ਮਨਪ੍ਰੀਤ ਦੀ ਵੀ ਨਿਕਲੇਗੀ ਫੂਕ : ਅਮਰਿੰਦਰ
ਕਾਂਗਰਸੀ ਬਾਗੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ 10 ਸਾਲ ਤਕ ਝੱਲਣੀ ਪਈ ਬੇਇਜ਼ਤੀ
ਕੁਝ ਨੂੰ ਪੈਸੇ ਦੇ ਕੇ ਖੜ੍ਹਾ ਕੀਤੈ ਸੁਖਬੀਰ ਨੇ
ਚੰਡੀਗੜ੍ਹ, 18 ਜਨਵਰੀ -ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਵਿਧਾਨ ਸਭਾ ਚੋਣਾਂ 'ਚ ਅਧਿਕਾਰਤ ਕਾਂਗਰਸ ਉਮੀਦਵਾਰਾਂ ਵਿਰੁੱਧ ਖੜ੍ਹੇ ਸਭ ਕਾਂਗਰਸੀ ਬਾਗੀ ਜੇ ਅਗਲੇ ਇਕ-ਅੱਧੇ ਦਿਨ 'ਚ ਚੋਣਾਂ ਤੋਂ ਨਹੀਂ ਹਟੇ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਕਾਂਗਰਸ ਦੇ ਹੈੱਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਵਾਰ ਬਾਗੀ ਉਮੀਦਵਾਰਾਂ ਨਾਲ ਬੜੀ ਸਖਤਾਈ ਨਾਲ ਪੇਸ਼ ਆਉਣ ਦਾ ਫੈਸਲਾ ਲਿਆ ਹੈ। ਬਾਗੀ ਉਮੀਦਵਾਰਾਂ ਨੂੰ ਨਾ ਕੇਵਲ ਪਾਰਟੀ ਤੋਂ 5 ਸਾਲ ਲਈ ਬਰਖਾਸਤ ਕਰ ਦਿੱਤਾ ਜਾਏਗਾ, ਬਲਕਿ ਉਸ ਨੂੰ ਅਗਲੇ 5 ਸਾਲ ਲਈ ਕੋਈ ਹੋਰ ਕੰਮ ਵੀ ਨਹੀਂ ਦਿੱਤਾ ਜਾਏਗਾ।
ਜੇ ਕੁਝ ਦਿਨਾਂ ਦੀ ਸ਼ੋਹਰਤ ਦੇ ਲਈ ਉਹ ਅਗਲੇ ਦਸ ਸਾਲ ਤਕ ਧੱਕੇ ਖਾਣ ਨੂੰ ਤਿਆਰ ਹੈ ਤਾਂ ਉਹ ਉਨ੍ਹਾਂ ਦੀ ਮਰਜ਼ੀ। ਅਮਰਿੰਦਰ ਨੇ ਕਿਹਾ ਕਿ ਇਸ ਸਮੇਂ ਲਗਭਗ ਇਕ ਦਰਜਨ ਹਲਕਿਆਂ 'ਚ ਬਾਗੀ ਕਾਂਗਰਸੀ ਅਧਿਕਾਰਤ ਉਮੀਦਵਾਰਾਂ ਦੇ ਵਿਰੁੱਧ ਚੋਣ ਲੜ ਰਹੇ ਹਨ, ਹਾਲਾਂਕਿ ਗੁਰਵਿੰਦਰ ਅਟਵਾਲ, ਚਰਨਜੀਤ ਸਿੰਘ ਚੰਨੀ ਵਰਗੇ ਮੁੱਖ ਬਾਗੀ ਹੁਣ ਚੋਣ ਤੋਂ ਹਟ ਗਏ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਨ੍ਹਾਂ 'ਚੋਂ ਕੁਝ ਬਾਗੀਆਂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੈਸੇ ਦੇ ਕੇ ਖੜ੍ਹਾ ਕਰ ਰੱਖਿਆ ਹੈ। ਉਨ੍ਹਾਂ ਨੂੰ ਪੈਸੇ ਵਿਜੀਲੈਂਸ ਬਿਊਰੋ ਦੇ ਜ਼ਰੀਏ ਪਹੁੰਚਾਏ ਜਾਂਦੇ ਹਨ ਜਿਸ ਦਾ ਸੰਚਾਲਨ ਏ. ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਕਰ ਰਹੇ ਹਨ।
ਭਾਜਪਾ ਬਹੁਤ ਕਮਜ਼ੋਰ
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਭਾਜਪਾ ਦੀ ਸਥਿਤੀ ਬਹੁਤ ਹੀ ਕਮਜ਼ੋਰ ਹੈ ਕਿਉਂਕਿ ਬੀਤੇ 5 ਸਾਲ 'ਚ ਉਹ ਕੁਝ ਵੀ ਨਹੀਂ ਕਰ ਪਾਏ। ਸਾਲ 2007 'ਚ ਉਹ 23 ਤੋਂ 19 ਸੀਟਾਂ 'ਤੇ ਜੇਤੂ ਰਹੀ ਸੀ ਪਰ ਇਸ ਵਾਰ ਉਨ੍ਹਾਂ ਨੂੰ ਇਕ ਦੋ ਸੀਟਾਂ ਵੀ ਮਿਲ ਜਾਣ ਤਾਂ ਗਨੀਮਤ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਭਾਈ ਰਾਜਾ ਮਾਲਵਿੰਦਰ ਸਿੰਘ ਵਲੋਂ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਉਨ੍ਹਾਂ ਦਾ ਪ੍ਰਭਾਵ ਤਾਂ ਕੇਵਲ ਅਖਬਾਰਾਂ 'ਚ ਇਕ-ਅੱਧੇ ਦਿਨ ਦੀ ਹੈੱਡਲਾਈਨ ਤਕ ਹੀ ਸੀਮਤ ਹੈ। ਜਿਥੇ ਤਕ ਮਨਪ੍ਰੀਤ ਸਿੰਘ ਬਾਦਲ ਦਾ ਸਵਾਲ ਹੈ ਤਾਂ ਗਿੱਦੜਬਾਹਾ 'ਚ ਉਸਦੀ ਵੀ ਫੂਕ ਨਿਕਲ ਜਾਵੇਗੀ।
No comments:
Post a Comment