Sunday 19 February 2012

ਪੀ.ਟੀ. ਸੀ ਪੰਜਾਬੀ ਫ਼ਿਲਮ ਐਵਾਰਡ ਸਮਾਰੋਹ ਮੌਕੇ ਲੱਗੀਆਂ ਰੌਣਕਾਂ


ਚੰਡੀਗੜ੍ਹ.- 18 ਫਰਵਰੀ ૿ ਦੂਜਾ ਸਾਲਾਨਾ ਪੀ.ਟੀ.ਸੀ ਪੰਜਾਬੀ ਫਿਲਮ ਐਵਾਰਡ 2012 ਇੰਦਰਧਨੁਸ਼ ਆਡੀਟੋਰੀਅਮ ਪੰਚਕੂਲਾ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਇਸ ਦੇ ਨਾਲ ਹੀ ਇਥੇ ਧਰਮਿੰਦਰ, ਰਿਤੇਸ਼ ਦੇਸ਼ਮੁਖ, ਜੈਨੇਲੀਆ ਡਿਸੂਜਾ, ਅਲੀ ਜਫਰ, ਅਦਿਤੀ ਰਾਓ, ਤੁਸ਼ਾਰ ਕਪੂਰ, ਕੁਲਰਾਜ ਰੰਧਾਵਾ, ਅਨੁਪਮ ਖੇਰ, ਪ੍ਰੇਮ ਚੋਪੜਾ, ਅਨੀਤਾ ਰਾਜ ਤੇ ਕੁਲਭੂਸ਼ਨ ਖਰਬੰਦਾ ਨੇ ਪੇਸ਼ਕਾਰੀਆਂ ਦੇ ਕੇ ਦਰਸ਼ਕਾਂ ਨੂੰ ਝੂਮਣ ਲਾ ਦਿਤਾ। ਇਸ ਮੌਕੇ ਸੁਖਬੀਰ ਤੇ ਮਾਸਟਰ ਸਲੀਮ ਨੇ ਆਪਣੇ ਪ੍ਰਸਿਧ ਗੀਤਾਂ ਦੀ ਪੇਸ਼ਕਾਰੀ ਦਿੱਤੀ। ਅਦਾਕਾਰਾ ਨੀਰੂ ਬਾਜਵਾ ਤੇ ਸੁਰਵੀਨ ਚਾਵਲਾ ਨੇ ਵੀ ਆਪਣੇ ਨਾਚ ਦੇ ਜਲਵੇ ਦਿਖਾਏ। ਐਂਕਰਿੰਗ ਗੁਲਸ਼ਨ ਗਰੋਵਰ ਤੇ ਦਿਲਜੀਤ ਦੁਸਾਂਝ ਨੇ ਕੀਤੀ। ਇਸ ਮੌਕੇ ਸ਼ਾਮਿਲ ਹੋਰ ਪ੍ਰਮੁੱਖ ਸ਼ਖਸੀਅਤਾਂ 'ਚ ਗੋਲਡੀ ਬਹਿਲ, ਮਨਮੋਹਨ ਸਿੰਘ, ਆਰੀਆ ਬੱਬਰ, ਬਾਬੂ ਸਿੰਘ ਮਾਨ, ਜੈ ਦੇਵ, ਜਸਪਿੰਦਰ ਨਰੂਲਾ, ਦੀਪ ਢਿੱਲੋਂ, ਅਵਤਾਰ ਗਿੱਲ, ਟਿਊਲਿਪ ਜੋਸ਼ੀ, ਜਿੰਮੀ ਸ਼ੇਰਗਿਲ, ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਜਸਬੀਰ ਜੱਸੀ, ਟਿਸਕਾ ਚੋਪੜਾ, ਕਿੰਮੀ ਵਰਮਾ, ਗੁੱਗੂ ਗਿੱਲ, ਰਾਣਾ ਰਣਬੀਰ, ਜਸਪਾਲ ਭੱਟੀ, ਜਸਵਿੰਦਰ ਭੱਲਾ, ਯੋਗਰਾਜ ਸਿੰਘ, ਧੀਰਜ ਕੁਮਾਰ, ਸਤਿੰਦਰ ਸੱਤੀ ਆਦਿ ਸ਼ਾਮਲ ਸਨ। ਇਸ ਮੌਕੇ ਤਕਨੀਕ ਤੇ ਹੁਨਰ ਦੋਵਾਂ ਦਾ ਸਨਮਾਨ ਹੋਇਆ। ਧਰਮਿੰਦਰ ਅਤੇ ਯੋਗਰਾਜ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਦਿੱਤਾ ਗਿਆ। ਲਾਈਫਟਾਈਮ ਐਵਾਰਡ ਦੇ ਨਾਲ, ਚਿਰੰਜੀਵੀ ਸ਼ਖਸੀਅਤਾਂ ਅਤੇ ਅੱਜ ਦੀਆਂ ਨੌਜਵਾਨ ਸ਼ਖਸੀਅਤਾਂ ਦਾ ਇਸ ਮੌਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪੀਟੀਸੀ ਨੈਟਵਰਕ ਦੇ ਪ੍ਰਧਾਨ ਟ ਸ੍ਰੀ ਰਬਿੰਦਰ ਨਰਾਇਣ ਨੇ ਕਿਹਾ ਕਿ ਪੰਜਾਬੀਆਂ ਲਈ ਪੀਟੀਸੀ ਅੱਜ ਇਕ ਅਜਿਹਾ ਬਰਾਂਡ ਹੈ ਜੋ ਉਨ੍ਹਾਂ ਲਈ ਭਰੋਸੇ, ਮਾਣ, ਆਦਰ ਤੇ ਪੰਜਾਬੀਅਤ ਦਾ ਦੂਜਾ ਨਾਂਅ ਹੈ। ਇਸ ਮੌਕੇ ਰਾਜੀ ਐਮ ਸ਼ਿੰਦੇ, ਸੀ.ਓ.ਓ ਪੀਟੀਸੀ ਨੈਟਵਰਕ ਨੇ ਵੀ ਵਿਚਾਰ ਪੇਸ਼ ਕੀਤੇ।

ਜੋੜੀਆਂ ਤਾਂ ਉਪਰੋਂ ਹੀ ਬਣ ਕੇ ਆਉਂਦੀਆਂ ਨੇ-ਬਿਪਾਸ਼ਾ ਬਸੂ

ਚੰਡੀਗੜ੍ਹ. 18 ਫ਼ਰਵਰੀ ૿ ਜੋੜੀਆਂ ਤਾਂ ਉੱਪਰੋਂ ਹੀ ਬਣ ਕੇ ਆਉਂਦੀਆਂ ਹਨ, ਪਰ ਕਈਂ ਵਾਰ ਹੇਠਾਂ ਆ ਕੇ ਇਹ ਜੋੜੀਆਂ ਇਸ ਲਾਇਕ ਨਹੀਂ ਰਹਿੰਦੀਆਂ ਕਿ ਬਣੀਆਂ ਰਹਿਣ। ਇਸ ਲਈ ਅਜਿਹੀਆਂ ਜੋੜੀਆਂ ਨੂੰ ਤੋੜਨਾ ਹੀ ਬਿਹਤਰ ਹੈ। ਆਪਣੀ ਫ਼ਿਲਮ 'ਜੋੜੀ ਬਰੇਕਰ' ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਆਈ ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਸੂ ਨੇ ਚੰਡੀਗੜ੍ਹ ਦੇ ਇਕ ਹੋਟਲ 'ਚ ਪੱਤਰਕਾਰਾਂ ਦੇ ਰੂ-ਬ-ਰੂ ਉਕਤ ਗੱਲ ਕਹਿੰਦਿਆ ਦੱਸਿਆ ਕਿ ਉਸ ਦੀ ਆਉਣ ਵਾਲੀ ਨਵੀਂ ਫ਼ਿਲਮ ਦਾ ਵਿਸ਼ਾ ਵੀ ਇਹੋ ਹੀ ਹੈ। ਫ਼ਿਲਮ ਦੇ ਹੀਰੋ ਮਾਧਵਨ ਨਾਲ ਆਈ ਬਿਪਾਸ਼ਾ ਬਸੂ ਨੇ ਇਸ ਮੌਕੇ ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਕਿਹਾ ਕਿ ਅੱਜ ਕੱਲ ਦੀਆਂ ਲੜਕੀਆਂ ਵਾਂਗ ਜ਼ੀਰੋ ਫਿੱਗਰ ਬਣਾ ਕੇ ਮਰੀਅਲ ਜਿਹੇ ਦਿਸਣਾ ਉਸ ਨੂੰ ਬਿਲਕੁਲ ਪਸੰਦ ਨਹੀਂ। ਉਹ ਤਾਂ ਪੰਜਾਬਣਾ ਵਾਂਗ 60 ਕਿੱਲੋ ਵਜ਼ਨ ਬਰਕਰਾਰ ਰੱਖਦੀ ਆਈ ਹੈ ਅਤੇ ਅੱਗੇ ਵੀ ਰੱਖੇਗੀ, ਕਿਉਂਕਿ ਇਸੇ ਡੀਲ ਡੌਲ ਸਦਕਾ ਉਸ ਨੇ ਸਕੂਲ ਕਾਲਜ ਦੇ ਸਮੇਂ ਆਪਣਾ ਦਬਕਾ ਕਾਇਮ ਰੱਖਿਆ ਸੀ। ਇਸ ਮੌਕੇ ਅਭਿਨੇਤਾ ਓਮੀ ਵੈਦ ਵੀ ਉਨ੍ਹਾਂ ਦੇ ਨਾਲ ਸੀ, ਜੋ ਕਿ ਇਸ ਨਵੀਂ ਫ਼ਿਲਮ 'ਚ ਕਾਮੇਡੀ ਰੋਲ ਅਦਾ ਕਰ ਰਹੇ ਹਨ।

ਟਾਂਡਾ 'ਚ 20 ਹਜ਼ਾਰ ਦੀ ਨਕਦੀ ਤੇ ਸੋਨਾ ਲੁੱਟਿਆ

ਟਾਂਡਾ ਉੜਮੁੜ. 18 ਫਰਵਰੀ ૿ ਅੱਜ ਸ਼ਾਮ ਦਿਨ ਦਿਹਾੜੇ 3 ਅਣਪਛਾਤੇ ਲੁਟੇਰਿਆਂ ਨੇ ਕਥਿਤ ਤੌਰ 'ਤੇ ਪਿਸਤੌਲ ਦੀਆਂ ਗੋਲੀਆਂ ਨਾਲ ਸ਼ਹਿਰ ਅੰਦਰ ਪੈਂਦੀ ਇੱਕ ਮਨੀਚੇਂਜਰ ਦੀ ਦੁਕਾਨ ਵਿਚੋਂ ਮਾਲਕ ਤੇ ਉਸ ਦੇ ਸਾਥੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਕੇ ਨਗਦੀ ਤੇ ਸੋਨਾ ਲੁੱਟ ਕਰਕੇ ਫਰਾਰ ਹੋ ਗਏ।ਬਾਜ਼ਾਰ ਉੜਮੁੜ ਨਜ਼ਦੀਕ ਅੱਜ ਸ਼ਾਮ 3 ਹਥਿਆਰਬੰਦ ਲੁਟੇਰਿਆਂ ਨੇ ਬਾਲਾ ਜੀ ਟਰੈਵਲ ਏਜੰਸੀ 'ਤੇ ਧਾਵਾ ਬੋਲਦਿਆਂ ਕਾਤਲਾਨਾ ਹਮਲਾ ਕਰ ਦਿੱਤਾ। ਅੱਜ ਸ਼ਾਮ ਕਰੀਬ 6.30 ਵਜੇ ਮੋਟਰਸਾਈਕਲ 'ਤੇ ਸਵਾਰ ਲੁਟੇਰਿਆਂ ਨੇ ਇਸ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਇਸ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ 2 ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਉਪਰੰਤ ਉਨ੍ਹਾਂ 'ਤੇ ਗੋਲੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਲੁਟੇਰੇ ਏਜੰਸੀ ਦੇ ਮਾਲਕ ਰਵੀ ਲਖਨਪਾਲ ਪੁੱਤਰ ਪ੍ਰਮੋਦ ਲਖਨਪਾਲ ਅਤੇ ਉਸ ਦੇ ਦੋਸਤ ਪ੍ਰਯਾਗ ਸ਼ਰਮਾ ਪੁੱਤਰ ਨੰਦ ਕਿਸ਼ੋਰ ਦੋਵੇਂ ਵਾਸੀ ਉੜਮੁੜ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਲਿਆਂਦਾ ਗਿਆ। ਲੁਟੇਰੇ ਪ੍ਰਯਾਗ ਸ਼ਰਮਾ ਕੋਲੋਂ ਕਰੀਬ 20 ਹਜ਼ਾਰ ਨਕਦੀ ਅਤੇ ਰਵੀ ਕੋਲੋਂ ਸੋਨੇ ਦੀਆਂ ਤਿੰਨ ਮੁੰਦਰੀਆਂ ਖੋਹ ਕੇ ਬਾਜ਼ਾਰ ਵਿਚੋਂ ਸ਼ਰ੍ਹੇਆਮ ਗੋਲੀਆਂ ਚਲਾਉਂਦੇ ਰਫ਼ੂ ਚੱਕਰ ਹੋ ਗਏ। ਇਸ ਸਬੰਧੀ ਸਥਾਨਿਕ ਪੁਲਿਸ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਚੱਲੀਆਂ ਗੋਲੀਆਂ ਦੇ ਖੋਲ੍ਹ ਅਤੇ ਤਿੰਨ ਅਣ ਚੱਲੀਆਂ ਗੋਲੀਆਂ ਕਬਜ਼ੇ ਵਿਚ ਲੈ ਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਐਸ.ਐਸ.ਪੀ. ਹੁਸ਼ਿਆਰਪੁਰ ਬਲਕਾਰ ਸਿੰਘ ਸਿੱਧੂ, ਐਸ.ਪੀ.ਡੀ. ਜਗਮੋਹਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਨਿਰੀਖਣ ਕੀਤਾ ਅਤੇ ਲੁਟੇਰਿਆਂ ਵੱਲੋਂ ਵਰਤੀ ਗਈ ਪਿਸਟਲ ਦੇ ਕਈ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ।

No comments:

Post a Comment