ਮੈਰਿਜ ਪੈਲੇਸਾਂ 'ਚ ਫਜ਼ੂਲ ਖਰਚ ਦਾ ਸ਼ਿਕਾਰ ਹੋ ਰਿਹੈ ਪੰਜਾਬੀ ਸਮਾਜ
ਬਟਾਲਾ, 22 ਫਰਵਰੀ-ਪੰਜਾਬੀ ਸਮਾਜ ਦੁਆਰਾ ਵਿਆਹ-ਸ਼ਾਦੀਆਂ ਦੇ ਜ਼ਿਆਦਾਤਰ ਪ੍ਰੋਗਰਾਮ ਸਿਆਲ ਰੁੱਤੇ ਕੀਤੇ ਜਾਂਦੇ ਹਨ ਅਤੇ ਇਸ ਸਮੇਂ ਦੌਰਾਨ ਹਰ ਕੋਈ ਆਪਣੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਵਾਕਫਕਾਰਾਂ ਦੇ ਸੱਦੇ 'ਤੇ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਵਿਚ ਰੁੱਝਾ ਰਹਿੰਦਾ ਹੈ। ਪੰਜਾਬ ਵਿਚ ਲਗਭਗ ਤਿੰਨ ਦਹਾਕੇ ਪਹਿਲਾਂ ਸ਼ੁਰੂ ਹੋਇਆ ਮੈਰਿਜ਼ ਪੈਲੇਸ ਕਲਚਰ ਅੱਜ ਸਮੁੱਚੀ ਵੱਸੋਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਚੁੱਕਾ ਹੈ ਅਤੇ ਲੋਕਾਂ ਦੇ ਸਿਰ ਉਤਲਾ ਕਰਜ਼ ਅਤੇ ਮੈਰਿਜ ਪੈਲੇਸ ਦੋਵੇਂ ਵੱਡੇ ਹੋਈ ਜਾ ਰਹੇ ਹਨ। ਪਿੰਡ ਦੀ 'ਧੀ ਧਿਆਣੀ' ਨੂੰ ਵਰ ਕੇ ਲਿਜਾਣ ਆਈ ਕੁਝ ਕੁ ਸਿਆਣਿਆਂ ਬੰਦਿਆਂ ਦੀ ਬਰਾਤ ਦੀ ਸਾਰੇ ਪਿੰਡ ਵੱਲੋਂ ਇਕੱਠੇ ਹੋ ਕੇ ਸਾਦੇ ਢੰਗ ਨਾਲ, ਪਰ ਦਿਲੋਂ ਸੇਵਾ ਕਰਨ ਦੀ ਰੀਤ ਨੂੰ ਤਿਲਾਂਜ਼ਲੀ ਦੇ ਕੇ ਅਮੀਰ ਗਰੀਬ ਹਰ ਕੋਈ ਵੇਖੋ-ਵੇਖੀ ਮੈਰਿਜ ਪੈਲੇਸ ਵਿਚ ਵਿਆਹ ਕਰਨ ਨੂੰ ਤਰਜੀਹ ਦਿੰਦਾ ਹੈ ਜਾਂ ਇਸ ਲਈ ਮਜ਼ਬੂਰ ਹੈ। ਇਨ੍ਹਾਂ ਸਮਾਗਮਾਂ ਨੂੰ ਗਹੁ ਨਾਲ ਵੇਖੀਏ ਤਾਂ ਲਗਦਾ ਹੈ ਕਿ ਖਾਣ-ਪੀਣ ਦੇ ਸ਼ੌਕੀਨ ਅਤੇ ਪ੍ਰਾਹੁਣਾਚਾਰੀ ਲਈ ਮਸ਼ਹੂਰ ਪੰਜਾਬੀ ਆਪਣੇ ਉਜਾੜੇ 'ਤੇ ਉਤਰ ਆਏ ਹਨ। ਵਿਆਹ ਦਾ ਸਮਾਗਮ ਘਰੋਂ ਦੂਰ ਮੈਰਿਜ ਪੈਲੇਸ ਵਿਚ ਹੋਣ ਕਾਰਨ ਸਮੁੱਚਾ ਪ੍ਰਬੰਧ ਬੇਗਾਨਿਆਂ ਹੱਥ ਹੋ ਜਾਂਦਾ ਹੈ ਅਤੇ ਇਸ 'ਤੇ ਘਰ ਵਾਲਿਆਂ ਜਾਂ ਰਿਸ਼ਤੇਦਾਰਾਂ ਦਾ ਕੋਈ ਕੰਟਰੋਲ ਨਹੀਂ ਰਹਿੰਦਾ। ਵੇਟਰਾਂ, ਹਲਵਾਈਆਂ, ਸਟਾਲਾਂ ਵਾਲਿਆਂ, ਸਫਾਈ ਵਾਲਿਆਂ, ਡੀ.ਜੇ. ਵਾਲਿਆਂ, ਫੋਟੋਗ੍ਰਾਫਰਾਂ, ਬੈਂਡ ਵਾਲਿਆਂ, ਗੇਨ ਮੈਨ ਅਤੇ ਇਸ ਤਰ੍ਹਾਂ ਦੇ ਹੋਰ ਅਮਲੇ ਦੀ ਗਿਣਤੀ ਕੁਝ ਰਿਸ਼ਤੇਦਾਰਾਂ ਨਾਲੋਂ ਵਧੇਰੇ ਹੋ ਜਾਂਦੀ ਹੈ। ਰਿਸ਼ਤੇਦਾਰਾਂ ਲਈ ਉਚੇਚੇ ਤੌਰ 'ਤੇ ਬਣਾਇਆ ਅਨੇਕ ਪ੍ਰਕਾਰ ਦਾ ਭੋਜਨ ਇਹ ਟੋਲਾ ਉਡਾਈ ਜਾਂਦਾ ਹੈ। ਦੋਹਾਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰਾਂ ਵੱਲੋਂ ਕਿਸੇ ਕੰਮ ਵਿਚ ਕੋਈ ਭੂਮਿਕਾ ਨਾ ਹੋਣ ਕਾਰਨ ਅਤੇ ਇਸੇ ਜ਼ਿੰਮੇਵਾਰੀ ਰਹਿਤ ਮਾਹੌਲ ਵਿਚ ਹੱਥੀਂ ਕੰਮ ਕਰਨ ਵਾਲੇ ਵੀ ਵਿਹਲਿਆਂ ਦੀ ਧਾੜ ਬਣ ਜਾਂਦੇ ਹਨ। ਕਦੀ ਕੁਝ ਅਮੀਰ ਲੋਕਾਂ ਵੱਲੋਂ ਆਪਣੇ ਸਮਾਗਮਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਹੁਣ ਹਰ ਛੋਟੇ-ਵੱਡੇ ਸਮਾਗਮ ਦੀ ਰਾਣੀ ਬਣ ਗਈ ਹੈ ਅਤੇ ਸਮੇਂ ਦੇ ਨਾਲ-ਨਾਲ ਹੁਣ ਇਸ ਤੋਂ ਵੀ ਅੱਗੇ ਮਹਿੰਗੀ ਸ਼ਰਾਬ ਪਿਆਉਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜਿਸ ਵਰਗ ਲਈ 'ਮੀਟ' ਸ਼ਬਦ ਹੀ ਮਾਸਾਹਾਰੀ ਖਾਣੇ ਦਾ ਪ੍ਰਤੀਕ ਸੀ, ਉਹ ਵੀ ਹੁਣ ਫਿਸ਼, ਚਿਕਨ, ਮਟਨ, ਬੋਨਲੈੱਸ, ਤੰਦੂਰੀ ਅਤੇ ਅਜਿਹੀਆਂ ਹੋਰ ਕਿਸਮਾਂ ਵਿਖਾਵੇ ਦੀ ਮਾਨਸਿਕਤਾ ਕਾਰਨ ਆਪਣੇ ਸਮਾਗਮਾਂ ਵਿਚ ਵਰਤਾ ਕੇ ਆਪਣੀ ਹਾਉਮੇ ਨੂੰ ਪੱਠੇ ਪਾ ਰਿਹਾ ਹੈ। ਅੱਜ ਕੱਲ੍ਹ ਵਿਆਹ ਸ਼ਾਦੀ ਦੇ ਕਿਸੇ ਸਮਾਗਮ ਵਿਚ ਜਾਓ ਤਾਂ ਇਹ ਦੋ ਪਰਿਵਾਰਾਂ ਦੇ ਮੇਲ ਮਿਲਾਪ ਅਤੇ ਇਕ ਜਵਾਨ ਜੋੜੇ ਵੱਲੋਂ ਗ੍ਰਹਿਸਥੀ ਵਿਚ ਦਾਖਲ ਹੋਣ ਦਾ ਮੌਕਾ ਘੱਟ ਅਤੇ ਲੋਕਾਂ ਦੀ ਇਕ ਭੀੜ ਵੱਲੋਂ ਥੋੜੇ ਸਮੇਂ ਵਿਚ ਬਹੁਤਾ ਖਾਣ ਦਾ ਮੁਕਾਬਲਾ ਜ਼ਿਆਦਾ ਲਗਦਾ ਹੈ। ਇਸ ਦੌਰਾਨ ਵਿਆਹ ਵਾਲੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਦੀ ਬਜਾਏ ਹਰ ਕੋਈ ਖਾਣ-ਪੀਣ ਵਿਚ ਮਸਰੂਫ ਹੁੰਦਾ ਹੈ। ਗਵੱਈਆਂ ਅਤੇ ਡੀ.ਜੇ. ਦੇ ਭਾਰੀ ਭਰਕਮ ਰੌਲੇ ਵਿਚ ਜੇਕਰ ਕੋਈ ਚਾਹਵੇ ਵੀ ਤਾਂ ਕਿਸੇ ਦੀ ਕੋਈ ਸੁੱਖ-ਸਾਂਦ ਦੀ ਗੱਲ ਦੂਜੇ ਕੰਨੀ ਸੁਣਦੀ ਨਹੀਂ ਅਤੇ ਕੁਲ ਮਿਲਾ ਕੇ ਬੇਗਾਨੇ ਲੋਕਾਂ ਦੀ ਭੱਜ-ਦੌੜ ਅਤੇ ਅਸ਼ਾਂਤ ਮਾਹੌਲ ਹੀ ਅੱਜ ਦੇ ਵਿਆਹ ਸਮਾਗਮਾਂ ਦੀ ਅਸਲ ਤਸਵੀਰ ਬਣ ਗਈ ਹੈ। ਇਸੇ ਦੌਰਾਨ ਇਕ ਹੋਰ ਵਰਤਾਰਾ ਵੀ ਚਿੰਤਾ ਦੀ ਹੱਦ ਪਾਰ ਕਰ ਚੁੱਕਾ ਹੈ ਕਿ ਜ਼ਿਆਦਾਤਰ ਵਿਆਹ-ਸ਼ਾਦੀਆਂ ਦੇ ਸਮਾਗਮ ਹਫਤੇ ਦੇ ਅਖੀਰਲੇ ਦਿਨਾਂ ਦੌਰਾਨ ਹੋਣ ਕਾਰਨ ਜਦੋਂ ਸ਼ਾਮ ਹੋਣ ਉਪਰੰਤ ਮੈਰਿਜ ਪੇਲੇਸਾਂ ਵਿਚੋਂ ਘਰਾਂ ਨੂੰ ਨਿਕਲਦੇ ਹਨ ਤਾਂ ਸੜਕਾਂ 'ਤੇ ਗੱਡੀਆਂ ਦੀ ਭਰਮਾਰ ਕਾਰਨ ਅਤੇ ਹਰ ਕਿਸੇ ਦਾ ਕਾਹਲੀ ਵਿਚ ਹੋਣ ਕਾਰਨ ਹੋਏ ਸੜਕ ਹਾਦਸਿਆਂ ਵਿਚ ਬੇਸ਼ਕੀਮਤੀ ਜਾਨਾਂ ਜਾਣ ਤੋਂ ਇਲਾਵਾ ਕਰੋੜਾਂ-ਅਰਬਾਂ ਦੇ ਆਰਥਿਕ ਸਾਧਨਾਂ ਦੀ ਬਰਬਾਦੀ ਹੋਣ ਦੇ ਨਾਲ-ਨਾਲ ਹਾਦਸਿਆਂ ਵਿਚ ਅਪਾਹਜ ਹੋਣ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਅਤਿ ਮੁਸ਼ਕਿਲਾਂ ਵਿਚੋਂ ਲੰਘਣਾ ਪੈਂਦਾ ਹੈ। ਗੱਲ ਕੀ ਹੁਣ ਵਿਆਹਾਂ-ਸ਼ਾਂਦੀਆਂ ਦੇ ਮੌਜ਼ੂਦਾ ਸਮਾਗਮ ਵਿਖਾਵੇ ਦੀ ਭੇਟ ਚੜ ਦੋਵਾਂ ਪਰਿਵਾਰਾਂ ਲਈ ਸੁੱਖ-ਸ਼ਾਂਤੀ ਦੀ ਥਾਂ ਆਰਥਿਕ ਤੰਗੀ ਅਤੇ ਵਿਚੋਂ ਉਪਜੀ ਮਾਨਸਿਕ ਅਤੇ ਪਰਿਵਾਰਕ ਅਸ਼ਾਂਤੀ ਦੇ ਕਾਰਨ ਬਣ ਜਾਂਦੇ ਹਨ, ਜਿਨ੍ਹਾਂ ਦੇ ਸਮਾਜਿਕ ਅਤੇ ਪਰਿਵਾਰਕ ਜ਼ਿੰਦਗੀ 'ਤੇ ਬੜੇ ਮਾੜੇ ਪ੍ਰਭਾਵ ਪੈਂਦੇ ਹਨ।
No comments:
Post a Comment