ਲੁਧਿਆਣਾ, 22 ਜਨਵਰੀ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਕੇਂਦਰ ਦੇ ਸਹਾਰੇ ਨਹੀਂ, ਬਲਕਿ ਕੇਂਦਰ ਸਰਕਾਰ ਪੰਜਾਬ ਦੇ ਪੈਸੇ ਨਾਲ ਚਲ ਰਹੀ ਹੈ। ਪੰਜਾਬ ਤੋਂ ਜੋ ਟੈਕਸ ਦੇ ਰੂਪ 'ਚ ਪੈਸਾ ਕੇਂਦਰ ਕੋਲ ਜਾਂਦਾ ਹੈ ਉਸ 'ਚੋਂ ਨਾਮਾਤਰ ਪੈਸਾ ਹੀ ਰਾਜ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ 100 ਰੁਪਏ 'ਚੋਂ ਕੇਵਲ 1 ਰੁਪਇਆ 38 ਪੈਸੇ ਹੀ ਰਾਜ ਨੂੰ ਵਾਪਸ ਮਿਲਦੇ ਹਨ। ਇਸ ਦੇ ਇਲਾਵਾ ਪੰਜਾਬ ਸਾਰੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ। ਸੁਖਬੀਰ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਜੋ ਕਹਿ ਰਹੇ ਹਨ ਕਿ ਕੇਂਦਰ ਦੀਆਂ ਸਕੀਮਾਂ ਦੇ ਸਹਾਰੇ ਹੀ ਪੰਜਾਬ ਦੀ ਸਰਕਾਰ ਚੱਲੀ ਹੈ, ਉਹ ਬੇਬੁਨਿਆਦ ਹੈ। ਅਸਲੀਅਤ ਤਾਂ ਇਹ ਹੈ ਕਿ ਕੇਂਦਰ ਰਾਜਾਂ ਤੋਂ ਹੀ ਪੈਸਾ ਲੈ ਕੇ ਉਨ੍ਹਾਂ ਨੂੰ ਵੱਖ-ਵੱਖ ਸਕੀਮਾਂ ਲਈ ਪੈਸਾ ਦਿੰਦਾ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ 'ਚ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੀਆਂ ਰੈਲੀਆਂ ਬੁਰੀ ਤਰਾਂ ਫਲਾਪ ਹੋਈਆਂ ਹਨ। ਸੋਨੀਆ ਗਾਂਧੀ ਨੇ ਮੋਗਾ ਰੈਲੀ ਦਾ ਦੌਰਾ ਇਸ ਲਈ ਰੱਦ ਕਰ ਦਿੱਤਾ ਕਿਉਂਕਿ ਉਸ ਨੇ ਹੈਲੀਕਾਪਟਰ ਦੇ ਜ਼ਰੀਏ ਖਾਲੀ ਕੁਰਸੀਆਂ ਦੇਖ ਲਈਆਂ ਸਨ। ਇਸ ਲਈ ਮੌਸਮ ਦਾ ਬਹਾਨਾ ਬਣਾ ਕੇ ਰੈਲੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ, ਜਦਕਿ ਕਪੂਰਥਲਾ ਰੈਲੀ 'ਚ ਕੁਰਸੀਆਂ ਖਾਲੀ ਰਹੀਆਂ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਦੀ ਰੈਲੀ 'ਚ 60 ਫੀਸਦੀ ਕੁਰਸੀਆਂ ਖਾਲੀ ਰਹੀਆਂ ਸਨ ਜਿਸ ਤੋਂ ਸਪਸ਼ਟ ਹੈ ਕਿ ਲੋਕ ਹੁਣ ਕਾਂਗਰਸ ਤੋਂ ਅੱਕ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ 'ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਬੁਖਲਾਹਟ 'ਚ ਆ ਗਏ ਹਨ। ਇਸ ਲਈ ਕਤਲੇਆਮ ਵਰਗੀ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲਈ ਵਿਕਾਸ ਹੀ ਮੁੱਖ ਮੁੱਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਕੇ ਘਬਰਾ ਗਈ ਹੈ। ਇਸ ਲਈ ਹੁਣ ਅਜਿਹੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਹੀ ਸੱਤਾ 'ਚ ਆਏਗੀ। ਉਨ੍ਹਾਂ ਕਿਹਾ ਕਿ ਰਾਜ 'ਚ ਵਿੱਤੀ ਸਾਧਨ ਜੁਟਾਉਣ 'ਚ ਅਕਾਲੀ-ਭਾਜਪਾ ਸਰਕਾਰ ਦੀ ਭੂਮਿਕਾ ਅਹਿਮ ਰਹੀ। ਅਮਰਿੰਦਰ ਦੇ ਕਾਰਜਕਾਲ ਦੌਰਾਨ ਮਾਲੀਆ ਪ੍ਰਾਪਤੀਆਂ 35 ਹਜ਼ਾਰ ਕਰੋੜ ਸਨ, ਜਦਕਿ ਅਕਾਲੀ-ਭਾਜਪਾ ਸਰਕਾਰ 'ਚ ਇਹ ਵਧ ਕੇ 76 ਹਜ਼ਾਰ ਕਰੋੜ ਹੋ ਗਈਆਂ, ਅਗਲੇ 5 ਸਾਲਾਂ 'ਚ ਇਹ ਪ੍ਰਾਪਤੀਆਂ 1 ਲੱਖ 70 ਹਜ਼ਾਰ ਕਰੋੜ ਹੋ ਜਾਣਗੀਆਂ। ਜਦ ਸੁਖਬੀਰ ਤੋਂ ਪੁੱਛਿਆ ਗਿਆ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਮੰਗ ਕਰ ਰਹੀਆਂ ਹਨ ਕਿ ਚੋਣ ਮੈਨੀਫੈਸਟੋ ਦਾ ਕਾਨੂੰਨੀ ਦਸਤਾਵੇਜ ਹੋਣਾ ਚਾਹੀਦਾ ਹੈ ਤਾਂ ਇਸ 'ਤੇ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਤਾਂ ਸਭ ਵਾਅਦੇ ਪੂਰੇ ਕੀਤੇ ਹਨ ਤੇ ਭਵਿੱਖ 'ਚ ਵੀ ਸਭ ਵਾਅਦੇ ਪੂਰੇ ਕੀਤੇ ਜਾਣਗੇ। ਸੁਖਬੀਰ ਨੇ ਕਿਹਾ ਕਿ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਦਾ ਦਰਜਾ ਤਾਂ ਕੇਂਦਰ ਸਰਕਾਰ ਦੇਵੇ, ਤਾਂ ਕਿ ਸਭ ਪਾਰਟੀਆਂ 'ਤੇ ਇਹ ਨਿਯਮ ਲਾਗੂ ਹੋ ਸਕੇ।
ਫੈਡਰਲ ਢਾਂਚੇ ਲਈ ਲੜਾਈ ਲੜਾਂਗੇ:  ਢੀਂਡਸਾ¸ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਹੁਣ ਫੈਡਰਲ ਢਾਂਚੇ ਲਈ ਲੜਾਈ ਲੜੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਦੂਜੀਆਂ ਪਾਰਟੀਆਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਜਾਵੇ, ਕਿਉਂਕਿ ਕੇਂਦਰ ਸਰਕਾਰ ਰਾਜਾਂ ਦੇ ਨਾਲ ਹਮੇਸ਼ਾ ਧੱਕਾ ਕਰਦੀ ਹੈ।