ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ
ਅੰਮਿ੍ਤਸਰ 9 ਅਕਤੂਬਰ (ਜਸਵੰਤ ਸਿੰਘ ਜੱਸ)-ਚੌਥੀ ਪਾਤਸ਼ਾਹੀ ਅਤੇ ਗੁਰੂ ਨਗਰੀ ਅੰਮਿ੍ਤਸਰ ਦੇ ਸੰਸਥਾਪਕ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਖ਼ਾਲਸਾਈ ਰਵਾਇਤਾਂ ਅਨੁਸਾਰ ਸ਼ਰਧਾ ਤੇ ਉਤਸ਼ਾਹ ਸਹਿਤ ਸਜਾਇਆ ਗਿਆ | ਪਰਕਰਮਾਂ 'ਚੋਂ ਸੁੰਦਰ ਪਾਲਕੀ ਸਾਹਿਬ ਦੁਆਰਾ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਗੁਰੂ ਰਾਮਦਾਸ ਸਰਾਂ ਤੱਕ ਲਿਜਾਏ ਜਾਣ ਉਪਰੰਤ ਉਥੋਂ ਇਹ ਪਾਵਨ ਸਰੂਪ ਸੁੰਦਰ ਫੁੱਲਾਂ ਨਾਲ ਸ਼ਿੰਗਾਰੇ ਹੋਏ ਰੱਥ 'ਤੇ ਰੱਖੀ ਗਈ ਸੁਨਹਿਰੀ ਪਾਲਕੀ ਵਿੱਚ ਬਿਰਾਜਮਾਨ ਕੀਤਾ ਗਿਆ। ਪਾਲਕੀ ਸਾਹਿਬ ਵਾਲੇ ਰੱਥ ਦੇ ਅੱਗੇ ਅਨੇਕਾਂ ਸ਼ਰਧਾਲੂ ਪਾਣੀ ਦਾ ਛਿੜਕਾਅ ਕਰਕੇ ਸੜਕ ਦੀ ਸਫਾਈ ਕਰ ਰਹੇ ਸਨ। ਇੱਕ ਵਿਸ਼ੇਸ਼ ਹਵਾਈ ਜਹਾਜ਼ ਵੱਲੋਂ ਨਗਰ ਕੀਰਤਨ 'ਤੇ ਫੁੱਲ ਪੱਤੀਆਂ ਦੀ ਵਰਖਾ ਕੀਤੀ ਜਾ ਰਹੀ ਸੀ। ਸਕੂਲੀ ਬੱਚੇ ਸੁੰਦਰ ਵਰਦੀਆਂ ਵਿੱਚ ਕਤਾਰਾਂ ਵਿੱਚ ਚੱਲ ਰਹੇ ਸਨ ਤੇ ਬੈਂਡ ਦੀਆਂ ਧੁੰਨਾਂ ਤੇ ਪੀਟੀ ਸ਼ੋਅ ਪੇਸ਼ ਕਰਕੇ ਸ਼ਰਧਾਲੂਆਂ ਦਾ ਮਨ ਮੋਹ ਰਹੇ ਸਨ। ਅਮਰੀਕਨ ਸਿੱਖ ਬੱਚਿਆਂ ਸਮੇਤ ਸ਼ਹਿਰ ਦੀਆਂ ਕਈ ਗਤਕਾ ਪਾਰਟੀਆਂ ਖ਼ਾਲਸਾਈ ਸ਼ਸ਼ਤਰ ਕਲਾ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਸਨ। ਨਗਰ ਕੀਰਤਨ 'ਚ ਸਭਾ ਸੁਸਾਇਟੀਆਂ , ਸ੍ਰੀ ਗੁਰੂ ਸਿੰਘ ਸਭਾ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ ਤੇ ਦੂਰੋਂ ਨੇੜਿਉਂ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਰਸਤੇ ਵਿੱਚ ਥਾਂ-ਥਾਂ ਤੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਜਲ, ਚਾਹ, ਫ਼ਲਾਂ, ਮਠਿਆਈਆਂ ਤੇ ਹੋਰ ਪਦਾਰਥਾਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਟਹਿਲ ਸੇਵਾ ਕੀਤੀ।
No comments:
Post a Comment