1994 'ਚ ਹੋਏ 2 ਫਰਜ਼ੀ ਪੁਲਿਸ ਮੁਕਾਬਲਿਆਂ ਦਾ ਖੁਲਾਸਾ
ਚੰਡੀਗੜ੍ਹ ਪ੍ਰੈਸ ਕਲੱਬ ਵਿਚ ਜਾਣਕਾਰੀ ਦਿੰਦੇ ਹੋਏ ਕਰਨਲ ਜੀ. ਐੱਸ. ਸੰਧੂ (ਸੇਵਾ ਮੁਕਤ)
ਅਤੇ ਦਲਬੀਰ ਕੌਰ। -
ਚੰਡੀਗੜ੍ਹ, 27 ਫਰਵਰੀ - ਪੰਜਾਬ ਵਿਚ 1994 'ਚ ਦੋ ਖਾੜਕੂਆਂ ਨੂੰ ਮਰਿਆ ਵਿਖਾਉਣ ਲਈ ਅਤੇ ਉਨ੍ਹਾਂ ਖਾੜਕੂਆਂ ਤੇ ਸਰਕਾਰ ਵੱਲੋਂ ਰੱਖਿਆ ਗਿਆ ਲੱਖਾਂ ਰੁਪਏ ਇਨਾਮ ਹਾਸਿਲ ਕਰਨ ਲਈ ਸੂਬਾ ਪੁਲਿਸ ਨੇ ਗੁਰਦਾਸਪੁਰ ਅਤੇ ਤਰਨਤਾਰਨ ਦੇ 2 ਬੇਗੁਨਾਹ ਨੌਜਵਾਨ ਹੀ ਮਾਰ ਦਿੱਤੇ। ਇਨ੍ਹਾਂ 2 ਨੌਜਵਾਨਾਂ 'ਚੋਂ ਇਕ ਗੁਰਦਾਸਪੁਰ ਦੇ ਕਾਲਾ ਅਫਗਾਨਾ ਪਿੰਡ ਦਾ ਰਹਿਣ ਵਾਲਾ ਸੁਖਪਾਲ ਸਿੰਘ (26) ਸੀ। ਇਸ ਨੌਜਵਾਨ ਨੂੰ ਪੁਲਿਸ ਨੇ ਅਗਸਤ 1994 ਵਿਚ ਰੋਪੜ ਜਿਲ੍ਹੇ 'ਚ ਫਰਜ਼ੀ ਮੁਠਭੇੜ ਦੌਰਾਨ ਮਾਰਿਆ। ਨੌਜਵਾਨ ਨੂੰ ਮਾਰੇ ਜਾਣ ਤੋਂ 3-4 ਦਿਨ ਮਗਰੋਂ ਖ਼ਬਰ ਫੈਲ ਗਈ ਕਿ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਨਾਮ ਦਾ ਖਾੜਕੂ ਪੁਲਿਸ ਨੇ ਰੋਪੜ ਵਿਖੇ ਹੋਈ ਮੁਠਭੇੜ ਵਿਚ ਮਾਰ ਦਿੱਤਾ ਹੈ। ਉਪਰੋਕਤ ਜਾਣਕਾਰੀਆਂ ਦਿੰਦਿਆਂ ਉਸ ਮਾਰੇ ਗਏ ਨੌਜਵਾਨ ਦੀ ਪਤਨੀ ਬੀਬੀ ਦਲਬੀਰ ਕੌਰ (ਹੁਣ ਮ੍ਰਿਤਕ ਨੌਜਵਾਨ ਦੇ ਭਰਾ ਦੀ ਪਤਨੀ) ਅਤੇ ਮਾਝਾ ਐਕਸ ਸਰਵਿਸਮੈੱਨ ਮਨੁੱਖੀ ਅਧਿਕਾਰ ਫਰੰਟ ਦੇ ਚੇਅਰਮੈਨ ਕਰਨਲ ਜੀ. ਐੱਸ. ਸੰਧੂ (ਸੇਵਾਮੁਕਤ) ਨੇ ਦੱਸਿਆ ਕਿ 13 ਅਗਸਤ 1994 ਨੂੰ ਅਵਤਾਰ ਸਿੰਘ ਤਾਰੀ ਨਾਮ ਦਾ ਵਿਅਕਤੀ ਜੋ ਪਟਿਆਲੇ ਜਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪੁਲਿਸ ਕੈਟ ਸੀ, ਪਿੰਡ ਕਾਲਾ ਅਫਗਾਨਾ ਆਇਆ। ਦਲਬੀਰ ਕੌਰ ਅਨੁਸਾਰ ਅਵਤਾਰ ਸਿੰਘ ਤਾਰੀ ਉਸ ਦੇ ਪਤੀ ਦਾ ਵਾਕਿਫ ਸੀ, ਜੋ ਕਿ 3-4 ਪੁਲਿਸ ਮੁਲਾਜ਼ਮਾਂ ਨਾਲ ਚਿੱਟੀ ਮਾਰੂਤੀ ਕਾਰ ਵਿਚ ਆਇਆ ਸੀ ਅਤੇ ਉਹ ਸਾਰੇ ਉਸ ਦੇ ਪਤੀ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਹ ਮਜੀਠਾ ਪੁਲਿਸ ਵਿਚ ਕਿਸੇ ਤਫਤੀਸ਼ ਲਈ ਲੋੜੀਂਦਾ ਹੈ ਅਤੇ ਉਸ ਨੂੰ ਪੁੱਛਗਿੱਛ ਕਰ ਕੇ ਅਗਲੇ ਦਿਨ ਛੱਡ ਦਿਆਂਗੇ। ਦਲੀਬਰ ਕੌਰ ਅਨੁਸਾਰ ਉਸ ਦਾ ਪਤੀ ਅਗਲੇ ਦਿਨ ਘਰ ਵਾਪਿਸ ਨਹੀਂ ਆਇਆ। ਉਨ੍ਹਾਂ ਦੱਸਆ ਕਿ ਕੁੱਝ ਦਿਨ ਬਾਅਦ ਅਖਬਾਰਾਂ ਰਾਹੀਂ ਖਬਰ ਫੈਲ ਗਈ ਕਿ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ, ਜੋ ਬਹੁਤ ਵੱਡਾ ਅੱਤਵਾਦੀ ਸੀ ਪੁਲਿਸ ਨੇ ਮੁਠਭੇੜ ਵਿਚ ਮਾਰ ਦਿੱਤਾ ਹੈ। ਦਲਬੀਰ ਕੌਰ ਅਨੁਸਾਰ ਕੁੱਝ ਦਿਨ ਬੀਤ ਜਾਣ 'ਤੇ ਜਦ ਉਸ ਦਾ ਪਤੀ ਸੁਖਪਾਲ ਸਿੰਘ ਘਰ ਨਹੀਂ ਆਇਆ ਤਾਂ ਉਹ ਅਵਤਾਰ ਸਿੰਘ ਤਾਰੀ ਦੇ ਪਿੰਡ ਗਏ ਅਤੇ ਸੁਖਪਾਲ ਸਿੰਘ ਬਾਰੇ ਪੁੱਛਿਆ ਤਾਂ ਤਾਰੀ ਨੇ ਉਨ੍ਹਾਂ ਨੂੰ ਦੱਸਿਆ ਕਿਸੇ ਅਫਸਰ ਦੇ ਕਹਿਣ ਤੇ ਉਸ ਨੂੰ ਕਿਸੇ ਕੰਮ ਭੇਜਿਆ ਹੈ ਅਤੇ ਕੁੱਝ ਦਿਨਾਂ ਵਿਚ ਹੀ ਉਹ ਵਾਪਿਸ ਆ ਜਾਵੇਗਾ। ਉਸ ਤੋਂ ਬਾਅਦ ਸੁਖਪਾਲ ਸਿੰਘ ਦੇ ਪਰਿਵਾਰ ਨੇ ਮਜੀਠਾ ਪੁਲਿਸ ਤੋਂ ਵੀ ਪਤਾ ਕੀਤਾ ਪਰ ਕੁੱਝ ਪਤਾ ਨਾ ਲੱਗਾ। ਦਲਬੀਰ ਕੌਰ ਅਨੁਸਾਰ ਕਈ ਸਾਲਾਂ ਬਾਅਦ ਅਸੀਂ ਅਖਬਾਰਾਂ ਵਿਚ ਪੜ੍ਹਿਆ ਕਿ ਗੁਰਨਾਮ ਸਿੰਘ ਬੁੰਡਾਲਾ (ਜਿਸ ਦੇ ਨਾਂਅ ਤੇ ਸੁਖਪਾਲ ਸਿੰਘ ਨੂੰ ਮਾਰਿਆ ਗਿਆ ਸੀ), ਜਿਊਂਦਾ ਫੜਿਆ ਗਿਆ ਹੈ ਅਤੇ ਜੇਲ੍ਹ ਵਿਚ ਹੈ। ਦਲਬੀਰ ਕੌਰ ਨੇ ਦੱਸਿਆ ਕਿ ਮੇਰੀ ਸੱਸ ਗੁਰਬਚਨ ਕੌਰ ਉਸ ਨੂੰ ਜੇਲ੍ਹ ਵਿਚ ਜਾ ਕੇ ਮਿਲੀ ਤਾਂ ਉਸ ਨੇ ਦੱਸਆ ਕਿ ਸੁਖਪਾਲ ਸਿੰਘ ਨੂੰ ਉਸ ਦੀ ਥਾਂ ਰੋਪੜ 'ਚ ਫਰਜ਼ੀ ਮੁਠਭੇੜ ਵਿਚ ਮਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਗੁਰਨਾਮ ਸਿੰਘ ਬੁੰਡਾਲਾ ਇਸ ਵੇਲੇ ਪਿੰਡ ਗੁਮਟਾਲਾ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ। ਕਰਨਲ ਸੰਧੂ ਨੇ ਦੱਸਿਆ ਕਿ ਉਪਰੋਕਤ ਪੁਲਿਸ ਕੈਟ ਅਵਤਾਰ ਸਿੰਘ ਤਾਰੀ, ਜੋ ਅਫੀਮ ਫੜੇ ਜਾਣ ਦੇ ਕੇਸ ਵਿਚ ਇਸ ਵੇਲੇ ਕੇਂਦਰੀ ਜੇਲ੍ਹ ਲੁਧਿਆਣਾ 'ਚ ਹੈ, ਉਹ ਸਾਲ 2007 ਵਿਚ ਇਹ ਬੋਲਿਆ ਸੀ ਕਿ ਸੂਬਾ ਪੁਲਿਸ ਵੱਲੋਂ ਸਾਨੂੰ ਪੁਲਿਸ ਦੀ ਵਰਦੀ ਪਵਾ ਕੇ ਨਕਲੀ ਮੁਠਭੇੜਾਂ ਲਈ ਵਰਤਿਆ ਜਾਂਦਾ ਸੀ ਅਤੇ ਹਥਿਆਰਾਂ ਦੀ ਸਮਗਲਿੰਗ ਕਰਵਾਈ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਨਾਗੋਕੇ ਪਿੰਡ ਜਿਲ੍ਹਾ ਤਰਨਤਾਰਨ ਦੇ ਵੀ ਕਿੰਦਰ ਸਿੰਘ ਨਾਮ ਦੇ ਬੇਗੁਨਾਹ ਨੌਜਵਾਨ ਨੂੰ ਪੁਲਿਸ ਨੇ ਫਰਜ਼ੀ ਮੁਠਭੇੜ ਵਿਚ ਮਾਰ ਦਿੱਤਾ ਸੀ ਅਤੇ ਇਹ ਕਹਿ ਦਿੱਤਾ ਸੀ ਕਿ ਖਾੜਕੂ ਹਰਚਰਨ ਸਿੰਘ ਉਰਫ ਗਿਆਨੀ ਮਾਰਿਆ ਗਿਆ ਹੈ, ਗਿਆਨੀ 'ਤੇ 5 ਲੱਖ ਰੁਪਏ ਦਾ ਇਨਾਮ ਸੀ। ਕਿੰਦਰ ਸਿੰਘ ਇਕ ਟਰੱਕ ਡਰਾਈਵਰ ਸੀ ਜਿਸ ਨੂੰ ਪੁਲਿਸ ਟੀਮ ਨੇ ਮੱਧ ਪ੍ਰਦੇਸ਼ ਵਿਚ ਜਾ ਕੇ ਮਾਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਪਰੋਕਤ ਹਰਚਰਨ ਸਿੰਘ ਉਰਫ ਗਿਆਨੀ ਇਸ ਵੇਲੇ ਛੱਜਲਵਿੱਡੀ ਵਿਖੇ ਰਹਿ ਰਿਹਾ ਹੈ। ਕਰਨਲ ਸੰਧੂ ਨੇ ਕਿਹਾ ਕਿ ਉਹ ਇਹ ਮਸਲਾ ਹਾਈਕੋਰਟ ਵਿਚ ਲਿਜਾ ਕੇ ਸੀ.ਬੀ.ਆਈ ਜਾਂਚ ਦੀ ਮੰਗ ਕਰਨਗੇ। ਇਸ ਮੌਕੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਵੀ ਮੌਜੂਦ ਸਨ।
No comments:
Post a Comment