Tuesday, 28 February 2012


ਬੱਚਿਆਂ ਨੂੰ ਜਾਮ-ਏ-ਇੰਸਾਂ ਪਿਲਾਉਣ ਸਬੰਧੀ ਕੋਈ
ਵੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ!

ਸਰਕਾਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਅੱਗੇ ਪਹਿਰਾ ਦੇ ਰਹੇ ਪੰਜਾਬ ਪੁਲਿਸ ਦੇ ਜਵਾਨ ਅਤੇ ਪਿੰਡ ਸਾਹਨੇਵਾਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੱਚੇ ਤੇ ਉਨ੍ਹਾਂ ਦੇ ਮਾਪੇ।
 ਤਸਵੀਰਾਂ
ਥਾਣਾ ਝੁਨੀਰ ਅੱਗੇ ਪ੍ਰਿੰਸੀਪਲ ਖ਼ਿਲਾਫ਼ ਦਿੱਤੀ ਸ਼ਿਕਾਇਤ ਦੀ ਕਾਪੀ ਦਿਖਾਉਂਦੇ ਹੋਏ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਤੇ ਹੋਰ ਸਿੱਖ ਸੰਗਤਾਂ।
ਮਾਨਸਾ, 27 ਫਰਵਰੀ -ਸਰਕਾਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਸਾਹਨੇਵਾਲੀ ਦੇ ਬੱਚਿਆਂ ਨੂੰ ਟੂਰ ਦੌਰਾਨ ਡੇਰਾ ਸਿਰਸਾ ਵਿਖੇ ਜਾਮ -ਏ -ਇੰਸਾਂ ਪਿਲਾਉਣ ਅਤੇ ਉਨ੍ਹਾਂ ਦੇ ਗਲ਼ਾਂ ਵਿਚ ਲਾਕਟ ਪਾਉਣ ਦੇ ਮਾਮਲੇ ਸਬੰਧੀ ਮਾਪੇ ਅਤੇ ਇਲਾਕੇ ਦੇ ਲੋਕ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਜਦਕਿ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਹੈ, ਨੇ ਪ੍ਰਿੰਸੀਪਲ ਤੇ ਸਬੰਧਿਤ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੀ 19 ਫਰਵਰੀ ਨੂੰ ਘਟੀ ਇਸ ਘਟਨਾ ਨੂੰ ਲੈ ਕੇ ਸਿੱਖ ਮਾਪੇ ਅਤੇ ਪਿੰਡਾਂ ਦੇ ਲੋਕ ਹੈਰਾਨ ਪ੍ਰੇਸ਼ਾਨ ਹਨ। ਆਦਰਸ਼ ਸਕੂਲ ਜੋ ਬੱਸ ਅੱਡਾ ਝੁਨੀਰ ਦੇ ਕੋਲ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਹੈ, ਵਿਚ ਅੱਜ ਬੱਚਿਆਂ ਦੀ ਪੜ੍ਹਾਈ ਪੁਲਿਸ ਦੇ ਪਹਿਰੇ ਹੇਠ ਹੋਈ ਜਦਕਿ ਪ੍ਰਿੰਸੀਪਲ ਸੁਨੀਤਾ ਤਨੇਜਾ ਛੁੱਟੀ 'ਤੇ ਸਨ। 'ਅਜੀਤ' ਵੱਲੋਂ ਝੁਨੀਰ, ਸਾਹਨੇਵਾਲੀ ਅਤੇ ਹੋਰ ਪਿੰਡਾਂ ਵਿਚ ਮਾਪਿਆਂ ਤੇ ਮੋਹਤਬਰਾਂ ਨਾਲ ਗੱਲ ਕੀਤੀ ਪਰ ਕਿਸੇ ਨੇ ਵੀ ਖੁੱਲ੍ਹ ਕੇ ਗੱਲ ਕਰਨ ਦਾ ਹੀਆਂ ਨਹੀਂ ਕੀਤਾ। ਪਿੰਡ ਸਾਹਨੇਵਾਲੀ ਵਿਖੇ ਗੁਰਜੀਤ ਸਿੰਘ ਜਿਸ ਦੀ ਲੜਕੀ ਰਾਜਵੀਰ ਕੌਰ ਤੀਜੀ ਜਮਾਤ ਵਿਚ ਪੜ੍ਹਦੀ ਹੈ ਅਤੇ ਅਵਤਾਰ ਸਿੰਘ ਜਿਸ ਦਾ ਲੜਕਾ ਇੱਕਬਾਲ ਸਿੰਘ ਜੋ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ, ਨੇ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦਾ ਇਸ ਵਿਚ ਕੋਈ ਕਸੂਰ ਨਹੀਂ ਪਰ ਇੱਕ ਡੇਰਾ ਪ੍ਰੇਮੀ ਰਾਜ ਕੁਮਾਰ ਬਰੇਟਾ ਜੋ ਝੁਨੀਰ ਵਿਖੇ ਪਰਚੂਨ ਦੀ ਦੁਕਾਨ ਕਰਦਾ ਹੈ, ਬੱਚਿਆਂ ਨੂੰ ਪ੍ਰੇਰ ਕੇ ਡੇਰਾ ਸਿਰਸਾ ਵਿਖੇ ਲੈ ਕੇ ਗਿਆ ਸੀ, ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ। ਕੁੱਝ ਹੋਰ ਲੋਕਾਂ ਨੇ ਵੀ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਡੇਰਾ ਪ੍ਰੇਮੀ ਤੇ ਹੋਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਬੱਚਿਆਂ ਨੂੰ ਸਿਰਸਾ ਲਿਆ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਨ ਦੀ ਵੱਡੀ ਗ਼ਲਤੀ ਕੀਤੀ ਹੈ। ਰਾਜਵੀਰ ਕੌਰ, ਸੁਖਪ੍ਰੀਤ ਕੌਰ ਅਤੇ ਇਕਬਾਲ ਸਿੰਘ ਨੇ ਦੱਸਿਆ ਕਿ ਟੂਰ ਦੌਰਾਨ 49 ਬੱਚਿਆਂ ਦੇ ਨਾਲ ਉਨ੍ਹਾਂ ਨੂੰ ਵੀ ਡੇਰਾ ਸਿਰਸਾ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਜਾਮ-ਏ-ਇੰਸਾਂ ਪਿਲਾਉਣ ਤੇ ਲਾਕਟ ਪਾਉਣ ਦੀ ਗੱਲ ਕਹੀ ਗਈ ਪਰ ਉਨ੍ਹਾਂ ਨਾ ਜਾਮ ਪੀਤਾ ਤੇ ਨਾ ਹੀ ਲਾਕਟ ਪਹਿਨਿਆ। ਮਨਪ੍ਰੀਤ ਸਿੰਘ ਝੁਨੀਰ ਜੋ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਦਾ ਛੇਵੀਂ ਜਮਾਤ ਦਾ ਵਿਦਿਆਰਥੀ ਹੈ, ਨੇ ਵੀ ਟੂਰ ਦੀ ਗੱਲ ਮੰਨੀ ਅਤੇ ਉਸ ਨੇ ਅੱਜ ਵੀ ਆਪਣੇ ਗਲ ਵਿਚ ਪਾਇਆ ਲਾਕਟ ਦਿਖਾਇਆ। ਸਾਹਨੇਵਾਲੀ ਦੇ ਪੰਚ ਗੁਰਸੇਵਕ ਸਿੰਘ, ਗੁਲਾਬ ਸਿੰਘ, ਕੁਲਵੰਤ ਸਿੰਘ ਨੇ ਦੋਸ਼ ਲਗਾਇਆ ਕਿ ਕੁੱਝ ਲੋਕ ਪਿਛਲੇ ਸਾਲ ਇਸ ਪਿੰਡ ਵਿਚ ਖੁੱਲ੍ਹੇ ਆਦਰਸ਼ ਸਕੂਲ, ਜਿਸ ਦੀ ਇਮਾਰਤ ਲਗਭਗ ਮੁਕੰਮਲ ਹੈ ਤੇ ਇਸ ਸੈਸ਼ਨ ਤੋਂ ਇਥੇ ਪੜ੍ਹਾਈ ਸ਼ੁਰੂ ਹੋਣੀ ਹੈ, ਨੂੰ ਸਾਜ਼ਿਸ਼ ਤਹਿਤ ਬੰਦ ਕਰਵਾਉਣ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਛੇਤੀ ਹੱਲ ਹੋ ਜਾਣਾ ਚਾਹੀਦਾ ਹੈ ਤਾਂ ਕਿ ਪੇਪਰਾਂ ਦੇ ਦਿਨਾਂ ਵਿਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਦੂਸਰੇ ਪਾਸੇ ਬਾਬਾ ਹਰਦੀਪ ਸਿੰਘ ਚਾਂਦਪੁਰਾ ਮੁੱਖ ਸੇਵਾਦਾਰ ਪੰਥਕ ਸੇਵਾ ਲਹਿਰ (ਦਾਦੂਵਾਲ) ਨੇ ਅੱਜ ਸਿੱਖ ਸੰਗਤਾਂ ਸਮੇਤ ਥਾਣਾ ਝੁਨੀਰ ਵਿਖੇ ਪਹੁੰਚ ਕੇ ਲਿਖਤੀ ਸ਼ਿਕਾਇਤ ਕੀਤੀ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਅਤੇ 49 ਬੱਚਿਆਂ ਨੂੰ ਗੈਰ ਸਟਾਫ਼ ਦੇ ਹਵਾਲੇ ਕਰਨ ਵਾਲੀ ਪ੍ਰਿੰਸੀਪਲ ਖ਼ਿਲਾਫ਼ ਬਣਦੀ ਧਾਰਾ ਅਨੁਸਾਰ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਤੋਂ ਹੀ ਹੋਰ ਕਥਿਤ ਦੋਸ਼ੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾਵੇ। ਵਫ਼ਦ ਵਿਚ ਬਲਵਿੰਦਰ ਸਿੰਘ, ਚਰਨਜੀਤ ਸਿੰਘ, ਪਿਆਰਾ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਸਿੰਘ, ਮਨਮੋਹਨ ਸਿੰਘ ਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਵੀ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਅਤੇ ਘਟਨਾ ਪਿੱਛੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਨੰਗਾ ਕੀਤਾ ਜਾਵੇ। ਸ੍ਰੀ ਸੀ. ਐਸ. ਤਲਵਾੜ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਪ੍ਰਸ਼ਾਸਨ ਕੋਲ ਅਜੇ ਤੱਕ ਕਿਸੇ ਵੀ ਬੱਚੇ ਦੇ ਮਾਪਿਆਂ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ ਇਸ ਲਈ ਉਹ ਕੋਈ ਵੀ ਕਾਰਵਾਈ ਕਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਆਪਣੇ ਤੌਰ 'ਤੇ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ। ਸ੍ਰੀ ਪ੍ਰਦੀਪ ਕੁਮਾਰ ਯਾਦਵ ਐਸ. ਐਸ. ਪੀ. ਮਾਨਸਾ ਨੇ ਕਿਹਾ ਕਿ ਥਾਣਾ ਝੁਨੀਰ ਕੋਲ ਇੱਕ ਸਿੱਖ ਜਥੇਬੰਦੀ ਦੀ ਪ੍ਰਿੰਸੀਪਲ ਖ਼ਿਲਾਫ਼ ਸ਼ਿਕਾਇਤ ਪਹੁੰਚ ਗਈ ਹੈ। ਉਹ ਇਸ ਮਾਮਲੇ ਦੀ ਪੜਤਾਲ ਕਰਵਾ ਰਹੇ ਹਨ। ਡੇਰਾ ਪੈਰੋਕਾਰ ਰਾਜ ਕੁਮਾਰ ਬਰੇਟਾ ਨੇ ਕਿਹਾ ਕਿ ਉਹ ਮਾਪਿਆਂ ਦੀ ਸਹਿਮਤੀ ਨਾਲ ਬੱਚਿਆਂ ਨੂੰ ਡੇਰਾ ਸਿਰਸਾ ਵਿਖੇ ਲੈ ਕੇ ਗਏ ਸਨ ਪਰ ਉੱਥੇ ਕਿਸੇ ਵੀ ਬੱਚੇ ਨੂੰ ਜਾਮ-ਏ-ਇੰਸਾਂ ਨਹੀਂ ਪਿਲਾਇਆ ਗਿਆ ਅਤੇ ਨਾ ਹੀ ਲਾਕਟ ਪਹਿਨਾਏ ਗਏ ਹਨ। ਹਰਕੰਵਲਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੇ ਕਿਹਾ ਕਿ ਉਹ 28 ਫਰਵਰੀ ਨੂੰ ਕੋਆਰਡੀਨੇਟਰ ਨੂੰ ਭੇਜ ਕੇ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ। ਅੱਜ ਪ੍ਰਿੰਸੀਪਲ ਦੇ ਤਬਾਦਲੇ ਦੀ ਅਫ਼ਵਾਹ ਵੀ ਜ਼ੋਰਾਂ 'ਤੇ ਰਹੀ। ਪ੍ਰਿੰਸੀਪਲ ਨਾਲ ਫੋਨ'ਤੇ ਵਾਰ-ਵਾਰ ਗੱਲ ਕਰਨ ਦੀ ਕੋਸ਼ਿਸ਼ ਅਸਫ਼ਲ ਰਹੀ। ਮਹੱਤਵਪੂਰਨ ਗੱਲ ਇਹ ਹੈ ਕਿ ਕੁਝ ਲੋਕ ਇਸ ਘਟਨਾ ਨੂੰ ਰਾਜਨੀਤੀ ਨਾਲ ਜੋੜ ਕੇ ਦੇਖ ਰਹੇ ਹਨ।

ਕਾਰਵਾਈ ਨਾ ਹੋਈ ਤਾਂ ਪ੍ਰਦਰਸ਼ਨ ਕਰਾਂਗੇ-ਸੰਤ ਦਾਦੂਵਾਲ
ਮਾਨਸਾ, 27 ਫਰਵਰੀ -ਸਿੱਖ ਧਰਮ ਦੇ ਉੱਘੇ ਪ੍ਰਚਾਰਕ ਤੇ ਪੰਥਕ ਸੇਵਾ ਲਹਿਰ ਦੇ ਚੇਅਰਮੈਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਝੁਨੀਰ ਨੇੜੇ ਆਦਰਸ਼ ਸਕੂਲ 'ਚ ਸਿੱਖ ਬੱਚਿਆਂ ਨੂੰ ਡੇਰਾ ਸਿਰਸਾ ਵਿਖੇ ਜਾਮ-ਏ-ਇੰਸਾਂ ਪਿਲਾਉਣ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਸਪੱਸ਼ਟ ਕਿਹਾ ਕਿ ਜੇੱਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤਾ ਤਾਂ ਪੰਥਕ ਸੇਵਾ ਲਹਿਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲੇ ਦਿਨਾਂ ਵਿਚ ਕਸਬਾ ਝੁਨੀਰ ਵਿਖੇ ਸਖ਼ਤ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਆਦਰਸ਼ ਸਕੂਲ ਦੀ ਇੱਕ ਪ੍ਰਿੰਸੀਪਲ ਦੀ ਸਹਿਮਤੀ ਨਾਲ ਸਿੱਖ ਬੱਚਿਆਂ ਨੂੰ ਪੰਥ 'ਚੋਂ ਛੇਕੇ ਡੇਰਾ ਸਿਰਸਾ ਦੇ ਮੁਖੀ ਦੀ ਸਾਜ਼ਿਸ਼ ਅਧੀਨ ਜਾਮ-ਏ-ਇੰਸਾਂ ਪਿਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਿੰਸੀਪਲ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਧਰਮ ਤਬਦੀਲ ਕਰਨ ਖ਼ਿਲਾਫ਼ ਪਰਚਾ ਦਰਜ ਕਰਨਾ ਚਾਹੀਦਾ ਹੈ ਉੱਥੇ ਇਸ ਕਾਂਡ ਵਿਚ ਸ਼ਾਮਿਲ ਡੇਰੇ ਦੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਪੰਜਾਬੀ ਗਾਇਕੀ ਦੇ ਰੰਗਾਂ ਨਾਲ ਅੱਠਵਾਂ ਵਿਰਾਸਤੀ ਮੇਲਾ ਸਮਾਪਤ

ਵਿਰਾਸਤ ਮੇਲੇ ਦੀ ਆਖ਼ਰੀ ਸ਼ਾਮ ਨੂੰ ਗੀਤ ਪੇਸ਼ ਕਰਦਾ ਹੋਇਆ ਗਾਇਕ ਗੋਰਾ ਚੱਕ ਵਾਲਾ,
 (ਸੱਜੇ) ਦੀਪਕ ਢਿੱਲੋਂ ਅਤੇ (ਹੇਠਾਂ) ਨੱਚਦੇ ਸਰੋਤੇ।
ਬਠਿੰਡਾ, 27 ਫਰਵਰੀ -ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਚ ਦੇਰ ਰਾਤ ਤੱਕ ਚੱਲੇ ਪੰਜਾਬੀ ਗਾਇਕੀ ਦੇ ਰੰਗਾਂ ਨਾਲ ਅੱਠਵਾਂ ਵਿਰਾਸਤੀ ਮੇਲਾ ਸਮਾਪਤ ਹੋ ਗਿਆ। ਮੇਲੇ ਨੂੰ ਜਿਥੇ ਆਉਣ ਵਾਲੇ ਸਮੇਂ 'ਚ ਮਾਣਕ ਨਿਵਾਸ ਕਰ ਕੇ ਯਾਦ ਕੀਤਾ ਜਾਵੇਗਾ, ਉਥੇ ਮਾੜੇ ਪ੍ਰਬੰਧਾਂ ਖ਼ਾਸਕਰ ਜੈਜੀ. ਬੀ. ਦੁਆਰਾ ਦਿੱਤੀ ਨਸੀਹਤ ਕਰਕੇ ਵੀ ਇਸ ਦੀ ਚਰਚਾ ਹੋਵੇਗੀ। ਭਾਵੇਂ ਮੇਲੇ ਵਿਚ ਸੱਦੇ ਬਠਿੰਡਾ ਜ਼ਿਲ੍ਹੇ ਦੇ ਗਾਇਕਾਂ ਦੀ ਹਾਜ਼ਰੀ ਆਖ਼ਰੀ ਸ਼ਾਮ ਨੂੰ ਵੀ ਦਰਸ਼ਕਾਂ ਦੀਆਂ ਭੀੜਾਂ ਜੁਟਾਉਣ ਵਿਚ ਕਾਮਯਾਬ ਨਹੀਂ ਹੋ ਸਕੀ ਪ੍ਰੰਤੂ ਫ਼ਿਰ ਵੀ ਅੱਧੀ ਦਰਜਨ ਲੋਕ ਗਾਇਕਾਂ ਨੇ ਵਿਰਾਸਤੀ ਪਿੰਡ ਦੀ ਸਟੇਜ ਤੋਂ ਆਪਣੀ ਆਵਾਜ਼ ਦਾ ਜਾਦੂ ਬਖੇਰਦਿਆਂ ਸਰੋਤਿਆਂ ਨੂੰ ਨਚਾਇਆ। ਲੋਕ ਗਾਇਕ ਵੀਰ ਦਵਿੰਦਰ ਨੇ ਆਪਣੇ ਮਕਬੂਲ ਗੀਤ 'ਗੱਡੀ 'ਚ ਦੋਨਾਲੀ ਰੱਖਾਂ ਬਾਰਾਂ ਬੋਰ ਦੀ, ਟੁੱਟੇ ਦਿਲਾਂ ਦੀ ਦਵਾਈ ਤੇ ਕੁੜਤੀ, ਗੋਰਾ ਚੱਕਵਾਲਾ ਨੇ 'ਦੋ ਦਿਨ ਨਾ ਰੁੱਸ ਕੇ ਬੋਲੀ, ਜੋੜੀਆਂ ਬਣਾਈ ਰੱਖਂ ਜੋੜੀਆਂ, ਦੀਪਕ ਢਿੱਲੋਂ ਨੇ ਮਣਕੇ ਟੁੱਟਦੇ ਜਾਂਦੇ ਆ ਅਤੇ ਮੈ ਮੰਗ ਕਿਸੇ ਹੋਰ ਦੀ'' ਆਦਿ ਗੀਤਾਂ ਨਾਲ ਹਾਜ਼ਰੀ ਲਵਾਈ।

ਅਧਿਆਪਕਾ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
ਨਿਹਾਲ ਸਿੰਘ ਵਾਲਾ/ਸਮਾਧਭਾਈ, 27 ਫਰਵਰੀ -ਪਿੰਡ ਰੌਂਤਾ ਵਿਖੇ ਸਰਕਾਰੀ ਸਕੂਲ ਦੀ ਅਧਿਆਪਕਾ ਨੂੰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਗੰਭੀਰ ਰੂਪ ਵਿਚ ਜ਼ਖ਼ਮਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਵਾਸੀ ਭਰਥਲਾ ਮਡੇਰ (ਸੰਗਰੂਰ) ਜੋ ਕਿ ਸਰਕਾਰੀ ਹਾਈ ਸਕੂਲ ਰੌਂਤਾ ਵਿਖੇ ਬਤੌਰ ਅਧਿਆਪਕਾ ਡਿਉਟੀ ਨਿਭਾਅ ਰਹੀ ਹੈ, ਜਦੋਂ ਸਕੂਲ ਤੋਂ ਛੁੱਟੀ ਹੋਣ 'ਤੇ ਇਨੋਵਾ ਗੱਡੀ ਤੇ ਵਾਪਿਸ ਆਪਣੇ ਪਿੰਡ ਜਾ ਰਹੀ ਸੀ ਤਾਂ ਰਸਤੇ ਵਿਚ ਖੜੇ ਦੋ ਮੋਟਰਸਾਇਕਲ ਸਵਾਰ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ 'ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੇ ਡਰਾਇਵਰ ਤੋਂ ਗੱਡੀ ਬੇਕਾਬੂ ਹੋ ਕੇ ਖੱਡਿਆਂ ਵਿਚ ਡਿੱਗੀ। ਜਿਸ ਤੋਂ ਬਾਅਦ ਉਕਤ ਹਥਿਆਰਬੰਦ ਵਿਅਕਤੀਆਂ ਨੇ ਅਧਿਆਪਕਾ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਗੋਲੀ ਉਸ ਦੇ ਮੱਥੇ 'ਤੇ ਅਤੇ ਦੂਸਰੀ ਲੱਤ 'ਚ ਲੱਗੀ। ਘਟਨਾ ਦਾ ਪਤਾ ਲੱਗਦਿਆ ਹੀ ਐੱਸ. ਐੱਸ. ਪੀ. ਮੋਗਾ ਇੰਦਰਵੀਰ ਸਿੰਘ, ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਕੇ. ਡੀ. ਸਰਮਾ, ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ, ਐੱਸ. ਪੀ.(ਡੀ) ਨਰਿੰਦਰ ਸਿੰਘ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਧੋਖਾਧੜੀ ਮਾਮਲੇ 'ਚ ਵਿਜੀਲੈਂਸ ਮੁਲਾਜ਼ਮ ਗ੍ਰਿਫ਼ਤਾਰ
ਪਤਨੀ ਅਤੇ ਭਰਾ ਵਿਰੁੱਧ ਵੀ ਮਾਮਲਾ ਦਰਜ
ਫ਼ਾਜ਼ਿਲਕਾ, 27 ਫਰਵਰੀ- ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਦੇ ਇਕ ਮੁਲਾਜ਼ਮ, ਉਸ ਦੀ ਪਤਨੀ ਅਤੇ ਉਸ ਦੇ ਭਰਾ ਵਿਰੁੱਧ ਮਾਮਲਾ ਦਰਜ ਕਰ ਕੇ ਸੁਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਕੀਲ ਚੰਦ ਪੁੱਤਰ ਰਾਮ ਚੰਦ ਵਾਸੀ ਟੀ. ਵੀ. ਟਾਵਰ ਕਾਲੋਨੀ ਬਾਬਾ ਨਾਮਦੇਵ ਨਗਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਕੋਲ 7 ਕਨਾਲ ਪ੍ਰੋਵੇਸ਼ਨਲ ਗੌਰਮਿੰਟ ਦੀ ਜ਼ਮੀਨ ਪਿੰਡ ਚੱਕ ਖੀਵਾ ਤਹਿਸੀਲ ਜਲਾਲਾਬਾਦ ਵਿਚ ਹੈ। ਉਸ ਨੇ ਕਿਹਾ ਕਿ ਸੁਰਿੰਦਰ ਕੁਮਾਰ ਪੁੱਤਰ ਦੇਸ ਰਾਜ ਜੋ ਕਿ ਵਿਜੀਲੈਂਸ ਵਿਚ ਮੁਲਾਜ਼ਮ ਹੈ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਉਸ ਕੋਲ ਆਇਆ ਤਾਂ ਕਹਿਣ ਲੱਗੇ ਉਹ ਉਸ ਦੀ ਜ਼ਮੀਨ ਪੱਕੀ ਕਰਵਾ ਦੇਵੇਗਾ। ਜਿਸ 'ਤੇ ਉਨ੍ਹਾਂ ਉਸ ਕੋਲੋਂ 1 ਲੱਖ 80 ਹਜ਼ਾਰ ਰੁਪਏ ਲੈ ਲਏ ਪਰ ਨਾ ਹੀ ਜ਼ਮੀਨ ਪੱਕੀ ਕਰਵਾਈ ਅਤੇ ਨਾ ਹੀ ਪੈਸੇ ਮੋੜੇ ਸਗੋਂ ਹੋਰ ਪੈਸੇ ਉਧਾਰ ਵੀ ਲੈ ਲਏ। ਥਾਣਾ ਸਿਟੀ ਪੁਲਿਸ ਨੇ ਜਾਂਚ ਤੋਂ ਬਾਅਦ ਸੁਰਿੰਦਰ ਕੁਮਾਰ, ਉਸ ਦੀ ਪਤਨੀ ਅਮਨਦੀਪ ਕੌਰ ਤੇ ਭਰਾ ਰਾਕੇਸ਼ ਕੁਮਾਰ ਖ਼ਿਲਾਫ਼ ਧਾਰਾ 420,120 ਬੀ. ਅਧੀਨ ਮਾਮਲਾ ਦਰਜ ਕਰ ਕੇ ਸੁਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਭਰਾ ਅਤੇ ਮਾਮੇ ਨੇ ਮਿਲ ਕੇ ਕੀਤਾ ਨੌਜਵਾਨ ਦਾ ਕਤਲ

ਥਾਣਾ ਛਾਜਲੀ ਦੀ ਪੁਲਿਸ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀ।
ਛਾਜਲੀ, 27 ਫਰਵਰੀ :- ਥਾਣਾ ਛਾਜਲੀ ਦੀ ਪੁਲਿਸ ਨੇ ਬੀਤੀ 21 ਫਰਵਰੀ ਦੀ ਰਾਤ ਇੱਕ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਲਝਾਉਣ ਦਾ ਦਾਅਵਾ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੱਦਿਆਂ ਥਾਣਾ ਛਾਜਲੀ ਦੇ ਇੰਚਾਰਜ ਸ੍ਰ: ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਪਿੰਡ ਸੰਗਤੀਵਾਲ ਦੇ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਦਾ ਉਸ ਦੇ ਸਕੇ ਭਰਾ ਅਤੇ ਮਾਮੇ ਨੇ ਮਿਲ ਕੇ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਉਹ ਆਪਣੀ ਮਾਤਾ, ਭਰਾ ਅਤੇ ਭਰਜਾਈ ਨਾਲ ਹਰ ਰੋਜ਼ ਕਲੇਸ਼ ਰੱਖਦਾ ਸੀ ਜਿਸ ਤੋਂ ਸਾਰਾ ਪਰਿਵਾਰ ਦੁੱਖੀ ਸੀ। ਮ੍ਰਿਤਕ ਦਾ ਮਾਮਾ ਜਰਨੈਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰੀਗੜ ਅਤੇ ਉਸ ਦਾ ਇੱਕ ਸਾਥੀ ਨਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਹਰੀਗੜ੍ਹ ਥਾਣਾ ਦਿੜ੍ਹਬਾ ਉਸ ਰਾਤ ਆਪਣੇ ਆਪਣੇ ਭਾਣਜੇ ਗੁਰਪ੍ਰੀਤ ਸਿੰਘ ਨੂੰ ਸਮਝਾਉਣ ਲਈ ਪਿੰਡ ਸੰਗਤੀਵਾਲਾ ਵਿਖੇ ਆਏ ਹੋਏ ਸਨ ਜਿਥੇ ਜਰਨੈਲ ਸਿੰਘ ਨੇ ਆਪਣੇ ਭਾਣਜੇ ਸੋਮਾ ਸਿੰਘ ,ਗੁਰਪ੍ਰੀਤ ਸਿੰਘ ਅਤੇ ਨਰਿੰਦਰ ਸਿੰਘ ਨਾਲ ਘਰ ਦੇ ਇੱਕ ਕਮਰੇ ਵਿੱਚ ਬੈਠ ਕੇ ਇੱਕਠਿਆਂ ਬੈਠ ਕੇ ਸਰਾਬ ਪੀਤੀ ਅਤੇ ਰਾਤ ਨੂੰ ਕਰੀਬ 9 ਵਜੇ ਜਰਨੈਲ ਸਿੰਘ, ਸੋਮਾ ਸਿੰਘ ਦਾ ਗੁਰਪ੍ਰੀਤ ਸਿੰਘ ਨਾਲ ਕਿਸੇ ਗੱਲ 'ਤੇ ਤਕਰਾਰ ਹੋ ਗਿਆ। ਇਸ ਦੌਰਾਨ ਉਨ੍ਹਾਂ ਦੋਵਾਂ ਨੇ ਗੁਰਪ੍ਰੀਤ ਸਿੰਘ ਨੂੰ ਬੈੱਡ 'ਤੇ ਸੁੱਟ ਕੇ ਉਸ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਭਰਾ ਸੋਮਾ ਸਿੰਘ ਅਤੇ ਮਾਮਾ ਜਰਨੈਲ ਸਿੰਘ ਨੇ ਲਾਸ਼ ਦਾ ਸਸਕਾਰ ਕਰ ਕੇ ਹੱਡੀਆਂ ਅਤੇ ਰਾਖ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇਸ ਸਬੰਧੀ ਥਾਣਾ ਛਾਜਲੀ ਦੀ ਪੁਲਿਸ ਨੇ ਨਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਹਰੀਗੜ੍ਹ ਦੇ ਬਿਆਨਾ ਦੇ ਅਧਾਰ 'ਤੇ ਭਾਰਤੀ ਦੰਡਵਾਲੀ ਦੀ ਧਾਰਾ 302, 201, 506 ਅਤੇ 34 ਤਹਿਤ ਸੋਮਾ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਸੰਗਤੀਵਾਲ ਤੇ ਜਰਨੈਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰੀਗੜ੍ਹ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ-6 ਜ਼ਖ਼ਮੀ

ਤਪਾ ਵਿਖੇ ਹੋਏ ਸੜਕ ਹਾਦਸੇ ਦੌਰਾਨ ਸਿਵਲ ਹਸਪਤਾਲ ਬਰਨਾਲਾ ਵਿਚੋਂ
ਜ਼ਖਮੀਆਂ ਨੂੰ ਰੈਫਰ ਕੀਤੇ ਜਾਣ ਦਾ ਦ੍ਰਿਸ਼।
ਬਰਨਾਲਾ/ਤਪਾ ਮੰਡੀ 27 ਫਰਵਰੀ- ਅੱਜ ਉਸ ਸਮੇਂ ਖੁਸ਼ੀ ਦਾ ਮਾਹੌਲ ਗ਼ਮੀ ਵਿੱਚ ਤਬਦੀਲ ਹੋ ਗਿਆ ਜਦੋਂ ਤਪਾ ਦੇ ਰਾਸ਼ਟਰੀ ਮਾਰਗ ਬਰਨਾਲਾ-ਬਠਿੰਡਾ 'ਤੇ ਬਣੇ ਰਾਇਲ ਪੈਲੇਸ ਵਿਚੋਂ ਇੱਕ ਵਿਆਹ ਦੇ ਪ੍ਰੋਗਰਾਮ ਤੋਂ ਵਾਪਸ ਜਾ ਰਹੇ ਪਰਿਵਾਰ ਦੀ ਕਾਰ ਅਤੇ ਟਰੱਕ ਦੀ ਟੱਕਰ ਵਿਚ ਇੱਕ ਬੱਚੇ ਅਤੇ ਉਸ ਦੇ ਪਿਤਾ ਦੀ ਮੌਤ ਹੋ ਜਾਣ ਅਤੇ 6 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਕੋਲ ਇਕ ਪਰਿਵਾਰ ਦੇ ਮੈਂਬਰ ਜੋ ਜੈਨ ਕਾਰ ਵਿਚ ਸਵਾਰ ਸਨ ਦੀ ਰਾਮਪੁਰੇ ਵੱਲੋਂ ਆ ਰਹੇ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ ਜਿਨ੍ਹਾਂ ਨੂੰ ਗੰਭੀਰ ਜਖ਼ਮੀ ਹਾਲਤ ਵਿੱਚ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। ਸਿਵਲ ਹਸਪਤਾਲ ਵਿਖੇ ਪਹੁੰਚਣ ਤੋਂ ਬਾਅਦ ਸੱਟਾਂ ਦਾ ਤਾਬ ਨਾ ਝੱਲਦੇ ਹੋਏ ਗੁਰਸੇਵਕ ਸਿੰਘ ਵਾਸੀ ਰਾਮਪੁਰਾ ਅਤੇ ਉਸ ਦੇ ਪੰਜ ਸਾਲਾ ਬੱਚੇ ਲਭੀ ਦੀ ਮੌਤ ਹੋ ਗਈ ਜਦਕਿ ਚਰਨਜੀਤ ਕੌਰ ਪਤਨੀ ਗੁਰਸੇਵਕ ਸਿੰਘ, ਪ੍ਰੀਤੀ ਪੁੱਤਰੀ ਗੁਰਸੇਵਕ ਸਿੰਘ, ਛੋਟੀ ਕੌਰ ਪਤਨੀ ਲਖਵੀਰ ਸਿੰਘ ਵਾਸੀ ਮੀਹਾਂ ਨੂੰ ਸਿਵਲ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਨਿਰਮਲ ਸਿੰਘ ਅਤੇ ਉਸ ਦਾ ਪੁੱਤਰ ਨਵਦੀਪ ਸਿੰਘ ਵੀ ਜਖ਼ਮੀ ਹੋ ਗਏ ਜਿੰਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ਵਿਖੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਪੋਸਟ ਗਰੈਜੂਏਟ ਪ੍ਰਵੇਸ਼ ਪ੍ਰੀਖਿਆ 'ਚ ਧਵਲ
ਕੌਸ਼ਲ ਅਤੇ ਨਿਧੀ ਰਾਣੀ ਅਵੱਲ

ਧਵਲ ਕੌਸ਼ਲ, ਪਿਊਸ਼ ਮਿੱਤਲ ਅਤੇ ਗੁਰਬੀਰ ਸਿੰਘ ਭੰਡਾਰੀ ਨੇ ਜਿਨ੍ਹਾਂ ਨੇ ਮੈਡੀਕਲ ਦਾਖਲੇ 'ਚ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਫ਼ਰੀਦਕੋਟ, 27 ਫ਼ਰਵਰੀ -ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵੱਲੋਂ ਸਾਲ 2012 ਲਈ ਪੋਸਟ ਗਰੈਜੂਏਟ ਇੰਨਟਰੈਂਸ ਟੈਸਟ (ਪੀ. ਜੀ. ਈ. ਟੀ.) ਪ੍ਰੀਖਿਆ ਵਿਚ ਮੈਡੀਕਲ ਵਿਚ ਲੜਕਿਆਂ ਨੇ ਬਾਜ਼ੀ ਮਾਰੀ ਜਦਕਿ ਡੈਂਟਲ ਵਿਚ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੀਖਿਆ ਵਿਚ ਐੱਮ. ਡੀ, ਐੱਮ. ਐੱਸ ਅਤੇ ਐੱਮ. ਡੀ. ਐੱਸ ਨਾਲ ਸੰਬੰਧਿਤ ਕੋਰਸ ਸ਼ਾਮਿਲ ਸਨ। ਇਹ ਨਤੀਜਾ ਪ੍ਰੀਖਿਆ ਤੋਂ ਅੱਠ ਘੰਟੇ ਦੇ ਅੰਦਰ-ਅੰਦਰ ਐਤਵਾਰ ਦੇਰ ਰਾਤ ਐਲਾਨਣ ਦਾ ਰਿਕਾਰਡ ਕਾਇਮ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਐੱਸ. ਐੱਸ. ਗਿੱਲ ਨੇ ਕਿ ਇਸ ਪ੍ਰੀਖਿਆ ਲਈ 2837 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਅਤੇ 2071 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਵਿਚ ਮੈਡੀਕਲ ਵਿਚ ਧਵਲ ਕੌਸ਼ਲ ਪੁੱਤਰ ਅਸ਼ੋਕ ਕੌਸ਼ਲ ਵਾਸੀ ਜਲੰਧਰ ਨੇ 664 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਪਿਊਸ਼ ਮਿੱਤਲ ਪਟਿਆਲਾ ਨੇ 648 ਅੰਕ ਲੈ ਕੇ ਦੂਸਰਾ ਸਥਾਨ, ਬਠਿੰਡਾ ਦੇ ਗੁਰਬੀਰ ਸਿੰਘ ਭੰਡਾਰੀ ਨੇ 636 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਸੰਦੀਪ ਸਿੰਘ ਨੇ 592 ਅੰਕ ਪ੍ਰਾਪਤ ਕਰ ਕੇ ਚੌਥਾ ਸਥਾਨ ਪ੍ਰਾਪਤ ਕੀਤਾ ਜਦਕਿ ਅਨੁਸੂਚਿਤ ਜਾਤੀ ਕੈਟਾਗਰੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਡੈਂਟਲ ਵਿਚ ਨਿਧੀ ਰਾਣੀ ਪੁੱਤਰੀ ਅਸ਼ਰੂ ਰਾਮ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੇ 688 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਨੂਰ ਭੁੱਲਰ ਪਟਿਆਲਾ ਨੇ 680 ਅੰਕ ਪ੍ਰਾਪਤ ਕਰ ਕੇ ਦੂਸਰਾ ਸਥਾਨ, ਅਮਨਦੀਪ ਕੌਰ ਮੋਹਾਲੀ ਨੇ 673 ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਅਤੇ ਫਗਵਾੜ੍ਹਾ ਦੀ ਰੂਬੀਕਾ ਸੱਲਨ ਨੇ 624 ਅੰਕ ਪ੍ਰਾਪਤ ਕਰ ਕੇ ਚੌਥਾ ਸਥਾਨ ਅਤੇ ਅਨੁਸੂਚਿਤ ਜਾਤੀ ਕੈਟਾਗਰੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸੱਤਪਾਲ ਸਿੰਘ ਵੀ ਹਾਜ਼ਰ ਸਨ।

ਸਿੱਖਿਆ ਦਾ ਅਧਿਕਾਰ ਬਣਿਆ ਮਜ਼ਾਕ
ਫ਼ਿਰੋਜ਼ਪੁਰ, 27 ਫਰਵਰੀ - ਬੇਸ਼ੱਕ ਕੇਂਦਰ ਸਰਕਾਰ ਨੇ ਵਿੱਦਿਆ ਤੋਂ ਵਿਹੂਣੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ 6 ਤੋਂ 14 ਸਾਲ ਦੇ ਬੱਚਿਆਂ ਨੂੰ ਅੱਠ ਸਾਲਾਂ ਦੀ ਪੜ੍ਹਾਈ ਦਾ ਹੱਕ ਦੇਣ ਵਾਲਾ ਲਾਜ਼ਮੀ ਸਿੱਖਿਆ ਦਾ ਐਕਟ ਸਾਲ 2009 ਬਣਾ ਕੇ ਲਾਗੂ ਤਾਂ ਕਰ ਦਿੱਤਾ ਹੈ, ਪਰ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਇਸ ਮੁਫ਼ਤ ਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਬਜਟ ਅਤੇ ਹੋਰ ਪ੍ਰਬੰਧਕੀ ਅਮਲ ਲਈ ਅਜੇ ਤੱਕ ਅਜਿਹੀ ਕੋਈ ਠੋਸ ਨੀਤੀ ਸਾਹਮਣੇ ਨਹੀ ਆਈ। ਇਸ ਕਾਨੂੰਨ ਨੂੰ ਪੂਰਨ ਤੌਰ 'ਤੇ ਅਮਲੀ ਰੂਪ ਦੇਣ ਲਈ ਅਧਿਕਾਰਾਂ ਪ੍ਰਤੀ ਸਰਕਾਰੀ ਤੇ ਨਿੱਜੀ ਸਕੂਲਾਂ ਕੋਲ ਲੋੜੀਂਦੀ ਜਾਣਕਾਰੀ ਨਹੀਂ ਅਤੇ ਨਾ ਹੀ ਗੜਬੜਾਉਣ ਵਾਲੇ ਵਿੱਤੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਕੋਈ ਯੋਜਨਾ ਹੈ। ਐਕਟ ਤੋਂ ਲਾਭ ਲੈਣ ਵਾਲੇ ਗਰੀਬ ਮਾਪੇ ਵੀ ਮਿਲੇ ਅਧਿਕਾਰ ਤੋਂ ਬਿਲਕੁਲ ਅਨਜਾਣ ਹਨ। ਸੂਬੇ ਦੇ ਹਜ਼ਾਰਾਂ ਸਰਕਾਰੀ ਅਤੇ ਨਿੱਜੀ ਸਕੂਲ ਇਸ ਐਕਟ ਨੂੰ ਲੈ ਕੇ ਅਜੇ ਤੱਕ ਭੰਬਲਭੂਸੇ ਵਿਚ ਫਸੇ ਹੋਏ ਹਨ ਕਿ ਉਨ੍ਹਾਂ ਦਾ ਕੀ-ਕੀ ਅਧਿਕਾਰ ਖੇਤਰ ਹੈ। ਨਿੱਜੀ ਸਕੂਲਾਂ ਵੱਲੋਂ ਵੱਧ ਤੋਂ ਵੱਧ ਨਵੇਂ ਦਾਖਲੇ ਕਰਨ ਪ੍ਰਤੀ ਸਿਰਤੋੜ ਯਤਨ ਵਿੱਢ ਦਿੱਤੇ ਗਏ ਹਨ ਪਰ ਸਰਕਾਰੀ ਸਕੂਲਾਂ ਵਿਚ ਕੀਤੇ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਥੇ ਪਹਿਲਾਂ ਹੀ 80 ਪ੍ਰਤੀਸ਼ਤ ਤੋਂ ਵੱਧ ਪੱਛੜੀਆਂ ਜਾਤੀਆਂ ਤੇ ਅਨੁਸੂਚਿਤ ਜਾਤੀਆਂ ਦੇ ਬੱਚੇ ਸਿੱਖਿਆ ਗ੍ਰਹਿਣ ਕਰ ਰਹੇ ਹਨ, ਸਕੂਲਾਂ ਦੇ ਮੁਖ ਅਧਿਆਪਕ ਪ੍ਰਿੰਸੀਪਲ ਅਤੇ ਸਟਾਫ਼ ਇਸ ਐਕਟ ਦੀਆਂ ਮੁੱਢਲੀਆਂ ਸ਼ਰਤਾਂ ਤੋਂ ਜਾਣੂ ਹਨ, ਪਰ ਸਮੱਸਿਆ ਇਹ ਹੈ ਕਿ 6 ਤੋਂ 14 ਸਾਲ ਦੇ ਅੱਠਵੀਂ ਤੱਕ ਪੜ੍ਹਦੇ ਬੱਚਿਆਂ ਤੋਂ ਕੋਈ ਵੀ ਫੀਸ ਨਾ ਲੈਣ ਕਾਰਨ ਇੰਨ੍ਹਾਂ ਸਕੂਲਾਂ ਵਿਚ ਬਿਜਲੀ, ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਉਪਲਬਧ ਨਹੀਂ ਹੋ ਰਹੀਆਂ। ਜਿਥੋਂ ਤੱਕ ਨਿੱਜੀ ਸਕੂਲਾਂ ਦੀ ਗੱਲ ਹੈ, ਇਸ ਐਕਟ ਅਨੁਸਾਰ ਇੰਨ੍ਹਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ 25 ਪ੍ਰਤੀਸ਼ਤ ਦਾਖਲੇ, ਪੱਛੜੀਆਂ ਜਾਤੀਆਂ, ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਹੋਰ ਦੱਬੇ-ਕੁਚਲੇ ਲੋਕਾਂ ਲਈ ਜੋ ਕੇਂਦਰ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਰੀਬੀ ਰੇਖਾ ਤੋਂ ਥੱਲੇ ਹਨ, ਲਈ ਲਾਜ਼ਮੀ ਕੀਤੇ ਗਏ ਹਨ। ਐਕਟ ਦੀਆਂ ਮੱਦਾਂ ਅਨੁਸਾਰ ਇੰਨ੍ਹਾਂ ਬੱਚਿਆਂ ਤੇ ਖਰਚ ਹੋਣ ਵਾਲੀ ਰਾਸ਼ੀ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਾਂਝੇ ਰੂਪ ਵਿਚ ਦਿੱਤੀ ਜਾਂਦੀ ਹੈ। ਵੱਖ-ਵੱਖ ਸੈਮੀਨਾਰਾਂ ਰਾਹੀਂ ਨਿੱਜੀ ਸਕੂਲਾਂ ਨੂੰ ਸਿੱਖਿਆ ਵਿਭਾਗ ਰਾਹੀਂ ਦਾਖਲੇ ਕਰਨ ਦੇ ਨਿਰਦੇਸ਼ ਤਾਂ ਦਿੱਤੇ ਗਏ ਹਨ, ਪਰ ਵਿੱਤੀ ਪ੍ਰਬੰਧ ਨਾ ਹੋਣ ਕਰ ਕੇ ਇਨ੍ਹਾਂ ਨੇ ਅਜੇ ਚੁੱਪ ਵੱਟੀ ਹੋਈ ਹੈ। ਸਿੱਖਿਆ ਐਕਟ ਦੀਆਂ ਸ਼ਰਤਾਂ ਅਨੁਸਾਰ ਇੰਨ੍ਹਾਂ 25 ਪ੍ਰਤੀਸ਼ਤ ਵਿਦਿਆਰਥੀਆਂ ਤੋਂ ਕੋਈ ਵੀ ਫ਼ੀਸ ਵਸੂਲੀ ਨਹੀਂ ਕੀਤੀ ਜਾ ਸਕਦੀ, ਜੇ ਕੋਈ ਨਿੱਜੀ ਸਕੂਲ ਫ਼ੀਸ ਲੈਂਦਾ ਹੈ ਤਾਂ 10 ਗੁਣਾ ਵਾਪਸ ਕਰੇਗਾ, ਜੇ ਫ਼ੀਸ ਕਰ ਕੇ ਬੱਚੇ ਨੂੰ ਸਕੂਲੋਂ ਕੱਢਦਾ ਹੈ ਤਾਂ 50 ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤੋਂ ਬਿਨ੍ਹਾਂ ਰਾਜ ਜਾਂ ਕੇਂਦਰੀ ਬੋਰਡਾਂ ਤੋਂ ਆਗਿਆ ਬਿਨਾਂ ਕੋਈ ਸਕੂਲ ਹੋਂਦ ਵਿਚ ਨਹੀਂ ਆ ਸਕਦਾ, ਕਿਸੇ ਬੋਰਡ ਤੋਂ ਮਾਨਤਾ ਲਏ ਬਿਨ੍ਹਾਂ ਚੱਲਣ ਵਾਲੇ ਸਕੂਲਾਂ ਨੂੰ 1 ਲੱਖ ਤੱਕ ਜੁਰਮਾਨਾ ਤੇ ਫ਼ਿਰ ਨਾ ਸੁਧਰਨ 'ਤੇ 10 ਹਜ਼ਾਰ ਹਰ ਰੋਜ਼ ਜੁਰਮਾਨਾ ਹੋ ਸਕਦਾ ਹੈ। ਪੰਜਾਬ ਅੰਦਰ ਨਵੇਂ ਦਾਖਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ, ਪਰ ਲੱਖਾਂ ਮਾਪਿਆਂ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਉਹ ਹੁਸ਼ਿਆਰ ਅਤੇ ਪ੍ਰਭਾਵਿਤ ਬਾਲਾਂ ਨੂੰ ਚੰਗੇ ਨਿੱਜੀ ਸਕੂਲਾਂ ਵਿਚ ਕਿਵੇਂ ਦਾਖਲ ਕਰਵਾਉਣ। ਇਸ ਸਬੰਧ ਵਿਚ ਸਰਕਾਰੀ ਸੁਸਤੀ ਅਜੇ ਬਰਕਰਾਰ ਹੈ ਕਿਉਂਕਿ ਸਿੱਖਿਆ ਵਿਭਾਗ ਦੇ ਜੁਬਾਨੀ-ਕੁਲਾਮੀ ਹੁਕਮਾਂ ਨੂੰ ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਮਾਨਤਾ ਪ੍ਰਾਪਤ ਅਤੇ ਐਫੀਲੀਏਟਡ ਸਕੂਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਗਦੀਸ਼ ਰਾਏ ਸ਼ਰਮਾ, ਜਨਰਲ ਸਕੱਤਰ ਨਰਿੰਦਰ ਕੇਸਰ ਨੇ ਦੱਸਿਆ ਕਿ ਅਜੇ ਪੰਜਾਬ ਸਰਕਾਰ ਹੀ ਹਨੇਰੇ ਵਿਚ ਹੈ ਕਿ ਸਾਡੀ ਕੀ ਜ਼ਿੰਮੇਵਾਰੀ ਹੈ। ਉਨ੍ਹਾਂ ਐਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਗਰੀਬ 25 ਪ੍ਰਤੀਸ਼ਤ ਵਿਦਿਆਰਥੀ ਪੜ੍ਹਾਉਣ ਨੂੰ ਤਿਆਰ ਹਨ, ਪਰ ਸਰਕਾਰ ਐਕਟ ਦੀਆਂ ਮੱਦਾ ਅਨੁਸਾਰ ਜੋ ਬਜਟ ਪ੍ਰਤੀ ਵਿਦਿਆਰਥੀ ਖਰਚ ਹੁੰਦਾ ਹੈ ਦੇਵੇ, ਮੁਫ਼ਤ ਦੀ ਚੌਂਕੀਦਾਰੀ ਉਹ ਨਹੀਂ ਕਰ ਸਕਦੇ। ਇਸ ਐਕਟ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਵਕਾਲਤ ਕਰਦਿਆਂ ਸਿੱਖਿਆ ਸੁਧਾਰ ਕਮੇਟੀ ਪੰਜਾਬ ਦੇ ਬੁਲਾਰੇ ਸ੍ਰੀ ਹੰਸ ਰਾਜ ਅਤੇ ਰਾਜ ਕਿਸ਼ੋਰ ਕਾਲੜਾ ਨੇ ਕਿਹਾ ਕਿ ਇਸ ਐਕਟ ਨੂੰ ਅਮਲੀ ਰੂਪ ਵਿਚ ਲਾਗੂ ਕਰ ਸਾਰਥਿਕ ਨਤੀਜੇ ਪ੍ਰਾਪਤ ਕਰਨ ਲਈ ਕੇਂਦਰ ਸਰਕਾਰ ਇਸ ਅਧਿਕਾਰ ਨੂੰ ਸਮਵਰਤੀ ਸੂਚੀ ਵਿਚੋਂ ਕੱਢ ਕੇ ਆਪਣੇ ਹੱਥੀਂ ਪੂਰੀ ਜਿੰਮੇਵਾਰੀ ਲਵੇ ਕਿਉਂਕਿ ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਚੰਗੀ ਨਹੀਂ, ਇਸ ਕਰਕੇ ਵਿੱਤੀ ਪ੍ਰਬੰਧ ਇਸ ਐਕਟ ਵਿਚ ਸਭ ਤੋਂ ਵੱਡਾ ਰੋੜ੍ਹਾ ਸਾਬਿਤ ਹੋ ਰਿਹਾ ਹੈ।

ਬੀ. ਐੱਸ. ਐੱਫ. ਵੱਲੋਂ 10 ਕਰੋੜ ਦੀ ਹੈਰੋਇਨ
'ਤੇ ਪਾਕਿ ਕੰਪਨੀ ਦਾ ਸਿੰਮ ਬਰਾਮਦ

ਜਲਾਲਾਬਾਦ, 27 ਫਰਵਰੀ -ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੇ ਪੈਂਦੇ ਪਿੰਡ ਸੰਤੋਖ ਸਿੰਘ ਵਾਲਾ ਚੌਂਕੀ ਤੋਂ ਅੱਜ ਸਵੇਰੇ ਬੀ. ਐੱਸ. ਐੱਫ. ਦੀ 30 ਬਟਾਲੀਅਨ ਨੇ 2 ਕਿੱਲੋਗਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜਵਾਨਾਂ ਨੇ ਪਾਕਿ ਮੋਬਾਈਲ ਕੰਪਨੀ ਦਾ ਸਿੰਮ ਵੀ ਬਰਾਮਦ ਕੀਤਾ ਹੈ। ਕਮਾਂਡਟ ਸ. ਐੱਸ. ਪੀ. ਐੱਸ. ਸੰਧੂ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ ਅੱਜ ਸਵੇਰੇ 8 ਵਜੇ ਪਿੰਡ ਸੰਤੋਖ ਸਿੰਘ ਵਾਲਾ ਵਿਖੇ ਜਦੋਂ ਤਲਾਸ਼ੀ ਮੁਹਿੰਮ 'ਤੇ ਸਨ ਤਾਂ ਪਿੰਡ 'ਚ ਸੁੱਕੀ ਨਹਿਰ ਦੇ ਲਾਗੇ ਇੱਕ ਬੇਰੀ ਦੇ ਦਰਖ਼ਤ ਥੱਲੇ ਪਏ ਇੱਕ ਇੰਜਨ ਨੂੰ ਪਰੇ ਹਟਾਇਆ ਤਾਂ ਇਸ ਦੇ ਹੇਠਾਂ ਨੀਲੇ ਰੰਗ ਦਾ ਪਾਲੀਥਿਨ ਦਾ ਇੱਕ ਲਿਫ਼ਾਫ਼ਾ ਮਿਲਿਆ, ਜਿਸ ਵਿਚੋਂ 2 ਪੈਕਟ ਹੈਰੋਇਨ ਦੇ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ ਕਰੀਬ 2 ਕਿੱਲੋਗਰਾਮ ਸੀ ਅਤੇ ਉਸ ਉੱਪਰ 888 ਅਫ਼ਗਾਨ ਫ਼ੈਕਟਰੀ ਦਾ ਮਾਰਕਾ ਲੱਗਿਆ ਹੋਇਆ ਸੀ। ਇਸ ਦੇ ਨਾਲ ਹੀ ਹੀ ਇਕ ਪਾਕਿਸਤਾਨੀ ਮੋਬਾਈਲ ਕੰਪਨੀ ਜੌਂਨਗ ਦਾ ਸਿੰਮ ਵੀ ਬਰਾਮਦ ਹੋਇਆ।

ਜੱਟ ਭਾਈਚਾਰੇ ਵੀ ਰਾਖਵੇਂਕਰਨ ਨੂੰ ਲੈ ਕੇ
ਪੰਜਾਬ 'ਚ 29 ਤੋਂ ਸੰਘਰਸ਼ ਸ਼ੁਰੂ-ਭਾਵੜਾ

ਜਥੇਦਾਰ ਕਰਨੈਲ ਭਾਵੜਾ ਗੱਲਬਾਤ ਦੌਰਾਨ ਅਤੇ ਹੋਰ।
ਫ਼ਿਰੋਜ਼ਪੁਰ, 27 ਫਰਵਰੀ - ਦੇਸ਼ ਦੇ ਅੰਨ੍ਹ ਭੰਡਾਰ ਭਰਨ ਲਈ ਮਿੱਟੀ ਨਾਲ ਮਿੱਟੀ ਹੋ ਸੋਨਾ ਉਗਾਉਣ ਵਾਲੇ ਜੱਟ ਭਾਈਚਾਰੇ ਨੇ ਦੇਸ਼ ਵਿਚੋਂ ਭੁੱਖਮਰੀ ਦੂਰ ਕਰ ਖੁਸ਼ਹਾਲੀ ਲਿਆ ਦਿੱਤੀ ਪਰ ਸਰਕਾਰਾਂ ਦੀ ਅਣਦੇਖੀ ਅਤੇ ਵਿਤਕਰੇ ਭਰੇ ਵਤੀਰੇ ਸਦਕਾ ਦੇਸ਼ ਦਾ ਅੰਨ੍ਹ ਉਗਾਉਣ ਵਾਲਾ ਜੱਟ ਖੁਦ ਕੰਗਾਲ ਹੋ ਖੁਦ ਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ, ਪ੍ਰੰਤੂ ਰਾਜ ਅਤੇ ਕੇਂਦਰ ਸਰਕਾਰਾਂ ਹੱਕ ਦੇਣ ਦੀ ਬਜਾਏ ਕੁੰਭਕਰਨ ਵਾਲੀ ਨੀਂਦ ਸੁੱਤੀਆਂ ਪਈਆਂ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ ਨੇ ਹਰਿਆਣਾ 'ਚ ਜਾਂਟ ਭਾਈਚਾਰੇ ਵੱਲੋਂ ਤੇਜ਼ ਕੀਤੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆ ਪੰਜਾਬ ਦੇ ਜੱਟ ਭਾਈਚਾਰੇ ਨੂੰ ਵੀ ਹੱਕਾਂ ਲਈ ਇੱਕ ਮੰਚ ਤੇ ਇਕੱਠੇ ਹੋਣ ਦਾ ਸੱਦਾ ਦੇਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਦੇ ਜੱਟ ਭਾਈਚਾਰੇ ਨੂੰ ਹੱਕ ਦਿਵਾਉਣ ਲਈ ਅਤੇ ਵਿਦਿਆਕ ਅਦਾਰਿਆਂ, ਸਰਕਾਰੀ ਨੌਕਰੀਆਂ 'ਚ ਲੋੜੀਦਾ ਰਾਖਵਾਂਕਰਨ ਦਿਵਾਉਣ ਲਈ 29 ਫਰਵਰੀ ਤੋਂ ਸੰਘਰਸ਼ ਵਿੱਢ ਰਹੀ ਹੈ ਜੋ ਜ਼ਿਲ੍ਹਾ ਵਾਰ ਸਮੁੱਚੇ ਸੂਬੇ 'ਚ ਰੋਸ ਧਰਨਾ ਦੇਵੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ 29 ਫਰਵਰੀ ਨੂੰ ਜੱਟ ਸੰਘਰਸ਼ ਸੰਮਤੀ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਡੀ. ਸੀ. ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ 1 ਮਾਰਚ ਨੂੰ ਜ਼ਿਲ੍ਹਾ ਫਰੀਦਕੋਟ ਵਿਖੇ ਰੋਸ ਧਰਨਾ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੱਟ ਭਾਈਚਾਰੇ ਨੂੰ ਬਣਦੇ ਹੱਕ ਨਾ ਦਿੱਤੇ ਗਏ ਤਾਂ ਜਥੇਬੰਦੀ ਰੇਲਾਂ ਅਤੇ ਸੜਕੀ ਆਵਾਜਾਈ ਜਾਮ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਜੰਗੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਗੋਖੀਵਾਲਾ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸਨਬੀਰ ਸਿੰਘ ਖਲਚੀਆਂ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ, ਦਵਿੰਦਰ ਸਿੰਘ ਸੂਬਾ ਕਾਹਨ ਚੰਦ ਆਦਿ ਹਾਜ਼ਰ ਸਨ।

ਥਾਣੇਦਾਰ ਨਿਸ਼ਾਨ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਪਾਤੜਾਂ, 27 ਫਰਵਰੀ - ਪਿਛਲੇ ਲੰਮੇ ਸਮੇਂ ਤੋਂ ਸਥਾਨਕ ਇਲਾਕੇ ਅੰਦਰ ਪੁਲਿਸ ਵਿਭਾਗ ਵਿਚ ਬਤੌਰ ਸਬ-ਇੰਸਪੈਕਟਰ ਸੇਵਾਵਾਂ ਨਿਭਾ ਰਹੇ ਥਾਣੇਦਾਰ ਨਿਸ਼ਾਨ ਸਿੰਘ ਨੂੰ ਅੱਜ ਸਦਰ ਥਾਣਾ ਪਾਤੜਾਂ ਵਿਖੇ ਉਨ੍ਹਾਂ ਦੀ ਸੇਵਾ ਮੁਕਤੀ ਉੱਤੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਡੀ.ਐਸ.ਪੀ. ਗੁਰਮੇਲ ਸਿੰਘ ਧਾਲੀਵਾਲ ਅਤੇ ਸਦਰ ਥਾਣਾ ਮੁਖੀ ਇੰਸ. ਅਜੈਪਾਲ ਸਿੰਘ ਦੀ ਅਗਵਾਈ ਵਿਚ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਥਾਣੇ ਅੰਦਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆ ਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਇਸ ਮੌਕੇ ਪੁੱਜੇ ਇਲਾਕੇ ਦੇ ਪਤਵੰਤੇ ਸੱਜਣਾਂ ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮਾਰਕਿਟ ਕਮੇਟੀ ਪਾਤੜਾਂ ਦੇ ਚੇਅਰਮੈਨ ਸ੍ਰ. ਨਿਰਮਲ ਸਿੰਘ ਹਰਿਆਊ, ਡੀ.ਐਸ.ਪੀ. ਪਾਤੜਾਂ ਸ੍ਰ. ਗੁਰਮੇਲ ਸਿੰਘ ਧਾਲੀਵਾਲ, ਬਲਾਕ ਸੰਮਤੀ ਚੇਅਰਮੈਨ ਜ. ਗੁਰਦੀਪ ਸਿੰਘ ਖਾਂਗ, ਐਸ.ਐਚ.ਓ. ਪਾਤੜਾਂ ਇੰਸ. ਅਜੈਪਾਲ ਸਿੰਘ, ਐਸ.ਐਚ.ਓ. ਘੱਗਾ ਇੰਸ. ਪੁਨੀਤ ਸਿੰਘ ਚਾਹਲ, ਐਸ.ਐਚ.ਓ. ਸ਼ੁਤਰਾਣਾ ਬਲਦੇਵ ਸਿੰਘ, ਚੌਂਕੀ ਇੰਚਾਰਜ ਬਾਦਸ਼ਾਹਪੁਰ ਕਰਨੈਲ ਸਿੰਘ, ਚੌਂਕੀ ਇੰਚਾਰਜ ਠਰੂਆਂ ਲਖਵਿੰਦਰ ਸਿੰਘ ਸੰਧੂ, ਸਿਟੀ ਇੰਚਾਰਜ ਸਾਹਿਬ ਸਿੰਘ ਵਿਰਕ, ਸੀ.ਆਈ.ਏ. ਇੰਚਾਰਜ ਗੁਰਚਰਨ ਸਿੰਘ ਧੌਲਾ, ਭਾਜਪਾ ਆਗੂ ਰਮੇਸ਼ ਕੁੱਕੂ, ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਸਿੰਗਲਾ ਵੱਲੋਂ ਪੁਲਿਸ ਵਿਭਾਗ ਵਿੱਚ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ। ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਪਤਵੰਤੇ ਸੱਜਣਾ ਵੱਲੋਂ ਨਿਸ਼ਾਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।

ਦੋ ਗੈਸ ਸਿਲੰਡਰ ਚੋਰੀ
ਅਜੀਤਗੜ੍ਹ, 27 ਫਰਵਰੀ -ਇਥੋਂ ਦੇ ਫੇਜ਼ 3ਬੀ2 ਦੇ ਇੱਕ ਮਕਾਨ 'ਚੋਂ 2 ਗੈਸ ਸਿਲੰਡਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੁਰਿੰਦਰਜੀਤ ਬੇਦੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਘਰ ਵਿੱਚ ਸੁੱਤਾ ਪਿਆ ਸੀ। ਉਸ ਨੇ ਦੱਸਿਆ ਕਿ ਉਸਦੇ ਘਰ ਦੇ ਪਿਛਲੇ ਪਾਸੇ ਖੁੱਲੀ ਜਗ੍ਹਾ 'ਚ ਦੋ ਸਿਲੰਡਰ ਰੱਖੇ ਹੋਏ ਸਨ। ਜਦੋਂ ਉਸ ਨੇ ਸਵੇਰੇ ਉੱਠਕੇ ਵੇਖਿਆ ਤਾਂ ਸਿਲੰਡਰਾਂ ਨੂੰ ਕੋਈ ਚੋਰੀ ਕਰਕੇ ਲੈ ਗਿਆ ਸੀ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤੀ ਦੇ ਖਿਲਾਫ਼ ਮਾਰਕੁੱਟ ਕਰਨ ਦਾ ਦੋਸ਼-ਮਾਮਲਾ ਦਰਜ
ਅਜੀਤਗੜ੍ਹ, 27 ਫਰਵਰੀ -ਇਥੋਂ ਦੇ ਸੈਕਟਰ 70 ਦੀ ਵਸਨੀਕ ਤਰਮਿੰਦਰ ਕੌਰ ਨੇ ਆਪਣੇ ਪਤੀ ਦੇ ਖਿਲਾਫ਼ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਤਰਮਿੰਦਰ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦਾ ਪਤੀ ਵਰਿੰਦਰ ਸਿੰਘ ਜੋ ਕਿ ਸ਼ਰਾਬ ਪੀਣ ਦੀ ਆਦੀ ਹੈ ਅਤੇ ਬਿਨਾਂ ਵਜ੍ਹਾ ਉਸਦੀ ਮਾਰਕੁੱਟਾਈ ਕਰਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸਦੇ ਪਤੀ ਨੇ ਸ਼ਰਾਬ ਪੀ ਕੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਦਿਨ ਦਿਹਾੜੇ ਲੱਖਾਂ ਦੀ ਚੋਰੀ
ਪੰਚਕੂਲਾ, 27 ਫਰਵਰੀ -ਸ਼ਹਿਰ ਵਿਚ ਚੋਰੀ ਦੀਆਂ ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਵਿਚ ਚੋਰਾਂ ਨੇ ਕੱਲ੍ਹ ਦੁਪਹਿਰ ਹੀ ਸਥਾਨਕ ਸੈਕਟਰ 11 ਦੇ ਮਕਾਨ ਨੰਬਰ 1094 ਵਿਚ ਤਾਲਾ ਤੋੜ ਕੇ ਤੀਹ ਹਜ਼ਾਰ ਰੁਪਏ ਦੀ ਨਕਦੀ ਅਤੇ ਤਕਰੀਬਨ 3 ਲੱਖ ਦੇ ਗਹਿਣੇ ਚੋਰੀ ਕਰ ਲਏ। ਉਸ ਸਮੇਂ ਮਕਾਨ ਮਾਲਕ ਵਿਜੇ ਕੁਮਾਰ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਗਿਆ ਹੋਇਆ ਸੀ। ਇਸ ਗੱਲ ਬਾਰੇ ਉਸ ਦੇ ਗੁਆਂਢੀਆਂ ਨੇ ਅਜੇ ਕੁਮਾਰ ਨੂੰ ਫ਼ੋਨ ਤੇ ਦੱਸੀ, ਤਾਂ ਅਜੇ ਕੁਮਾਰ ਨੇ ਘਰ ਆ ਕੇ ਵੇਖਿਆ ਤਾਂ ਘਰ ਵਿਚ ਪਿਆ ਸਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ। ਪੁਲਿਸ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

No comments:

Post a Comment