Tuesday, 14 February 2012

ਇਸਰਾਈਲੀ ਦੂਤਘਰ ਦੀ ਕਾਰ 'ਚ ਧਮਾਕਾ-4 ਜ਼ਖ਼ਮੀ
ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਵਾਪਰੀ ਘਟਨਾ
ਮੋਟਰਸਾਈਕਲ ਸਵਾਰਾਂ ਨੇ ਕਾਰ ਨੂੰ ਚਿਪਕਾਈ ਸ਼ੱਕੀ ਚੀਜ਼

ਨਵੀਂ ਦਿੱਲੀ, 13 ਫਰਵਰੀ -ਅੱਜ ਇਥੇ ਇਸਰਾਈਲੀ ਦੂਤਘਰ ਨੇੜੇ ਦੂਤਘਰ ਦੀ ਹੀ ਕਾਰ ਵਿਚ ਹੋਏ ਧਮਾਕੇ ਵਿਚ ਦੂਤਘਰ ਦੇ ਇਕ ਕੂਟਨੀਤਕ (ਡਿਫੈਂਸ ਅਟੈਚੀ) ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਸ਼ੱਕ ਕੀਤਾ ਜਾਂਦਾ ਹੈ ਕਿ ਇਹ ਧਮਾਕਾ ਪੂਰੇ ਤਾਲਮੇਲ ਨਾਲ ਕੀਤਾ ਗਿਆ, ਕਿਉਂਕਿ ਕੁਝ ਚਿਰ ਪਹਿਲਾਂ ਜਾਰਜੀਆ ਦੀ ਰਾਜਧਾਨੀ ਤਬਲਿਸੀ ਵਿਚ ਇਸਰਾਈਲ ਦੂਤਘਰ ਦੀ ਕਾਰ ਵਿਚ ਰੱਖੇ ਬੰਬ ਨੂੰ ਨਕਾਰਾ ਕੀਤਾ ਗਿਆ। ਇਸਰਾਈਲ ਨੇ ਇਸ ਧਮਾਕੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਦੋਂਕਿ ਇਰਾਨ ਨੇ ਇਸ ਦੋਸ਼ 'ਤੋਂ ਇਨਕਾਰ ਕੀਤਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਿਕ ਯੁੱਧ ਛਿੜ ਗਿਆ ਹੈ। ਘਟਨਾ ਦੀ ਮੁੱਢਲੀ ਜਾਂਚ ਮੁਤਾਬਕ ਮੋਟਰ-ਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਉੱਚ ਸੁਰੱਖਿਆ ਵਾਲੇ ਇਲਾਕੇ ਵਿਚ ਇਸਰਾਈਲੀ ਦੂਤਘਰ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਜਦੋਂ ਇਹ ਟਰੈਫਿਕ ਸਿਗਨਲ 'ਤੇ ਰੁਕੀ ਤਾਂ ਉਨ੍ਹਾਂ ਨੇ ਕਾਰ ਦੇ ਪਿਛਲੇ ਪਾਸੇ ਕੁਝ ਰੱਖ ਦਿੱਤਾ। ਇਸ ਪਿੱਛੋਂ ਕੁਝ ਹੀ ਮਿੰਟਾਂ ਵਿਚ ਧਮਾਕਾ ਹੋ ਗਿਆ ਅਤੇ ਟੋਇਟਾ ਕੰਪਨੀ ਦੀ ਇਨੋਵਾ ਕਾਰ ਨੰਬਰ 109- ਸੀ ਡੀ-35 ਨੂੰ ਅੱਗ ਲੱਗ ਗਈ। ਪੈਟਰੋਲ ਪੰਪ ਨੇੜੇ ਸ਼ਾਮ 3.15 ਵਜੇ ਵਾਪਰੀ ਇਸ ਘਟਨਾ ਵਿਚ ਇਸਰਾਈਲੀ ਦੂਤਘਰ ਦੇ ਇਕ ਕੂਟਨੀਤਕ ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਸੰਕੇਤ ਮਿਲਿਆ ਹੈ ਕਿ ਦਿੱਲੀ ਵਿਚਲੀ ਘਟਨਾ ਇਸਰਾਈਲੀ ਸਟਾਫ ਨੂੰ ਨਿਸ਼ਾਨਾ ਬਣਾਏ ਜਾਣ ਦਾ ਹਿੱਸਾ ਹੋ ਸਕਦੀ ਹੈ। ਯੋਰੋਸ਼ਲਮ ਵਿਚ ਇਸਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਘਟਨਾਵਾਂ ਨੂੰ ਅੱਤਵਾਦੀ ਘਟਨਾਵਾਂ ਕਰਾਰ ਦਿੰਦੇ ਹੋਏ ਕਿਹਾ ਕਿ ਤਬਲਿਸੀ ਅਤੇ ਨਵੀਂ ਦਿੱਲੀ ਵਿਚ ਇਸਰਾਈਲ ਸਟਾਫ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਿਜ਼ਬੁਲਾ ਦੇ ਡਿਪਟੀ ਆਗੂ ਇਮਾਦ ਮੁਘਨੀਯਾਹ ਦੀ ਚੌਥੀ ਬਰਸੀ ਮਨਾਏ ਜਾਣ ਤੋਂ ਇਕ ਦਿਨ ਬਾਅਦ ਇਹ ਹਮਲਾ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਬੁਲਾਰੇ ਰਾਜਨ ਭਗਤ ਦਾ ਕਹਿਣਾ ਕਿ ਘਟਨਾ ਵਿਚ ਇਸਰਾਈਲੀ ਦੂਤਘਰ ਦੇ ਦੋ ਮੁਲਾਜ਼ਮ ਜ਼ਖ਼ਮੀ ਹੋਏ ਹਨ। ਦਿੱਲੀ ਪੁਲਿਸ ਦੇ ਦਸਤਿਆਂ ਖੋਜੀ ਕੁੱਤਿਆਂ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਫੋਰੈਂਸਿਕ ਲੈਬਾਰਟੇਰੀ ਦੇ ਅਧਿਕਾਰੀ ਵੀ ਘਟਨਾ ਵਾਲੀ ਥਾਂ ਤੋਂ ਨਮੂਨੇ ਲੈ ਕੇ ਜਾਂਚ ਕਰ ਰਹੇ ਹਨ। ਪਰਿਮਸ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੂਟਨੀਤਕ ਦੀ ਪਤਨੀ ਤਿਲ ਯੇਹੋਸ਼ੁਵਾ ਨੂੰ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਡੂੰਘੇ ਜ਼ਖ਼ਮ ਹਨ। ਡਾਕਟਰ ਉਸ ਦਾ ਆਪਰੇਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਸ ਨੂੰ ਆਈ. ਸੀ. ਯੂ. ਵਿਚ ਰੱਖਿਆ ਹੋਇਆ ਹੈ। ਵਿਸ਼ਵ ਭਰ ਵਿਚ ਇਸਰਾਈਲੀ ਕੂਟਨੀਤਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਥਹੁ ਪਤੇ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਤੁਰੰਤ ਆਪੋ ਆਪਣੇ ਦੂਤਘਰਾਂ 'ਚ ਵਾਪਸ ਆਉਣ ਲਈ ਕਿਹਾ ਹੈ।
ਭਾਰਤ ਨੇ ਮੁਕੰਮਲ ਜਾਂਚ ਦਾ ਭਰੋਸਾ ਦਿੱਤਾ
ਇਸੇ ਦੌਰਾਨ ਭਾਰਤ ਨੇ ਇਸਰਾਈਲ ਨੂੰ ਘਟਨਾ ਦੀ ਮੁਕੰਮਲ ਜਾਂਚ ਦਾ ਭਰੋਸਾ ਦਿੱਤਾ ਹੈ। ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਨੇ ਨਵੀਂ ਦਿੱਲੀ ਵਿਚ ਇਕ ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਇਸਰਾਈਲ ਦੇ ਵਿਦੇਸ਼ ਮੰਤਰੀ ਐਵਿਗਡਰ ਲਿਬਰਮੈਨ ਨੂੰ ਟੈਲੀਫੋਨ 'ਤੇ ਭਰੋਸਾ ਦਿੱਤਾ ਕਿ ਇਸ ਘਟਨਾ ਵਿਚ ਦੇਸ਼ ਦਾ ਕਾਨੂੰਨ ਆਪਣੇ ਆਪ ਕੰਮ ਕਰੇਗਾ।
ਧਮਾਕੇ ਪਿੱਛੇ ਈਰਾਨ ਦਾ ਹੱਥ-ਇਸਰਾਈਲ
ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਜਾਰਜੀਆ ਵਿਚ ਇਸਰਾਈਲੀ ਦੂਤਘਰਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਇਸਰਾਈਲ ਦੇ ਕੱਟੜ ਦੁਸ਼ਮਣ ਈਰਾਨ ਦਾ ਹੱਥ ਹੈ। ਯੋਰੋਸ਼ਲਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਪਿਛਲੇ ਮਹੀਨੇ ਥਾਈਲੈਂਡ ਅਤੇ ਅਜ਼ਰਬਾਈਜਾਨ ਵਿਚ ਨਾਕਾਮ ਹੋਏ ਹਮਲਿਆਂ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਪਿੱਛੇ ਈਰਾਨ ਅਤੇ ਉਸ ਦੇ ਲਿਬਨਾਨੀ ਗੁਰੀਲੇ ਹਿਜ਼ਬੁੱਲਾ ਦਾ ਹੱਥ ਹੈ।
 

No comments:

Post a Comment