ਜਦੋਂ ਕੈਪਟਨ ਨੂੰ ਵੀ ਹੈਲੀਪੈਡ 'ਤੇ ਦੇਣੀ ਪਈ ਤਲਾਸ਼ੀ
ਜਲੰਧਰ, 22 ਜਨਵਰੀ-ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਚੋਣ ਕਮਿਸ਼ਨ ਵਲੋਂ ਕੀਤੀ ਗਈ ਸਖਤੀ ਹੁਣ ਚੋਣ ਮੈਦਾਨ ਵਿਚ ਉਤਰੀਆਂ ਸਿਆਸੀ ਪਾਰਟੀਆਂ ਦੇ ਸਟਾਰ ਕੰਪੇਨਰਾਂ ਨੂੰ ਵੀ ਸਹਿਣੀ ਪੈ ਰਹੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਜਦੋਂ ਜਲੰਧਰ ਦੀ ਪੀ.ਏ.ਪੀ. ਗਰਾਊਂਡ ਵਿਚ ਬਣੇ ਹੈਲੀਪੈਡ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਣ ਲੱਗੇ ਤਾਂ ਉਥੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਕੁਝ ਮਿੰਟ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰੋਕ ਲਿਆ। ਉਨ੍ਹਾਂ ਪਹਿਲਾਂ ਤਾਂ ਕੈਪਟਨ ਨੂੰ ਸਲਿਊਟ ਮਾਰਿਆ ਅਤੇ ਫਿਰ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਉਨ੍ਹਾਂ ਦੀ ਤਲਾਸ਼ੀ ਲੈਣੀ ਹੋਵੇਗੀ। ਕੈਪਟਨ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਸੁਰੱਖਿਆ ਡਿਊਟੀ 'ਤੇ ਮੌਜੂਦ ਇਕ ਪੁਲਸ ਅਧਿਕਾਰੀ ਨੇ ਕੈਪਟਨ ਦੇ ਕੋਟ ਦੀ ਤਲਾਸ਼ੀ ਲਈ। ਉਸ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿਚ ਬੈਠ ਕੇ ਅੰਮ੍ਰਿਤਸਰ ਰਵਾਨਾ ਹੋ ਗਏ। ਇਸ ਗੱਲ ਦੀ ਸਿਆਸੀ ਹਲਕਿਆਂ ਵਿਚ ਬਹੁਤ ਚਰਚਾ ਰਹੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਅਸੈਂਬਲੀ ਚੋਣਾਂ ਵਿਚ ਹੈਲੀਕਾਪਟਰ ਵਿਚ ਸਟਾਰ ਕੰਪੇਨਰਾਂ 'ਤੇ ਜਾਣ 'ਤੇ ਕਿਸੇ ਵੀ ਪ੍ਰਮੁੱਖ ਸਿਆਸਤਦਾਨ ਨੂੰ ਨਾ ਤਾਂ ਰੋਕਿਆ ਜਾਂਦਾ ਸੀ ਅਤੇ ਨਾ ਹੀ ਉਨ੍ਹਾਂ ਦੀ ਤਲਾਸ਼ੀ ਲਈ ਜਾਂਦੀ ਸੀ। ਚੋਣ ਕਮਿਸ਼ਨ ਨੇ ਇਹ ਕਦਮ ਇਸ ਲਈ ਚੁੱਕਿਆ ਤਾਂ ਜੋ ਹੈਲੀਕਾਪਟਰ ਵਿਚ ਕੋਈ ਵੀ ਸਿਆਸਤਦਾਨ ਆਪਣੇ ਨਾਲ ਨਕਦੀ ਨਾ ਲਿਜਾ ਸਕੇ।
No comments:
Post a Comment