ਸਾਂਝਾ ਮੋਰਚਾ ਪੰਜਾਬ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ-ਮਨਪ੍ਰੀਤ
ਨਵਾਂਸ਼ਹਿਰ, ਬਲਾਚੌਰ,ਭੱਦੀ, 28 ਜਨਵਰੀ -ਸ. ਮਨਪ੍ਰੀਤ ਸਿੰਘ ਬਾਦਲ ਚੇਅਰਮੈਨ ਸਾਂਝਾ ਮੋਰਚਾ ਅਤੇ ਪ੍ਰਧਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਅੱਜ ਦਾਣਾ ਮੰਡੀ ਬਲਾਚੌਰ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂ ਪੁਰ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸ਼ਹੀਦ-ਏ-ਆਜ਼ਮ ਦੀ ਧਰਤੀ ਤੋਂ ਚੁੱਕੀ ਹੋਈ ਸਹੁੰ ਤੋਂ ਉਹ ਭਟਕ ਨਹੀਂ ਹਟ ਸਕਦਾ। ਅੱਜ ਸਮਾਜ ਵਿਚ ਸਿਫ਼ਤੀਂ ਤਬਦੀਲੀ ਲਈ ਸਾਂਝਾ ਮੋਰਚਾ 100 ਸਾਲ ਪਹਿਲਾਂ ਆਪਣੇ ਪੁਰਖਿਆਂ ਵੱਲੋਂ ਆਜ਼ਾਦੀ ਦੀ ਲੜਾਈ ਵੇਲੇ ਵਾਲੀ ਨਵੀਂ ਸੋਚ ਲੈ ਕੇ, ਨਵੀਂ ਲੀਹ ਪਾਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਨੂੰ ਪਾਣੀ ਦਾ ਬੁਲਬਲਾ, ਪੰਜਾਬ ਦੇ ਮੁੱਖ ਮੰਤਰੀ ਵਾਵਰੋਲਾ ਆਖਦੇ ਸਨ। ਮੈਂ ਉਨ੍ਹਾਂ ਨੂੰ ਦਸ ਦੇਣਾ ਚਾਹੁੰਦਾ ਹਾਂ ਕਿ ਇਹ ਵਾਵਰੋਲਾ, ਸਾਂਝਾ ਮੋਰਚੇ ਦੇ ਰੂਪ ਵਿਚ ਅੱਜ ਹਨ੍ਹੇਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਲੋਕਾਂ ਦੀ ਹੋਈ ਇਹ ਨਵੀਂ ਲਾਮਬੰਦੀ ਹੁਣ ਹਨ੍ਹੇਰੀ ਦੇ ਰੂਪ ਵਿਚ ਬਹੁਤ ਕੁੱਝ ਬਦਲ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਕੋਈ ਸਬਜ਼ ਬਾਗ਼ ਨਹੀਂ ਦਿਖਾ ਰਿਹਾ, ਲਾਰੇ ਲਾਉਣ ਨਹੀਂ ਆਇਆ। ਲੋਕ ਸਾਥ ਦੇਣ ਉਹ ਪੰਜ ਸਾਲਾਂ ਵਿਚ ਨਹੀਂ ਸਿਰਫ਼ ਪੰਜ ਹਫ਼ਤਿਆਂ ਵਿਚ ਪੰਜਾਬ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ। ਰਿਸ਼ਵਤ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਉੱਪਰੋਂ ਚੱਲਦੀ ਹੈ। ਉਨ੍ਹਾਂ ਕੁਨਬਾਪਰਵਰੀ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੂਬੇ ਦੇ ਦੋ ਦਰਜਨ ਦੇ ਕਰੀਬ ਵਿਭਾਗਾਂ ਵਿਚੋਂ ਕੁੱਝ ਦੇ ਨਾਂ ਲੈ ਕੇ ਕਿਹਾ ਕਿ ਉਹ ਇਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਕਾਬੂ ਕਰਨਗੇ। ਮੌਜੂਦਾ ਸਰਕਾਰ ਵੱਲੋਂ ਕਬੱਡੀ ਕੱਪਾਂ ਤੇ ਕੀਤੀਆਂ ਗਈਆਂ ਫ਼ਜ਼ੂਲ ਖ਼ਰਚਿਆਂ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਅਜਿਹੇ ਪੈਸੇ ਦੇਸ ਦੇ ਬਚਿਆਂ ਲਈ ਸਕੂਲ ਖੋਲ੍ਹਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਖ਼ਰਚ ਕੀਤੇ ਜਾਣਗੇ। ਲੋਕਾਂ ਦਾ ਇੱਕ ਇੱਕ ਪੈਸਾ ਬਚਾ ਕੇ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਤਾਂ ਕਿ ਅਗਲੇ ਦਸਾਂ ਸਾਲਾਂ ਪਿੱਛੋਂ ਮੇਰੇ ਲੋਕ ਵਿਦੇਸ਼ਾਂ ਵਿਚ ਗ਼ੈਰਾਂ ਅੱਗੇ ਕੰਮ ਲਈ ਹੱਥ ਅੱਡਣ ਦੀ ਥਾਂ ਆਪਣੇ ਘਰ/ਪਰਿਵਾਰ ਵਿਚ ਰਹਿੰਦਿਆਂ ਹੀ ਕਿਰਤ ਕਰ ਕੇ ਸੁੱਖ ਦੀ ਰੋਟੀ ਖਾ ਸਕਣ। ਉਨ੍ਹਾਂ ਸਾਂਝੇ ਮੋਰਚੇ ਦੇ ਚੋਣ ਨਿਸ਼ਾਨ ਬਾਰੇ ਕਿਹਾ ਕਿ ਸੂਬੇ ਦੀ ਹਾਕਮ ਧਿਰ ਨੇ ਹਰ ਪਾਸੇ, ਰੇਤ, ਟਰਾਂਸਪੋਰਟ ਆਦਿ ਤੱਕ ਤੇ ਨਿੱਜੀ ਕਬਜ਼ਾ ਕਰ ਰੱਖਿਆ ਹੈ ਸਿਰਫ਼ ਹਵਾ ਹੀ ਰਹਿ ਗਈ ਸੀ ਜਿਸ ਤੇ ਉਹ ਕਬਜ਼ਾ ਨਹੀਂ ਕਰ ਸਕਦੇ ਸਨ, ਇਸ ਲਈ ਮੋਰਚੇ ਦੇ ਚੋਣ ਨਿਸ਼ਾਨ ਵਜੋਂ ਪਤੰਗ ਦੀ ਚੋਣ ਕੀਤੀ ਹੈ। ਇਸ ਮੌਕੇ ਹਲਕਾ ਬਲਾਚੌਰ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਬਲਵੀਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਸੂਬਾ, ਤਿਰਲੋਚਣ ਸਿੰਘ ਦੁਪਾਲਪੁਰੀ, ਬਾਬਾ ਬਿਕਰਮ ਸਿੰਘ ਸੋਢੀ, ਮਹਾ ਸਿੰਘ ਰੌੜੀਂ, ਵਿਮਲ ਚੌਧਰੀ,ਰਾਣਾ ਕਰਨ ਸਿੰਘ, ਤਰਸੇਮ ਲਾਲ ਚੰਨਿਆਣੀ, ਦੁਰਗੇਸ਼ ਜੰਡੀ, ਓਮ ਪ੍ਰਕਾਸ਼ ਉਧਨੋਵਾਲ, ਸੰਮਤੀ ਮੈਂਬਰ ਪਵਨ ਕੁਮਾਰ ਢਾਂਡ, ਜਗਪਾਲ ਸਿੰਘ ਢਿੱਲੋਂ, ਬਲਵੀਰ ਸਿੰਘ ਟੱਪਰੀਆਂ, ਸੋਹਣ ਸਿੰਘ ਖੰਡੂਪੁਰ, ਦੁਰਗੇਸ਼ ਜੰਡੀ, ਦਲਜੀਤ ਮਾਣੇਵਾਲ, ਹੇਮ ਰਾਜ ਧਕਤਾਣਾ, ਬਲਵੰਤ ਸਿੰਘ ਚਾਂਦਪੁਰੀ, ਰਾਮ ਜੀ ਦਾਸ ਚੇਅਰਮੈਨ ਐਮ.ਆਰ.ਸਿਟੀ, ਕਸ਼ਮੀਰ ਕੌਰ ਸੂਬਾ ਨੇ ਵੀ ਸੰਬੋਧਨ ਕੀਤਾ। ਪੁਲਿਸ ਵੱਲੋਂ 42 ਹਜ਼ਾਰ ਬੋਤਲਾਂ ਸ਼ਰਾਬ ਬਰਾਮਦ
ਖੂਈਆਂ ਸਰਵਰ, 28 ਜਨਵਰੀ -ਚੋਣਾਂ ਮੌਕੇ ਪੰਜਾਬ 'ਚ ਸ਼ਰਾਬ ਦਾ ਛੇਵਾਂ ਦਰਿਆ ਵਹਿਣ ਦੇ ਡਰੋਂ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਥਾਣਾ ਖੂਈਆਂ ਸਰਵਰ ਦੇ ਮੁਖੀ ਇੰਸਪੈਕਟਰ ਰਾਮ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਅਸ਼ੋਕ ਬਾਠ ਦੀਆਂ ਹਦਾਇਤਾਂ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਮੰਡੀ 'ਚ ਬਣੇ ਗੈਰ ਮਨਜ਼ੂਰਸ਼ੁਦਾ ਦੋ ਗੋਦਾਮਾਂ 'ਚੋਂ ਈ.ਟੀ.ਓ. ਅਬੋਹਰ ਬਲਵਿੰਦਰ ਸਿੰਘ ਦੀ ਹਾਜ਼ਰੀ 'ਚ ਛਾਪਾ ਮਾਰ ਕੇ 42 ਹਜ਼ਾਰ 84 ਅੰਗ੍ਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਬੋਤਲਾਂ ਜਿਨ੍ਹਾਂ ਦੀ ਕੀਮਤ ਪੰਜਾਹ ਲੱਖ ਤੋਂ ਉੱਪਰ ਹੈ ਬਰਾਮਦ ਕੀਤੀਆਂ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਰਾਜਿੰਦਰ ਪਾਲ ਮਹਾਜਨ ਖੂਈਆਂ ਸਰਵਰ ਅਤੇ ਨਵਦੀਪ ਕੁਮਾਰ ਧੂੜੀਆ ਵਾਸੀ ਫ਼ਾਜ਼ਿਲਕਾ ਤੇ ਐਕਸਾਈਜ਼ ਐਕਟ ਦੀ ਧਾਰਾ 61 ਏ ਦੇ ਤਹਿਤ ਮਾਮਲਾ ਦਰਜ ਕਰਕੇ ਉਕਤ ਦੋਸ਼ੀਆਂ ਨੂੰ ਜ਼ਮਾਲਤ 'ਤੇ ਛੱਡ ਦਿੱਤਾ ਹੈ। ਉੱਧਰ ਠੇਕੇਦਾਰ ਦੇ ਕਰਿੰਦਿਆਂ ਮੁਤਾਬਕ ਸ਼ਰਾਬ ਮਨਜ਼ੂਰਸ਼ੁਦਾ ਠੇਕੇ 'ਤੇ ਵੇਚਣ ਲਈ ਰੱਖੀ ਸੀ। ਇਕ ਲੱਖ ਨਾ ਮਿਲਣ 'ਤੇ ਵਿਆਹੁਤਾ ਦੀ ਹੱਤਿਆ ਕੀਤੀ
ਗੋਨਿਆਣਾ, 28 ਜਨਵਰੀ -ਦਾਜ ਰੂਪੀ ਦੈਂਤਾਂ ਨੂੰ ਇਕ ਲੱਖ ਰੁਪਏ ਦੀ ਰਕਮ ਨਾ ਮਿਲਣ 'ਤੇ ਵਿਆਹੁਤਾ ਦੀ ਗਲ 'ਚ ਰੱਸਾ ਪਾ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਸਟੇਸ਼ਨ ਨੇਹੀਆਂ ਵਾਲਾ ਦੀ ਪੁਲਿਸ ਨੇ ਮ੍ਰਿਤਕਾਂ ਦੇ ਪਿਤਾ ਦੇ ਬਿਆਨਾਂ ਤੇ ਸ਼ਿਕਾਇਤ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਆਪਣੇ ਪਿੱਛੇ ਇਕ ਲੜਕਾ ਛੱਡ ਗਈ। ਹੱਤਿਆ ਤੋਂ ਬਾਅਦ ਸਹੁਰੇ ਪਰਿਵਾਰ ਦੇ ਮੈਂਬਰ ਫ਼ਰਾਰ ਹੋ ਗਏ ਹਨ। ਤਪਾ ਮੰਡੀ ਦੇ ਜ਼ੋਰਾ ਸਿੰਘ ਦੀ ਲੜਕੀ ਹਰਜਿੰਦਰ ਕੌਰ ਦਾ ਵਿਆਹ ਅੱਜ ਤੋਂ ਕਰੀਬ 15ਕੁ ਸਾਲ ਪਹਿਲਾਂ ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੋਠੇ ਨਾਥੀਆਣਾ ਪੁਲਿਸ ਸਟੇਸ਼ਨ ਨੇਹੀਆਂ ਵਾਲਾ (ਬਠਿੰਡਾ) ਵਿਖੇ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ, ਵਿਆਹ ਦੌਰਾਨ ਪਰਿਵਾਰਿਕ ਮੈਂਬਰਾਂ ਨੇ 6 ਕੁ ਲੱਲਖ ਰੁਪਏ ਤੋਂ ਵੱਧ ਖਰਚ ਕੀਤਾ ਸੀ, ਲੜਕੀ ਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਹੋਰ ਰਕਮ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਲੜਕੀ ਦਾ ਪਿਤਾ ਜ਼ੋਰਾ ਸਿੰਘ ਗਰੀਬ ਹੋਣ ਕਰਕੇ ਸਹੁਰੇ ਪਰਿਵਾਰ ਵੱਲੋਂ ਮੰਗੀ ਜਾਂਦੀ ਇਕ ਲੱਖ ਰੁਪੲੈ ਦੀ ਰਕਮ ਦੇਣ ਤੋਂ ਨਾਕਾਮ ਚਲਦਾ ਆ ਰਿਹਾ ਸੀ, ਪਰ ਸਹੁਰੇ ਪਰਿਵਾਰ ਦੇ ਮੈਂਬਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਤੇ ਕੁੱਟਮਾਰ ਵੀ ਕਰਦੇ ਰਹਿੰਦੇ ਸੀ, ਲੜਕੀ ਦੇ ਪਿਤਾ ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਕਈ ਵਾਰੀ ਲੜਕੀ ਦੇ ਸਹੁਰੇ ਪਿੰਡ ਕੋਠੇ ਨਾਥੀਆਣਾ ਵਿਖੇ ਸਹੁਰੇ ਪਰਿਵਾਰ ਨੂੰ ਸਮਝਾਉਣ ਲਈ ਆਉਂਦੇ ਰਹੇ ਪਰ ਉਨ੍ਹਾਂ ਦੇ ਇਕ ਨਾ ਸਰਕੀ। ਲੜਕੀ ਹਰਜਿੰਦਰ ਕੌਰ ਨੇ ਇਕ ਲੜਕੇ ਨੂੰ ਜਨਮ ਵੀ ਦਿੱਤਾ ਪਰ ਸ;ਹੁਰੇ ਪਰਿਵਾਰ 'ਚੋਂ ਸਹੁਰੇ ਗੁਰਚਰਨ ਸਿੰਘ ਤੇ ਪਤੀ ਹਰਜਿੰਦਰ ਸਿੰਘ ਵੱਲੋਂ ਇਕ ਲੱਖ ਦੀ ਮੰਗ ਵਧਦੀ ਗਈ। ਉਕਤ ਦੋਨੋਂ ਮੈਂਬਰਾਂ ਨੇ ਬੀਤੀ ਰਾਤ ਹਰਜਿੰਦਰ ਕੌਰ ਦੇ ਗਲ 'ਚ ਰੱਸਾ ਪਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਵੀ ਪਹੁੰਚ ਗਈ ਜਦੋਂਕਿ ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਹਰਜਿੰਦਰ ਕੌਰ ਦੇ ਪਤੀ ਹਰਜਿੰਦਰ ਸਿੰਘ ਤੇ ਸਹੁਰਾ ਗੁਰਚਰਨ ਸਿੰਘ ਇਸ ਘਟਨਾ ਤੋਂ ਬਾਅਦ ਫ਼ਰਾਰ ਹੋ ਗਏ ਸਨ। ਪੁਲਿਸ ਥਾਣਾ ਨੇਹੀਆਂ ਵਾਲਾ ਨੇ ਮ੍ਰਿਤਕਾਂ ਦੇ ਪਿਤਾ ਜ਼ੋਰਾ ਸਿਘੰ ਦੇ ਬਿਆਨਾਂ ਆਧਾਰਿਤ ਸ਼ਿਕਾਇਤ ਦਰਜ ਕਰਕੇ ਮ੍ਰਿਤਕਾਂ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ । ਪੁਲਿਸ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਕਤ ਕੇਸ ਪ੍ਰਤੀ ਮ੍ਰਿਤਕਾਂ ਹਰਜਿੰਦਰ ਕੌਰ ਦੇ ਪਿਤਾ ਦੇ ਬਿਆਨਾਂ ਆਧਾਰਿਤ ਪਤੀ ਹਰਜਿੰਦਰ ਸਿੰਘ ਤੇ ਸਹੁਰੇ ਗੁਰਚਰਨ ਸਿੰਘ ਖਿਲਾਫ਼ ਧਾਰਾ 302 ਅਧੀਨ ਕੇਸ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੇਰਾ ਸਿਰਸਾ ਦੇ ਰਾਜਸੀ ਵਿੰਗ ਵੱਲੋਂ ਵਿਚਾਰਾਂ ਜਾਰੀ
ਬਠਿੰਡਾ, 28 ਜਨਵਰੀ - ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਰਾਜਸੀ ਵਿੰਗ ਦੇ ਇਸ ਸਮੇਂ ਸਿਰਸਾ ਡੇਰਾ ਵਿਖੇ ਮਹੱਤਵਪੂਰਨ ਮੀਟਿੰਗ ਚੱਲ ਰਹੀ ਹੈ, ਜਿਸ ਵਿੱਚ ਹਰੇਕ ਹਲਕੇ ਦੇ ਉਮੀਦਵਾਰਾਂ ਸਬੰਧੀ ਵਿਚਾਰਾਂ ਹੋ ਰਹੀਆਂ ਹਨ। ਡੇਰਾ ਰਾਜਸੀ ਵਿੰਗ ਦੇ ਮੈਂਬਰਾਂ ਦੇ ਮੋਬਾਇਲ ਫੋਨ ਬੰਦ ਆ ਰਹੇ ਹਨ। ਪਤਾ ਲੱਗਾ ਹੈ ਕਿ ਡੇਰਾ ਸਿਰਸਾ ਐਲਾਨੀਆਂ ਰੂਪ ਵਿਚ ਕਿਸੇ ਪਾਰਟੀ ਨੂੰ ਹਮਾਇਤ ਨਹੀਂ ਦੇ ਰਿਹਾ, ਜਦੋਂ ਕਿ ਹਰ ਜ਼ਿਲ੍ਹੇ ਦੀ ਕਮੇਟੀ, ਬਲਾਕ ਕਮੇਟੀਆਂ ਦੇ ਮੈਂਬਰਾਂ ਅਤੇ ਪਿੰਡ ਪੱਧਰ ਦੀ ਇਕਾਈ ਦੇ ਮੁੱਖ਼ੀ ਨੂੰ ਫੈਸਲਾ ਨੂੰ ਜਾਣੂ ਕਰਾਇਆ ਜਾਵੇਗਾ, ਜੋ ਕਿ ਅੱਗੋ ਡੇਰਾ ਸਿਰਸਾ ਦੇ ਸ਼ਰਧਾਲੂਆਂ ਦੀ ਵੋਟ ਭਗਤਾਉਣ ਦਾ ਪ੍ਰਬੰਧ ਕਰਨਗੇ। ਜਾਣਕਾਰੀ ਅਨੁਸਾਰ ਡੇਰਾ ਰਾਜਸੀ ਵਿੰਗ ਵੱਲੋਂ ਜ਼ਿਆਦਾ ਕਰਕੇ ਕਾਂਗਰਸੀ ਉਮੀਦਵਾਰਾਂ ਦੀ ਹਿਮਾਇਤ ਦਿੱਤੇ ਜਾਣ ਦੀ ਸੰਭਾਵਨਾ ਹੈ। ਸ੍ਰੋਮਣੀ ਅਕਾਲੀ ਦਲ ਅਤੇ ਪੀਪਲਜ਼ ਪਾਰਟੀ ਦੇ ਕੁੱਝ ਚੰਗਾ ਅਕਸ ਰੱਖਣ ਵਾਲੇ ਕੁੱਝ ਉਮੀਦਵਾਰਾਂ ਨੂੰ ਹਿਮਾਇਤ ਦਿੱਤੀ ਜਾ ਸਕਦੀ ਹੈ ਤਾਂ ਜੋ ਡੇਰਾ ਦਾ ਨਿਰਪੱਖ ਪੱਖ ਵੀ ਕਾਇਮ ਰਹੇ।
No comments:
Post a Comment