Wednesday, 18 January 2012

ਕਬੂਤਰਬਾਜ਼ ਨੌਜਵਾਨਾਂ ਨਾਲ ਠੱਗੀ ਮਾਰ ਕੇ ਫਰਾਰ

ਨੌਜਵਾਨਾਂ ਨੂੰ ਰੇਲ ਗੱਡੀ 'ਚ ਛੱਡ ਕੇ ਪੈਸਿਆਂ ਸਮੇਤ ਗਾਇਬ


ਟਰੈੱਵਲ ਏਜੰਟ ਵੱਲੋਂ ਆਪਣੇ ਨਾਲ ਹੋਈ ਠੱਗੀ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ।

ਅੰਮ੍ਰਿਤਸਰ, 18 ਜਨਵਰੀ -ਡੌਰ-ਭੌਰੇ ਜਿਹੇ ਇੱਕ ਦੂਸਰੇ ਦੇ ਮੂੰਹ ਵੱਲ ਝਾਕਦੇ 25-30 ਨੌਜਵਾਨਾਂ ਦਾ ਸਮੂਹ ਅੱਜ ਸਥਾਨਕ ਅੰਮ੍ਰਿਤਸਰ ਕਚਿਹਰੀ 'ਚ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦੇ ਦਫਤਰਾਂ ਵੱਲ ਤਰਸ ਭਰੀਆਂ ਨਜ਼ਰਾਂ ਚੁੱਕੀ ਅੰਮ੍ਰਿਤਸਰ ਦੇ ਇੱਕ ਕਥਿਤ ਧੌਖੇਬਾਜ਼ 'ਟਰੈਵਲ ਏਜੰਟ' ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਇਨ੍ਹਾਂ ਨੌਜਵਾਨਾਂ ਨਾਲ ਕਵੈਤ ਭੇਜਣ ਦੇ ਨਾਮ 'ਤੇ ਮਾਰੀ ਲੱਖਾਂ ਦੀ ਠੱਗੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਆਇਆ ਪਰ ਚੋਣ ਜਿੰਮੇਵਾਰੀ 'ਚ ਰੁੱਝੇ ਉਕਤ ਆਲ੍ਹਾ ਅਧਿਕਾਰੀਆਂ ਨੇ ਕੱਲ੍ਹ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।
ਆਪਣੀ ਵਿੱਥਿਆ ਸੁਣਾਉਂਦਿਆਂ ਮ੍ਹਾਤੜ ਘਰਾਂ ਦੇ ਲੱਗਦੇ ਉਕਤ ਭੋਲੇ ਭਾਲੇ ਨੌਜਵਾਨਾਂ ਦੱਸਿਆ ਕਿ ਬੇਰੋਜ਼ਗਾਰੀ ਤੋਂ ਤੰਗ ਉਹ 5 ਦਸੰਬਰ ਦੀ ਇਕ ਪੰਜਾਬੀ ਅਖਬਾਰ (ਅਜੀਤ ਨਹੀਂ) 'ਚ 'ਬੀ. ਪੀ. ਐੱਸ. ਟੂਰ ਟਰੈਵਲ' ਵਲੋਂ ਕੇ. ਜੀ. ਐੱਲ. ਕੰਪਨੀ ਦੇ ਨਾਂ 'ਤੇ ਕਵੈਤ ਜਾਣ ਲਈ ਕਾਮਿਆਂ ਦੀ ਮੰਗ ਦਾ ਇਸ਼ਤਿਹਾਰ ਪੜ੍ਹ ਕੇ ਅੰਮ੍ਰਿਤਸਰ ਸਥਿਤ ਉਕਤ ਕੰਪਨੀ ਵਲੋਂ ਦੱਸੇ ਪਤੇ 25 ਦੀਪ ਕੰਪਲੈਕਸ ਕੋਰਟ ਰੋਡ 'ਤੇ ਪੁੱਜੇ। ਜਿਥੇ ਆਪਣਾ ਨਾਂ ਕੁਲਵਿੰਦਰ ਸਿੰਘ ਦੱਸ ਕੇ ਇਕ ਨੌਜਵਾਨ ਵਲੋਂ ਉਥੇ ਮੌਜੂਦ ਉਸ ਦੇ ਕਰਮਚਾਰੀ ਜਿੰਨਾਂ 'ਚ ਦੋ ਲੜਕੇ ਤੇ ਦੋ ਲੜਕੀਆਂ ਸਨ, ਰਾਹੀਂ ਉਨਾਂ ਕੋਲੋਂ 55000 ਤੋਂ 120000 ਰੁਪਏ ਪ੍ਰਤੀ ਵਿਅਕਤੀ ਦੀ ਰਾਸ਼ੀ ਨਾਲ ਕਵੈਤ ਭੇਜਣ ਦਾ ਤਹਿ ਕਰਕੇ ਪੰਜਾਬ ਭਰ ਤੋਂ ਆਏ ਇਨ੍ਹਾਂ 60-70 ਨੌਜਵਾਨਾਂ ਨੂੰ ਸਥਾਨਕ ਗਿੱਲ ਸਕੈਨ ਸੈਂਟਰ, ਨੈਸ਼ਨਲ ਸ਼ਾਪਿੰਗ ਕੰਪੈਲਕਸ ਵਿਖੇ ਡਾਕਟਰੀ ਕਰਵਾਉਣ ਦੇ ਨਾਂ 'ਤੇ ਭੇਜ ਦਿੱਤਾ। ਉਥੇ ਸਕੈਨ ਸੈਂਟਰ ਵਾਲਿਆਂ ਉਨਾਂ ਤੋਂ ਕਥਿਤ 2750 ਰੁਪਏ ਪ੍ਰਤੀ ਵਿਅਕਤੀ ਮੈਡੀਕਲ ਦੇ ਨਾਂ 'ਤੇ ਵਸੂਲ ਲਏ ਤੇ ਉਨਾਂ ਦੇ ਪਾਸਪੋਰਟ ਉਕਤ ਕੁਲਵਿੰਦਰ ਸਿੰਘ ਨੇ ਰੱਖ ਲਏ। ਲਗਭਗ 20-22 ਦਿਨ ਬਾਅਦ ਉਕਤ ਏਜੰਟ ਵਲੋਂ ਉਨਾਂ ਦਾ ਵੀਜ਼ਾ ਲੱਗ ਗਿਆ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਦਫਤਰ ਸੱਦ ਕੇ ਉਨ੍ਹਾਂ ਕੋਲੋਂ ਤਹਿ ਕੀਤੇ ਪੈਸੇ ਵਸੂਲ ਕੇ ਜਾਣ ਦੀ ਤਿਆਰੀ ਕਰਨ ਲਈ ਕਹਿ ਦਿੱਤਾ। ਉਨਾਂ ਨੂੰ ਬਕਾਇਦਾ ਹਵਾਈ ਟਿਕਟਾਂ ਵੀ ਦਿੱਤੀਆਂ ਗਈਆਂ ਅਤੇ ਦਿੱਲੀ ਜਾਣ ਲਈ ਰੇਲ ਗੱਡੀ 'ਤੇ ਸਵਾਰ ਕਰਵਾ ਲਿਆ। ਅੰਮ੍ਰਿਤਸਰ, ਹੁਸ਼ਿਆਰਪੁਰ, ਮੋਗਾ, ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਤਰਨ ਤਾਰਨ, ਜਗਰਾਉਂ, ਬਰਨਾਲਾ ਆਦਿ ਜਿਲਿਆਂ ਨਾਲ ਸਬੰਧਿਤ ਉਕਤ ਨੌਜਵਾਨ ਮਨ 'ਚ ਰੁਜਗਾਰ ਦੇ ਸੁਪਨੇ ਸੰਜੋਏ ਉਹ ਦਿੱਲੀ ਵੱਲ ਏਜੰਟ ਦੇ ਨਾਲ ਜਾ ਰਹੇ ਸਨ ਜਿਥੋਂ ਰਸਤੇ 'ਚ ਰਾਜਪੁਰੇ ਲਾਗੇ ਕਥਿਤ ਕਬੂਤਰਬਾਜ਼ ਬਾਥਰੂਮ ਜਾਣ ਦੇ ਬਹਾਨੇ ਫਰਾਰ ਹੋ ਗਿਆ। ਬਿਪਤਾ ਦੇ ਮਾਰੇ ਨੌਜਵਾਨਾਂ ਜਦ ਵਾਪਸ ਅੰਮ੍ਰਿਤਸਰ ਆਏ ਤਾਂ ਉਕਤ ਦਫਤਰ ਬੰਦ ਸੀ। ਜਿਥੇ ਦਫਤਰ ਸੀ ਉਸ ਇਮਾਰਤ ਦੇ ਮਾਲਕ ਕੋਲੋਂ ਜਦ ਪੁਛਿਆ ਤਾਂ ਉਸਨੇ ਕਥਿਤ ਦੋਸ਼ੀ ਦੀ ਸ਼ਨਾਖਤ ਸੁਮਨਜੀਤ ਸਿੰਘ ਪੁਤਰ ਬਲਦੇਵ ਸਿੰਘ 57 ਦਲੀਪ ਐਵੀਨਿਊ ਦੱਸਦਿਆਂ ਉਸਦੇ ਪਾਸਪੋਰਟ ਦੀ ਨਕਲ ਦਿਖਾ ਦਿੱਤੀ ਜੋ ਕਿ 5000 ਰੁਪੈ ਪ੍ਰਤੀ ਮਹੀਨਾ ਦੇ ਕਿਰਾਏ 'ਤੇ ਉਸ ਪਾਸ ਕਿਰਾਏਦਾਰ ਸੀ। ਨਕਲੀ ਨਾਂ ਦਾ ਪਤਾ ਲੱਗਣ 'ਤੇ ਉਨਾਂ ਨੂੰ ਹੋਈ ਠੱਗੀ ਦਾ ਯਕੀਨ ਹੋਇਆ। ਉਕਤ ਸੁਮਨਜੀਤ ਸਿੰਘ ਦੇ ਨਾਲ ਕਥਿਤ ਤੌਰ 'ਤੇ ਉਨਾਂ ਨੂੰ ਗਿੱਲ ਸਕੈਨ ਦੇ ਵੀ ਰਲੇ ਹੋਣ ਦਾ ਸ਼ੱਕ ਹੈ। ਇਹ ਨੌਜਵਾਨ ਆਪਣੀ ਬੇਇੱਜ਼ਤੀ ਦੇ ਡਰੋਂ ਖੁੱਲ੍ਹ ਕੇ ਤਸਵੀਰ ਕਰਵਾਉਣ ਲਈ ਤਿਆਰ ਵੀ ਨਹੀਂ ਸਨ। ਅੱਜ ਉਨਾਂ ਇਸ ਸਬੰਧੀ ਸ਼ਿਕਾਇਤ ਦੇ ਕੇ ਨਿਆਂ ਪ੍ਰਾਪਤੀ ਲਈ ਪੁਲਿਸ ਕਮਿਸ਼ਨਰ ਦਫਤਰ ਵਲ ਵਹੀਰਾਂ ਕੀਤੀਆਂ ਪਰ ਚੋਣ ਸਰਗਰਮੀਆਂ 'ਚ ਰੁਝੇ ਅਧਿਕਾਰੀਆਂ ਨੇ ਉਨਾਂ ਤੋਂ ਲਿਖਤੀ ਸ਼ਿਕਾਇਤ ਲੈਂਦਿਆਂ ਕਲ੍ਹ ਤੋਂ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦੇ ਕੇ ਤੋਰ ਦਿੱਤਾ।
ਜਥੇਦਾਰ ਭੀਖੀ ਨੂੰ ਪੁੱਤਰ ਸਮੇਤ 10-10 ਸਾਲ ਦੀ ਕੈਦ

ਮਾਮਲਾ ਡੇਰਾ ਪ੍ਰੇਮੀ 'ਤੇ ਕਾਤਲਾਨਾ ਹਮਲੇ ਦਾ
ਮਾਨਸਾ, 18 ਜਨਵਰੀ - ਜ਼ਿਲ੍ਹੇ ਦੇ ਪਿੰਡ ਸਮਾਉਂ ਵਿਖੇ ਡੇਰਾ ਸਿਰਸਾ ਦੇ ਪ੍ਰੇਮੀ ਭੋਲਾ ਸਿੰਘ 'ਤੇ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ (ਬ) ਸਰਕਲ ਭੀਖੀ ਦੇ ਜਥੇਦਾਰ ਭਰਪੂਰ ਸਿੰਘ ਭੀਖੀ ਨੂੰ ਪੁੱਤਰ ਸਮੇਤ 10-10 ਸਾਲ ਦੀ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨਾ ਕਰਨ ਦੇ ਹੁਕਮ ਸੁਣਾਏ ਹਨ। ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ ਨੇ ਬੀਤੀ ਸ਼ਾਮ ਉਪਰੋਕਤ ਜਥੇਦਾਰ ਤੇ ਉਨ੍ਹਾਂ ਦੇ ਸਪੁੱਤਰ ਰਜਿੰਦਰ ਸਿੰਘ ਨੂੰ ਦੋਸ਼ੀ ਗਰਦਾਨ ਦਿੱਤਾ ਸੀ ਜਦਕਿ ਬੱਬਰ ਖ਼ਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਮੱਖਣ ਸਿੰਘ ਸਮਾਉਂ ਸਮੇਤ 6 ਸਿੱਖ ਨੌਜਵਾਨਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ। ਉਪਰੋਕਤ ਡੇਰਾ ਪ੍ਰੇਮੀ ਨੂੰ 2008 ਵਿਚ ਅਣਪਛਾਤੇ ਵਿਅਕਤੀਆਂ ਨੇ 4 ਫਾਇਰ ਦਾਗ਼ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ। ਪ੍ਰੇਮੀ ਦੇ ਭਰਾ ਦੇ ਬਿਆਨਾਂ 'ਤੇ ਪਿਉ ਪੁੱਤਰ ਸਮੇਤ ਮੁਲਾਜ਼ਮ ਆਗੂ ਪਰਮਜੀਤ ਸਿੰਘ ਭੀਖੀ 'ਤੇ ਪਰਚਾ ਦਰਜ ਕੀਤਾ ਸੀ ਪ੍ਰੰਤੂ ਜ਼ਿਲ੍ਹਾ ਪੁਲਿਸ ਨੇ ਜਾਂਚ ਦੌਰਾਨ ਉਨ੍ਹਾਂ ਨੂੰ ਬੇਗੁਨਾਹ ਦੱਸਦਿਆਂ ਖਾੜਕੂ ਭੂਤਨਾ ਸਮੇਤ ਸਿੱਖ ਨੌਜਵਾਨਾਂ 'ਤੇ ਮੁਕੱਦਮਾ ਚਲਾਇਆ ਸੀ। ਐਡਵੋਕੇਟ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਫ਼ੈਸਲੇ ਉਪਰੰਤ ਦੋਵੇਂ ਪਿਉ ਪੁੱਤਰਾਂ ਨੂੰ ਬਠਿੰਡਾ ਜੇਲ੍ਹ ਵਿਚ ਭੇਜ ਦਿੱਤਾ ਹੈ ਜਦਕਿ ਪਰਮਜੀਤ ਸਿੰਘ ਭੀਖੀ ਵੀ ਬਰੀ ਹੋਣ ਵਾਲੇ ਨੌਜਵਾਨਾਂ ਵਿਚ ਸ਼ਾਮਲ ਹੈ।
ਸੜਕ ਹਾਦਸੇ 'ਚ 3 ਦੀ ਮੌਤ-9 ਜ਼ਖ਼ਮੀ



ਅਬੋਹਰ, 18 ਜਨਵਰੀ -ਬੀਤੀ ਦੇਰ ਰਾਤ ਅਬੋਹਰ-ਹਨੂੰਮਾਨਗੜ੍ਹ ਮੁੱਖ ਸੜਕ 'ਤੇ ਪੈਂਦੇ ਪਿੰਡ ਰਾਜਪੁਰਾ ਕੋਲ ਹੋਏ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 9 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਝੂਮਿਆਂਵਾਲੀ ਦੇ ਕਿੰਨੂ ਬਾਗ ਵਿਚ ਫਲ ਤੋੜਨ ਦਾ ਕੰਮ ਕਰਦੇ ਮਜ਼ਦੂਰਾਂ ਨੂੰ ਇਕ ਪਿੱਕ ਅੱਪ ਗੱਡੀ ਨੰਬਰ ਪੀ. ਬੀ. 02 ਏ. ਕਿਊ. 9834 ਉਨ੍ਹਾਂ ਦੇ ਰਾਜਸਥਾਨ ਸਥਿਤ ਪਿੰਡ ਖੈਰੂਵਾਲਾ ਛੱਡਣ ਜਾ ਰਹੀ ਸੀ ਕਿ ਪਿੰਡ ਰਾਜਪੁਰਾ ਦੇ ਨਜ਼ਦੀਕ ਅਚਾਨਕ ਇਕ ਰਿਕਸ਼ਾ ਦੇ ਅੱਗੇ ਆਉਣ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ ਜਿਸ ਕਾਰਨ ਗੱਡੀ ਦਰੱਖਤਾਂ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਗੁਲਜ਼ਾਰ ਸਿੰਘ ਪੁੱਤਰ ਅਰਜਨ ਸਿੰਘ ਅਤੇ ਬੀਬੋ ਪਤਨੀ ਗੁਲਜ਼ਾਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ 10 ਵਿਅਕਤੀ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਇਨ੍ਹਾਂ ਵਿਚੋਂ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਤਨਾਮ ਸਿੰਘ ਪੁੱਤਰ ਰਾਮ ਲਾਲ ਅਤੇ ਲਾਭ ਸਿੰਘ ਪੁੱਤਰ ਗੁਰਦੇਵ ਸਿੰਘ ਨੂੰ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਭੇਜ ਦਿੱਤਾ ਗਿਆ ਜਿੱਥੇ ਸਤਨਾਮ ਸਿੰਘ ਦੀ ਮੌਤ ਹੋ ਗਈ। ਬਾਕੀ ਜ਼ਖ਼ਮੀਆਂ 'ਚ ਮੰਗਤ ਸਿੰਘ ਪੁੱਤਰ ਗੁਰਦੇਵ ਸਿੰਘ, ਦੇਵੀ ਲਾਲ ਪੁੱਤਰ ਕ੍ਰਿਸ਼ਨ ਲਾਲ, ਦਰਬਾਰਾ ਸਿੰਘ ਪੁੱਤਰ ਪਾਲ ਸਿੰਘ, ਰਾਮ ਕਿਸ਼ਨ ਪੁੱਤਰ ਜੋਰਾ ਸਿੰਘ, ਅਮਰਜੀਤ ਕੌਰ ਪਤਨੀ ਰਾਮ ਕਿਸ਼ਨ, ਅਵਤਾਰ ਸਿੰਘ ਪੁੱਤਰ ਲਾਲ ਸਿੰਘ, ਜਮਨਾ ਦਾਸ ਪੁੱਤਰ ਮੰਗਾ ਸਿੰਘ, ਰਾਜ ਕੌਰ ਪਤਨੀ ਸੁਖਦੇਵ ਸਿੰਘ (ਸਾਰੇ ਵਾਸੀ ਪਿੰਡ ਖੈਰਪੁਰ (ਰਾਜ:) ਸ਼ਾਮਿਲ ਹਨ। ਥਾਣਾ ਬਹਾਵਵਾਲਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਸਿੱਧੀ ਭਰਤੀ ਲਈ ਪੇਂਡੂ ਇਲਾਕੇ ਦੇ ਉਮੀਦਵਾਰਾਂ ਨੂੰ ਵਾਧੂ

5 ਨੰਬਰ ਦੇਣਾ 'ਅਖਤਿਆਰੋਂ ਬਾਹਰਾ' ਫੈਸਲਾ ਐਲਾਨ
ਡੇਰਾਬੱਸੀ, 18 ਜਨਵਰੀ-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਤਾਇਨਾਤ ਉਨ੍ਹਾਂ ਅਧਿਕਾਰੀਆਂ 'ਤੇ ਭਾਰੀ ਗਾਜ਼ ਡਿੱਗ ਸਕਦੀ ਹੈ, ਜਿੰਨ੍ਹਾਂ ਨੇ ਪਿਛਲੇ ਸਮੇਂ 'ਚ ਰੂਰਲ ਏਰੀਏ ਤੋਂ ਅੱਠਵੀਂ ਤੇ ਦਸਵੀਂ ਜਮਾਤ ਪਾਸ ਕਰਨ ਦੇ ਆਧਾਰ 'ਤੇ ਵਾਧੂ ਪੰਜ ਨੰਬਰ ਦਾ ਫਾਇਦਾ ਲੈ ਕੇ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਸੀ ਕਿਉਂਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਨੂੰ ਸਰਕਾਰ ਦਾ 'ਅਖਤਿਆਰੋਂ ਬਾਹਰਾ' ਫੈਸਲਾ ਘੋਸ਼ਿਤ ਕਰ ਦਿੱਤੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਆਪਣੀ ਇਸ ਹਦਾਇਤ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 'ਸਿੱਧੀ ਭਰਤੀ ਦੀਆਂ ਅਸਾਮੀਆਂ ਲਈ ਰੂਰਲ ਏਰੀਏ ਦੇ ਉਮੀਦਵਾਰਾਂ ਨੂੰ ਅਤਿਰਿਕਤ ਪੰਜ ਨੰਬਰ ਦੇਣ ਸਬੰਧੀ ਦਾਇਰ ਕੀਤੀ ਸਿਵਲ ਰਿੱਟ ਪਟੀਸ਼ਨ ਸਬੰਧੀ ਆਪਣੇ ਅੰਤਰਿਮ ਹੁਕਮ ਰਾਹੀਂ ਰੂਰਲ ਏਰੀਏ ਦੇ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਵਿਚ ਸਿੱਧੀ ਭਰਤੀ ਲਈ ਪੰਜ ਨੰਬਰ ਅਤਿਰਿਕਤ ਨੰਬਰ ਦੇਣ ਨੂੰ ਪਹਿਲੀ ਨਜ਼ਰੇ 'ਅਖਤਿਆਰੋਂ ਬਾਹਰਾ' ਫੈਸਲਾ ਘੋਸ਼ਿਤ ਕੀਤਾ ਹੈ।
ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ 6 'ਤੇ ਪਈ

ਮਾਮਲਾ ਡੇਰਾ ਪ੍ਰੇਮੀ ਲੀਲੀ ਕਤਲ ਕਾਂਡ ਦਾ

ਮਾਨਸਾ, 18 ਜਨਵਰੀ- ਡੇਰਾ ਸਿਰਸਾ ਦੇ ਪ੍ਰੇਮੀ ਲੀਲੀ ਕਤਲ ਕਾਂਡ ਮਾਮਲੇ ਵਿਚ ਬੱਬਰ ਖ਼ਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਦੀ ਮੁੜ ਪੇਸ਼ੀ 6 ਫਰਵਰੀ 'ਤੇ ਪੈ ਗਈ ਹੈ। ਗਮਦੂਰ ਸਿੰਘ ਝੰਡੂਕੇ, ਕਰਨ ਸਿੰਘ, ਪ੍ਰੋ: ਗੁਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਕੋਟਧਰਮੂ, ਰਾਜ ਸਿੰਘ ਕੋਟਧਰਮੂ, ਮੱਖਣ ਸਿੰਘ ਸਮਾਉਂ ਆਦਿ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਮੌਕੇ ਮ੍ਰਿਤਕ ਦੇ ਭਰਾ ਬਲੀ ਸਿੰਘ ਦੀ ਮੁੱਖ ਗਵਾਹੀ ਹੋਈ। ਉਨ੍ਹਾਂ ਉਪਰੋਕਤਾਂ ਨੂੰ ਬੇਗੁਨਾਹ ਦੱਸਦਿਆਂ ਪਹਿਲਾਂ ਦਰਜ ਕਰਵਾਈ ਐਫ.ਆਈ.ਆਰ. ਵਿਚ ਸ਼ਾਮਿਲ ਵਿਅਕਤੀਆਂ ਦਲਜੀਤ ਸਿੰਘ ਟੈਣੀ, ਮਿੱਠੂ ਸਿੰਘ ਤੇ ਡਾ. ਸ਼ਿੰਦਾ ਨੂੰ ਕਥਿਤ ਦੋਸ਼ੀ ਦੱਸਿਆ। ਅਦਾਲਤ ਨੇ ਗਵਾਹੀ ਉਪਰੰਤ ਫ਼ੈਸਲਾ 6 ਫਰਵਰੀ 'ਤੇ ਪਾ ਦਿੱਤਾ ਹੈ। ਸਿੱਖ ਨੌਜਵਾਨਾਂ ਦੇ ਵਕੀਲ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਫ਼ੈਸਲਾ ਅਗਲੀ ਪੇਸ਼ੀ 'ਤੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ ਖ਼ਾਲਸਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਚਰਨ ਸਿੰਘ ਬੁਰਜਹਰੀ, ਮਾਤਾ ਮਲਕੀਤ ਕੌਰ ਤੇ ਹੋਰ ਹਾਜ਼ਰ ਸਨ।
ਮਿੱਟੀ ਦੀ ਢਿੱਗ ਹੇਠ ਆਉਣ ਨਾਲ ਇੱਕ ਦੀ ਮੌਤ


ਰਾਮਾਂ ਮੰਡੀ, 18 ਜਨਵਰੀ)- ਰਾਮਾਂ ਮੰਡੀ ਵਿਖੇ ਸੀਵਰੇਜ ਪਾਉਣ ਲਈ ਪੁੱਟੀ ਗਈ ਖਾਈ ਵਿੱਚ ਕੰਮ ਕਰ ਰਹੇ ਇੱਕ ਰਾਜ ਮਿਸਤਰੀ ਦੀ ਮਿੱਟੀ ਦੀ ਢਿੱਗ ਹੇਠ ਦੱਬੇ ਜਾਨ ਨਾਲ ਮੌਤ ਹੋ ਜਾਨ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਮੰਡੀ ਦੀ ਬਾਘਾ ਰੋਡ 'ਤੇ ਸੀਵਰੇਜ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਲਈ 12 ਫੁੱਟ ਡੂੰਘੀ ਖਾਈ ਪੁੱਟੀ ਹੋਈ ਹੈ। ਅੱਜ ਜਦੋਂ ਰਾਜ ਮਿਸਤਰੀ ਛਿੰਦਾ ਸਿੰਘ ਵਾਸੀ ਪਿੰਡ ਜਿਓਣ ਸਿੰਘ ਵਾਲਾ ਖਾਈ ਵਿੱਚ ਡੱਗੀ ਬਣਾ ਰਿਹਾ ਸੀ ਤਾਂ ਅਚਾਨਕ ਮਿੱਟੀ ਦੀ ਇੱਕ ਵੱਡੀ ਢਿੱਗ ਉਸ ਤੇ ਡਿੱਗ ਪਈ ਅਤੇ ਉੱਥੇ ਕੰਮ ਦੀ ਦੇਖ-ਰੇਖ ਕਰ ਰਿਹਾ ਮੁੰਸ਼ੀ ਅਤੇ ਇੱਕ ਮਜ਼ਦੂਰ ਡਰਦੇ ਮਾਰੇ ਉੱਥੋ ਭੱਜ ਗਏ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਹਿੰਮਤ ਵਿਖਾਉਂਦਿਆਂ ਮਿੱਟੀ ਹਟਾ ਕੇ ਮਿਸਤਰੀ ਨੂੰ ਬਾਹਰ ਕੱਢਿਆ ਅਤੇ ਰਾਮਾਂ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਤੋਂ ਬਾਅਦ ਫੌਰਨ ਹੀ ਨਗਰ ਕੌਂਸਲ ਪ੍ਰਧਾਨ ਕੌਰ ਸਿੰਘ ਵੀ ਮੌਕੇ ਤੇ ਪੁੱਜ ਗਏ ਸਨ।
ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ


ਮਹਿਲ ਕਲਾਂ, 18 ਜਨਵਰੀ-ਨੇੜਲੇ ਪਿੰਡ ਧਨੇਰ ਵਿਖੇ ਇਕ ਅਣਵਿਆਹੁਤਾ ਜੋੜੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਲਵਿੰਦਰ ਸਿੰਘ (22) ਪੁੱਤਰ ਜਰਨੈਲ ਸਿੰਘ ਅਤੇ ਹਰਪ੍ਰੀਤ ਕੌਰ (21) ਪੁੱਤਰੀ ਮੇਲਾ ਸਿੰਘ ਦੋਵੇਂ ਵਾਸੀ ਧਨੇਰ (ਮਹਿਲ ਕਲਾਂ) ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਉਨ੍ਹਾਂ ਦੀਆਂ ਲਾਸ਼ਾਂ ਗੁਆਢ ਵਿਚ ਪੈਂਦੇ ਇਕ ਫੌਜੀ ਆਤਮਾ ਸਿੰਘ ਦੇ ਘਰੋਂ ਬਰਾਮਦ ਕੀਤੀਆਂ ਹਨ। ਇੱਥੇ ਇਹ ਦੱਸਿਆ ਜਾਂਦਾ ਹੈ ਫੌਜੀ ਆਤਮਾ ਸਿੰਘ ਫੌਜ ਵਿਚ ਆਪਣੀ ਡਿਊਟੀ ਤੇ ਤਾਇਨਾਤ ਹੈ ਅਤੇ ਘਰ ਵਿਚ ਉਸਦੀ ਬਿਰਧ ਮਾਤਾ ਇਕੱਲੀ ਰਹਿੰਦੀ ਹੈ। ਮ੍ਰਿਤਕ ਹਰਪ੍ਰੀਤ ਕੌਰ ਉਨ੍ਹਾਂ ਦੇ ਘਰ ਕੰਮ ਕਰਨ ਲਈ ਆਇਆ ਕਰਦੀ ਸੀ। ਏ. ਐਸ. ਆਈ. ਜਸਵੀਰ ਸਿੰਘ ਬੁੱਟਰ ਥਾਣਾ ਮਹਿਲ ਕਲਾਂ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਦੋਵੇਂ ਲਾਸ਼ਾਂ ਨੂੰ ਹਿਰਾਸਤ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ।
ਗਿੱਲ ਹਰਦੀਪ ਦੇ ਨਵੇਂ ਗੀਤ 'ਚਿਮਟਾ' ਦੀਆਂ ਧੁੰਮਾਂ
ਮੋਗਾ, 18 ਜਨਵਰੀ -ਅੱਜ ਕੱਲ੍ਹ ਗਿੱਲ ਹਰਦੀਪ ਦੀ ਨਵੀਂ ਐਲਬਮ 'ਰੂਹ ਰਾਜੀ' ਦੇ ਵਿਚਲੇ ਗੀਤ 'ਅੱਜ ਮੇਰਾ ਜੀਅ ਕਰਦਾ, ਚਿਮਟਾ ਵਜਾ ਕੇ ਗਾਵਾਂ' ਦੀਆਂ ਦੇਸ਼ਾਂ-ਵਿਦੇਸ਼ਾਂ ਵਿਚ ਧੁੰਮਾਂ ਪਾਈਆਂ ਹਨ। ਇਹ ਗੀਤ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਕਲਮ ਨੇ ਰਚਿਆ ਹੈ । ਚਿਮਟਾ ਗੀਤ ਸਾਡੇ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਅਨਪੜ੍ਹਤਾ, ਨਸ਼ਿਆਂ ਦੇ ਵਗਦੇ ਦਰਿਆ ਅਤੇ ਏਜੰਟਾਂ ਹੱਥੋਂ ਬੇਕਾਰ ਹੋਏ ਉਨ੍ਹਾਂ ਨੌਜਵਾਨਾਂ ਦੀ ਬਾਤ ਪਾਉਂਦਾ ਹੈ। ਗੋਇਲ ਮਿਊਜ਼ਿਕ ਕੰਪਨੀ ਵਿਚ ਆਈ ਇਸ ਐਲਬਮ ਦੇ ਇਸ ਗੀਤ ਨੂੰ ਅੰਮ੍ਰਿਤਪਾਲ ਸਿੰਘ ਜੋਨੀ ਨੇ ਡਾਇਰੈਕਟ ਕੀਤਾ ਹੈ। ਸਾਰੇ ਸੰਗੀਤਕ ਚੈਨਲਾਂ 'ਤੇ ਚੱਲ ਰਹੇ ਚਿਮਟਾ ਗੀਤ ਦੀ ਬੇਹੱਦ ਕਾਮਯਾਬੀ ਤੋਂ ਗਿੱਲ ਹਰਦੀਪ ਅਤੇ ਪੂਰੀ ਟੀਮ ਖੁਸ਼ ਨਜ਼ਰ ਆ ਰਹੀ ਹੈ। ਦੇਸ਼ਾਂ-ਵਿਦੇਸ਼ਾਂ 'ਚੋਂ ਇਹ ਗੀਤ ਗਾਉ ਬਦਲੇ ਗਿੱਲ ਹਰਦੀਪ ਨੂੰ ਫੋਨ ਕਾਲ, ਈ.ਮੇਲ ਰਾਹੀਂ ਮੁਬਾਰਕਾਂ ਮਿਲ ਰਹੀਆਂ ਹਨ। ਗਿੱਲ ਹਰਦੀਪ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸਾਨੂੰ ਅਜਿਹੇ ਗੀਤ ਗਾਉਣੇ ਚਾਹੀਦੇ ਹਨ, ਜੋ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਜੱਗ ਜ਼ਾਹਰ ਕਰ ਸਕਣ ।
ਕੈਪਟਨ ਦਾ ਸਾਬਕਾ ਓ. ਐਸ. ਡੀ. ਪਹੂਵਿੰਡੀਆ ਅਕਾਲੀ ਦਲ 'ਚ ਸ਼ਾਮਿਲ


ਭਿੱਖੀਵਿੰਡ, 18 ਜਨਵਰੀ-ਕਾਂਗਰਸ ਪਾਰਟੀ ਨੂੰ ਹਲਕਾ ਖੇਮਕਰਨ ਅੰਦਰ ਅੱਜ ਉਸ ਵੇਲੇ ਤਕੜਾ ਸਿਆਸੀ ਝਟਕਾ ਲੱਗਾ ਜਦ ਕਾਂਗਰਸੀ ਟਿਕਟ ਦੇ ਦਾਅਵੇਦਾਰ ਅਤੇ ਪਿਛਲੀ ਕਾਂਗਰਸ ਸਰਕਾਰ ਵਿਚ ਮੁੱਖ ਮੰਤਰੀ ਪੰਜਾਬ ਕੈਪ: ਅਮਰਿੰਦਰ ਸਿੰਘ ਦੇ ਓ. ਐਸ. ਡੀ. ਰਹੇ ਕੈਪ: ਬਿਕਰਮ ਸਿੰਘ ਪਹੂਵਿੰਡੀਆ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਕੈਪ: ਬਿਕਰਮ ਸਿੰਘ ਪਹੂਵਿੰਡੀਆਂ ਦੇ ਗ੍ਰਹਿ ਵਿਖੇ ਰੱਖੇ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਬਿਕਰਮ ਸਿੰਘ ਮਜੀਠੀਆ ਪ੍ਰਧਾਨ ਯੂਥ ਅਕਾਲੀ ਦਲ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਅਕਾਲੀ ਦਲ ਵਿਚ ਸ਼ਾਮਲ ਕੀਤਾ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਰਾਜ ਅੰਦਰ ਹਰ ਪਾਸੇ ਭ੍ਰਿਸ਼ਟਾਚਾਰ ਅਤੇ ਕਾਲੇ ਧੰਨ ਦਾ ਬੋਲ ਬਾਲਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਫਾਏ ਦੀ ਨੀਂਹ ਰੱਖੀ ਜਾ ਚੁੱਕੀ ਹੈ । ਇਸ ਮੌਕੇ ਹਲਕਾ ਵਿਧਾਇਕ ਪ੍ਰੋ: ਵਲਟੌਹਾ ਨੇ ਕਿਹਾ ਕਿ ਮੈਂ ਪੰਜ ਸਾਲ ਹਲਕੇ ਅੰਦਰ ਚੌਕੀਦਾਰ ਬਣ ਕੇ ਲੋਕਾਂ ਦੀ ਸੇਵਾ ਕੀਤੀ ਹੈ ਜਦ ਕਿ ਹਲਕਾ ਖੇਮਕਰਨ ਤੋਂ ਦੋ ਵਾਰ ਮੰਤਰੀ ਰਹੇ ਗੁਰਚੇਤ ਸਿੰਘ ਭੁੱਲਰ ਨੇ ਹਲਕੇ ਦੀ ਸਾਰ ਨਹੀਂ ਲਈ। ਇਸ ਮੌਕੇ ਕੈਪ: ਬਿਕਰਮ ਸਿੰਘ ਪਹੂਵਿੰਡੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਪਹਿਲਾਂ ਵਾਲੀ ਕਾਂਗਰਸ ਨਹੀਂ ਰਹੀ, ਹੁਣ ਦੇ ਲੀਡਰ ਆਪ ਵੀ ਨਹੀਂ ਚਾਹੁੰਦੇ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇ, ਇਸੇ ਲਈ ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਹੈ। ਇਸ ਮੌਕੇ ਗੁਰਸਿਮਰਨ ਸਿੰਘ ਪਹੂਵਿੰਡੀਆ ਮੀਤ ਪ੍ਰਧਾਨ ਯੂਥ ਅਕਾਲੀ ਦਲ, ਬਾਬਾ ਅਵਤਾਰ ਸਿੰਘ ਘਰਿਆਲਾ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਦਲਜੀਤ ਸਿੰਘ ਗਿੱਲ, ਕਰਨਲ ਜੀ. ਐਸ. ਸੰਧੂ, ਹਰਮਿੰਦਰ ਸਿੰਘ ਮਿੰਦ ਪਹੂਵਿੰਡ, ਅਮਰਜੀਤ ਸਿੰਘ ਸਰਪੰਚ ਪਹੂਵਿੰਡ ਬਿੱਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁੱਖ ਸਰਪੰਚ ਵਾੜਾ, ਨੌਨਿਹਾਲ ਸਿੰਘ ਅਲਗੋ, ਅਮਰਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਠੇਕੇਦਾਰ, ਕ੍ਰਿਸ਼ਨਪਾਲ ਜੱਜ ਉਪ ਚੇਅਰਮੈਨ, ਰਣਜੀਤ ਸਿੰਘ ਸਰਪੰਚ ਨਾਰਲੀ, ਸਦਾਨੰਦ ਚੋਪੜਾ, ਸੁਰਜੀਤ ਸਿੰਘ ਡਲੀਰੀ, ਹੀਰਾ ਲਾਲ ਚੋਪੜਾ, ਰਿੰਕੂ ਧਵਨ, ਨਰਿੰਦਰਪਾਲ ਸਿੰਘ ਮੰਡਲ ਪ੍ਰਧਾਨ ਭਾਜਪਾ, ਕੈਪ: ਸੁਖਦੇਵ ਸਿੰਘ ਪੂਹਲਾ, ਗੁਰਸਾਹਿਬ ਸਿੰਘ ਪਹੂਵਿੰਡ, ਜਿੰਦ ਵਡਾਲੀ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਜਲੰਧਰ 'ਚ ਸੀ. ਬੀ. ਆਈ. ਦਾ ਨਕਲੀ ਇੰਸਪੈਕਟਰ ਕਾਬੂ

; ਸੜਕ ਦੁਰਘਟਨਾ ਦੇ ਮਾਮਲੇ 'ਚ ਪੁਲਿਸ 'ਤੇ ਪਾ ਰਿਹਾ ਸੀ ਰੋਹ


ਜਲੰਧਰ, 18 ਜਨਵਰੀ-ਸਥਾਨਕ ਥਾਣਾ ਡਿਵੀਜ਼ਨ 6 ਦੀ ਪੁਲਿਸ ਨੇ ਆਪਣੇ ਆਪ ਨੂੰ ਸੀ. ਬੀ. ਆਈ. ਦੇ ਭ੍ਰਿਸ਼ਟਾਚਾਰ ਰੋਕੂ ਦਸਤੇ ਵਿਚ ਤਾਇਨਾਤ ਇੰਸਪੈਕਟਰ ਦੱਸਣ ਵਾਲੇ ਇਕ ਨਕਲੀ ਅਧਿਕਾਰੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰ ਸੰਮੇਲਨ ਦੌਰਾਨ ਏ. ਡੀ. ਸੀ. ਪੀ (ਸਿਟੀ-2) ਸ੍ਰੀ ਗਗਨ ਅਜੀਤ ਸਿੰਘ ਤੇ ਏ. ਸੀ. ਪੀ. (ਮਾਡਲ ਟਾਊਨ) ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮਸੰਦ ਚੌਕ ਜਲੰਧਰ ਵਿਖੇ ਟਾਟਾ ਨੈਨੋ ਕਾਰ ਨੰਬਰ ਪੀ. ਬੀ. 08 ਬੀ. ਏ. 1164 ਦੀ ਮੋਟਰ ਸਾਈਕਲ ਨਾਲ ਟੱਕਰ ਹੋ ਗਈ ਜਿਸ ਦੌਰਾਨ ਅਸ਼ਵਨੀ ਨਾਂ ਦਾ ਸਵਾਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਤਾਂ ਨੈਨੋ ਸਵਾਰ ਵਿਅਕਤੀ ਨੇ ਆਪਣੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਗਊਸ਼ਾਲਾ ਵਾਲੀ ਗਲੀ 167 ਆਦਰਸ਼ ਨਗਰ ਕਰਤਾਰਪੁਰ ਵਜੋਂ ਕਰਵਾਉਂਦੇ ਹੋਏ ਇਕ ਪਛਾਣ ਪੱਤਰ ਪੇਸ਼ ਕੀਤਾ ਤੇ ਆਪਣੇ ਆਪ ਨੂੰ ਸੀ. ਬੀ. ਆਈ. ਦੇ ਭ੍ਰਿਸ਼ਟਾਚਾਰ ਰੋਕੂ ਦਸਤੇ ਵਿਚ ਤਾਇਨਾਤ ਇੰਸਪੈਕਟਰ ਦੱਸਦੇ ਹੋਏ ਆਪਣੇ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਨਤੀਜਿਆਂ ਸਬੰਧੀ ਵਿਚਾਰ ਕਰਨ ਲਈ ਜਾਂਚ ਅਧਿਕਾਰੀ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਥਾਣਾ ਮੁਖੀ ਇੰਸਪੈਕਟਰ ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਪੁਲਿਸ ਨੇ ਜਾਂਚ ਕੀਤੀ ਤਾਂ ਚੰਡੀਗੜ੍ਹ ਤੇ ਦਿੱਲੀ ਸਥਿੱਤ ਸੀ. ਬੀ. ਆਈ. ਅਧਿਕਾਰੀਆਂ ਨੇ ਅਜਿਹੇ ਕਿਸੇ ਵਿਅਕਤੀ ਦੇ ਉਨ੍ਹਾਂ ਦਾ ਅਧਿਕਾਰੀ ਹੋਣ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਨੇ ਦੋਸ਼ੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਇਕਬਾਲ ਕੀਤਾ ਕਿ ਉਸਨੇ ਲੋਕਾਂ 'ਤੇ ਰੋਹਬ ਪਾਉਣ ਲਈ ਹੀ ਇਹ ਨਕਲੀ ਪਛਾਣ ਪੱਤਰ ਤਿਆਰ ਕੀਤਾ ਹੈ। ਮਨਪ੍ਰੀਤ ਅਨੁਸਾਰ ਇਹ ਕਾਰਡ ਉਸ ਨੇ ਕਰਤਾਰਪੁਰ ਵਿਖੇ ਹੀ ਸਥਿੱਤ ਇਕ ਇੰਟਰਨੈਟ ਕੈਫੇ ਵਿਖੇ ਜਾ ਕੇ ਸੀ. ਬੀ. ਆਈ. ਦੀ ਵੈਬਸਾਈਟ ਤੋਂ ਡਾਊਨ ਲੋਡ ਕਰਕੇ ਕੁਝ ਕੁ ਮਹੀਨੇ ਪਹਿਲਾਂ ਤਿਆਰ ਕੀਤਾ ਸੀ। ਏ. ਸੀ. ਪੀ. ਸ੍ਰੀ ਜਸਬੀਰ ਸਿੰਘ ਅਨੁਸਾਰ ਦੋਸ਼ੀ ਦਾ ਪੁਲਿਸ ਰਿਮਾਂਡ ਲੈਣ ਉਪਰੰਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

No comments:

Post a Comment