਨੇ ਬਿਜਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜਤਾਲ ਖਤਮ ਕਰ ਦੇਣ
ਤੇ ਉਹ ਕੇਂਦਰ ਨੂੰ ਪੱਤਰ ਲਿਖ ਕੇ ਇਸ ਮੁੱਦੇ ਦੇ ਹੱਲ ਲਈ ਸਰਬ ਪਾਰਟੀ ਮੀਟਿੰਗ ਬੁਲਾਉਣ
ਲਈ ਕਹਿਣਗੇ।
ਇਸੇ ਦੌਰਾਨ ਰਾਜ ਦੀ ਵੰਡ ਦੇ ਖ਼ਿਲਾਫ਼ ਤੱਟੀ ਆਂਧਰਾ ਤੇ ਰਾਇਲਸੀਮਾ ’ਚ ਜ਼ੋਰ-ਸ਼ੋਰ ਨਾਲ ਰੋਸ
ਪ੍ਰਦਰਸ਼ਨ ਜਾਰੀ ਰਹੇ। ਕੇਂਦਰ ਦੇ ਬਿਜਲੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਂਧਰਾ
ਵਿਚ ਰਾਜ ਦੀਆਂ ਉਤਪਾਦਨ ਤੇ ਟਰਾਂਸਮਿਸ਼ਨ ਫਰਮਾਂ ਦੇ ਸਬ-ਸਟੇਸ਼ਨਾਂ ਤੇ ਬਿਜਲੀ ਪੈਦਾ ਕਰਨ
ਵਾਲੇ ਸਟੇਸ਼ਨਾਂ ਦਾ ਕੰਮ ਬੰਦ ਹੈ। ਆਂਧਰਾ ਪ੍ਰਦੇਸ਼ ’ਚ ਕੁੱਲ 17000 ਮੈਗਾਵਾਟ ਬਿਜਲੀ
ਪੈਦਾ ਹੁੰਦੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਪਾਰਟੀ ਵੱਲੋਂ ਸੀਮਾਂਧਰਾ ਦੇ ਲੋਕਾਂ ਨੂੰ
ਅੰਦੋਲਨ ਦਾ ਰਾਹ ਛੱਡਣ ਦੀ ਅਪੀਲ ਕੀਤੀ ਹੈ ਤਾਂ ਕਿ ਵਧੀਆ ਢੰਗ ਨਾਲ ਗੱਲਬਾਤ ਸ਼ੁਰੂ ਕਰਕੇ
ਦੋਵਾਂ ਧਿਰਾਂ ਲਈ ਲਾਹੇਵੰਦ ਹੱਲ ਲੱਭਿਆ ਜਾ ਸਕੇ। ਦਿੱਗਵਿਜੈ ਸਿੰਘ ਪਾਰਟੀ ਦੇ ਆਂਧਰਾ
ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸੀਮਾਂਧਰਾ ਦੇ
ਲੋਕਾਂ ਦੇ ਸਾਰੇ ਫਿਕਰਾਂ ’ਚ ਭਾਈਵਾਲ ਹੈ ਤੇ ਤੇਲੰਗਾਨਾ ’ਚ ਰਹਿੰਦੇ ਉਨ੍ਹਾਂ ਲੋਕਾਂ,
ਉਨ੍ਹਾਂ ਦੀ ਸਿੱਖਿਆ ਤੇ ਰੁਜ਼ਗਾਰ ਦੇ ਮੌਕਿਆਂ ਦੇ ਸਾਰੇ ਫ਼ਿਕਰਾਂ ਦਾ ਹੱਲ ਹਾਂਦਰੂ ਢੰਗ
ਨਾਲ ਕੱਢਣ ਲਈ ਵਚਨਬੱਧ ਹੈ। ਇਸੇ ਦੌਰਾਨ ਨਵੀਂ ਦਿੱਲੀ ’ਚ ਆਂਧਰਾ ਪ੍ਰਦੇਸ਼ ਭਵਨ ’ਚ ਭੁੱਖ
ਹੜਤਾਲ ’ਤੇ ਬੈਠੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੂੰ ਭਵਨ ਖਾਲੀ ਕਰਨ ਦਾ ਨੋਟਿਸ ਜਾਰੀ
ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਨੇ ਇਸ ਨੂੰ ਮੰਨਣੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ
ਕਿ ਕਾਂਗਰਸ ਵੱਖਰਾ ਤੇਲੰਗਾਨਾ ਸੂਬਾ ਬਣਾਉਣ ਨੂੰ ਸਹਿਮਤੀ ਦੇ ਕੇ ਵਿਸ਼ਵਾਸਘਾਤ ਕਰ ਰਹੀ
ਹੈ। ਇਹ ਆਪਣੇ ਲਾਹੇ ਲਈ ਸਾਰੀ ਖੇਡ ਖੇਡ ਰਹੀ ਹੈ।