ਰਾਸ਼ਟਰੀ ਲੋਕ ਦਲ ਦੀ ਸੰਸਦ ਮੈਂਬਰ
ਸਮਾਜਵਾਦੀ ਪਾਰਟੀ 'ਚ ਸ਼ਾਮਿਲ
ਸਮਾਜਵਾਦੀ ਪਾਰਟੀ 'ਚ ਸ਼ਾਮਿਲ
ਲਖਨਊ-ਹੁਣੇ ਜਿਹੇ ਕੇਂਦਰ 'ਚ ਮੰਤਰੀ ਬਣੇ ਅਜੀਤ ਸਿੰਘ ਦੀ ਪਾਰਟੀ ਰਾਸ਼ਟਰੀ ਲੋਕ ਦਲ ਨੂੰ ਝਟਕਾ ਦਿੰਦਿਆਂ ਅੱਜ ਇਸ ਪਾਰਟੀ ਦੀ ਸੰਸਦ ਮੈਂਬਰ ਅਨੁਰਾਧਾ ਚੌਧਰੀ ਅਤੇ ਸ਼ਾਹਿਦ ਸਦੀਕੀੇ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋ ਗਏ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੁਲਾਇਮ ਸਿੰਘ ਯਾਦਵ, ਸੂਬਾ ਪ੍ਰਧਾਨ ਅਖਿਲੇਸ਼ ਯਾਦਵ, ਪ੍ਰਦੇਸ਼ 'ਚ ਵਿਰੋਧੀ ਧਿਰ ਦੇ ਨੇਤਾ ਸ਼ਿਵਪਾਲ ਸਿੰਘ ਯਾਦਵ ਅਤੇ ਸੀਨੀਅਰ ਨੇਤਾ ਮੁਹੰਮਦ ਆਜ਼ਮ ਖਾਨ ਦੀ ਹਾਜ਼ਰੀ 'ਚ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਤੋਂ ਇਲਾਵਾ ਇਕ ਵਿਧਾਇਕ ਵਿਮਲੇਸ਼ ਯਾਦਵ ਵੀ ਸਮਾਜਵਾਦੀ ਪਾਰਟੀ ਦੇ ਸਾਈਕਲ 'ਤੇ ਸਵਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਅਜੀਤ ਸਿੰਘ ਵੱਲੋਂ ਕੇਂਦਰ 'ਚ ਕਾਂਗਰਸ ਸਰਕਾਰ ਦਾ ਹਿੱਸਾ ਬਣ ਜਾਣ 'ਤੇ ਅਨੁਰਾਧਾ ਨੇ ਕਿਹਾ ਕਿ ਇਹ ਉਸ ਦੇ ਪਿਤਾ ਚੌਧਰੀ ਚਰਨ ਸਿੰਘ ਦੇ ਸਿਧਾਂਤਾਂ ਦੇ ਵਿਰੁੱਧ ਹੈ ਜਿਨ੍ਹਾਂ ਨੇ ਹਮੇਸ਼ਾਂ ਹੀ ਕਾਂਗਰਸ ਦੀ ਆਲੋਚਨਾ ਕੀਤੀ ਹੈ ਅਤੇ ਉਸ ਵਿਰੁੱਧ ਲੜਾਈ ਕੀਤੀ ਹੈ। ਚੌਧਰੀ ਨੇ ਕਿਹਾ ਕਿ ਪਾਰਟੀ ਦੇ ਕਾਰਕੁਨ ਅਜੀਤ ਸਿੰਘ ਵੱਲੋਂ ਚੁੱਕੇ ਗਏ ਕਦਮ ਨਾਲ ਨਾਖੁਸ਼ ਹਨ ਅਤੇ ਕਾਂਗਰਸ ਨਾਲ ਗਠਜੋੜ ਕਰ ਕੇ ਪਾਰਟੀ ਨੂੰ ਨੁਕਸਾਨ ਹੋਵੇਗਾ। ਉਧਰ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਪਾਰਟੀ 'ਚ ਇਨ੍ਹਾਂ ਨੇਤਾਵਾਂ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਸਮਾਜਵਾਦੀ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਉਪਿੰਦਰ ਸ਼ਰਮਾ ਵੱਲੋਂ ਕੋਟਕਪੂਰਾ ਤੋਂ ਆਜ਼ਾਦ
ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ
ਕੋਟਕਪੂਰਾ-ਵਿਧਾਨ ਸਭਾ ਹਲਕਾ ਕੋਟਕਪੂਰਾ ਵਿਖੇ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਟਕਸਾਲੀ ਨੇਤਾ ਉਪਿੰਦਰ ਸ਼ਰਮਾ ਨੇ ਟਿਕਟ ਨਾ ਦਿੱਤੇ ਜਾਣ ਦੇ ਰੋਸ ਵਜੋਂ ਕਾਂਗਰਸ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਸ਼ਰਮਾ ਨੇ ਇਕੱਠੇ ਹੋਏ ਵਰਕਰਾਂ ਦੀ ਹਾਜ਼ਰੀ ਵਿਚ ਪ੍ਰੈੱਸ ਮਿਲਣੀ ਦੌਰਾਨ ਬੜੇ ਭਰੇ ਮਨ ਨਾਲ ਕਿਹਾ ਕਿ ਉਹ ਅਤੇ ਉਨਾਂ ਦਾ ਪਰਿਵਾਰ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਪ੍ਰੰਤੂ ਪਾਰਟੀ ਨੇ ਉਨਾਂ ਨੂੰ ਨਜ਼ਰ ਅੰਦਾਜ਼ ਕਰਕੇ ਇਕ ਅਜਿਹੇ ਵਿਅਕਤੀ ਨੂੰ ਟਿਕਟ ਦਿੱਤੀ ਹੈ, ਜੋ ਬੀਤੇ ਪੰਜ ਸਾਲਾਂ ਤੋਂ ਚੋਣ ਜਿੱਤਣ ਦੇ ਬਾਵਜੂਦ ਹਲਕੇ ਅੰਦਰ ਵੀ ਨਹੀਂ ਬਹੁੜੇ। ਉਨ੍ਹਾਂ ਕਿਹਾ ਕਿ ਅਸੀਂ ਅੱਜ ਤੱਕ ਕਿਸੇ ਵੀ ਕਿਸਮ ਦਾ ਦਾਗ ਨਾ ਪਾਰਟੀ ਨੂੰ ਲੱਗਣ ਦਿੱਤਾ ਅਤੇ ਨਾ ਹੀ ਖੁਦ ਨੂੰ। ਫਿਰ ਵੀ ਭਰੋਸਾ ਦੇਣ ਦੇ ਬਾਵਜੂਦ ਦੂਜੀ ਵਾਰ ਟਿਕਟ ਕੱਟੀ ਗਈ। ਉਨ੍ਹਾਂ ਕਿਹਾ ਕਿ ਉਹ ਨਾ ਪਾਰਟੀ ਵਿਚ ਵਾਪਸ ਜਾਣਗੇ ਅਤੇ ਨਾ ਹੀ ਚੋਣ ਮੈਦਾਨ ਵਿਚੋਂ ਹਟਣਗੇ। ਹਲਕੇ ਦੇ ਕੀਤੇ ਵਿਕਾਸ ਅਤੇ ਆਪਣੇ ਸਾਫ਼-ਸੁਥਰੇ ਕਿਰਦਾਰ ਦੇ ਅਧਾਰ 'ਤੇ ਲੋਕਾਂ ਤੋਂ ਵੋਟਾਂ ਮੰਗਣਗੇ। ਇਸ ਮੌਕੇ ਆਤਮਾ ਸਿੰਘ ਕਲੇਰ, ਮੋਹਨ ਲਾਲ ਪਲਤਾ, ਅਮ੍ਰਿਤ ਲਾਲ ਸ਼ਰਮਾ, ਗੁਰਦਿੱਤ ਸਿੰਘ ਸਰਾਵਾਂ, ਕੁਲਦੀਪ ਸਿੰਘ ਭੁੱਲਰ, ਬਲਜਿੰਦਰ ਸਿੰਘ ਢਿੱਲੋ, ਹਰਨੇਕ ਸਿੰਘ ਚੰਨੀ, ਸ਼ਾਮ ਲਾਲ ਸ਼ਰਮਾ ਕਮਾਂਡੈਂਟ, ਰਾਮ ਸ਼ਰਨ ਦਾਸ ਭਠੇਜਾ, ਪ੍ਰਕਾਸ਼ ਚੰਦ ਸ਼ਰਮਾ, ਸਾਬਕਾ ਸਰਪੰਚ ਬੁਘੇਲ ਸਿੰਘ ਢਿੱਲੋ, ਸੁਖਦੀਪ ਸਿੰਘ, ਤੇਜ ਸਿੰਘ ਢਿਲੋਂ, ਬਲਵਿੰਦਰ ਸਿੰਘ, ਬਲਦੀਪ ਸਿੰਘ ਬੁਰਜ ਹਰੀਕਾ, ਜਸਵਿੰਦਰ ਸਿੰਘ ਢਿੱਲੋ, ਬਲਵਿੰਦਰ ਸਿੰਘ ਅਟਵਾਲ, ਹਰਦੀਪ ਸਿੰਘ ਸੰਧੂ, ਅਸ਼ੋਕ ਸੱਚਰ, ਕਿਸ਼ੋਰੀ ਲਾਲ ਲਾਲੇਆਣਾ, ਸੁਖਬੀਰ ਸਿੰਘ ਸੰਧੂ, ਪ੍ਰੋ ਦਰਸ਼ਨ ਸਿੰਘ ਸੰਧੂ, ਮਹਿੰਦਰ ਸਿੰਘ ਸੈਣੀ, ਸੁਰਿੰਦਰ ਸਚਦੇਵਾ, ਪਰਮਿੰਦਰ ਸਿੰਘ ਵਾੜਾ ਦਰਾਕਾ, ਗੁਰਚੇਤ ਸਿੰਘ ਚਹਿਲ, ਤਰਸੇਮ ਸਿੰਘ ਭਾਣਾ, ਲਛਮਣ ਸਿੰਘ ਲੰਭਵਾਲੀ, ਜਸਵਿੰਦਰ ਸਿੰਘ ਕੋਟਸੁਖੀਆ, ਹਰਨੇਕ ਸਿੰਘ ਨੱਕੇ ਵਾਲਾ, ਸੁਖਚੈਨ ਸਿੰਘ ਢੁੱਡੀ, ਭਗਵਾਨ ਸਿੰਘ ਗਿੱਲ, ਜਸਵੰਤ ਸਿੰਘ ਭੁੱਲਰ ਸਾਬਕਾ ਮੈਨੇਜਰ, ਪੂਰਨ ਸਿੰਘ ਬਰਾੜ, ਗੁਰਮੀਤ ਸਿੰਘ ਢੁੱਡੀ, ਛਿੰਦਰ ਸਿੰਘ ਡੋਡ, ਬਲਵੀਰ ਸਿੰਘ ਨੰਬਰਦਾਰ, ਬਲਕਰਨ ਸਿੰਘ ਗੁਰੂਸਰ, ਅਸ਼ਵਨੀ ਸ਼ਰਮਾ ਢੱਡੀ, ਨਾਹਰ ਸਿੰਘ , ਲਾਲ ਚੰਦ ਕਾਲਾ , ਸਾਬਕਾ ਕੌਸਲਰ ਮਲਕੀਤ ਸਿੰਘ, ਮਾਸਟਰ ਹਰਕ੍ਰਿਸ਼ਨ ਸਿੰਘ, ਰਤਨ ਲਾਲ ਮਿੱਠੂ ਸਮੇਤ ਕਈ ਪਿੰਡਾਂ ਦੇ ਸਾਬਕਾ ਸਰਪੰਚ, ਪੰਚ, ਬਲਾਕ ਸੰਮਤੀ ਮੈਬਰ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ
ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ
ਯੋਰੋਸ਼ਲਮ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਸਪੱਸ਼ਟ ਕੀਤਾ ਹੈ ਕਿ ਮੈਂ 100 ਫ਼ੀਸਦੀ ਸੱਚ ਕਹਿੰਦਾ ਹਾਂ ਕਿ ਮੈਨੂੰ ਅਲਕਾਇਦਾ ਮੁਖੀ ਉਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਵਿਚ ਛੁਪੇ ਹੋਣ ਬਾਰੇ ਕੋਈ ਇਲਮ ਨਹੀਂ ਸੀ। ਇਕ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਪੰਜ ਸਾਲ ਲਾਦੇਨ ਪਾਕਿਸਤਾਨ ਵਿਚ ਰਿਹਾ ਤਾਂ ਪਹਿਲੇ ਦੋ ਸਾਲ ਮੈਂ ਹੀ ਰਾਸ਼ਟਰਪਤੀ ਸਾਂ, ਪਰ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ। ਉਨ੍ਹਾਂ ਕਿਹਾ ਕਿ ਲਾਦੇਨ ਦੇ ਪਾਕਿਸਤਾਨ ਵਿਚ ਹੋਣ ਬਾਰੇ ਪਹਿਲੇ ਦੋ ਸਾਲ ਕੋਈ ਮਿਲੀਭੁਗਤ ਨਹੀਂ ਸੀ, ਪਰ ਮੇਰੇ ਤੋਂ ਬਾਅਦ ਵਾਲੇ ਤਿੰਨ ਸਾਲ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।
ਲੰਡਨ-ਮੀਡੀਆ ਦੀ ਇਕ ਰਿਪੋਰਟ ਅਨੁਸਾਰ ਬਰਤਾਨੀਆ 'ਚ ਰਹਿ ਰਿਹਾ ਭਾਰਤੀ ਜੋੜਾ, ਜਿਸ ਦਾ ਵਿਆਹ 1925 'ਚ ਹੋਇਆ ਸੀ, ਸਭ ਤੋਂ ਵੱਧ ਉਮਰ ਦਾ ਜੋੜਾ ਹੋ ਸਕਦਾ ਹੈ। ਕਰਮ ਚੰਦ (106) ਅਤੇ ਉਨ੍ਹਾਂ ਦੀ ਪਤਨੀ ਕਰਤਾਰੀ (99) ਦਾ ਜਨਮ ਪੰਜਾਬ ਦੇ ਪਿੰਡਾਂ 'ਚ ਹੋਇਆ। ਉਨ੍ਹਾਂ ਦੇ ਪਾਸਪੋਰਟ ਅਨੁਸਾਰ ਉਹ 1965 'ਚ ਭਾਰਤ ਤੋਂ ਬਰਤਾਨੀਆ ਆਏ ਤੇ ਉਦੋਂ ਤੋਂ ਹੀ ਬਰੈਡਫੋਰਡ 'ਚ ਰਹਿ ਰਹੇ ਹਨ। ਉਨ੍ਹਾਂ ਨੇ ਹੁਣੇ ਜਿਹੇ ਆਪਣੇ ਵਿਆਹ ਦੀ 86ਵੀਂ ਵਰ੍ਹੇਗੰਢ ਮਨਾਈ ਹੈ। ਬੀ ਬੀ ਸੀ ਅਨੁਸਾਰ ਉਹ ਬਰਤਾਨੀਆ ਦੇ ਸਭ ਤੋਂ ਵੱਡੀ ਉਮਰ ਦੇ ਪਤੀ-ਪਤਨੀ ਹੋ ਸਕਦੇ ਹਨ। ਕਰਮ ਚੰਦ ਨੇ ਕਿਹਾ ਕਿ ਲੰਬੇ ਵਿਆਹੁਤਾ ਜੀਵਨ ਦਾ ਅਸਲ 'ਚ ਕੋਈ ਗੁਪਤ ਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜੋ ਚਾਹੁੰਦੇ ਹੋ ਖਾਓ ਪਰ ਸੰਤੁਲਿਤ ਹੋਵੇ। ਉਹ ਆਪਣੀ ਪਤਨੀ ਤੇ ਆਪਣੇ ਛੋਟੇ ਪੁੱਤਰ ਨਾਲ ਰਹਿੰਦੇ ਹਨ। ਕਰਤਾਰੀ ਇਸੇ ਸਾਲ ਆਪਣਾ 100ਵਾਂ ਜਨਮ ਦਿਨ ਮਨਾ ਰਹੀ ਹੈ ਤੇ ਇਸ ਮੌਕੇ 'ਤੇ ਉਸ ਨੂੰ ਰਾਣੀ ਵਲੋਂ ਇਕ ਪੱਤਰ ਪ੍ਰਾਪਤ ਹੋਣ ਦੀ ਆਸ ਹੈ। ਉਹ ਤੰਦਰੁਸਤ ਅਤੇ ਫਿਟ ਰਹਿਣ ਪ੍ਰਤੀ ਸਾਵਧਾਨ ਹੈ।
ਨਵੀਂ ਦਿੱਲੀ-ਅੰਦਰੂਨੀ ਸੁਰੱਖਿਆ ਮਜ਼ਬੂਤ ਕਰਨ, ਅੱਤਵਾਦੀਆਂ ਵੱਲੋਂ ਸਰਹੱਦ ਪਾਰੋਂ ਕੀਤੀ ਜਾਂਦੀ ਘੁਸਪੈਠ ਨੂੰ ਰੋਕਣ ਅਤੇ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤਾਂ 'ਤੇ ਵਿਚਾਰ-ਵਟਾਂਦਰਾ ਕਰਕੇ ਅੱਗੇ ਦੀ ਰਣਨੀਤੀ ਤੈਅ ਕਰਨ ਲਈ ਅਗਲੇ ਮਹੀਨੇ 15 ਫਰਵਰੀ ਨੂੰ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਦੇ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਕਰਨਗੇ। ਵਾਮਪੰਥੀ ਅੱਤਵਾਦ ਪ੍ਰਭਾਵਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਇਕ ਵੱਖਰਾ ਸਤਰ ਹੋਵੇਗਾ, ਜਿਸ ਵਿਚ ਮਾਓਵਾਦੀ ਹਿੰਸਾ ਤੋਂ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਜਾਵੇਗਾ ਅਤੇ ਇਸ ਬਾਰੇ ਵੀ ਚਰਚਾ ਕੀਤੀ ਜਾਵੇਗੀ ਕਿ ਪ੍ਰਦੇਸ਼ਾਂ ਅਤੇ ਕੇਂਦਰ ਦੀਆਂ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਦਰਮਿਆਨ ਬੇਹਤਰ ਤਾਲਮੇਲ ਕਿਵੇਂ ਸਥਾਪਿਤ ਕੀਤਾ ਜਾਵੇ। ਗ੍ਰਹਿ ਮੰਤਰਾਲੇ ਵੱਲੋਂ ਆਯੋਜਤ ਕੀਤੇ ਜਾਣ ਵਾਲੇ ਇਸ ਸੰਮੇਲਨ 'ਚ ਇਸ ਬਾਰੇ ਵੀ ਸੋਚ ਵਿਚਾਰ ਕੀਤਾ ਜਾਵੇਗਾ ਕਿ ਗਵਾਂਢੀ ਦੇਸ਼ਾਂ ਵੱਲੋਂ ਪੇਸ਼ ਆ ਰਹੀਆਂ ਸਮੱਸਿਆਵਾਂ ਨਾਲ ਭਾਰਤ ਕਿਸ ਤਰਾਂ ਪ੍ਰਭਾਵਤ ਹੋਇਆ ਹੈ ਅਤੇ ਸਰਹੱਦ ਪਾਰ ਅੱਤਵਾਦ, ਅੱਤਵਾਦੀਆਂ ਨੂੰ ਗਵਾਂਢੀ ਦੇਸ਼ਾਂ ਦਾ ਸਮਰਥਨ, ਹਥਿਆਰਾਂ ਦੀ ਤਸਕਰੀ, ਜਾਅਲੀ ਭਾਰਤੀ ਕਰੰਸੀ ਵਰਗੇ ਮੁੱਦਿਆਂ ਦਾ ਦੇਸ਼ 'ਤੇ ਕੀ ਅਸਰ ਹੋਵੇਗਾ। ਅਧਿਕਾਰਿਤ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਹਾਲਾਤ ਪਿਛਲੇ ਤਿੰਨ ਸਾਲਾਂ 'ਚ ਕਾਫੀ ਬੇਹਤਰ ਹੋਈ ਹੈ ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ 'ਚ ਤਾਲਮੇਲ ਬੇਹਤਰ ਹੋਇਆ ਹੈ। ਸੰਮੇਲਨ ਦੌਰਾਨ ਇਸ ਗੱਲ 'ਤੇ ਵੀ ਚਰਚਾ ਹੋਵੇਗੀ ਕਿ ਸੂਬਿਆਂ 'ਚ ਸੁਰੱਖਿਆ ਬਲਾਂ ਦੀਆਂ ਖਾਲੀ ਅਸਾਮੀਆਂ ਭਰਨ, ਹਥਿਆਰ ਤੇ ਗੋਲੀ ਸਿੱਕਾ ਖ੍ਰੀਦਣ ਅਤੇ ਪੁਲਿਸ ਬਲ ਨੂੰ ਅਧੁਨਿਕ ਬਣਾਉਣ 'ਚ ਕੇਂਦਰ ਕਿਵੇਂ ਮੱਦਦ ਕਰ ਸਕਦਾ ਹੈ।
ਨਵੀਂ ਦਿੱਲੀ,-ਦੇਰ ਰਾਤ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਨ੍ਹਾਂ ਵਿਚ ਵਿਨੈ ਮਹਾਜਨ ਤੇ ਗੁਰਪ੍ਰੀਤ ਕੌਰ ਧਾਲੀਵਾਲ ਸ਼ਾਮਿਲ ਹਨ, ਜੋ ਕ੍ਰਮਵਾਰ ਸੁਜਾਨਪੁਰ ਤੇ ਮਾਨਸਾ ਹਲਕੇ ਤੋਂ ਚੋਣ ਲੜਨਗੇ। ਇਸ ਤੋਂ ਪਹਿਲਾਂ ਬੀਤੇ ਦਿਨ ਪਾਰਟੀ ਵੱਲੋਂ 114 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸੀ।
ਮਖੂ, - ਮਖੂ ਸ਼ਹਿਰ 'ਚ ਬਿਜਲੀ ਘਰ ਦੇ ਨਜ਼ਦੀਕ ਇਕ ਦਰਦਨਾਕ ਹਾਦਸੇ ਦੌਰਾਨ ਦੋ ਲੜਕਿਆਂ ਦੀ ਮੌਤ ਤੇ ਦੋ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਲੜਕੇ, ਜਿਨ੍ਹਾਂ ਦੀ ਉਮਰ ਕਰੀਬ 14 ਤੋਂ 16 ਸਾਲ ਦੇ ਵਿਚਕਾਰ ਸੀ, ਇਕ ਕਾਵਾਸਾਕੀ ਬਜਾਜ ਬੌਕਸਰ ਮੋਟਰਸਾਈਕਲ ਨੰ: ਪੀ.ਬੀ. 09 ਡੀ/2453 'ਤੇ ਸਵਾਰ ਹੋ ਕੇ ਆਪਣੇ ਪਿੰਡ ਘੁੱਦੂਵਾਲਾ ਤੋਂ ਮਖੂ ਨੂੰ ਆ ਰਹੇ ਸਨ ਤੇ ਜਦੋਂ ਇਨ੍ਹਾਂ ਲੜਕਿਆਂ ਨੇ ਜ਼ੀਰੇ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਬੱਸ ਤੋਂ ਅੱਗੇ ਲੰਘਣ ਲੱਗੇ ਤਾਂ ਸਾਹਮਣਿਓਂ ਆ ਰਹੇ ਟਿੱਪਰ ਟਰੱਕ ਪੀ. ਬੀ. 10 ਸੀ ਡਬਲਯੂ/1455 ਦੇ ਸੰਨ ਵਿਚਾਲੇ ਆ ਜਾਣ ਕਾਰਨ ਮੋਟਰਸਾਈਕਲ ਸਵਾਰਾਂ ਵਿਚੋਂ ਦੋ ਲੜਕੇ ਅਜੈ ਪੁੱਤਰ ਪੂਰਨ ਅਤੇ ਮੰਗਾ ਪੁੱਤਰ ਸੁੱਚਾ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਦੋ ਲੜਕੇ ਨੂੰ ਅਤੇ ਸੂਰਜ ਪੁੱਤਰ ਮੇਜਰ ਦੋਵੇਂ ਸਕੇ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਜ਼ੀਰਾ,-ਪਵਿੱਤਰ ਰਿਸ਼ਤੇ ਦੀ ਪ੍ਰਵਾਹ ਨਾ ਕਰਦਿਆਂ ਇਕ ਪ੍ਰੇਮੀ ਜੋੜੇ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕੀਤੇ ਜਾਣ ਦਾ ਸਮਾਚਾਰ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਇਕਬਾਲ ਖਾਨ ਨੇ ਦੱਸਿਆ ਕਿ ਰਾਜ ਸਿੰਘ ਵਾਸੀ ਸਨ੍ਹੇਰ ਅਤੇ ਜੀਤੋ ਵਾਸੀ ਸਿੰਘਾ ਵਾਲਾ (ਦੋਵੇਂ ਕਾਲਪਨਿਕ ਨਾਂਅ) ਜੋ ਕਿ ਆਪਸ ਵਿਚ ਮਾਮੇ-ਭੂਆ ਦੇ ਰਿਸ਼ਤੇ ਵਜੋਂ ਭੈਣ-ਭਰਾ ਲੱਗਦੇ ਸਨ, ਕੁਝ ਸਮਾਂ ਪਹਿਲਾਂ ਦੋਹਾਂ ਦਾ ਆਪਸ ਵਿਚ ਪਿਆਰ ਹੋ ਗਿਆ। ਇਸ ਭੈਣ-ਭਰਾ ਦੇ ਰਿਸ਼ਤੇ ਦੀ ਪਰਵਾਹ ਨਾ ਕਰਦਿਆਂ ਉਕਤ ਪ੍ਰੇਮੀ ਜੋੜਾ ਕੁਝ ਦਿਨ ਪਹਿਲਾਂ ਘਰੋਂ ਫਰਾਰ ਹੋ ਗਿਆ ਸੀ। ਆਪਣੇ ਇਸ ਰਿਸ਼ਤੇ ਨੂੰ ਪਰਵਾਨ ਨਾ ਚੜ੍ਹਦੇ ਅਤੇ ਸਮਾਜਿਕ ਨਾਮੋਸ਼ੀ ਨੂੰ ਵੇਖਦਿਆਂ ਉਕਤ ਪ੍ਰੇਮੀ ਜੋੜੇ ਵੱਲੋਂ ਆਪਣੀ ਮਾਰੂਤੀ ਕਾਰ ਨੰਬਰ ਸੀ. ਐੱਚ 01 ਐੱਸ 0105 ਸਮੇਤ ਪਿੰਡ ਭੜਾਣਾ ਦੇ ਨਜ਼ਦੀਕ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਪੁਲਿਸ ਵੱਲੋਂ ਲੰਬੀ ਮੁਸ਼ੱਕਤ ਤੋਂ ਬਾਅਦ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਨੂੰ ਕਾਰ ਸਮੇਤ ਬਾਹਰ ਕੱਢ ਲਿਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਅਤੇ ਪੁਲਿਸ ਵੱਲੋ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ, -1993 'ਚ ਹੋਏ ਦੂਰਸੰਚਾਰ ਘੁਟਾਲੇ ਦੇ ਦੋਸ਼ 'ਚ ਕੱਲ੍ਹ ਸਥਾਨਿਕ ਅਦਾਲਤ 'ਚ ਆਤਮ ਸਮਰਪਣ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਅੱਜ ਦੀਨ ਦਿਆਲ ਉਪਧਿਆਏ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕਰਾ ਦਿੱਤਾ ਗਿਆ ਹੈ। ਕੱਲ੍ਹ ਉਨ੍ਹਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਸੀ। ਤਿਹਾੜ ਜੇਲ੍ਹ ਦੇ ਉਪ ਇੰਸਪੈਕਟਰ ਜਨਰਲ ਆਰ. ਐਨ. ਸ਼ਰਮਾ ਅਨੁਸਾਰ 86 ਸਾਲਾ ਸਾਬਕਾ ਮੰਤਰੀ ਦੀ ਹਾਲਤ ਵਿਗੜ ਰਹੀ ਸੀ, ਇਸ ਲਈ ਜੇਲ੍ਹ ਹਸਪਤਾਲ ਦੇ ਡਾਕਟਰਾਂ ਦੀ ਸਲਾਹ ਨਾਲ ਉਨ੍ਹਾਂ ਨੂੰ ਸ਼ਹਿਰ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਸੁਖਰਾਮ ਦੀ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੋ ਸਕਦੀ ਹੈ।
ਨਵੀਂ ਦਿੱਲੀ,- ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੇ ਖ਼ਿਲਾਫ ਇਨਫੋਰਸਮੈਂਟ ਡਾਇਰੈਕਟੋਰੇਕ (ਈ. ਡੀ.) ਵੱਲੋਂ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਸੀ.ਬੀ.ਆਈ ਨੇ ਹਾਲ ਹੀ ਵਿਚ ਉਨ੍ਹਾਂ ਦੇ ਖ਼ਿਲਾਫ ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ 'ਚ ਘੋਟਾਲੇ ਦਾ ਮਾਮਲਾ ਦਰਜ ਕੀਤਾ ਸੀ। ਸੂਤਰਾਂ ਅਨੁਸਾਰ ਕੁਸ਼ਵਾਹਾ ਅਤੇ ਹੋਰਨਾਂ ਖ਼ਿਲਾਫ ਸੀ.ਬੀ.ਆਈ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਤੱਥਾਂ ਨੂੰ ਦੇਖਣ ਤੋਂ ਬਾਅਦ ਜੇਕਰ ਈ.ਡੀ ਨੂੰ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਰੋਕੂ ਅਤੇ ਵਿਦੇਸ਼ੀ ਮੁਦਰਾ ਬਾਰੇ ਕਾਨੂੰਨ ਫੇਮਾ ਦੀ ਉਲੰਘਣਾ ਹੋਈ ਹੈ ਤਾਂ ਇਨ੍ਹਾਂ ਕਾਨੂੰਨਾਂ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੁਸ਼ਵਾਹਾ ਬਸਪਾ ਵਿਚੋਂ ਕੱਢੇ ਜਾਣ ਅਤੇ ਭਾਜਪਾ ਵਿਚ ਸ਼ਾਮਿਲ ਹੋਣ ਕਾਰਨ ਪਹਿਲਾਂ ਹੀ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ।
ਮੁੰਬਈ,-ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਨੇ ਇਕ ਵਾਰ ਸੋਨੀਆ ਗਾਂਧੀ ਦੀ ਨਾਗਰਿਕਤਾ 'ਤੇ ਸਵਾਲ ਉਠਾਉਂਦਿਆਂ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕ ਕਹਿ ਦਿੱਤਾ ਹੈ। ਆਪਣੀ ਅਖ਼ਬਾਰ ਸਾਮਨਾ 'ਚ ਦਿੱਤੇ ਇਕ ਇੰਟਰਵਿਊ 'ਚ ਠਾਕਰੇ ਨੇ ਕਿਹਾ ਹੈ ਕਿ ਸੋਨੀਆ ਨੇ ਦੇਸ਼ ਲਈ ਕੀ ਕੀਤਾ ਹੈ? ਉਨ੍ਹਾਂ ਸੈਨਾ ਮੁਖੀ ਦੀ ਉਮਰ ਦੇ ਮੁੱਦੇ 'ਤੇ ਉੱਠੇ ਵਿਵਾਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦਾ ਸਨਮਾਨ ਖ਼ਤਰੇ 'ਚ ਹੈ। ਉਨ੍ਹਾਂ ਕਿਹਾ ਕਿ ਇਥੇ ਸੋਨੀਆ ਦੇ ਸਨਮਾਨ ਦਾ ਸਵਾਲ ਨਹੀਂ ਹੈ, ਕਿਉਂਕਿ ਉਹ ਇਕ ਵਿਦੇਸ਼ੀ ਮਹਿਲਾ ਹੈ। ਰਾਹੁਲ ਗਾਂਧੀ ਬਾਰੇ ਉਨ੍ਹਾਂ ਕਿਹਾ ਕਿ ਉਹ ਕੱਲ੍ਹ ਪੈਦਾ ਹੋਇਆ ਹੈ ਅਤੇ ਅੱਜ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ। ਠਾਕਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪਦ ਦੀ ਨਿਲਾਮੀ ਹੋ ਰਹੀ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਦਾ ਵਾਤਾਵਰਣ ਦੂਸ਼ਿਤ ਕੀਤਾ ਜਾ ਰਿਹਾ ਹੈ।
ਪੁਣੇ, -ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਅੱਜ ਪੁਣੇ ਦੇ ਸੰਚੇਤੀ ਹਸਪਤਾਲ 'ਚੋਂ ਛੁੱਟੀ ਮਿਲ ਗਈ। ਆਪਣੇ ਪਿੰਡ ਰਾਲੇਗਣ ਸਿੱਧੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਮਜ਼ੋਰ ਨਜ਼ਰ ਆ ਰਹੇ ਇਸ ਗਾਂਧੀਵਾਦੀ ਸਮਾਜ ਸੇਵਕ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਹੀ ਲੋਕਪਾਲ ਬਿੱਲ ਮੁੱਦੇ ਅਤੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਦੂਜੇ ਚਰਨ 'ਚ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸਿਹਤ ਪੱਖੋਂ ਹੁਣ ਮੈਂ ਠੀਕ ਹਾਂ, ਪਰ ਬਹੁਤ ਕਮਜ਼ੋਰੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਅਜੇ ਕੁਝ ਦਿਨਾਂ ਤੱਕ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਇਸ ਲਈ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਮੈਂ ਅੰਦੋਲਨ ਬਾਰੇ ਸੋਚਾਂਗਾ। ਜਦੋਂ ਅੰਨਾ ਨੂੰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵਿਰੁੱਧ ਸਾਹਮਣੇ ਆਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਤੋਂ ਮੇਰਾ ਬਾਹਰੀ ਦੁਨੀਆ ਨਾਲ ਸੰਪਰਕ ਨਹੀਂ ਸੀ। ਚੋਣਾਂ ਵਾਲੇ ਪ੍ਰਦੇਸ਼ਾਂ 'ਚ ਦੌਰੇ ਕਰਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਹ ਕੁਝ ਦੇਰ ਯਾਤਰਾ ਨਹੀਂ ਕਰ ਸਕਣਗੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਲੰਮੇ ਸਮੇਂ ਤੱਕ ਚੱਲਣ ਵਾਲਾ ਅੰਦੋਲਨ ਹੈ ਜਿਸ ਲਈ ਮੈਂ ਪਿਛਲੇ 25 ਸਾਲਾਂ ਤੋਂ ਲੜ ਰਿਹਾ ਹਾਂ।
ਨਵੀਂ ਦਿੱਲੀ-ਭਾਰਤ ਦੇ ਗ੍ਰਹਿ ਮੰਤਰਾਲੇ 'ਚ ਅੱਜ ਕੰਪਿਊਟਰ ਦੀ ਹਾਰਡ ਡਿਸਕ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਰਥ ਬਲਾਕ 'ਚ ਗ੍ਰਹਿ ਮੰਤਰਾਲੇ ਦੇ ਕਮਰਾ ਨੰਬਰ 203 ਤੋਂ 2 ਅਤੇ 3 ਜਨਵਰੀ ਦੀ ਰਾਤ ਨੂੰ ਉਸ ਕੰਪਿਊਟਰ ਦੀ ਹਾਰਡ ਡਿਸਕ ਚੋਰੀ ਕੀਤੀ ਗਈ, ਜਿਸ ਦੇ ਮੋਨੀਟਰ ਦੀ 2 ਮਹੀਨੇ ਪਹਿਲਾਂ ਚੋਰੀ ਹੋ ਗਈ ਸੀ। ਉਕਤ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਗ੍ਰਹਿ ਮੰਤਰਾਲੇ ਦਾ ਇਕ ਸਹਾਇਕ ਆਪਣਾ ਕੰਪਿਊਟਰ ਚਾਲੂ ਨਹੀਂ ਕਰ ਸਕਿਆ। ਅਧਿਕਾਰੀਆਂ ਨੂੰ ਇਸ ਘਟਨਾ ਦੇ ਪਿੱਛੇ ਕਿਸੇ ਅੰਦਰ ਦੇ ਵਿਅਕਤੀ ਦਾ ਹੱਥ ਹੋਣ ਦਾ ਸ਼ੱਕ ਹੈ ਅਤੇ ਉਨ੍ਹਾਂ ਦੁਆਰਾ ਨਿਸਚਿਤ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ।
ਮਾਇਆਵਤੀ ਦੇ ਬੁੱਤ ਅਤੇ ਚੋਣ ਨਿਸ਼ਾਨ ਢਕਣ ਦਾ ਕੰਮ ਸ਼ੁਰੂ
ਗੋਮਤੀ ਨਗਰ ਲਖਨਊ ਵਿਖੇ ਬਸਪਾ ਦੇ ਚੋਣ ਨਿਸ਼ਾਨ
ਹਾਥੀ ਦੇ ਬੁੱਤਾਂ ਨੂੰ ਢੱਕਦੇ ਹੋਏ ਕਾਮੇ।
ਲਖਨਊ-ਚੋਣ ਕਮਿਸ਼ਨ ਦੇ ਹੁਕਮ ਤੋਂ ਇਕ ਦਿਨ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਦੇ ਬੁੱਤ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਚੋਣ ਨਿਸ਼ਾਨ ਹਾਥੀ ਨੂੰ ਢਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬੁੱਤ ਅਤੇ ਚੋਣ ਨਿਸ਼ਾਨ ਉੱਤਰ ਪ੍ਰਦੇਸ਼ 'ਚ ਚੋਣਾਂ ਖਤਮ ਹੋਣ ਤੱਕ ਢਕੇ ਰਹਿਣਗੇ। ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਉਕਤ ਹੁਕਮ ਜਾਰੀ ਕੀਤੇ ਸਨ। ਫ਼ੈਸਲੇ ਨੂੰ ਜਾਇਜ਼ ਦੱਸਦੇ ਹੋਏ ਮੁੱਖ ਚੋਣ ਕਮਿਸ਼ਨ ਐਸ. ਵਾਈ. ਕੁਰੈਸ਼ੀ ਨੇ ਕਿਹਾ ਕਿ ਸਾਡਾ ਵਿਚਾਰ ਹੈ ਕਿ ਚੋਣਾਂ ਦੌਰਾਨ ਕਿਸੇ ਨੂੰ ਵੀ ਰਾਜਨੀਤਕ ਫਾਇਦਾ ਨਹੀਂ ਮਿਲਣਾ ਚਾਹੀਦਾ, ਇਥੋਂ ਤੱਕ ਕਿ ਦਫ਼ਤਰਾਂ ਵਿਚੋਂ ਨੇਤਾਵਾਂ ਦੀਆਂ ਤਸਵੀਰਾਂ ਨੂੰ ਵੀ ਹਟਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਹੁਤ ਸਾਰੇ ਰਾਜਨੀਤਕ ਦਲਾਂ ਨੇ ਚੋਣ ਕਮਿਸ਼ਨ ਕੋਲ ਹਾਥੀ ਦੇ ਬੁੱਤ ਹਟਾਉਣ ਦੀ ਮੰਗ ਕੀਤੀ ਸੀ।ਗੋਮਤੀ ਨਗਰ ਲਖਨਊ ਵਿਖੇ ਬਸਪਾ ਦੇ ਚੋਣ ਨਿਸ਼ਾਨ
ਹਾਥੀ ਦੇ ਬੁੱਤਾਂ ਨੂੰ ਢੱਕਦੇ ਹੋਏ ਕਾਮੇ।
ਹੈਦਰਾਬਾਦ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਇਕ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ 'ਚ ਛਪਣ ਵਾਲੀ ਜਾਅਲੀ ਭਾਰਤੀ ਕਰੰਸੀ ਦੇ 27 ਹਜ਼ਾਰ ਦੇ ਨੋਟਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਏਜੰਸੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਹ ਗਰੋਹ ਕਰੀਬ ਇਕ ਕਰੋੜ ਰੁਪਏ ਦੇ ਜਾਅਲੀ ਨੋਟ ਬਾਜ਼ਾਰ 'ਚ ਚਲਾ ਚੁੱਕਾ ਹੈ। ਇਸ ਗਰੋਹ ਦਾ ਸਰਗਣਾ 23 ਸਾਲਾ ਮੋਰਗਨ ਹੁਸੈਨ ਹੈ ਪੱਛਮੀ ਬੰਗਾਲ ਦੇ ਮਾਲਦਾ ਜਿਲ੍ਹੇ ਦਾ ਰਹਿਣ ਵਾਲਾ ਹੈ ਜਿਸ ਨੂੰ ਕਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਮਾਮਲੇ 'ਚ ਬਾਕੀ ਗ੍ਰਿਫ਼ਤਾਰੀਆਂ ਚੇਨਈ, ਹੈਦਰਾਬਾਦ ਅਤੇ ਪੱਛਮੀ ਬੰਗਾਲ 'ਚੋਂ ਕੀਤੀਆਂ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਹਜਾਰ, ਪੰਜ ਸੌ ਅਤੇ ਸੌ ਵਾਲੇ ਇਨ੍ਹਾਂ ਨੋਟਾਂ ਨੂੰ ਪਾਕਿਸਤਾਨ ਤੋਂ ਜਹਾਜ਼ ਰਾਹੀਂ ਬੰਗਲਾਦੇਸ਼ ਲਿਆਇਆ ਜਾਂਦਾ ਸੀ ਅਤੇ ਫਿਰ ਉਥੋਂ ਸਰਹੱਦ ਪਾਰ ਕਰਾ ਕੇ ਉਨ੍ਹਾਂ ਨੂੰ ਭਾਰਤ ਦੇ ਵੱਖ ਵੱਖ ਸ਼ਹਿਰਾਂ 'ਚ ਚਲਾ ਦਿੱਤਾ ਜਾਂਦਾ ਸੀ।
ਨਵੀਂ ਦਿੱਲੀ-ਉੱਤਰ ਪ੍ਰਦੇਸ਼ ਦੀਆਂ ਪਹਿਲੇ ਗੇੜ ਦੀਆਂ ਚੋਣਾਂ, ਜੋ ਕਿ 4 ਫਰਵਰੀ ਨੂੰ ਹੋਣ ਵਾਲੀਆਂ ਸਨ, ਨੂੰ ਅੱਗੇ ਪਾ ਦਿੱਤਾ ਗਿਆ ਹੈ। ਨਵੀਂ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਵੀ 4 ਫਰਵਰੀ ਨੂੰ ਆ ਸਕਦਾ ਹੈ। ਇਸ ਲਈ ਪਹਿਲੇ ਗੇੜ ਦੀਆਂ ਚੋਣਾਂ ਦੀ ਤਰੀਕ ਬਦਲੀ ਗਈ ਹੈ ਤੇ 60 ਵਿਧਾਨ ਸਭਾ ਹਲਕਿਆਂ 'ਚ 10 ਜਨਵਰੀ ਨੂੰ ਚੋਣ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਦੀਆਂ ਜਾਂਚ ਏਜੰਸੀਆਂ ਨੇ ਇਸ ਮਾਮਲੇ ਸਬੰਧੀ ਆਪਣਾ ਪੱਖ ਚੋਣ ਕਮਿਸ਼ਨ ਦੇ ਸਾਹਮਣੇ ਰੱਖਿਆ ਸੀ।
ਕੋਲਕਾਤਾ-ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਫੁਲਿਆ ਸਟੇਸ਼ਨ 'ਤੇ ਸਨਿਚਰਵਾਰ ਨੂੰ ਦੋ ਰੇਲ ਗੱਡੀਆਂ ਦੀ ਆਪਸੀ ਟੱਕਰ ਕਾਰਨ ਸਟੇਸ਼ਨ ਦੇ ਗੇਟਮੈਨ ਦੀ ਮੌਤ ਅਤੇ 6 ਯਾਤਰੀ ਜ਼ਖਮੀ ਹੋ ਗਏ। ਪੂਰਬੀ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਾਂਤੀਪੁਰ-ਸਿਆਲਦਾਹ ਯਾਤਰੀ ਰੇਲ ਗੱਡੀ ਫੁਲਿਆ ਸਟੇਸ਼ਨ 'ਤੇ ਪਲੇਟਫਾਰਮ ਦੀ ਉਡੀਕ 'ਚ ਖੜ੍ਹੀ ਇਕ ਹੋਰ ਸਿਆਲਦਾਹ-ਸ਼ਾਂਤੀਪੁਰ ਯਾਤਰੀ ਗੱਡੀ ਨਾਲ ਟਕਰਾ ਗਈ। ਰੇਲ ਮੰਤਰੀ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ ਡਾਕਟਰੀ ਸਹੂਲਤਾਂ ਦੇਣ ਲਈ ਡਾਕਟਰਾਂ ਨੂੰ ਲੈ ਕੇ ਦੋ ਰੇਲ ਗੱਡੀਆਂ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ।
ਨਵੀਂ ਦਿੱਲੀ- ਦੇਸ਼ 'ਚ ਵੱਡੇ ਪੱਧਰ 'ਤੇ ਹੋਣ ਵਾਲੇ ਭ੍ਰਿਸ਼ਟਾਚਾਰ ਦੇ ਸਬੰਧ 'ਚ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਖਰੜੇ ਦੀ ਰਣਨੀਤੀ ਇਸ ਮਹੀਨੇ ਦੇ ਅੰਤ ਤਕ ਬਣਾ ਲਈ ਜਾਵੇਗੀ ਜਿਸ ਦਾ ਉਦੇਸ਼ ਕਾਲੇ ਧਨ ਦੀ ਵਰਤੋਂ, ਬੇਨਾਮੀ ਸੰਪਤੀ ਅਤੇ ਇਸ ਤਰਾਂ ਦੇ ਹੋਰ ਮਾਮਲਿਆਂ ਦੀ ਪੜਤਾਲ ਕਰਨਾ ਹੋਵੇਗਾ। ਸੀ.ਵੀ.ਸੀ ਮੌਜ਼ੂਦਾ ਕਾਨੂੰਨ 'ਚ ਸੰਸ਼ੋਧਨ ਕਰ ਕੇ ਨਿੱਜੀ ਕੰਪਨੀਆਂ ਨੂੰ ਬਲੈਕਲਿਸਟ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦੇ ਹਕ ਵਿਚ ਹੈ। 2010 'ਚ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਰਣਨੀਤੀ ਦਾ ਖਰੜਾ ਬਣਾ ਕੇ ਲੋਕਾਂ ਦੀ ਪ੍ਰਤੀਕਿਰਿਆ ਲਈ ਇਸ ਦੀ ਵੈੱਬਸਾਈਟ 'ਤੇ ਪਾ ਦਿੱਤਾ ਗਿਆ ਸੀ। ਸੀ.ਵੀ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਲੋਕਾਂ ਦੇ ਬਹੁਤ ਸਾਰੇ ਸੁਝਾਅ ਮਿਲੇ ਹਨ ਅਤੇ ਇਕ ਮਹੀਨੇ 'ਚ ਖਰੜੇ ਨੂੰ ਆਖਰੀ ਰੂਪ ਦੇਣ ਤੋਂ ਬਾਅਦ ਇਸ ਨੂੰ ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਕੋਲ ਭੇਜਿਆ ਜਾਵੇਗਾ ਅਤੇ ਫਿਰ ਢੁੱਕਵੀਂ ਕਾਰਵਾਈ ਕਰਨ ਲਈ ਕਾਨੂੰਨ ਅਤੇ ਨਿਆ ਮੰਤਰਾਲੇ ਕੋਲ ਭੇਜਿਆ ਜਾਵੇਗਾ।
No comments:
Post a Comment