Wednesday 18 January 2012


ਨਵੀਂ ਦਿੱਲੀ, 18 ਜਨਵਰੀ -ਵੀਜ਼ਾ ਵਧਾਉਣ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਸੀ.ਬੀ.ਆਈ ਨੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲੇ ਵਿਚ ਸੈਕਸ਼ਨ ਅਧਿਕਾਰੀ ਵਜੋਂ ਤਾਇਨਾਤ ਪੀ. ਕੇ ਸਿੰਘ ਖ਼ਿਲਾਫ਼ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਮਿਲਣ ਕਾਰਨ ਪਿਛਲੇ ਹਫਤਿਆਂ ਤੋਂ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ। ਅੱਜ ਸੀ. ਬੀ. ਆਈ ਨੇ ਪੀ.ਕੇ ਸਿੰਘ ਨੂੰ ਰਿਸ਼ਵਤ ਲੈਂਦਿਆਂ ਆਖ਼ਰ ਦਬੋਚ ਲਿਆ।
ਆਦਮਪੁਰ, 18 ਜਨਵਰੀ -ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਆਈ. ਏ. ਐੱਸ ਅਧਿਕਾਰੀ ਵੀ. ਕੇ. ਜੰਜੂਆ ਕੈਪਟਨ ਅਮਰਿੰਦਰ ਸਿੰਘ ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਜੂਆ ਢਾਈ ਸਾਲ ਪਹਿਲਾਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ ਅਤੇ ਹੁਣ ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ। ਪੀ. ਪੀ. ਪੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਸ ਪਾਰਟੀ ਦੀਆਂ ਦੋ ਪੀਆਂ ਤਾਂ ਪਹਿਲਾ ਹੀ ਉਡ ਗਈਆਂ ਹਨ ਅਤੇ ਤੀਸਰੀ ਪੀ ਚੋਣਾਂ ਤੋਂ ਬਾਅਦ ਨਜ਼ਰ ਨਹੀਂ ਆਵੇਗੀ।
ਨਵੀਂ ਦਿੱਲੀ, 18ਜਨਵਰੀ -ਦਿੱਲੀ ਹਾਈ ਕੋਰਟ ਨੇ ਅੱਜ ਚੋਣ ਕਮਿਸ਼ਨ ਨੂੰ ਜਨਤਾ ਪਾਰਟੀ ਦੇ ਮੁਖੀ ਸੁਬਰਾਮਨੀਅਮ ਸਵਾਮੀ ਦੀ ਅਰਜ਼ੀ 'ਤੇ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਜਨਤਾ ਪਾਰਟੀ ਦੇ ਮੁਖੀ ਨੇ ਦਿੱਲੀ ਹਾਈ ਕੋਰਟ 'ਚ ਅਪੀਲ ਕੀਤੀ ਸੀ ਕਿ ਈ. ਵੀ. ਐਮ. ਮਸ਼ੀਨਾਂ 'ਚ ਗੜਬੜੀ ਕੀਤੇ ਜਾਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਮਸ਼ੀਨਾਂ ਦੇ ਕਾਗਜ਼ੀ ਪ੍ਰਿੰਟ ਆਊਟ ਕੱਢਣ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਫਿਰ ਮਸ਼ੀਨਾਂ ਦੀ ਜਗ੍ਹਾ ਦੁਬਾਰਾ ਤੋਂ ਪੁਰਾਣੀ ਵਿਧੀ ਦੇ ਅਨੁਸਾਰ ਵੋਟਾਂ ਪੁਆਉਣ ਦਾ ਪ੍ਰਬੰਧ ਕੀਤਾ ਜਾਵੇ। ਜੱਜ ਏ. ਕੇ. ਸੀਕਰੀ ਅਤੇ ਰਾਜੀਵ ਸਹਾਏ ਏਂਡਲਾ ਦੀ ਅਗਵਾਈ ਵਾਲੇ ਬੈਂਚ ਨੇ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਸੁਝਾਅ ਦਿੰਦੇ ਹੋਏ ਕਿਹਾ ਕਿ ਕਮਿਸ਼ਨ ਨੂੰ ਇਸ ਮਾਮਲੇ 'ਚ ਕਾਰਜ ਪਾਲਿਕਾ, ਰਾਜਨੀਤਕ ਦਲਾਂ ਅਤੇ ਹੋਰ ਸੰਬੰਧਿਤ ਲੋਕਾਂ ਨਾਲ ਵਿਚਾਰ-ਵਟਾਂਦਰਾ ਜ਼ਰੂਰ ਕਰਨਾ ਚਾਹੀਦਾ ਹੈ।
ਨਵੀਂ ਦਿੱਲੀ, 18 ਜਨਵਰੀ -ਸਰਕਾਰ ਨੇ ਸੋਨੇ, ਚਾਂਦੀ 'ਤੇ ਦਰਾਮਦ ਕਰ ਵਧਾ ਦਿੱਤਾ ਹੈ। ਭਾਰਤ ਦੁਨੀਆ 'ਚ ਸੋਨੇ ਦਾ ਸਭ ਤੋਂ ਵੱਡਾ ਆਯਾਤਕ ਦੇਸ਼ ਹੈ ਤੇ ਇਸ ਵਾਧੇ ਦੇ ਬਾਅਦ ਇਨ੍ਹਾਂ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ। ਸਰਕਾਰੀ ਐਲਾਨ ਅਨੁਸਾਰ ਸੋਨੇ 'ਤੇ ਹੁਣ ਦਰਾਮਦ ਕਰ ਵਧਾ ਕੇ ਦੋ ਪ੍ਰਤੀਸ਼ਤ ਤੱਕ ਕਰ ਦਿੱਤਾ ਗਿਆ ਹੈ, ਜਦਕਿ ਪਹਿਲਾਂ ਇਹ 300 ਰੁਪਏ ਪ੍ਰਤੀ 10 ਗ੍ਰਾਮ ਸੀ। ਅੱਜ ਦੀ ਕੀਮਤ ਦੇ ਆਧਾਰ 'ਤੇ ਇਹ ਲਗਭਗ 540 ਰੁਪਏ ਹੋ ਜਾਵੇਗਾ। ਇਸੇ ਤਰਾਂ ਚਾਂਦੀ 'ਤੇ ਕਰ ਵਧਾ ਕੇ 1500 ਰੁਪਏ ਪ੍ਰਤੀ ਕਿਲੋ ਤੋਂ ਵਧਾ ਕੇ ਕੁੱਲ ਕੀਮਤ ਦਾ 6 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ 3000 ਰੁਪਏ ਪ੍ਰਤੀ ਕਿਲੋ ਤੱਕ ਵਧ ਗਈ ਹੈ। ਇਸ ਐਲਾਨ ਦੇ ਬਾਅਦ ਗਹਿਣੇ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਦੇ ਸ਼ੇਅਰ ਡਿੱਗ ਪਏ ਹਨ। ਰਾਜੇਸ਼ ਐਕਸਪੋਰਟਸ ਦੇ ਸ਼ੇਅਰ ਲਗਭਗ 3 ਪ੍ਰਤੀਸ਼ਤ ਤੱਕ ਡਿੱਗ ਪਏ।

ਨਵੀਂ ਦਿੱਲੀ, 18 ਜਨਵਰੀ -ਕੇਂਦਰ ਸਰਕਾਰ ਵੱਲੋਂ ਭਾਰਤੀ ਹਵਾਈ ਖੇਤਰ ਵਿਚ 49 ਫ਼ੀਸਦੀ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇਣ ਦਾ ਅਮਲ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਸ੍ਰੀ ਪ੍ਰਣਾਬ ਮੁਖਰਜੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਜੀਤ ਸਿੰਘ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਏਅਰ ਇੰਡੀਆ ਦੇ ਕਾਮਿਆਂ ਅਤੇ ਪਾਇਲਟਾਂ ਦੀਆਂ ਤਨਖਾਹਾਂ ਜਾਰੀ ਕਰਨ ਲਈ ਵੀ 150 ਕਰੋੜ ਰੁਪਏ ਤੁਰੰਤ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਜੀਤ ਸਿੰਘ ਨੇ ਦੱਸਿਆ ਕਿ ਵਿਦੇਸ਼ੀ ਨਿਵੇਸ਼ ਸਬੰਧੀ ਨੋਟ ਕੈਬਨਿਟ ਅੱਗੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਖੇਤਰ ਦੇ ਮੌਜੂਦਾ ਆਰਥਿਕ ਸੰਕਟ ਦੇ ਹੱਲ ਲਈ ਸਿੱਧਾ ਵਿਦੇਸ਼ੀ ਨਿਵੇਸ਼ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

No comments:

Post a Comment