Saturday, 28 January 2012

 ਰਾਣਾ ਗੁਰਜੀਤ ਦੀ 7000 ਪੇਟੀਆਂ ਸ਼ਰਾਬ ਬਰਾਮਦ
ਚੰਡੀਗੜ੍ਹ,-ਪੰਜਾਬ ਦੇ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਊਸ਼ਾ ਆਰ. ਸ਼ਰਮਾ ਨੇ ਦੱਸਿਆ ਕਿ ਕਾਂਗਰਸ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ 7000 ਪੇਟੀਆਂ ਸ਼ਰਾਬ ਜਲੰਧਰ ਦੇ ਇੱਕ ਗੋਦਾਮ ’ਚੋਂ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਵਿਖੇ ਹੀ 300 ਪੇਟੀਆਂ ਸ਼ਰਾਬ ਹੋਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਛੇ ਲੱਖ ਬੋਤਲਾਂ ਸ਼ਰਾਬ  ਫੜੀ ਜਾ ਚੁੱਕੀ ਹੈ।
ਜਲੰਧਰ ਕੇਂਦਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਬੇਰੀ ਵਿਰੁੱਧ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਵੰਡਣ ਦੇ ਮਾਮਲੇ ’ਚ ਉਨ੍ਹਾਂ ਵਿਰੁੱਧ ਪੁਲੀਸ ਸਟੇਸ਼ਨ ਡਵੀਜ਼ਨ ਨੰਬਰ -4 ਜਲੰਧਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਰਾਜਨੀਤਕ ਸਰਗਰਮੀਆਂ ’ਚ ਭਾਗ ਲੈਣ ਕਰਕੇ ਮੁੱਖ ਚੋਣ ਅਧਿਕਾਰੀ ਨੇ ਨਾਭਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਕਬਰ ਅਲੀ ਨੂੰ ਰਾਜਪੁਰਾ ਬਦਲਕੇ ਨਾਭਾ ਦਾ ਵਾਧੂ ਚਾਰਜ ਦਿੱਤਾ ਹੈ ਜਦਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਾਨਸਾ ਪਰਮਪਾਲ ਕੌਰ ਨੂੰ ਮੁੱਖ ਦਫਤਰ ਮੁਹਾਲੀ ਵਿਖੇ ਤਬਦੀਲ ਕਰ ਦਿੱਤਾ ਹੈ।   ਅਜਮੇਰ ਸਿੰਘ ਪੰਚਾਇਤ ਸਕੱਤਰ ਮੋਗਾ-2 ਨੂੰ ਜਲਾਲਾਬਾਦ ਤੇ ਲੈਕਚਰਾਰ ਸੰਸਕ੍ਰਿਤ ਹਰਸ਼ ਮਹਿਤਾ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਨੂੰ ਜ਼ੀਰਾ ਵਿਖੇ ਬਦਲ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 2700 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ’ਚੋਂ 1850   ਦਾ ਨਿਬੇੜਾ ਕੀਤਾ ਜਾ ਚੁੱਕਾ ਹੈ। ਚੋਣ ਖਰਚਾ ਨਿਗਰਾਨ ਟੀਮਾਂ ਵੱਲੋਂ ਹੁਣ ਤੱਕ ਕੁੱਲ 32 ਕਰੋੜ 97 ਲੱਖ 72 ਹਜ਼ਾਰ 679 ਰੁਪਏ ਬਰਾਮਦ ਕਰਕੇ ਆਮਦਨ ਕਰ ਵਿਭਾਗ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ 2636 ਕਿਲੋ ਭੁੱਕੀ, 10489  ਗਰਾਮ ਅਫੀਮ ਰਾਜ ਦੇ ਵੱਖ-ਵੱਖ ਭਾਗਾਂ ਤੋਂ ਬਰਾਮਦ ਕੀਤੀ ਗਈ ਹੈ। 2 ਲੱਖ 9 ਹਜ਼ਾਰ 686 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਹਨ ਤੇ 68 ਨਜਾਇਜ਼ ਹਥਿਆਰ ਤੇ 248 ਕਾਰਤੂਸ ਬਰਾਮਦ ਕੀਤੇ ਗਏ ਹਨ। ਚੋਣ ਸਰਗਰਮੀਆਂ ’ਚ ਭਾਗ ਲੈਣ ਕਰਕੇ ਮੁੱਖ ਅਧਿਆਪਕਾ ਸੁਰਿੰਦਰ ਕੌਰ ਨੂੰ ਸਰਕਾਰੀ ਹਾਈ ਸਕੂਲ ਹਠੂਰ ਜ਼ਿਲ੍ਹਾ ਲੁਧਿਆਣਾ ਤੋਂ ਸਰਕਾਰੀ ਹਾਈ ਸਕੂਲ ਗੁੰਮਟੀ ਕਲਾਂ ਬਠਿੰਡਾ ਵਿਖੇ ਤੇ ਰਿਸ਼ੀਪਾਲ ਸਿੰਘ ਸਿਹਤ ਵਿਭਾਗ ਲੁਧਿਆਣਾ ਨੂੰ ਮੁੱਖ ਦਫਤਰ ਵਿਖੇ ਬਦਲ ਦਿੱਤਾ ਗਿਆ ਹੈ।

No comments:

Post a Comment