Sunday, 22 January 2012

ਰਾਜਸਥਾਨ ਪੁਲਿਸ ਨੇ ਝੂਠ ਬੋਲਿਆ-ਰਸ਼ਦੀ


  
ਜੈਪੁਰ, 22 ਜਨਵਰੀ -ਵਿਵਾਦਪੂਰਨ ਲੇਖਕ ਸਲਮਾਨ ਰਸ਼ਦੀ ਨੇ ਅੱਜ ਰਾਜਸਥਾਨ ਪੁਲਿਸ 'ਤੇ ਉਨ੍ਹਾਂ ਨੂੰ ਜੈਪੁਰ ਸਾਹਿਤ ਸੰਮੇਲਨ ਤੋਂ ਦੂਰ ਰੱਖਣ ਦੀ ਸਾਜਿਸ਼ ਕਰਨ ਦਾ ਦੋਸ਼ ਲਗਾਇਆ ਰਸ਼ਦੀ ਨੇ ਕਿਹਾ ਕਿ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਮੁੰਬਈ ਦੇ ਅਪਰਾਧ ਜਗਤ ਤੋਂ ਫ਼ੋਨ ਆਇਆ ਹੈ ਕਿ ਜੇਕਰ ਉਹ ਸੰਮੇਲਨ 'ਚ ਸ਼ਾਮਿਲ ਹੋਏ ਤਾਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇਗੀ। ਰਸ਼ਦੀ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਜਸਥਾਨ ਪੁਲਿਸ ਨੇ ਉਨ੍ਹਾਂ ਕੋਲ ਝੂਠ ਬੋਲਿਆ। ਉਹ ਬਹੁਤ ਗੁੱਸੇ 'ਚ ਹਨ। ਦੂਜੇ ਪਾਸੇ ਰਾਜਸਥਾਨ ਪੁਲਿਸ ਨੇ ਰਸ਼ਦੀ ਦੁਆਰਾ ਲਗਾਏ ਇਸ ਦੋਸ਼ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਸ਼ਦੀ ਦੀ ਜਾਨ ਨੂੰ ਖ਼ਤਰੇ ਬਾਰੇ ਉਨ੍ਹਾਂ ਨੂੂੰ ਗੁਪਤ ਜਾਣਕਾਰੀ ਮਿਲੀ ਸੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਲਮਾਨ ਰਸ਼ਦੀ ਦੁਆਰਾ ਰਾਜਸਥਾਨ ਪੁਲਿਸ 'ਤੇ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਸ਼ਦੀ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਰਸ਼ਦੀ ਭਾਰਤੀ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਵਤਨ ਆਉਣ ਲਈ ਵੀਜ਼ੇ ਦੀ ਲੋੜ ਨਹੀਂ।
ਦੇਹਰਾਦੂਨ, 22 ਜਨਵਰੀ-ਚੋਣ ਕਮਿਸ਼ਨ ਨੇ ਦੇਸ਼ ਵਿਚ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਸਾਰੇ ਸਮੇਂ ਦੌਰਾਨ ਐਗਜ਼ਿਟ ਪੋਲ 'ਤੇ ਪਾਬੰਦੀ ਲਾ ਦਿੱਤੀ ਹੈ। ਇਕ ਬਿਆਨ ਵਿਚ ਉੱਤਰਾਖੰਡ ਦੀ ਮੁੱਖ ਚੋਣ ਅਧਿਕਾਰੀ ਰਾਧਾ ਰਾਤੁਰੀ ਨੇ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀਆਂ ਯੋਗ ਧਰਾਵਾਂ ਤਹਿਤ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 28 ਜਨਵਰੀ 2012 ਦੇ ਸਵੇਰੇ 7 ਵਜੇ ਤੋਂ ਲੈ ਕੇ 3 ਮਾਰਚ 2012 ਦੇ ਸ਼ਾਮ 5.30 ਵਜੇ ਤਕ ਦੇ ਸਮੇਂ ਦੌਰਾਨ ਐਗਜ਼ਿਟ ਪੋਲ 'ਤੇ ਪਾਬੰਦੀ ਰਹੇਗੀ। 28 ਜਨਵਰੀ ਨੂੰ ਪਹਿਲੇ ਦਿਨ ਚੋਣਾਂ ਮਨੀਪੁਰ ਵਿਚ ਹੋਣਗੀਆਂ ਜਦਕਿ 3 ਮਾਰਚ ਨੂੰ ਆਖਰੀ ਦਿਨ ਗੋਆ ਅਤੇ ਉੱਤਰ ਪ੍ਰਦੇਸ਼ ਵਿਚ ਹੋਣਗੀਆਂ।
ਨਵੀਂ ਦਿੱਲੀ, 22 ਜਨਵਰੀ - ਛੱਤੀਸਗੜ ਸਰਕਾਰ ਨੇ ਲਾਲੂ-ਰਾਬੜੀ ਦੀ ਬੇਨਾਮੀ ਸੰਪਤੀ ਨਾਲ ਸਬੰਧਤ ਮਾਮਲੇ ਦੇ ਫੈਸਲੇ ਬਾਰੇ ਦੁਬਾਰਾ ਵਿਚਾਰ ਕਰਨ ਲਈ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਹੈ। ਅਦਾਲਤ ਨੇ ਕਿਹਾ ਸੀ ਕਿ ਪ੍ਰਦੇਸ਼ ਸਰਕਾਰ ਅਦਾਲਤ ਦੇ ਫੈਸਲੇ ਨੂੰ ਕੋਈ ਚੁਣੌਤੀ ਨਹੀਂ ਦੇ ਸਕਦੀ ਜਿੰਨੀ ਦੇਰ ਮਾਮਲੇ ਦੀ ਸੁਣਵਾਈ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਹੋਵੇ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਅਪ੍ਰੈਲ, 2010 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਹੋ ਗਏ ਸਨ ਕਿਉਂਕਿ ਸੀ. ਬੀ. ਆਈ. ਨੇ ਉਨ੍ਹਾਂ ਵਿਰੁੱਧ ਅਪੀਲ ਦਾਇਰ ਕਰਨ ਤੋਂ ਮਨਾ ਕਰ ਦਿੱਤਾ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਦੀ ਅਪੀਲ ਇਹ ਕਹਿੰਦਿਆਂ ਠੁਕਰਾ ਦਿੱਤੀ ਸੀ ਕਿ ਸਿਰਫ ਸੀ.ਬੀ.ਆਈ. ਹੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇ ਸਕਦੀ ਹੈ।
ਇਸਲਾਮਾਬਾਦ, 22 ਜਨਵਰੀ -ਪਾਕਿ ਦੇ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਕਿ ਉਹ ਵਤਨ ਵਾਪਸ ਲੋਕਾਂ ਦੀ ਹਮਾਇਤ ਨਾਲ ਆਉਣਗੇ ਨਾ ਕਿ ਫ਼ੌਜ ਅਤੇ ਆਈ. ਐਸ. ਆਈ. ਦੀ ਮਦਦ ਨਾਲ। ਵੀਡੀਓ ਸੰਪਰਕ ਰਾਹੀਂ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਮੁਸ਼ੱਰਫ ਨੇ ਮੰਗ ਕੀਤੀ ਕਿ ਫ਼ੌਜ ਦੀ ਨਿਗਰਾਨੀ ਹੇਠ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਈਆਂ ਜਾਣ। 68 ਸਾਲਾ ਮੁਸ਼ੱਰਫ ਜਿਹੜਾ ਹੁਣ ਆਲ ਪਾਕਿਸਤਾਨ ਮੁਸਲਿਮ ਲੀਗ ਦਾ ਪ੍ਰਧਾਨ ਹੈ ਨੇ ਸਰਕਾਰ ਵਲੋਂ ਇਹ ਕਹਿਣ ਪਿੱਛੋਂ ਪਿਛਲੇ ਹਫਤੇ ਆਪਣੀ 27 ਤੋਂ 30 ਜਨਵਰੀ ਤੱਕ ਵਤਨ ਵਾਪਸੀ ਦੀਆਂ ਯੋਜਨਾਵਾਂ ਅੱਗੇ ਪਾ ਦਿੱਤੀਆਂ ਕਿ ਉਸ ਨੂੰ ਇਥੇ ਪਹੁੰਚਣ 'ਤੇ ਗ੍ਰਿਫਤਾਰ ਕਰ ਲਿਆ ਜਾਵੇਗਾ। ਸਾਬਕਾ ਸੈਨਾ ਮੁਖੀ ਨੇ ਸੇਵਾਮੁਕਤ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੀ ਮਦਦ ਨਾਲ ਹੀ ਪਾਕਿਸਤਾਨ ਪਰਤਣਗੇ ਨਾ ਕਿ ਸੈਨਿਕਾਂ ਦੀ ਮਦਦ ਨਾਲ। ਉਨ੍ਹਾਂ ਕਿਹਾ ਕਿ ਉਸ ਦੇ ਖਿਲਾਫ ਸਾਰੇ ਮਾਮਲੇ ਰਾਜਨੀਤੀ ਅਤੇ ਨਿੱਜੀ ਦੁਸ਼ਮਣੀ ਤੋਂ ਪ੍ਰੇਰਿਤ ਹਨ, ਭਾਵੇਂ ਉਨ੍ਹਾਂ ਨੇ ਦੇਸ਼ ਅਤੇ ਹਥਿਆਰਬੰਦ ਸੈਨਾਵਾਂ ਲਈ ਬੇਦਾਗ ਸੇਵਾਵਾਂ ਦਿੱਤੀਆਂ ਹਨ। ਮੁਸ਼ੱਰਫ ਨੇ ਅੱਗੇ ਕਿਹਾ ਕਿ ਉਸ ਨਾਲ ਨਿਆਂ ਕੀਤਾ ਜਾਣਾ ਚਾਹੀਦਾ ਹੈ। ਕਲ੍ਹ ਸੇਵਾ ਮੁਕਤ ਸੈਨਿਕਾਂ ਨੇ ਗੈਰ ਸਿਆਸੀ ਦਬਾਉ ਗਰੁੱਪ ਪਾਕਿਸਤਾਨ ਫਸਟ ਗਰੁੱਪ ਦਾ ਗਠਨ ਕੀਤਾ। ਇਸ ਗਰੁੱਪ ਨੇ ਮੰਗ ਕੀਤੀ ਕਿ ਮੁਸ਼ੱਰਫ ਨੂੰ ਵਤਨ ਪਰਤਣ ਦੀ ਇਜਾਜ਼ਤ ਦਿੱਤੀ ਜਾਵੇ ਜਿਵੇਂ ਪਾਕਿਸਤਾਨ ਦੇ ਸਾਰੇ ਦੂਸਰੇ ਯਾਤਰੀਆਂ ਨੂੰ ਹੈ।
ਇਸਲਾਮਾਬਾਦ, 22 ਜਨਵਰੀ -ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ ਕੱਲ੍ਹ 31 ਭਾਰਤੀ ਮਛੇਰਿਆਂ ਨੂੰ 14 ਕਿਸ਼ਤੀਆਂ ਸਮੇਤ ਸਮੁੰਦਰੀ ਸਰਹੱਦ ਦੀ ਉਲੰਘਣਾ ਕਰਨ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ। ਸਮੁੰਦਰੀ ਸੁਰੱਖਿਆ ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਭਾਰਤੀ ਮਛੇਰੇ ਲਗਾਤਾਰ ਪਾਕਿਸਤਾਨ ਦੇ ਸਿੰਧ ਡੈਲਟਾ ਖੇਤਰ 'ਚ ਦਾਖਲ ਹੋ ਰਹੇ ਹਨ। ਏਜੰਸੀ ਨੇ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਨੂੰ ਅਗਲੀ ਕਾਰਵਾਈ ਲਈ ਕਰਾਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

No comments:

Post a Comment