Wednesday, 9 October 2013



ਕੇਰਨ ਸੈਕਟਰ ਵਿਚ 15 ਦਿਨਾਂ ਤੋਂ ਚੱਲ ਰਿਹਾ ਮੁਕਾਬਲਾ ਖ਼ਤਮ

ਘੁਸਪੈਠੀਆਂ ਦਾ ਸਫਾਇਆ, 8 ਲਾਸ਼ਾਂ ਮਿਲੀਆਂ
ਸ੍ਰੀਨਗਰ, 9 ਅਕਤੂਬਰ (ਮਨਜੀਤ ਸਿੰਘ ਤੇ ਏਜੰਸੀਆਂ)-ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਅੱਤਵਾਦੀਆਂ ਦੇ ਖਿਲਾਫ਼ ਪਿਛਲੇ 15 ਦਿਨਾਂ ਤੋਂ ਜਾਰੀ ਫ਼ੌਜ ਦਾ ਆਪਰੇਸ਼ਨ ਅੱਜ ਖਤਮ ਹੋ ਗਿਆ | ਇਸ ਸਬੰਧ ਵਿਚ ਫ਼ੌਜ ਮੁਖੀ ਜਨਰਲ ਬਿਕਰਮ ਸਿੰਘ ਨੇ ਕਿਹਾ ਕਿ ਇਸ ਘੁਸਪੈਠ ਪਿਛੇ ਪਾਕਿਸਤਾਨ ਦੀ ਫ਼ੌਜ ਦਾ ਹੱਥ ਹੈ ਤੇ ਇਸ ਨੂੰ ਸਾਜ਼ਿਸ਼ ਤਹਿਤ ਕਰਵਾਇਆ ਗਿਆ |
ਪਾਕਿ ਫ਼ੌਜ ਦੇ ਬਿਨ੍ਹਾਂ ਸੰਭਵ ਨਹੀਂ ਘੁਸਪੈਠ-ਉਤਰੀ ਕਮਾਨ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਸੰਜੀਵ ਚਾਚੜਾ ਨੇ ਸ੍ਰੀਨਗਰ ਵਿਚ ਕੇਰਨ ਸੈਕਟਰ ਵਿਚ 15 ਦਿਨ ਤੱਕ ਚੱਲੇ ਮੁਕਾਬਲੇ ਨੂੰ ਖਤਮ ਕਰਨ ਦਾ ਐਲਾਨ ਕਰਦਿਆਂ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪਾਕਿਸਤਾਨ ਫ਼ੌਜ ਤੋਂ ਬਿਨਾਂ ਘੁਸਪੈਠ ਹੋ ਨਹੀਂ ਸਕਦੀ ਜਿਸ ਵਿਚ ਪਾਕਿ ਸੈਨਾ ਦੀ ਸ਼ਮੂਲੀਅਤ ਸੀ | ਚਾਚੜਾ ਨੇ ਕਿਹਾ ਕਿ ਕੇਰਨ ਸੈਕਟਰ ਵਿਚ ਘੁਸਪੈਠੀਆਂ ਦਾ ਸਫਾਇਆ ਕਰ ਦਿੱਤਾ ਗਿਆ ਹੈ | ਕਰੀਬ 30-40 ਅੱਤਵਾਦੀਆਂ ਨੇ ਕੇਰਨ ਸੈਕਟਰ ਦੇ ਪਿੰਡ ਸ਼ਾਲਭੱਟੀ ਵਿਚ ਘੁਸਪੈਠ ਕੀਤੀ ਸੀ ਜਿਨ੍ਹਾਂ ਵਿਚੋਂ ਮੁਕਾਬਲੇ ਦੌਰਾਨ 8 ਅੱਤਵਾਦੀ ਮਾਰੇ ਗਏ ਜਦਕਿ ਸਾਡੇ 6 ਜਵਾਨ ਜ਼ਖ਼ਮੀ ਹੋਏ ਹਨ | ਹੋਰ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਸ਼ਾਇਦ ਕੁਝ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਪਿਛੇ ਖਿੱਚ ਲਿਆ ਹੋਵੇ ਤੇ ਕੁਝ ਨੇੜਲੇ ਇਲਾਕਿਆਂ ਵਿਚ ਚਲੇ ਗਏ ਹੋਣ | ਲੈਫਟੀਨੈਂਟ ਜਨਰਲ ਚਾਚੜਾ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਘੁਸਪੈਠੀਆਂ ਨੇ ਭਾਰਤੀ ਪਾਸੇ ਤਿੰਨ ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ | ਇਹ ਖ਼ਬਰਾਂ ਬਿਲਕੁੱਲ ਬੇਬੁਨਿਆਦ ਹਨ | ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਪਾਸੋਂ ਸਵੈ-ਚਲਿਤ ਲਗਭਗ 59 ਆਧੁਨਿਕ ਹਥਿਆਰ, ਰਾਤ ਨੂੰ ਵੇਖਣ ਵਾਲੇ ਯੰਤਰ ਤੇ ਹੋਰ ਗੋਲੀ ਸਿੱਕਾ ਬਰਾਮਦ ਹੋਇਆ ਹੈ ਪਰ ਕੋਈ ਮੋਬਾਈਲ ਨਹੀਂ ਮਿਲਿਆ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਘੁਸਪੈਠ ਦੀ ਜਾਂਚ ਦੀ ਫਿਲਹਾਲ ਕੋਈ ਲੋੜ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਹ ਇਸ ਸਾਲ ਦਾ ਸਭ ਤੋਂ ਵੱਡੀ ਆਪਰੇਸ਼ਨ ਸੀ | ਘੁਸਪੈਠ ਦੀਆਂ ਹੋਰਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ | ਅਜੇ ਹੋਰ ਘੁਸਪੈਠ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਅੱਤਵਾਦੀਆਂ ਨੂੰ ਲੱਭਣ ਦੀ ਕਾਰਵਾਈ ਖਤਮ ਕਰ ਦਿੱਤੀ ਗਈ ਹੈ ਪਰ ਨਿਗਰਾਨੀ ਲਈ ਜਵਾਨ ਅਜੇ ਤਾਇਨਾਤ ਰਹਿਣਗੇ | ਚਾਚੜਾ ਨੇ ਕਿਹਾ ਕਿ ਭਾਰਤੀ ਜਵਾਨਾਂ ਦਾ ਮਨੋਬਲ ਬਹੁਤ ਉਚਾ ਹੈ ਜੋ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਦੇ ਸਮਰੱਥ ਹੈ | ਫ਼ੌਜ ਨੂੰ ਹਾਈ ਅਲਰਟ' ਰੱਖਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਯਤਨ ਕਰਾਂਗੇ ਕਿ ਕੰਟਰੋਲ ਰੇਖਾ ਦੀ ਪਵਿੱਤਰਤਾ ਕਾਇਮ ਰਹੇ | ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਨ੍ਹਾਂ ਦੇ ਸਾਥੀ ਅੱਤਵਾਦੀ ਲਾਸ਼ਾਂ ਪਾਰ ਲੈ ਜਾਣ 'ਚ ਕਾਮਯਾਬ ਹੋ ਗਏ ਹੋਣ | ਦੱਸਣਯੋਗ ਹੈ ਕਿ ਫ਼ੌਜ ਨੇ 24 ਸਤੰਬਰ ਨੂੰ ਕੁਪਵਾੜਾ ਦੇ ਕੇਰਨ ਸੈਕਟਰ 'ਚ ਘੁਸਪੈਠੀਆਂ ਦੇ ਇਕ ਵੱਡੇ ਸਮੂਹ ਨੂੰ ਖਦੇੜਨ ਲਈ ਇਕ ਤਲਾਸ਼ੀ ਆਪ੍ਰੇਸ਼ਨ ਛੇੜਿਆ, ਜਿਸ 'ਚ ਫੌਜ ਅਨੁਸਾਰ 15 ਦਿਨ ਜਾਰੀ ਰਹੇ ਇਸ ਆਪ੍ਰੇਸ਼ਨ ਦੌਰਾਨ 8 ਘੁਸਪੈਠੀਏ ਹਲਾਕ ਕਰਕੇ ਭਾਰੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ | ਇਸ ਕਾਰਵਾਈ 'ਚ ਫੌਜ ਦੇ 6 ਸੈਨਿਕ ਵੀ ਜ਼ਖ਼ਮੀ ਹੋ ਗਏ ਸਨ |
ਵੱਡੀ ਮਾਤਰਾ ਵਿਚ ਹਥਿਆਰ ਬਰਾਮਦ
ਇਸ ਦੌਰਾਨ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 66 ਹਥਿਆਰ ਜਿੰਨਾਂ ਵਿਚੋਂ 23 ਏ. ਕੇ. -47 ਰਾਈਫ਼ਲਾਂ ਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਹੈ ਜਦਕਿ ਅੱਜ ਕੇਰਨ ਸੈਕਟਰ ਵਿਚ ਕੀਤੇ ਖੋਜ-ਅਭਿਆਨ ਦੌਰਾਨ 5 ਏ.ਕੇ. ਰਾਈਫਲਾਂ, ਦੋ ਪਿਸਤੌਲ ਤੇ ਹੋਰ ਧਮਾਕਾਖੇਜ ਸਮੱਗਰੀ ਬਰਾਮਦ ਹੋਈ ਹੈ |

No comments:

Post a Comment