Sunday, 8 January 2012

ਕੈਪਟਨ ਦਾ ਭਰਾ ਰਾਜਾ ਮਾਲਵਿੰਦਰ ਸਿੰਘ ਅਕਾਲੀ ਦਲ ਵਿਚ ਸ਼ਾਮਿਲ

ਚੰਡੀਗੜ੍ਹ, -ਪੰਜਾਬ ਵਿਧਾਨ ਸਭਾ ਲਈ ਕਾਂਗਰਸ ਵੱਲੋਂ ਐਲਾਨੀਆਂ ਗਈਆਂ ਟਿਕਟਾਂ ਤੋਂ ਬਾਅਦ ਪਾਰਟੀ ਅੰਦਰੋਂ ਵਿਰੋਧ ਦੀਆਂ ਜੋ ਆਵਾਜ਼ਾਂ ਉਠਣੀਆਂ ਸ਼ੁਰੂ ਹੋਈਆਂ ਹਨ, ਉਸ ਕਾਰਨ ਪਾਰਟੀ ਨੂੰ ਅੱਜ ਪਹਿਲਾ ਵੱਡਾ ਝਟਕਾ ਉਦੋਂ ਲੱਗਾ ਜਦੋਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਾਜਾ ਮਾਲਵਿੰਦਰ ਸਿੰਘ ਨੇ ਅੱਜ ਇਥੇ ਅਕਾਲੀ ਦਲ ਦੇ ਦਫਤਰ ਵਿਚ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਰਾਜਾ ਮਾਲਵਿੰਦਰ ਸਿੰਘ ਜੋ ਕਿ ਕਾਂਗਰਸ ਟਿਕਟ ਲਈ ਪਟਿਆਲਾ ਦਿਹਾਤੀ ਅਤੇ ਸਮਾਣਾ ਤੋਂ ਪਾਰਟੀ ਟਿਕਟ ਲਈ ਉਮੀਦਵਾਰ ਸਨ, ਨੇ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਐਲਾਨ ਕੀਤਾ ਕਿ ਉਹ ਆਪਣੇ ਵੱਡੇ ਭਰਾ ਕੈਪਟਨ ਅਮਰਿੰਦਰ ਸਿੰਘ ਅਤੇ ਮੁਕਤਸਰ ਤੋਂ ਕਾਂਗਰਸ ਉਮੀਦਵਾਰ ਅਤੇ ਆਪਣੀ ਸਾਲੀ ਕਰਨ ਬਰਾੜ ਵਿਰੁੱਧ ਕੋਈ ਸ਼ਬਦ ਨਹੀਂ ਬੋਲਣਗੇ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵਿਰੋਧ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਭਰਾ ਵਿਰੁੱਧ ਚੋਣ ਲੜਨ ਦੀ ਗੱਲ ਵੀ ਨਹੀਂ ਸੋਚ ਸਕਦੇ, ਪ੍ਰੰਤੂ ਉਨ੍ਹਾਂ ਕਾਂਗਰਸ ਛੱਡਣ ਦਾ ਫੈਸਲਾ ਇਸ ਲਈ ਲਿਆ ਹੈ, ਕਿਉਂਕਿ ਕਾਂਗਰਸ ਵਿਚ ਅਸੂਲਾਂ ਅਤੇ ਕੰਮ ਦਾ ਮੁੱਲ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ 1975 ਵਿਚ ਫੌਜ ਛੱਡ ਕੇ ਆਇਆ ਸੀ ਅਤੇ 1977 ਤੋਂ ਮੈਨੂੰ ਸਮਾਣਾ ਅਤੇ ਸ਼ਤਰਾਣਾ ਦੇ ਹਲਕਿਆਂ ਦਾ ਚਾਰਜ ਦਿੱਤਾ ਗਿਆ ਸੀ ਅਤੇ 2002 ਤੋਂ ਮੈਂ ਲਗਾਤਾਰ ਪਾਰਟੀ ਟਿਕਟ ਮੰਗਦਾ ਆ ਰਿਹਾ ਹਾਂ, ਪ੍ਰੰਤੂ ਕੁਝ ਹਲਕਿਆਂ ਦੇ ਸਵਾਰਥੀ ਹਿੱਤਾਂ ਨੇ ਮੈਨੂੰ ਪਾਰਟੀ ਟਿਕਟ ਨਹੀਂ ਲੈਣ ਦਿੱਤੀ। ਇਹ ਪੁੱਛੇ ਜਾਣ 'ਤੇ ਕਿ ਅਗਰ ਅਕਾਲੀ ਦਲ ਤੁਹਾਨੂੰ ਸਮਾਣਾ ਤੋਂ ਪਾਰਟੀ ਉਮੀਦਵਾਰ ਰੱਖਣਾ ਚਾਹੇ ਤਾਂ ਉਨ੍ਹਾਂ ਨੇ ਕਿਹਾ ਉਸ ਬਾਰੇ ਮੈਂ ਜ਼ਰੂਰ ਸੋਚ ਸਕਦਾ ਹਾਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਕਾਂਗਰਸ ਵਿਚ ਵਾਪਸ ਜਾਣ ਦਾ ਉਨ੍ਹਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਮੰਨਿਆ ਕਿ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੇਰੇ ਹਮੇਸ਼ਾ ਚੰਗੇ ਸਮਾਜਿਕ ਸਬੰਧ ਰਹੇ ਹਨ, ਕਿਉਂਕਿ ਸ੍ਰੀ ਰਾਜੀਵ ਗਾਂਧੀ ਮੇਰੇ ਨਾਲ ਪੜ੍ਹਦੇ ਰਹੇ ਅਤੇ ਮੇਰੇ ਚੰਗੇ ਦੋਸਤ ਵੀ ਸਨ। ਸ. ਸੁਖਬੀਰ ਸਿੰਘ ਬਾਦਲ ਨੇ ਰਾਜਾ ਮਾਲਵਿੰਦਰ ਸਿੰਘ ਨੂੰ ਅਕਾਲੀ ਦਲ ਵਿਚ ਆਉਣ ਲਈ ਜੀ ਆਇਆਂ ਕਹਿੰਦਿਆਂ ਦਾਅਵਾ ਕੀਤਾ ਕਿ ਕਾਂਗਰਸ ਲਈ ਇਹ ਇਕ ਐਟਮ ਬੰਬ ਵਰਗਾ ਝਟਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸਵੈਮਾਣ ਰੱਖਣ ਵਾਲੀ ਗੱਲ ਖਤਮ ਹੋ ਗਈ ਹੈ ਅਤੇ ਜਿਵੇਂ 15 ਦਿਨ ਪਾਰਟੀ ਆਗੂਆਂ ਨੂੰ ਦਿੱਲੀ ਵਿਖੇ ਟਿਕਟਾਂ ਲਈ ਜ਼ਲੀਲ ਕੀਤਾ ਗਿਆ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਵਿਚ ਕੇਵਲ ਲੁਧਿਆਣਾ, ਫਤਿਹਗੜ੍ਹ ਸਾਹਿਬ ਵਿਖੇ ਬਗਾਵਤ ਸਾਹਮਣੇ ਆਈ ਹੈ, ਜਦੋਂਕਿ ਕਾਂਗਰਸ ਵਿਚ 38 ਹਲਕਿਆਂ ਤੋਂ ਬਗਾਵਤ ਦੀਆਂ ਰਿਪੋਰਟਾਂ ਹਨ, ਜਿਸ ਵਿਚ ਮੌਜੂਦਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ, ਵਿਧਾਨਕਾਰ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹਨ ਅਤੇ ਇਹ ਬਗਾਵਤ 50 ਹਲਕਿਆਂ ਤੱਕ ਵੀ ਪੁੱਜ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਪਾਰਟੀ ਵੱਲੋਂ ਪੈਸੇ ਲੈ ਕੇ ਟਿਕਟਾਂ ਵੰਡੀਆਂ ਜਾਂਦੀਆਂ ਹਨ, ਉਹ ਭ੍ਰਿਸ਼ਟਾਚਾਰ ਨੂੰ ਕਿਸ ਤਰ੍ਹਾਂ ਖ਼ਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਜਾ ਮਾਲਵਿੰਦਰ ਸਿੰਘ ਨੇ ਬਿਨਾਂ ਕਿਸੇ ਸ਼ਰਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਲੇਕਿਨ ਸ. ਬਾਦਲ ਨੇ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕਿਸੇ ਤਰ੍ਹਾਂ ਦੀ ਟਿਪਣੀ ਤੋਂ ਗੁਰੇਜ਼ ਕੀਤਾ, ਕਿਉਂਕਿ ਸ਼ਾਇਦ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਰਾਜਾ ਮਾਲਵਿੰਦਰ ਸਿੰਘ ਉਸ ਨਾਲ ਅਸਹਿਮਤੀ ਪ੍ਰਗਟਾ ਸਕਦੇ ਹਨ। ਅਕਾਲੀ ਹਲਕਿਆਂ ਬਾਅਦ ਵਿਚ ਇਹ ਵੀ ਸੰਕੇਤ ਦਿੱਤਾ ਕਿ ਦਲ ਵੱਲੋਂ ਸਮਾਣਾ ਹਲਕੇ ਤੋਂ ਮੌਜੂਦਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਥਾਂ ਮਾਲਵਿੰਦਰ ਸਿੰਘ ਨੂੰ ਵੀ ਉਮੀਦਵਾਰ ਰੱਖਿਆ ਜਾ ਸਕਦਾ ਹੈ, ਲੇਕਿਨ ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸੰਭਵ ਹੋ ਸਕੇਗਾ, ਜੋ ਕੁਝ ਕਾਰਨਾਂ ਕਰਕੇ ਅੱਜ ਇਥੇ ਨਹੀਂ ਹੋ ਸਕਿਆ।

No comments:

Post a Comment