Tuesday 14 February 2012

ਨਵੀਂ ਦਿੱਲੀ,13 ਫਰਵਰੀ -ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਦਿੱਲੀ ਮੈਟਰੋ ਰੇਲ ਵਿਚ ਸਫਰ ਕੀਤਾ। ਇਸ ਦੌਰਾਨ ਉਹ ਸੈਂਟਰਲ ਸੈਕਟਰੀਏਟ ਮੈਟਰੋ ਸਟੇਸ਼ਨ ਤੋਂ ਰਾਜੀਵ ਚੌਕ ਤੱਕ ਗਏ ਅਤੇ ਵਾਪਸੀ ਦੌਰਾਨ ਪਟੇਲ ਚੌਕ ਮੈਟਰੋ ਸਟੇਸ਼ਨ ਤੋਂ ਬਾਹਰ ਆਉਣ ਤੋਂ ਪਹਿਲਾਂ ਦਿੱਲੀ ਮੈਟਰੋ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਵੇਖੀ। ਇਸ ਦੌਰਾਨ ਸ: ਬਾਦਲ ਨੇ ਦਿੱਲੀ ਮੈਟਰੋ ਦੀਆਂ ਸੇਵਾਵਾਂ ਪ੍ਰਤੀ ਸੰਤੁਸ਼ਟੀ ਜਤਾਈ ਅਤੇ ਇਹ ਵੀ ਕਿਹਾ ਕਿ ਉਹ ਕੌਮਾਂਤਰੀ ਪੱਧਰ 'ਤੇ ਕਈ ਮੁਲਕਾਂ ਵਿਚ ਮੈਟਰੋ ਟਰੇਨ ਵਿਚ ਸਫਰ ਕਰ ਚੁੱਕੇ ਹਨ ਅਤੇ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਦਿੱਲੀ ਮੈਟਰੋ ਟਰੇਨ ਦਾ ਪ੍ਰਬੰਧ ਬਹੁਤ ਹੀ ਸ਼ਾਨਦਾਰ ਤੇ ਸ਼ਲਾਘਾਯੋਗ ਹੈ।

ਗੁਰਦਾਸਪੁਰ, 13 ਫਰਵਰੀ-ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰੋਂ ਜੇਲ੍ਹ ਅੰਦਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ 2 ਕੈਦੀ ਭੱਜਣ 'ਚ ਕਾਮਯਾਬ ਹੋ ਗਏ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਕੈਦ ਹਵਾਲਾਤੀ ਸੁਨੀਲ ਕੁਮਾਰ ਉਰਫ਼ ਸੋਨੀ ਪੁੱਤਰ ਜੋਗਿੰਦਰ ਪਾਲ ਵਾਸੀ ਲਮੀਣੀ ਪਠਾਨਕੋਟ ਅਤੇ ਸੰਦੀਪ ਉਰਫ਼ ਅਮਨ ਪੁੱਤਰ ਨਰਿੰਦਰ ਪਾਲ ਵਾਸੀ ਰਿੰਕੂ ਮੰਦਰ ਡਵੀਜ਼ਨ ਨੰਬਰ 2 ਪਠਾਨਕੋਟ ਰਾਤ ਸਮੇਂ ਜੇਲ੍ਹ ਦੀ ਸੁਰੱਖਿਆ ਲਈ ਬਣੀਆਂ ਦੀਵਾਰਾਂ ਨੂੰ ਟੱਪ ਕੇ ਜੇਲ੍ਹ ਵਿਚੋਂ ਭੱਜ ਗਏ। ਇੱਥੇ ਜ਼ਿਕਰਯੋਗ ਹੈ ਕਿ ਉਕਤ ਕੈਦੀਆਂ ਵਿਚੋਂ ਸੁਨੀਲ ਕੁਮਾਰ ਧਾਰਾ 307 ਅਤੇ ਸੰਦੀਪ ਉਰਫ਼ ਅਮਨ ਧਾਰਾ 379 (ਚੋਰੀ) ਦੇ ਅਧੀਨ ਜੇਲ੍ਹ ਵਿਚ ਬੰਦ ਸਨ। ਇਸ ਸਬੰਧੀ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਸ਼ੰਮੀ ਕੁਮਾਰ ਦੀ ਲਿਖਤੀ ਸ਼ਿਕਾਇਤ 'ਤੇ ਉਕਤ ਕੈਦੀਆਂ ਖ਼ਿਲਾਫ਼ ਧਾਰਾ 223, 224 ਅਧੀਨ ਮੁਕੱਦਮਾ ਨੰਬਰ 34 ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਸਬੰਧੀ ਜਦੋਂ ਸ਼ੰਮੀ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਬਹੁਤ ਵੱਡੀ ਅਣਗਹਿਲੀ ਕੀਤੀ ਹੈ ਅਤੇ ਉਨ੍ਹਾਂ ਨੇ ਵਿਭਾਗੀ ਕਾਰਵਾਈ ਕਰਦੇ ਹੋਏ 4 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਜ਼ਮੀਨੀ ਝਗੜੇ ਕਾਰਨ ਕਿਸਾਨ ਦੀ ਹੱਤਿਆ
ਮ੍ਰਿਤਕ ਦੇ ਭਰਾ ਅਤੇ ਸਾਲੇ ਨੇ ਭੱਜ ਕੇ ਜਾਨ ਬਚਾਈ
ਤਰਨ ਤਾਰਨ, 13 ਫਰਵਰੀ -ਤਰਨ ਤਾਰਨ ਦੇ ਥਾਣਾ ਸਿਟੀ ਅਧੀਨ ਪੈਂਦੇ ਪਿੰਡ ਖਾਰਾ ਵਿਖੇ ਅੱਜ ਸਵੇਰੇ ਤੜਕਸਾਰ ਟਰਾਲੀ ਵਿਚ ਪੱਠੇ ਲੈ ਕੇ ਵੇਚਣ ਜਾ ਰਹੇ ਇਕ ਕਿਸਾਨ ਦੀ ਰਸਤੇ ਵਿਚ ਪਿੰਡ ਦੇ ਕੁਝ ਹੋਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਦੀ ਗਿਣਤੀ 5 ਤੋਂ 6 ਦੱਸੀ ਜਾਂਦੀ ਹੈ ਅਤੇ ਉਨ੍ਹਾਂ ਨੇ ਕਿਸਾਨ ਦੇ 11 ਗੋਲੀਆਂ ਮਾਰੀਆਂ। ਮ੍ਰਿਤਕ ਦੇ ਭਰਾ ਅਤੇ ਸਾਲੇ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ। ਇਸ ਸਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨਾਂ 'ਤੇ 6 ਵਿਅਕਤੀਆਂ ਖਿਲਾਫ ਕਤਲ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ. (ਸਿਟੀ) ਗੁਰਪ੍ਰੀਤ ਸਿੰਘ ਢਿੱਲੋਂ, ਡੀ.ਐੱਸ.ਪੀ. (ਡੀ) ਕੁਲਦੀਪ ਸਿੰਘ ਅਤੇ ਐੱਸ. ਐੱਚ. ਓ. ਦਿਲਬਾਗ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ। ਪਿੰਡ ਠਰੂ ਦੇ ਰਹਿਣ ਵਾਲੇ ਸਿਕੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ  ਕਿ ਅੱਜ ਸਵੇਰੇ ਤੜਕਸਾਰ ਉਸਦਾ ਭਰਾ ਗੁਰਸੇਵਕ ਸਿੰਘ ਅਤੇ ਗੁਰਸੇਵਕ ਸਿੰਘ ਦਾ ਸਾਲਾ ਰੇਸ਼ਮ ਸਿੰਘ ਵਾਸੀ ਜੌਹਲ ਰਾਜੂ ਸਿੰਘ ਟਰੈਕਟਰ-ਟਰਾਲੀ 'ਤੇ ਪੱਠੇ ਲੈ ਕੇ ਵੇਚਣ ਲਈ ਸ਼ਹਿਰ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਉਹ ਜਦ ਪਿੰਡ ਖਾਰਾ ਦੇ ਕਮਲ ਹਸਪਤਾਲ ਸਾਹਮਣੇ ਪਹੁੰਚੇ ਤਾਂ ਇਕ ਕਾਰ ਵਿਚੋਂ ਪਿੰਡ ਦੇ ਰਹਿਣ ਵਾਲੇ ਸਿਕੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਅਤੇ 5-6 ਹੋਰ ਵਿਅਕਤੀ ਉਤਰੇ, ਜਿਨ੍ਹਾਂ ਕੋਲ 2 ਪਿਸਤੌਲ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਕਾਰ ਵਿਚੋਂ ਉਤਰਦਿਆਂ ਹੀ ਸਿਕੰਦਰ ਸਿੰਘ ਨੇ ਲਲਕਾਰਾ ਮਾਰਿਆ ਕਿ ਗੁਰਸੇਵਕ ਸਿੰਘ ਨੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੈ, ਇਸ ਨੂੰ ਅੱਜ ਬਚ ਕੇ ਨਹੀਂ ਜਾਣ ਦੇਣਾ, ਜਿਸ 'ਤੇ ਸਿਕੰਦਰ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਨੇ ਆਪਣੇ ਪਿਸਤੌਲਾਂ ਨਾਲ 11 ਗੋਲੀਆਂ ਉਸਦੇ ਭਰਾ ਗੁਰਸੇਵਕ ਸਿੰਘ ਦੇ ਮਾਰੀਆਂ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਮਾਰਨ ਲਈ ਪਿੱਛਾ ਕੀਤਾ, ਲੇਕਿਨ ਉਹ ਟਰਾਲੀ ਤੋਂ ਛਾਲ ਮਾਰ ਕੇ ਪਿੰਡ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਦਾ ਉਨ੍ਹਾਂ ਨਾਲ ਅਦਾਲਤ ਵਿਚ ਜ਼ਮੀਨ ਦਾ ਕੇਸ ਚੱਲਦਾ ਸੀ। ਕੇਸ ਉਨ੍ਹਾਂ ਦੇ ਹੱਕ ਵਿਚ ਹੋਣ ਕਾਰਨ ਉਨ੍ਹਾਂ ਨੇ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਤੋਂ ਬਾਅਦ 2010 ਵਿਚ ਵੀ ਉਨ੍ਹਾਂ ਦਾ ਸਿਕੰਦਰ ਸਿੰਘ ਨਾਲ ਝਗੜਾ ਹੋਇਆ ਸੀ, ਜਿਸ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਐੱਸ. ਐੱਚ. ਓ. ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਸਿੰਘ ਦਾ ਤਰਨ ਤਾਰਨ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਟੀਮਾਂ ਬਣਾ ਕੇ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

ਨਵੀਂ ਦਿੱਲੀ, 13 ਫਰਵਰੀ -ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਉਰਦੂ ਦੇ ਮਸ਼ਹੂਰ ਸ਼ਾਇਰ ਤੇ ਗੀਤਕਾਰ ਸ਼ਹਿਰਯਾਰ ਦਾ ਅੱਜ ਅਲੀਗੜ੍ਹ 'ਚ ਦਿਹਾਂਤ ਹੋ ਗਿਆ। ਉਹ 76 ਸਾਲਾਂ ਦੇ ਸਨ। ਸ਼ਹਿਰਯਾਰ ਕਾਫੀ ਸਮੇਂ ਤੋਂ ਫੇਫੜੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੇ ਆਪਣੇ ਨਿਵਾਸ 'ਤੇ ਰਾਤ ਅੱਠ ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ 'ਚ ਪਤਨੀ, ਦੋ ਬੇਟੇ ਤੇ ਇਕ ਬੇਟੀ ਹੈ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਦੇ ਇਲਾਵਾ ਕਈ ਹੋਰ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 

ਨਵੀਂ ਦਿੱਲੀ, 13 ਫਰਵਰੀ -ਅੱਜ ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਅੰਤਿਮ ਬਹਿਸ ਲਈ 16 ਮਾਰਚ ਦੀ ਤਾਰੀਕ ਮੁਕੱਰਰ ਕੀਤੀ ਹੈ ਅਤੇ ਇਸ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ 'ਤੇ ਦਿੱਲੀ ਦੇ ਛਾਉਣੀ ਇਲਾਕੇ ਵਿਚ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਜ਼ਿਲ੍ਹਾ ਜੱਜ ਜੇ. ਆਰ ਆਰੀਅਨ ਨੇ ਕਿਹਾ ਕਿ ਸੀ. ਬੀ. ਆਈ ਬਹਿਸ ਸ਼ੁਰੂ ਕਰੇਗੀ ਅਤੇ ਇਸ ਨੂੰ 5 ਮਾਰਚ ਤਕ ਦਲੀਲਾਂ ਦਾ ਸਮੁੱਚਾ ਖੁਲਾਸਾ ਲਿਖਤੀ ਰੂਪ ਵਿਚ ਪੇਸ਼ ਕਰਨ ਲਈ ਕਿਹਾ ਗਿਆ ਹੈ। 

ਬੰਗਲੌਰ 13 ਫਰਵਰੀ- ਇਕ ਸਥਾਨਕ ਅਦਾਲਤ ਨੇ ਪੁਲਿਸ ਨੂੰ ਕਰਨਾਟਕ ਦੇ 3 ਸਾਬਕਾ ਮੰਤਰੀਆਂ ਵੱਲੋਂ ਵਿਧਾਨ ਸਭਾ ਦੇ ਇਜਲਾਸ ਦੌਰਾਨ ਕਥਿੱਤ ਤੌਰ 'ਤੇ ਅਸ਼ਲੀਲ ਵੀਡਓ ਵੇਖਣ ਦੇ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਧਰਮਪਾਲ ਗੌਡਾ ਨਾਮੀ ਵਕੀਲ ਵੱਲੋਂ ਦਾਇਰ ਸ਼ਕਾਇਤ 'ਤੇ ਅਦਾਲਤ ਨੇ ਵਿਧਾਨ ਸਭਾ ਪੁਲਿਸ ਸਟੇਸ਼ਨ ਦੇ ਇਕ ਸਬ ਇੰਸਪੈਕਟਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮਾਮਲੇ ਦੀ ਜਾਂਚ ਕਰਕੇ 27 ਫਰਵਰੀ ਨੂੰ ਆਪਣੀ ਰਿਪੋਰਟ ਦਾਇਰ ਕਰੇ। ਇਸੇ ਦੌਰਾਨ ਸਪੀਕਰ ਕੇ.ਜੀ ਬੋਪਈਆਹ ਨੇ ਇਨ੍ਹਾਂ 3 ਮੰਤਰੀਆਂ ਨੂੰ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਦਾ ਸਮਾਂ 19 ਫਰਵਰੀ ਤੱਕ ਵਧਾ ਦਿੱਤਾ ਹੈ। ਮੰਤਰੀਆਂ ਜਿਨ੍ਹਾਂ ਨੇ ਅੱਜ ਜਵਾਬ ਦੇਣਾ ਸੀ, ਨੇ 7 ਦਿਨਾਂ ਦਾ ਹੋਰ ਸਮਾਂ ਮੰਗਿਆ ਸੀ ਇਸ ਨੋਟਿਸ ਵਿਚ ਸਪੀਕਰ ਨੇ ਇਨ੍ਹਾਂ ਮੰਤਰੀਆਂ ਨੂੰ ਕਿਹਾ ਹੈ ਕਿ ਕਿਉਂ ਨਾ ਉਨ੍ਹਾਂ ਨੂੰ ਵਿਧਾਇਕ ਵਜੋਂ ਅਯੋਗ ਕਰਾਰ ਦੇ ਦਿੱਤਾ ਜਾਵੇ? 8 ਫਰਵਰੀ ਨੂੰ ਵਾਪਰੀ ਇਸ ਘਟਨਾ ਵਿਚ ਸਾਬਕਾ ਮੰਤਰੀ ਲਕਸ਼ਮਨ ਸਵਾਦੀ, ਸੀ. ਸੀ ਪਾਟਿਲ ਨੂੰ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੌਰਾਨ ਹੀ ਇਕ ਨਿੱਜੀ ਚੈਨਲ ਨੇ ਮੋਬਾਇਲ ਉਪਰ ਅਸ਼ਲੀਲ ਵੀਡੀਓ ਫਿਲਮ ਵੇਖਦਿਆਂ ਕੈਮਰੇ ਵਿਚ ਕੈਦ ਕਰ ਲਿਆ ਸੀ । ਸਾਬਕਾ ਮੰਤਰੀ ਜੇ ਕ੍ਰਿਸ਼ਨਾ ਪਾਲੇਮਰ ਨੇ ਇਹ ਵੀਡੀਓ ਫਿਲਮ ਕਥਿੱਤ ਤੌਰ 'ਤੇ ਸਵਾਦੀ ਦੇ ਮੋਬਾਇਲ 'ਤੇ ਭੇਜੀ ਸੀ।
ਇਸਲਾਮਾਬਾਦ, 13 ਫਰਵਰੀ -ਪਾਕਿਸਤਾਨ ਦੇ ਦੱਖਣੀ ਪੱਛਮੀ ਬਲੋਚਿਸਤਾਨ ਸੂਬੇ 'ਚ ਪੁਲਿਸ ਦੀ ਇਕ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ ਘੱਟੋ-ਘੱਟ 3 ਵਿਅਕਤੀ ਮਾਰੇ ਗਏ ਅਤੇ 8 ਜ਼ਖਮੀ ਹੋ ਗਏ। ਅਖ਼ਬਾਰ ਏਜੰਸੀ ਸਿਨਹੂਆ ਨੇ ਉਰਦੂ ਟੀ. ਵੀ. ਚੈਨਲ ਏ. ਆਰ. ਵਾਈ. ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਡੇਰਾ ਮੁਰਾਦ ਜਮਾਲੀ ਕਸਬੇ 'ਚ ਰੋਜ਼ਾਨਾ ਗਸ਼ਤ ਦੌਰਾਨ ਦੁਪਹਿਰ 12.45 ਵਜੇ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ। ਧਮਾਕਾਖੇਜ਼ ਸਮੱਗਰੀ ਬੱਕਰਾ ਬਾਜ਼ਾਰ ਦੇ ਕੋਲ ਖੜ੍ਹੇ ਇਕ ਮੋਟਰਸਾਈਕਲ 'ਚ ਲਗਾਈ ਗਈ ਸੀ। ਜ਼ਖ਼ਮੀਆਂ 'ਚ ਚਾਰ ਪੁਲਿਸ ਕਰਮਚਾਰੀ ਸ਼ਾਮਿਲ ਹਨ। ਅੱਜ ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਕਾਬੁਲ, 13 ਫਰਵਰੀ-ਅਫਗਾਨਿਸਤਾਨ 'ਚ ਸੁਰੱਖਿਆ ਸੈਨਾ ਨਾਲ ਹੋਈ ਝੜਪ 'ਚ ਫਿਦਾ ਮੁਹੰਮਦ ਨਾਂਅ ਦੇ ਇਕ ਕਮਾਂਡਰ ਸਮੇਤ ਘੱਟੋ ਘੱਟ 6 ਅੱਤਵਾਦੀ ਮਾਰੇ ਗਏ, ਜਦੋਂਕਿ ਇਕ ਹੋਰ ਘਟਨਾ 'ਚ 19 ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸਮਾਚਾਰ ਏਜੰਸੀ ਸਿੰਨਹੁਆ ਨੇ ਸੁਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਪੂਰਬੀ ਪਾਕਟੀਆ ਸੂਬੇ 'ਚ ਬੀਤੀ ਰਾਤ ਹੋਈ ਝੜਪ 'ਚ ਦੋ ਅਫਗਾਨ ਪੁਲਿਸ ਮੁਲਾਜ਼ਮ ਵੀ ਮਾਰੇ ਗਏ। ਏਜੰਸੀ ਨੇ ਹੇਰਾਤ ਸੂਬੇ ਦੇ ਗਵਰਨਰ ਦਾਊਦ ਸਬਾਹ ਦੇ ਹਵਾਲੇ ਨਾਲ ਦੱਸਿਆ ਕਿ ਕਾਬੁਲ ਤੋਂ ਕਰੀਬ 640 ਕਿਲੋਮੀਟਰ ਦੂਰ ਸੂਬੇ ਦੇ ਚਿਸ਼ਤੀ ਸ਼ਰੀਫ ਜ਼ਿਲ੍ਹੇ 'ਚ ਸਈਅਦ ਜੀਆ ਨਾਂਅ ਦੇ ਇਕ ਕਮਾਂਡਰ ਦੀ ਅਗਵਾਈ 'ਚ ਕੁਲ 19 ਤਾਲਿਬਾਨੀਆਂ ਨੇ ਸਰਕਾਰ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਅਫ਼ਗਾਨਿਸਤਾਨ 'ਚ ਤਿੰਨ ਹਜ਼ਾਰ ਤੋਂ ਵੱਧ ਅੱਤਵਾਦੀ ਆਤਮਸਮਰਪਣ ਕਰਕੇ ਆਮ ਜ਼ਿੰਦਗੀ ਜੀਅ ਰਹੇ ਹਨ। ਇਨ੍ਹਾਂ ਦੋਵਾਂ ਘਟਨਾਵਾਂ ਦੀ ਤਾਲਿਬਾਨ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਨਵੀਂ ਦਿੱਲੀ, 13 ਫਰਵਰੀ - ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਫ਼ੌਜ ਮੁਖੀ ਜਨਰਲ ਵੀ. ਕੇ. ਸਿੰਘ ਦੀ ਉਮਰ ਸਬੰਧੀ ਵਿਵਾਦ ਹੱਲ ਹੋਣ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਅੱਜ ਮੇਲ-ਮਿਲਾਪ ਦਾ ਵਾਤਾਵਰਨ ਤਿਆਰ ਕਰਨ ਲਈ ਕਿਹਾ, ਤਾਂ ਜੋ ਹਰ ਕੋਈ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰ ਸਕੇ। ਉਨ੍ਹਾਂ ਨੇ ਏਸ਼ੀਆਈ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਹ ਵਿਵਾਦ ਖ਼ਤਮ ਹੋ ਗਿਆ ਹੈ। ਆਪਣੇ ਸਾਰੇ ਸਹਿਯੋਗੀਆਂ ਅਤੇ ਮੀਡੀਆ ਨੂੰ ਉਹ ਬੇਨਤੀ ਕਰਦੇ ਹਨ ਕਿ ਇਸ ਅਧਿਆਏ ਨੂੰ ਹੁਣ ਬੰਦ ਕਰ ਦੇਣ ਅਤੇ ਰਾਸ਼ਟਰੀ ਸੁਰੱਖਿਆ ਦੀ ਮਜ਼ਬੂਤੀ ਲਈ ਉਹ ਸਾਰੇ ਮਿਲ ਕੇ ਕੰਮ ਕਰਨ। ਰਾਸ਼ਟਰੀ ਸੁਰੱਖਿਆ ਦੀ ਖਾਤਰ ਕ੍ਰਿਪਾ ਕਰਕੇ ਇਸ ਮਾਮਲੇ ਨੂੰ ਭੁੱਲ ਜਾਉ। ਆਉ, ਮੇਲ ਮਿਲਾਪ ਦਾ ਵਾਤਾਵਰਨ ਤਿਆਰ ਕਰੀਏ। ਭਾਵਨਾਵਾਂ ਨੂੰ ਸ਼ਾਂਤ ਹੋਣ ਦਿਉ। ਉਨ੍ਹਾਂ ਨੂੰ ਇਹ ਪੁੱਛਣ 'ਤੇ ਕਿ ਕੀ ਫ਼ੌਜ ਮੁਖੀ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ, ਉਨ੍ਹਾਂ ਕਿਹਾ ਕਿ ਮੌਜੂਦਾ ਫ਼ੌਜ ਮੁਖੀ 'ਤੇ ਸਰਕਾਰ ਨੂੰ ਪੂਰਾ ਭਰੋਸਾ ਹੈ, ਜਿਸ ਤਰ੍ਹਾਂ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਕਿਹਾ ਸੀ। ਰੱਖਿਆ ਮੰਤਰੀ ਐਂਟਨੀ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਜਨਰਲ ਸਿੰਘ ਅੱਜ ਬਰਤਾਨੀਆ ਦੀ ਯਾਤਰਾ 'ਤੇ ਗਏ ਹਨ। 2008 ਤੋਂ ਬਾਅਦ ਕਿਸੇ ਭਾਰਤੀ ਫ਼ੌਜ ਮੁਖੀ ਦੀ ਇਹ ਪਹਿਲੀ ਬਰਤਾਨੀਆ ਯਾਤਰਾ ਹੈ। ਦੂਜੇ ਪਾਸੇ ਰੱਖਿਆ ਮੰਤਰੀ ਵੀ ਅੱਜ ਸਾਊਦੀ ਅਰਬ ਦੀ 2 ਦਿਨਾ ਯਾਤਰਾ 'ਤੇ ਰਵਾਨਾ ਹੋਏ ਹਨ। ਕਿਸੇ ਭਾਰਤੀ ਰੱਖਿਆ ਮੰਤਰੀ ਦੀ ਇਹ ਪਹਿਲੀ ਸਾਊਦੀ ਅਰਬ ਯਾਤਰਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜ ਆਰ. ਐਮ. ਲੋਡਾ ਅਤੇ ਐਚ. ਐਲ. ਗੋਖਲੇ ਦੀ ਅਗਵਾਈ ਵਾਲੀ ਬੈਂਚ ਨੇ 10 ਫਰਵਰੀ ਨੂੰ ਇਹ ਸਪਸ਼ਟ ਕੀਤਾ ਸੀ ਕਿ ਜਨਰਲ ਸਿੰਘ ਦੀ ਜਨਮ ਤਰੀਕ 10 ਮਈ, 1950 ਹੀ ਮੰਨੀ ਜਾਵੇਗੀ, ਨਾ ਕਿ 10 ਮਈ,1951, ਜਿਸ ਤਰ੍ਹਾਂ ਕਿ ਉਨ੍ਹਾਂ ਦੇ ਸਕੂਲ ਦੇ ਸਰਟੀਫਿਕੇਟ 'ਚ ਦਰਜ ਹੈ। ਇਸ ਤੋਂ ਬਾਅਦ ਜਨਰਲ ਸਿੰਘ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ।

No comments:

Post a Comment