Tuesday, 14 February 2012

ਅੱਡਾ ਕਲੇਰ ਵਿਖੇ ਅੰਨ੍ਹਵਾਹ ਗੋਲੀਆਂ ਚੱਲਣ ਕਾਰਨ ਫੈਲੀ ਦਹਿਸ਼ਤ

ਰਈਆ/ਖਿਲਚੀਆਂ/ਬਾਬਾ ਬਕਾਲਾ, 13 ਫਰਵਰੀ -ਅੱਜ ਅੱਡਾ ਕਲੇਰ ਘੁੰਮਾਣ ਵਿਖੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਰਈਆ ਵੱਲੋਂ ਆਈ ਇਕ ਕਾਲੇ ਰੰਗ ਦੀ ਕਾਰ ਵਿਚੋਂ ਉੱਤਰੇ ਪਿਸਤੌਲਾਂ ਨਾਲ ਲੈੱਸ 5 ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਹਿਰੀਨ ਬੇਕਰੀ ਅੱਡਾ ਕਲੇਰ ਘੁੰਮਾਣ ਦੇ ਮਾਲਕ ਗਰਨੈਟ ਸਿੰਘ ਪੁੱਤਰ ਸ: ਕਸ਼ਮੀਰ ਸਿੰਘ ਵਾਸੀ ਕਲੇਰ ਘੁਮਾਣ, ਡਾਕਖਾਨਾ ਧਿਆਨਪੁਰ ਜ਼ਿਲ੍ਹਾ ਅੰਮਿਤਸਰ ਦੇ ਦੁਕਾਨ ਅੰਦਰ ਕੋਲਡ ਡਰਿੰਕਸ ਪੀ ਰਹੇ 4 ਨੌਜਵਾਨਾਂ ਨੇ ਪੌੜੀਆਂ ਰਾਹੀਆਂ ਕੋਠੇ 'ਤੇ ਚੜ੍ਹ ਕੇ ਜਾਨ ਬਚਾਈ। ਇਕ ਵਿਅਕਤੀ ਦੇ ਗੋਲੀ ਲੱਗਣ ਦੀ ਸੂਚਨਾ ਹੈ, ਪ੍ਰੰਤੂ ਇਸ ਦੀ ਖ਼ਬਰ ਲਿਖਣ ਤੱਕ ਪੁਸ਼ਟੀ ਨਹੀਂ ਹੋ ਸਕੀ। ਡੀ. ਐਸ. ਪੀ. ਉਪ ਮੰਡਲ ਬਾਬਾ ਬਕਾਲਾ ਸ੍ਰੀ ਸੂਬਾ ਸਿੰਘ ਤੇ ਥਾਣਾ ਮੁਖੀ ਖਿਲਚੀਆਂ ਸ੍ਰੀ ਰਣਧੀਰ ਸਿੰਘ ਪੁਲਿਸ ਪਾਰਟੀ ਨਾਲ ਮੌਕਾ ਵਾਰਦਾਤ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੂੰ ਮੌਕਾ ਵਾਰਦਾਤ ਤੋਂ ਵੱਖ ਵੱਖ ਕਿਸਮ ਦੇ ਪਿਸਤੌਲਾਂ/ਰਿਵਾਲਵਰਾਂ ਦੇ 10 ਖਾਲੀ ਰੌਂਦ ਮਿਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਬਹਿਰੀਨ ਬੇਕਰੀ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਕਾਲੇ ਰੰਗ ਦੀ ਰਈਆ ਵੱਲੋਂ ਆ ਕੇ ਕਾਰ ਰੁਕੀ ਅਤੇ ਵਿਚੋਂ 5 ਹਥਿਆਰਬੰਦ ਨੌਜਵਾਨ ਨਿਕਲੇ ਤਾਂ ਗਰਨੈਟ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਗਰਨੈਡ ਨੂੰ ਦੱਸ ਦਿੱਤਾ ਜਿਸ ਨੇ ਫੁਰਤੀ ਨਾਲ ਪੌੜੀਆਂ ਚੜ੍ਹ ਗਿਆ ਅਤੇ ਦੂਸਰੀ ਮੰਜ਼ਿਲ ਤੋਂ ਪੌੜੀ ਲਗਾ ਕੇ ਉਪਰਲੀ ਛੱਤ 'ਤੇ ਚੜ੍ਹ ਕੇ ਪੌੜੀ ਹੇਠਾਂ ਸੁੱਟ ਦਿੱਤੀ। ਹਮਲਾਵਰ ਵੀ ਪਿੱਛੇ ਗੋਲੀਆਂ ਚਲਾਉਂਦੇ ਦੌੜੇ ਜਿਸ ਦੇ ਫਲ ਸਰੂਪ ਦੁਕਾਨ 'ਚ ਬੈਠੇ ਇਕ ਵਿਅਕਤੀ ਵੱਖੀ ਵਿਚ ਗੋਲੀ ਲੱਗੀ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਹਮਲਾਵਰ ਕੁਝ ਕਦਮਾਂ ਦੀ ਦੂਰੀ 'ਤੇ ਖਲੋਤੀ ਕਾਰ 'ਚ ਬੈਠ ਕੇ ਰਈਏ ਵੱਲ ਨੂੰ ਦੌੜ ਗਏ। ਹਮਲਾਵਰਾਂ ਵਿਚੋਂ ਇਕ ਨੂੰ ਗਰਨੈਟ ਸਿੰਘ ਨੇ ਪਹਿਚਾਣ ਲਿਆ ਹੈ, ਕਿਉਂਕਿ ਉਸ ਨਾਲ ਕੁਝ ਦਿਨ ਪਹਿਲਾਂ ਕਿਸੇ ਗੱਲ ਤੋਂ ਹੋਏ ਤਕਰਾਰ ਦਾ ਰਈਆ ਪੁਲਿਸ ਚੌਂਕੀ ਵਿਖੇ ਰਾਜ਼ੀਨਾਮਾ ਹੋ ਗਿਆ ਸੀ।

No comments:

Post a Comment