Sunday, 19 February 2012

ਸਰਕਾਰ ਛੇਤੀ ਚੋਣਾਂ ਕਰਵਾਉਣ ਦਾ ਵਾਅਦਾ ਪੂਰਾ ਕਰੇ-ਨਸ਼ੀਦ

ਮਾਲੇ, 18 ਫਰਵਰੀ-ਮਾਲਦੀਵ ਦੇ ਗੱਦੀਓਂ ਲਾਹੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਅੱਜ ਦੇਸ਼ ਦੀ ਨਵੀਂ ਸਰਕਾਰ ਨੂੰ ਆਖਿਆ ਕਿ ਉਹ ਭਾਰਤ ਦੀ ਵਿਚੋਲਗੀ ਨਾਲ ਹੋਏ ਸਮਝੌਤੇ ਤਹਿਤ ਛੇਤੀ ਚੋਣਾਂ ਕਰਵਾਉਣ ਲਈ ਤਾਰੀਕ ਤੈਅ ਕਰੇ। ਕੱਲ੍ਹ ਰਾਸ਼ਟਰ ਮੰਡਲ ਦੇਸ਼ਾਂ ਦੀ ਮੰਤਰੀ ਪੱਧਰ ਦੀ ਇਕ ਟੀਮ ਨਸ਼ੀਦ ਦੇ ਤਿਆਗ ਪੱਤਰ ਦੇਣ ਦੇ ਹਾਲਾਤ ਦੀ ਜਾਂਚ ਕਰਨ ਲਈ ਮਾਲਦੀਵ ਦਾ ਦੌਰਾ ਕਰਨ ਲਈ ਮਾਲੇ ਪਹੁੰਚੀ ਸੀ। 44 ਸਾਲਾ ਨਸ਼ੀਦ ਜਿਹੜਾ ਦੇਸ਼ ਦਾ ਲੋਕਤੰਤਰੀ ਤਰੀਕੇ ਨਾਲ ਚੁਣਿਆਂ ਗਿਆ ਮਾਲਦੀਵ ਦਾ ਪਹਿਲਾ ਰਾਸ਼ਟਰਪਤੀ ਸੀ ਨੇ ਕਿਹਾ ਕਿ ਦੇਸ਼ ਦੇ ਲੋਕ ਤੁਰੰਤ ਚੋਣਾਂ ਚਾਹੁੰਦੇ ਹਨ। ਐਮ ਡੀ ਪੀ ਪਾਰਟੀ ਦੀ ਵੱਡੀ ਰੈਲੀ ਜਿਹੜੀ ਸੁਨਾਮੀ ਸਮਾਰਕ ਕੋਲ ਕੀਤੀ ਗਈ ਵਿਖੇ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਲਦੀਵ ਦੇ ਲੋਕ ਚੋਣਾਂ ਦੀ ਤਾਰੀਕ ਜਾਨਣਾ ਚਾਹੁੰਦੇ ਹਨ ਕਿ ਉਹ ਕਦੋਂ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਮੁਜ਼ਾਹਰੇ ਰਾਤ ਅਤੇ ਕੱਲ੍ਹ ਨੂੰ ਵੀ ਜਾਰੀ ਰਹਿਣਗੇ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਫਰਵਰੀ-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਬਾਰ੍ਹਵੀਂ ਪ੍ਰੀਖਿਆ (ਗੋਲਡਨ ਚਾਂਸ), ਨਵੰਬਰ 2011 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਬੋਰਡ ਦੇ ਸਕੱਤਰ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ (ਗੋਲਡਨ ਚਾਂਸ) ਪ੍ਰੀਖਿਆ ਵਿੱਚ 12455 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 67ંਫੀਸਦੀ ਰਹੀ। ਅੱਠਵੀਂ ਗੋਲਡਨ ਚਾਂਸ ਪ੍ਰੀਖਿਆ ਵਿੱਚ ਕੁੱਲ 78 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ 50 ਪਾਸ ਹੋਏ। ਉਨ੍ਹਾਂ ਦੱਸਿਆ ਕਿ ਉਕਤ ਪ੍ਰੀਖਿਆਵਾਂ ਦੇ ਨਤੀਜਾ ਸਿੱਖਿਆ ਬੋਰਡ ਦੀ ਵੈੱਬਸਾਈਟ ਮਮਮ.ਬਤਕਲ਼.ਫ.ਜਅ 'ਤੇ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ ਨਤੀਜਾ ਵਿਖਾ ਰਹੀਆਂ ਫਰਮਾਂ ਅਤੇ ਇਸ ਨਾਲ ਸੰਬੰਧਿਤ ਕੋਈ ਵੀ ਸੰਸਥਾ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਤੀਜੇ ਦੇ ਛਪਣ ਵਿੱਚ ਹੋਈ ਕਿਸੇ ਗਲਤੀ ਲਈ ਜ਼ਿੰਮੇਵਾਰ ਨਹੀਂ ਹੈ। ਇਹ ਘੋਸ਼ਿਤ ਕੀਤਾ ਨਤੀਜਾ ਕੇਵਲ ਪ੍ਰੀਖਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ ਅਤੇ ਇਸ ਨੂੰ ਅਸਲ ਨਤੀਜਾ ਨਹੀਂ ਮੰਨਿਆ ਜਾ ਸਕਦਾ। ਅਸਲ ਨਤੀਜਾ ਕਾਰਡ ਬੋਰਡ ਵੱਲੋਂ ਵੱਖਰ ਤੌਰ 'ਤੇ ਜਾਰੀ ਕੀਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਨਸੀਹਤ ਕੀਤੀ ਜਾਂਦੀ ਹੈ ਕਿ ਉਹ ਠੀਕ ਜਾਣਕਾਰੀ ਲਈ ਬੋਰਡ ਵੱਲੋਂ ਜਾਰੀ ਨਤੀਜਾ ਕਾਰਡਾਂ 'ਤੇ ਹੀ ਨਿਰਭਰ ਕਰਨ।

ਚੰਡੀਗੜ੍ਹ, 18 ਫਰਵਰੀ -ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਅੱਜ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਹੁਸ਼ਿਆਰਪੁਰ ਤੋਂ ਫਗਵਾੜਾ ਅਤੇ ਹੁਸ਼ਿਆਰਪੁਰ ਤੋਂ ਹਿਮਾਚਲ ਪ੍ਰਦੇਸ਼ ਵਿਚ ਊਨਾ ਤੱਕ ਦੋ ਨਵੀਆਂ ਰੇਲ ਲਾਈਨਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸ੍ਰੀਮਤੀ ਸੋਨੀ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਹੁਸ਼ਿਆਰਪੁਰ ਇਲਾਕੇ ਦੇ ਲੋਕਾਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਦੋ ਨਵੀਆਂ ਰੇਲ ਲਾਈਨਾਂ ਦੀ ਤੁਰੰਤ ਲੋੜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਅਤੇ ਫਗਵਾੜਾ ਵਿਚਕਾਰ ਦੂਰੀ 50 ਕਿਲੋਮੀਟਰ ਤੋਂ ਵੀ ਘੱਟ ਹੈ ਅਤੇ ਦੋਵਾਂ ਸ਼ਹਿਰਾਂ ਵਿਚਕਾਰ ਰੇਲ ਸੰਪਰਕ ਨਾਲ ਸੰਘਣੀ ਵਸੋਂ ਵਾਲੇ ਇਨ੍ਹਾਂ ਇਲਾਕਿਆਂ ਨੂੰ ਭਾਰੀ ਲਾਭ ਮਿਲੇਗਾ। ਸ੍ਰੀਮਤੀ ਸੋਨੀ ਨੇ ਰੇਲਵੇ ਮੰਤਰੀ ਤੋਂ ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿਚਕਾਰ ਸਿੱਧੀ ਰੇਲ ਸੇਵਾ ਫਿਰ ਬਹਾਲ ਕਰਨ ਦੀ ਅਪੀਲ ਕੀਤੀ ਹੈ, ਜਿਹੜੀ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿਚਕਾਰ ਨਵੀਂ ਸੇਵਾ ਸ਼ੁਰੂ ਕਰਨ ਸਮੇਂ ਵਾਪਸ ਲੈ ਲਈ ਸੀ। ਉਨ੍ਹਾਂ ਜੰਮੂ-ਦਿੱਲੀ ਰੇਲ ਗੱਡੀ ਨਾਲ ਕੁਝ ਡੱਬੇ ਜੋੜਨ ਦੀ ਮੌਜੂਦਾ ਵਿਵਸਥਾ ਦੀ ਥਾਂ ਹੁਸ਼ਿਆਰਪੁਰ ਇਲਾਕੇ ਲਈ ਹੁਸ਼ਿਆਰਪੁਰ ਅਤੇ ਦਿੱਲੀ ਵਿਚਕਾਰ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਪਿਛਲੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਵੀ ਉਠਾਇਆ ਹੈ।

ਲੁਧਿਆਣਾ, 18 ਫਰਵਰੀ -ਸਥਾਨਕ ਫਿਰੋਜ਼ਗਾਂਧੀ ਮਾਰਕੀਟ ਸਥਿਤ ਮਾਰੂਤੀ ਕਾਰਾਂ ਦੇ ਡੀਲਰ ਸਵਾਨੀ ਮੋਟਰ ਦੇ ੇਮਾਲਕ ਤੋਂ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ 5 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਰਾਤ 9 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸ਼ੋਅਰੂਮ ਦੇ ਮਾਲਕ ਸ: ਗਗਨਦੀਪ ਸਿੰਘ ਸ਼ੋਅਰੂਮ ਬੰਦ ਕਰਕੇ ਬਾਹਰ ਨਿਕਲ ਰਹੇ ਸਨ। ਉਨ੍ਹਾਂ ਦੇ ਹੱਥ ਵਿਚ ਇਕ ਬੈਗ ਸੀ, ਜਿਸ 'ਚ 5 ਲੱਖ ਰੁਪਏ ਦੇ ਕਰੀਬ ਨਕਦੀ ਸੀ। ਅਜੇ ਉਹ ਸ਼ੋਅਰੂਮ ਤੋਂ ਬਾਹਰ ਨਿਕਲੇ ਹੀ ਸਨ ਕਿ ਦੋ ਮੋਟਰਸਾਈਕਲ ਸਵਾਰ ਹਥਿਆਰਬੰਦ ਨਕਾਬਪੋਸ਼ ਲੁਟੇਰੇ ਉਨ੍ਹਾਂ ਨਾਲ ਉਲਝ ਪਏ। ਨੇੜੇ ਖੜੇ ਸ਼ੋਅਰੂਮ ਦੇ ਸੁਰੱਖਿਆ ਮੁਲਾਜ਼ਮ ਨੇ ਵੀ ਜਦੋਂ ਇਸਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਤੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਗਗਨਦੀਪ ਸਿੰਘ ਨੇ ਉਥੋਂ ਲੰਘ ਰਹੀ ਇਕ ਇੰਡੀਕਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਲੁਟੇਰਿਆਂ ਦਾ ਪਿੱਛਾ ਕੀਤਾ, ਪਰ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ।

ਚੰਡੀਗੜ੍ਹ, 18 ਫਰਵਰੀ - ਚੰਡੀਗੜ੍ਹ ਦੇ ਸੈਕਟਰ 25 ਵਿਚ ਪੈਂਦੀ ਕਾਲੋਨੀ ਦੀਆਂ ਝੁੱਗੀਆਂ ਵਿਚ ਬੀਤੀ ਰਾਤ ਤੜਕੇ ਢਾਈ ਵਜੇ ਅਚਾਨਕ ਲੱਗੀ ਅੱਗ ਨਾਲ ਦੋ ਨੌਜਵਾਨਾਂ ਪ੍ਰਮੋਦ (18) ਅਤੇ ਸੁਨੀਲ (20) ਦੀ ਜਿਊਂਦਿਆਂ ਹੀ ਸੜ ਕੇ ਮੌਤ ਹੋ ਗਈ। ਮੌਕੇ 'ਤੇ ਪੁੱਜੇ ਅੱਗ ਬਝਾਊ ਅਮਲੇ ਦੀਆਂ ਗੱਡੀਆਂ ਨੇ ਕਾਫ਼ੀ ਕੋਸ਼ਿਸ਼ ਪਿੱਛੋਂ ਅੱਗ 'ਤੇ ਕਾਬੂ ਪਾਇਆ। ਪੁਲਿਸ ਅਨੁਸਾਰ ਠੰਢ ਕਾਰਨ ਇਹ ਝੁੱਗੀਆਂ ਵਾਲੇ ਅਕਸਰ ਹੀ ਅੱਗ ਸੇਕਣ ਲਈ ਲੱਕੜਾਂ ਆਦਿ ਬਾਲੀ ਰੱਖਦੇ ਹਨ। ਲੱਗਦਾ ਹੈ ਕਿ ਬੀਤੀ ਰਾਤ ਅਜਿਹੀ ਕੋਈ ਧੂਣੀ ਅਣਬੁਝੀ ਰਹਿ ਗਈ ਅਤੇ ਹਵਾ ਦੇ ਬੁੱਲ੍ਹੇ ਨਾਲ ਅੱਗ ਦੇ ਚੰਗਿਆੜੇ ਉੱਡ ਕੇ ਝੁੱਗੀਆਂ ਦੇ ਮੋਮੀ ਕੱਪੜਿਆਂ ਉੱਪਰ ਜਾ ਡਿੱਗੇ ਅਤੇ ਉਨ੍ਹਾਂ ਨੇ ਅੱਗ ਫੜ ਲਈ। ਉਕਤ ਨੌਜਵਾਨ ਉਸ ਵਕਤ ਝੁੱਗੀਆਂ ਅੰਦਰ ਘੂਕ ਸੁੱਤੇ ਪਏ ਸਨ ਕਿ ਇਕ ਦਮ ਅੱਗ ਫੈਲਣ ਨਾਲ ਧੂੰਆਂ ਭਰ ਗਿਆ ਅਤੇ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਲੱਗਦਾ ਹੈ ਕਿ ਸਾਹ ਘੁੱਟਣ ਨਾਲ ਪਹਿਲਾਂ ਉਹ ਬੇਹੋਸ਼ ਹੋਏ ਅਤੇ ਫਿਰ ਅੱਗ ਦੀ ਲਪੇਟ ਵਿਚ ਆ ਗਏ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਨ੍ਹਾਂ ਨੌਜਵਾਨਾਂ 'ਚੋਂ ਸੁਨੀਲ ਸਕੂਟਰ ਮਕੈਨਿਕ ਸੀ, ਜਦਕਿ ਪ੍ਰਮੋਦ ਮਜ਼ਦੂਰੀ ਕਰਦਾ ਸੀ। ਥਾਣਾ ਸੈਕਟਰ 11 ਦੇ ਮੁਖੀ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਹਰ ਕੋਣ ਤੋਂ ਜਾਂਚ ਕਰ ਰਹੇ ਹਨ। ਮੌਕੇ 'ਤੇ ਪੁੱਜੇ ਚੰਡੀਗੜ੍ਹ ਪ੍ਰਸ਼ਾਸਨ ਦੇ ਏ.ਡੀ.ਸੀ. ਸ੍ਰੀ ਮਹਾਂਵੀਰ ਕੌਸ਼ਿਕ ਨੇ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਹਮੀਰਪੁਰ, 18 ਫਰਵਰੀ -ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਮਾਜਵਾਦੀ ਪਾਰਟੀ ਵਿਚੋਂ ਕੱਢੇ ਗਏ ਆਗੂ ਅਮਰ ਸਿੰਘ ਅੱਜ ਹੈਲੀਕਾਪਟਰ ਹਾਦਸੇ ਵਿਚ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਅਮਰ ਸਿੰਘ ਨੇ ਅੱਜ ਬੁੰਦੇਲਖੰਡ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਉਥੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਤਰਨ ਦੀ ਆਗਿਆ ਨਹ ਦਿੱਤੀ ਗਈ। ਵਾਪਸ ਜਾਣ ਸਮੇਂ ਪਾਇਲਟ ਨੇ ਹਾਦਸੇ ਦੀ ਸੰਭਾਵਨਾ ਨੂੰ ਭਾਂਪਦਿਆਂ ਹੈਲੀਕਾਪਟਰ ਨੂੰ ਹੰਗਾਮੀ ਹਾਲਤ ਵਿਚ ਉਤਾਰ ਲਿਆ। ਹਾਦਸੇ ਦੇ ਡਰ ਕਾਰਨ ਘਬਰਾਏ ਅਮਰ ਸਿੰਘ ਨੇ ਤੁਰੰਤ ਹੈਲੀਕਾਪਟਰ ਦਾ ਦਰਵਾਜ਼ਾ ਖੋਲ੍ਹ ਕੇ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਮਰ 'ਤੇ ਕੁਝ ਸੱਟ ਵੀ ਲੱਗੀ। ਬਾਅਦ ਵਿਚ ਉਨ੍ਹਾਂ ਨੂੰ ਸੜਕੀ ਰਸਤੇ ਲਖਨਊ ਲਿਜਾਇਆ ਗਿਆ।

ਬੰਗਲੌਰ, 18 ਫਰਵਰੀ - ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਸਾਬਕਾ ਸਹਿਯੋਗੀ ਸ਼ਸ਼ੀਕਲਾ ਨਟਰਾਜਨ ਅੱਜ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ 'ਚ ਪੁੱਛਗਿੱਛ ਦੇ ਦੌਰਾਨ ਅਦਾਲਤ 'ਚ ਰੋ ਪਈ। ਇਸ ਮਾਮਲੇ 'ਚ ਜੈਲਲਿਤਾ ਵੀ ਦੋਸ਼ੀ ਹੈ। ਇਸ ਮਾਮਲੇ 'ਚ ਸ਼ਸ਼ੀਕਲਾ ਤੋਂ ਪਹਿਲੀ ਵਾਰ ਪੁੱਛਗਿੱਛ ਕੀਤੀ ਗਈ ਹੈ। ਸ਼ਸ਼ੀਕਲਾ ਨੇ ਦਾਅਵਾ ਕੀਤਾ ਕਿ ਜੈਲਲਿਤਾ ਦੀ ਇਸ ਮਾਮਲੇ 'ਚ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਅਦਾਲਤ 'ਚ ਕਿਹਾ ਕਿ ਜੈਲਲਿਤਾ ਹਿੱਸੇਦਾਰ ਤਾਂ ਜ਼ਰੂਰ ਸੀ, ਪਰ ਉਹ ਇਨ੍ਹਾਂ ਮਾਮਲਿਆਂ 'ਚ ਸ਼ਾਮਿਲ ਨਹੀਂ ਸੀ। ਜ਼ਿਕਰਯੋਗ ਹੈ ਕਿ ਜੈਲਲਿਤਾ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ 1991 ਤੋਂ 1996 ਦੇ ਦੌਰਾਨ ਕਥਿਤ ਰੂਪ 'ਚ 66 ਕਰੋੜ ਰੁਪਏ ਤੋਂ ਵੀ ਵੱਧ ਰਾਸ਼ੀ ਇਕੱਠੀ ਕਰਨ ਦਾ ਦੋਸ਼ ਹੈ। ਜੈਲਲਿਤਾ ਨੇ ਪਿਛਲੇ ਸਾਲ ਦਸੰਬਰ 'ਚ ਸ਼ਸ਼ੀਕਲਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਪਣੀ ਪਾਰਟੀ 'ਚੋਂ ਕੱਢ ਦਿੱਤਾ ਸੀ। ਸ਼ਸ਼ੀਕਲਾ ਦੇ ਪਤੀ ਐਮ. ਨਟਰਾਜਨ ਨੂੰ ਅੱਜ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਜੈਲਲਿਤਾ ਵੱਲੋਂ ਸ਼ਸ਼ੀਕਲਾ ਨੂੰ ਆਪਣੀ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਸ਼ਸ਼ੀਕਲਾ ਦਾ ਪਤੀ ਉਸ ਦੇ ਪਰਿਵਾਰ 'ਚੋਂ ਗ੍ਰਿਫ਼ਤਾਰ ਹੋਣ ਵਾਲਾ ਤੀਸਰਾ ਵਿਅਕਤੀ ਹੈ।
ਨਵੀਂ ਦਿੱਲੀ, 18 ਫਰਵਰੀ-ਇਟਲੀ ਨੇ 15 ਫਰਵਰੀ ਨੂੰ ਕੇਰਲਾ ਦੇ ਤੱਟ 'ਤੇ ਇਟਲੀ ਦੇ ਸਮੁੰਦਰੀ ਜਹਾਜ਼ ਦੇ ਅਮਲੇ ਵੱਲੋਂ ਚਲਾਈ ਗਈ ਗੋਲੀ ਨਾਲ 2 ਭਾਰਤੀ ਮਛੇਰਿਆਂ ਦੇ ਮਾਰੇ ਜਾਣ ਦੀ ਘਟਨਾ 'ਤੇ ਖਿਮਾ ਜਾਚਨਾ ਕੀਤੀ ਹੈ। ਇਟਲੀ ਦੇ ਵਿਦੇਸ਼ ਮੰਤਰੀ ਗਿਊਲੀਓ ਮਾਰੀਆ ਟੇਰਜ਼ੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਐੱਮ. ਕ੍ਰਿਸ਼ਨਾ ਨੂੰ ਫੋਨ ਕਰਕੇ ਇਸ ਘਟਨਾ ਲਈ ਮੁਆਫੀ ਮੰਗਦਿਆਂ ਆਖਿਆ ਕਿ ਦੋਵਾਂ ਦੇਸ਼ਾਂ ਨੂੰ ਮਿਲ ਕੇ ਅਜਿਹੀ ਨੀਤੀ ਬਣਾਉਣੀ ਚਾਹੀਦੀ ਹੈ, ਜਿਸ ਤਹਿਤ ਕਿਸੇ ਵੀ ਸ਼ੱਕ ਦਾ ਨਿਪਟਾਰਾ ਤੇ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾ ਸਕੇ। ਸ੍ਰੀ ਕ੍ਰਿਸ਼ਨਾ ਨੇ ਆਖਿਆ ਕਿ ਇਟਲੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਅਮਲਾ ਹਰ ਵੇਲੇ ਧਿਆਨ ਰੱਖੇ ਤਾਂ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਅਜਾਈਂ ਨਾ ਜਾਣ।

ਨਵੀਂ ਦਿੱਲੀ, 18 ਫਰਵਰੀ )-ਬੱਜਟ ਤੋਂ ਪਹਿਲਾਂ ਵਿੱਤ ਮੰਤਰੀ ਪ੍ਰਣਾਬ ਮੁਖਰਜੀ ਨੇ ਅੱਜ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁਬਾਰਾਓ ਅਤੇ ਸੇਬੀ ਦੇ ਚੇਅਰਮੈਨ ਯੂ. ਕੇ. ਸਿਨਹਾ ਸਮੇਤ ਵਿੱਤੀ ਖੇਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਪੂੰਜੀ ਨਿਵੇਸ਼ ਮਾਹੌਲ ਵਿਚ ਸੁਧਾਰ ਲਈ ਤਜਵੀਜ਼ਾਂ ਬਣਾਉਣ ਵਾਸਤੇ ਉਨ੍ਹਾਂ ਦੇ ਸੁਝਾਅ ਮੰਗੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਸੁਬਾਰਾਓ ਨੇ ਕਿਹਾ ਕਿ ਇਹ ਪੂਰਵ ਬੱਜਟ ਵਿੱਤੀ ਖੇਤਰ ਦੇ ਅਧਿਕਾਰੀਆਂ ਦੀ ਮੀਟਿੰਗ ਸੀ। ਵਿੱਤ ਮੰਤਰੀ ਨੇ ਸਾਰਿਆਂ ਦੇ ਸੁਝਾਅ ਸੁਣੇ ਹਨ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦੀ ਵੱਡੇ ਆਰਥਿਕ ਪ੍ਰਬੰਧ ਅਤੇ ਬੈਂਕਾਂ ਨੂੰ ਨਿਯਮਬੱਧ ਕਰਨ ਦੀ ਜ਼ਿੰਮੇਵਾਰੀ ਹੈ। ਅੱਜ ਦੀ ਗੱਲਬਾਤ ਦਾ ਆਉਣ ਵਾਲੇ ਬੱਜਟ 'ਤੇ ਪ੍ਰਭਾਵ ਪਵੇਗਾ। ਸ੍ਰੀ ਮੁਖਰਜੀ 16 ਮਾਰਚ ਨੂੰ 2012-13 ਵਿਤ ਵਰ੍ਹੇ ਦੀਆਂ ਬੱਜਟ ਤਜਵੀਜ਼ਾਂ ਲੋਕ ਸਭਾ 'ਚ ਪੇਸ਼ ਕਰਨਗੇ। ਵਿਤ ਮੰਤਰੀ ਵੱਲੋਂ ਨਿਵੇਸ਼ ਵਾਤਾਵਰਨ 'ਚ ਸੁਧਾਰ ਅਤੇ ਆਰਥਿਕ ਮੰਦਹਾਲੀ ਨੂੰ ਰੋਕਣ ਲਈ ਕਈ ਉਪਾਵਾਂ ਦਾ ਐਲਾਨ ਕਰਨ ਦੀ ਆਸ ਹੈ। ਮੌਜੂਦਾ ਵਿਤ ਵਰ੍ਹੇ ਲਈ ਆਰਥਿਕ ਵਿਕਾਸ ਦਰ ਦਾ ਅਨੁਮਾਨ 8.4 ਫ਼ੀਸਦੀ ਤੋਂ ਘਟਾ ਕੇ 6.9 ਫ਼ੀਸਦੀ ਕਰ ਦਿੱਤਾ ਗਿਆ ਹੈ।
ਮੁੰਬਈ, 18 ਫਰਵਰੀ - ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਨੇ ਅੱਜ ਕਿਹਾ ਕਿ ਮੁੰਬਈ ਅਤੇ ਠਾਣੇ ਦੇ ਨਿਗਮ ਚੋਣਾਂ ਦੇ ਨਤੀਜ਼ੀਆਂ ਨੇ ਵਿਖਾ ਦਿੱਤਾ ਹੈ ਕਿ ਸ਼ਹਿਰ ਨੂੰ ਮਹਾਂਰਾਸ਼ਟਰ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਸਿੱਧੇ ਤੌਰ 'ਤੇ ਆਪਣੇ ਭਤੀਜੇ ਅਤੇ ਰਾਜਨੀਤਕ ਵਿਰੋਧੀ ਰਾਜ ਠਾਕਰੇ ਬਾਰੇ ਕਿਹਾ ਕਿ ਉਨ੍ਹਾਂ ਨੂੰ ਘੇਰਨ ਲਈ ਉਨ੍ਹਾਂ ਦੇ ਘਰ ਅਤੇ ਬਾਹਰ ਦੋਨਾਂ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਗਈਆਂ। ਮੀਡੀਆ ਦੇ ਇੱਕ ਵਰਗ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਨੇਤਾਵਾਂ ਦੇ ਕਹਿਣ 'ਤੇ ਨਿਰਾਦਰੀ ਭਰੇ ਲੇਖ ਛਾਪ ਕੇ ਪਾਰਟੀ ਨੂੰ ਬਦਨਾਮ ਕੀਤਾ ਗਿਆ। ਮੁੰਬਈ ਅਤੇ ਠਾਣੇ ਨਗਰ ਨਿਗਮਾਂ ਤੋਂ ਕੇਸਰੀ ਝੰਡਾ ਹਟਾਉਣ 'ਚ ਕੋਈ ਸਫ਼ਲ ਨਹੀਂ ਰਿਹਾ।
ਬੈਰੂਤ, 18 ਫਰਵਰੀ -ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਨੇ ਅੱਜ ਦੋਸ਼ ਲਾਇਆ ਹੈ ਕਿ ਦੇਸ਼ ਵਿਚ ਪਿਛਲੇ 11 ਮਹੀਨਿਆਂ ਤੋਂ ਫੈਲੀ ਗੜਬੜ ਦੇਸ਼ ਨੂੰ ਵੰਡਣ ਦੀ ਚਾਲ ਹੈ। ਸੀਰੀਆ ਦੇ ਸਰਕਾਰੀ ਟੈਲੀਵੀਜ਼ਨ ਨੇ ਅਸਦ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਨੂੰ ਬੁਨਿਆਦੀ ਤੌਰ 'ਤੇ ਵੰਡਣ ਤੇ ਇਸ ਦੀ ਖਿੱਤੇ ਵਿਚਲੀ ਇਤਿਹਾਸਕ ਭੂਮਿਕਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਥੇ ਵਰਨਣਯੋਗ ਹੈ ਕਿ ਸੀਰੀਆ ਵਿਚ ਲੋਕਤੰਤਰ ਪੱਖੀ ਮੁਜ਼ਾਹਰਾਕਾਰੀਆਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਦ ਦਮਸਕਸ਼ ਵਿਚ ਚੀਨ ਦੇ ਉਪ ਵਿਦੇਸ਼ ਮੰਤਰੀ ਨਾਲ ਮੀਟਿੰਗ ਉਪਰੰਤ ਗੱਲਬਾਤ ਕਰ ਰਹੇ ਸਨ।

No comments:

Post a Comment