Sunday, 8 January 2012

ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ-ਕਸ਼ਮੀਰ 'ਚ ਬਰਫਬਾਰੀ

ਸੀਤ ਲਹਿਰ ਨੇ ਫੜਿਆ ਜ਼ੋਰ
ਚੰਡੀਗੜ੍ਹ, 7 ਜਨਵਰੀ -ਅੱਜ ਪੰਜਾਬ ਤੇ ਹਰਿਆਣਾ ਵਿਚ ਭਾਰੀ ਬਾਰਸ਼ ਹੋਈ, ਜਦਕਿ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਾਦੀ ਵਿਚ ਭਾਰੀ ਬਰਫ਼ਬਾਰੀ ਚਿੱਟੀ ਚਾਦਰ ਵਿੱਛ ਗਈ, ਜਿਸ ਕਾਰਨ ਕਸ਼ਮੀਰ ਵਿਚ ਯੂਨੀਵਰਸਿਟੀ ਅਤੇ ਸਟੇਟ ਬੋਰਡ ਸਕੂਲ ਦੇ ਅੱਜ ਹੋਣ ਵਾਲੇ ਇਮਤਿਹਾਨ ਅੱਗੇ ਪਾ ਦਿੱਤੇ ਹਨ। ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਫਗਵਾੜਾ, ਮੁਕੇਰੀਆਂ ਅਤੇ ਸ਼ਾਹਪੁਰਕੰਢੀ ਤੋਂ ਭਾਰੀ ਮੀਂਹ ਪੈਣ ਅਤੇ ਕਈ ਥਾਈਂ ਗੜੇ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਮੁਕੇਰੀਆਂ ਵਿਚ 76.4, ਮਾਧੋਪੁਰ 60 ਅਤੇ ਸ਼ਾਹਪੁਰਕੰਢੀ ਵਿਚ 45.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।
ਠੰਢੀਆਂ ਹਵਾਵਾਂ ਦੇ ਨਾਲ ਮੀਂਹ ਪੈਣ ਕਾਰਨ ਲੋਕ ਅੱਜ ਸਾਰਾ ਦਿਨ ਠੁਰ-ਠੁਰ ਕਰਦੇ ਰਹੇ। ਚੰਡੀਗੜ੍ਹ ਵਿਚ ਮੀਂਹ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਸੀਤ ਲਹਿਰ ਦਾ ਜ਼ੋਰ ਰਿਹਾ। ਹਰਿਆਣਾ ਵਿਚ ਅੰਬਾਲਾ 'ਚ ਭਾਰੀ ਬਾਰਸ਼ ਹੋਈ। ਪੰਚਕੂਲਾ, ਕੁਰਕਸ਼ੇਤਰ ਅਤੇ ਕਾਲਕਾ ਤੋਂ ਵੀ ਮੀਂਹ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਹਿਮਾਚਲ 'ਚ ਬਰਫ਼ਬਾਰੀ-ਹਿਮਾਚਲ ਪ੍ਰਦੇਸ਼ ਵਿਚ ਅੱਜ ਤੜਕੇ ਤੋਂ ਬਰਫ਼ਬਾਰੀ ਹੋ ਰਹੀ ਹੈ। ਪ੍ਰਸਿੱਧ ਸੈਲਾਨੀ ਥਾਂ ਧਰਮਸ਼ਾਲਾ ਵਿਚ ਵੀ ਅੱਜ ਕਈ ਸਾਲਾਂ ਬਾਅਦ ਬਰਫਬਾਰੀ ਹੋਈ। ਸ਼ਿਮਲਾ ਵਿਚ ਇਸ ਮੌਸਮ ਦੀ ਅੱਜ ਤੀਸਰੀ ਬਰਫ਼ਬਾਰੀ ਹੋਈ ਅਤੇ ਉਥੇ ਘੱਟੋ ਘੱਟ ਤਾਪਮਾਨ ਮਨਫੀ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ਼ਿਮਲਾ ਵਿਚ 7.8 ਸੈਂਟੀਮੀਟਰ ਬਰਫਬਾਰੀ ਹੋਈ। ਕੁਫਰੀ, ਫਾਗੂ, ਮਨਾਲੀ ਅਤੇ ਨਾਰਕੰਡਾ ਵਰਗੀਆਂ ਸੈਲਾਨੀ ਥਾਵਾਂ 'ਤੇ ਅੱਜ ਤੜਕੇ ਬਰਫਬਾਰੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਕਸ਼ਮੀਰ ਵਾਦੀ 'ਚ ਭਾਰੀ ਬਰਫ਼ਬਾਰੀ-ਕਸ਼ਮੀਰ ਵਾਦੀ ਵਿਚ ਅੱਜ ਭਾਰੀ ਬਰਫ਼ਬਾਰੀ ਨਾਲ ਆਮ ਜਨਜੀਵਨ ਪ੍ਰਭਾਵਿਤ ਰਿਹਾ। ਬਰਫ਼ਬਾਰੀ ਕਾਰਨ ਅੱਜ ਦੂਸਰੇ ਦਿਨ ਵੀ ਸ੍ਰੀਨਗਰ-ਜੰਮੂ 300 ਕਿਲੋਮੀਟਰ ਲੰਬਾ ਕੌਮੀ ਮਾਰਗ ਬੰਦ ਰਿਹਾ। ਕੰਟਰੋਲ ਰੇਖਾ ਨੇੜੇ ਪੈਂਦੀਆਂ ਸਾਰੀਆਂ ਸੜਕਾਂ ਸਮੇਤ ਦੂਰ-ਦੁਰਾਡੇ ਇਲਾਕਿਆਂ ਦੀਆਂ ਸਾਰੀਆਂ ਸੜਕਾਂ ਭਾਰੀ ਬਰਫ਼ਬਾਰੀ ਕਾਰਨ ਬੰਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਉਚੇਰੇ ਪਹਾੜੀ ਇਲਾਕਿਆਂ 'ਚ ਬਰਫ ਦੇ ਤੋਦੇ ਡਿਗਣ ਦੀ ਚਿਤਾਵਨੀ ਦਿੱਤੀ ਹੈ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਹੈ। ਵਾਦੀ ਵਿਚ ਬਿਜਲੀ ਸਪਲਾਈ, ਇੰਟਰਨੈਟ ਸੇਵਾਵਾਂ ਅਤੇ ਕੇਬਲ ਨੈਟਵਰਕ ਵਿਚ ਬੀਤੀ ਸ਼ਾਮ ਤੋਂ ਹੀ ਵਿਘਨ ਪਿਆ ਹੋਇਆ ਹੈ। ਸ੍ਰੀਨਗਰ ਵਾਸੀ ਅੱਜ ਸਵੇਰੇ ਜਦੋਂ ਉਠੇ ਤਾਂ ਉਨ੍ਹਾਂ ਘਰਾਂ ਦੀਆਂ ਛੱਤਾਂ, ਦਰੱਖਤਾਂ ਦੇ ਪੱਤਿਆਂ ਤੇ ਟਾਹਣੀਆਂ, ਸੜਕਾਂ ਅਤੇ ਬਿਜਲੀ ਦੇ ਖੰਭਿਆ 'ਤੇ ਚਿੱਟੀ ਚਾਦਰ ਵਿਛੀ ਦੇਖੀ, ਕਿਉਂਕਿ ਸ੍ਰੀਨਗਰ ਵਿਚ ਇਸ ਮੌਸਮ ਦੀ ਇਹ ਪਹਿਲੀ ਭਾਰੀ ਬਰਫਬਾਰੀ ਹੋਈ ਹੈ। ਗੁਲਮਾਰਗ, ਪਹਿਲਗਾਮ, ਸੋਨਮਾਰਗ, ਯੋਸਮਾਰਗ, ਡੇਕਸਮ, ਅਹਾਰਬਲ, ਸ਼ੋਪੀਆਂ, ਕੁਲਗਾਮ, ਕੇਰਨ, ਕਮਾਹ, ਮਛੀਲ, ਅਨੰਤਨਾਗ, ਕਾਜ਼ੀਗੰਡ ਅਤੇ ਵਾਦੀ ਵਿਚ ਹੋਰਨੀ ਥਾਈਂ ਬੀਤੀ ਸ਼ਾਮ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਇਨ੍ਹਾਂ ਥਾਵਾਂ 'ਤੇ ਲਗਪਗ ਇਕ ਤੋਂ ਪੰਜ ਫੁੱਟ ਤੱਕ ਬਰਫ਼ਬਾਰੀ ਹੋਈ। ਬਾਰਾਮੂਲਾ, ਕੁਪਵਾੜਾ, ਹੰਦਵਾੜਾ, ਬਾਂਦੀਪੋਰਾ, ਸੋਪੋਰ, ਪਟਨ, ਪੰਪੋਰ, ਚਰਾਰ-ਏ-ਸ਼ਰੀਫ ਅਤੇ ਬਡਗਾਮ ਸਮੇਤ ਮੈਦਾਨੀ ਥਾਵਾਂ 'ਤੇ ਵੀ ਪਹਿਲੀ ਭਾਰੀ ਬਰਫ਼ਬਾਰੀ ਹੋਈ। ਸ੍ਰੀਨਗਰ ਵਿਚ ਭਾਰੀ ਬਰਫਬਾਰੀ ਕਾਰਨ ਆਮ ਜਨਜੀਵਨ ਵਿਚ ਵਿਘਨ ਪਿਆ ਹੋਇਆ ਹੈ ਕਿਉਂਕਿ ਉਥੇ ਅਜੇ ਤੱਕ ਬਹੁਤੀਆਂ ਸੜਕਾਂ ਤੋਂ ਬਰਫ਼ ਹਟਾਈ ਨਹੀਂ ਜਾ ਸਕੀ। ਭਾਰੀ ਬਰਫ਼ਬਾਰੀ ਪਿੱਛੋਂ ਯੂਨੀਵਰਸਿਟੀ ਅਤੇ ਸਟੇਟ ਸਕੂਲ ਸਿੱਖਿਆ ਬੋਰਡ ਦੇ ਅੱਜ ਸਾਰੇ ਇਮਤਿਹਾਨ ਅੱਗੇ ਪਾ ਦਿੱਤੇ ਹਨ।
ਪਠਾਨਕੋਟ-ਡਲਹੌਜੀ ਮੁੱਖ ਸੜਕ ਬੰਦ

ਪਠਾਨਕੋਟ, (ਸ਼ਰਮਾ, ਆਰ. ਸਿੰਘ)-ਪਠਾਨਕੋਟ-ਡਲਹੌਜੀ ਮੁੱਖ ਮਾਰਗ ਬਰਫਬਾਰੀ ਹੋਣ ਕਰਕੇ ਬੰਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਮੁਸਾਫਿਰ ਰਸਤੇ ਵਿਚ ਹੀ ਫਸ ਗਏ ਅਤੇ ਕਈ ਮੁਸਾਫਿਰ ਪੈਦਲ ਚੱਲ ਕੇ ਪਠਾਨਕੋਟ ਪੁੱਜੇ। ਪਠਾਨਕੋਟ ਪੁੱਜੇ ਜਲੰਧਰ ਵਾਸੀ ਟੀਟੂ ਕੁਮਾਰ ਉਰਫ ਸਨੀ ਨੇ ਦੱਸਿਆ ਕਿ ਬਰਫਬਾਰੀ ਹੋਣ ਕਰਕੇ ਡਲਹੌਜੀ ਤੋਂ ਕੋਈ ਬੱਸ ਉਨ੍ਹਾਂ ਨੂੰ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਡਲਹੌਜੀ ਵਿਖੇ ਤਿੰਨ ਫੁੱਟ ਬਰਫ ਪੈਣ ਕਾਰਨ ਉਨ੍ਹਾਂ ਦੀ ਪਤਨੀ ਅੰਜੂ ਅਤੇ ਲੜਕਾ ਹਨੀ ਕਰੀਬ 36 ਕਿਲੋਮੀਟਰ ਪੈਦਲ ਚੱਲ ਕੇ ਆਏ ਹਨ ਅਤੇ ਉਹ ਸਵੇਰੇ 8 ਵਜੇ ਚੱਲੇ ਅਤੇ ਦੁਪਹਿਰ ਕਰੀਬ 2.30 ਦੁਨੇਰਾ ਪੁੱਜੇ।

No comments:

Post a Comment