ਸ਼ਹਿਣਾ, 22 ਫਰਵਰੀ-ਥਾਣਾ ਟੱਲੇਵਾਲ (ਬਰਨਾਲਾ) ਦੀ ਪੁਲਿਸ ਨੇ ਪੰਜਾਬ ਐਗਰੋ ਦੇ ਦੋ ਕਰੋੜ, ਦੋ ਲੱਖ 91 ਹਜ਼ਾਰ 647 ਰੁਪਏ ਦੇ ਝੋਨੇ ਦਾ ਗਬਨ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਟੱਲੇਵਾਲ ਥਾਣੇ ਦੇ ਮੁਨਸ਼ੀ ਦਲਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 21 ਜਨਵਰੀ 2011 ਨੂੰ ਗੁਰੂ ਰਾਈਸ ਮਿਲਜ਼ ਚੂੰਘਾਂ ਵਿਚ ਪੰਜਾਬ ਐਗਰੋ ਦੇ ਲੱਗੇ ਝੋਨੇ 'ਚੋਂ ਮਾਲ ਦੇ 46 ਹਜ਼ਾਰ 127 ਗੱਟੇ ਜਦ ਘੱਟ ਪਾਏ ਗਏ ਤਾਂ ਪੰਜਾਬ ਐਗਰੋ ਦੇ ਡੀ. ਐਮ. ਸੰਦੀਪ ਤਲਵਾਰ ਨੇ ਪੁਲਿਸ ਨੂੰ ਉਕਤ ਗਬਨ ਸਬੰਧੀ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਡੀ. ਐਮ. ਸੰਦੀਪ ਤਲਵਾਰ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 21 ਤਹਿਤ ਧਾਰਾ ਆਈ.ਪੀ.ਸੀ. ਅਧੀਨ ਰਾਈਸ ਮਿੱਲਜ਼ ਦੇ ਮਾਲਕ ਬਲਦੇਵ ਰਾਜ ਪੁੱਤਰ ਸਿਵਜੀ ਰਾਮ ਵਾਸੀ ਗਲੀ ਨੰ: 2 ਬਠਿੰਡਾ 'ਤੇ ਪਰਚਾ ਦਰਜ ਕਰ ਲਿਆ ਹੈ। ਇਸ ਗਬਨ ਕੇਸ ਦੀ ਪੈਰਵਾਈ ਕਰ ਰਹੇ ਥਾਣਾ ਮੁਖੀ ਰਾਜਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਕਤ ਗਬਨ ਦੇ ਮਾਮਲੇ ਵਿਚ ਦੋਸ਼ੀ ਬਲਦੇਵ ਰਾਜ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਬੀਤੇ ਦਿਨੀਂ ਪੁਲਿਸ ਪਾਰਟੀ ਨੇ ਉਸ ਨੂੰ ਉਸ ਦੀ ਰਿਹਾਇਸ਼ ਤੋਂ ਹੀ ਕਾਬੂ ਕਰ ਲਿਆ। ਰਾਜਵੰਤ ਸਿੰਘ ਨੇ ਦੱਸਿਆ ਕਿ ਗਬਨ ਝੋਨੇ ਦੀ ਕੀਮਤ 2 ਕਰੋੜ 91 ਹਜ਼ਾਰ 647 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਬਲਦੇਵ ਰਾਜ ਦਾ ਡਿਊਟੀ ਮੈਜਿਸਟ੍ਰੇਟ ਤੋਂ ਇੱਕ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਬਰਦਵਾਨ (ਪੱਛਮੀ ਬੰਗਾਲ), 22 ਫਰਵਰੀ-ਪੱਛਮੀ ਬੰਗਾਲ ਦੇ ਬਰਦਵਾਨ ਜ਼ਿਲ੍ਹੇ ਵਿਚ ਇਕ ਰੈਲੀ ਦੌਰਾਨ ਹੱਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ 'ਚ ਇਕ ਸਾਬਕਾ ਵਿਧਾਇਕ ਪ੍ਰਾਦਿਪ ਤਾਹ ਸਮੇਤ ਮਾਰਕਸੀ ਪਾਰਟੀ ਦੇ 2 ਸੀਨੀਅਰ ਆਗੂ ਮਾਰੇ ਗਏ। ਮਾਰਕਸੀ ਪਾਰਟੀ ਦੇ ਵਰਕਰਾਂ ਨੇ ਦੋਸ਼ ਲਾਇਆ ਹੈ ਕਿ ਹਮਲਾ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਦੇ ਵਰਕਰਾਂ ਨੇ ਕੀਤਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਹ ਘਟਨਾ ਦੇਵਾਨਦਿਘੀ ਖੇਤਰ ਵਿਚ ਵਾਪਰੀ। ਡੀ. ਐਸ. ਪੀ ਸਾਮ ਮਿਰਜ਼ਾ ਨੇ ਦੱਸਿਆ ਕਿ ਪ੍ਰਾਦਿਪ ਤਾਹ ਨੂੰ ਬਰਦਵਾਨ ਦੇ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਦ ਕਿ ਮਾਰਕਸੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਮਲ ਗੇਅਨ ਨੂੰ ਕੋਲਕਾਤਾ ਦੇ ਹਸਪਤਾਲ ਲਿਆਂਦਾ ਜਾ ਰਿਹਾ ਸੀ ਕਿ ਉਹ ਜ਼ਖ਼ਮਾਂ ਦਾ ਤਾਬ ਨਾ ਸਹਾਰਦਾ ਹੋਇਆ ਰਾਹ ਵਿਚ ਹੀ ਦਮ ਤੋੜ ਗਿਆ। ਤਾਹ ਬਰਦਵਾਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸਨ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮਾਰਕਸੀ ਪਾਰਟੀ ਦੇ ਵਰਕਰਾਂ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ 28 ਫਰਵਰੀ ਨੂੰ ਕੀਤੀ ਜਾ ਰਹੀ ਰਾਸ਼ਟਰ ਵਿਆਪੀ ਹੜਤਾਲ ਦੇ ਸਮਰਥਨ 'ਚ ਰੈਲੀ ਕੱਢੀ ਜਾ ਰਹੀ ਸੀ ਜਦੋਂ ਕੁਝ ਹਮਲਾਵਰਾਂ ਨੇ ਉਨ੍ਹਾਂ 'ਤੇ ਤੀਰਾਂ, ਰਾਡਾਂ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ।
ਨਵੀਂ ਦਿੱਲੀ, 22 ਫਰਵਰੀ-ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦਾ ਫੈਸਲਾ ਰਾਖਵਾਂ ਰੱਖ ਲਿਆ ਹੈ। ਅੱਜ ਚੀਫ ਜਸਟਿਸ ਏ. ਕੇ. ਸੀਕਰੀ ਅਤੇ ਆਰ. ਐਸ. ਐਂਡਲਾ ਦੇ ਦੋਹਰੇ ਬੈਂਚ ਦੀ ਸੁਣਵਾਈ ਦੌਰਾਨ ਦਿੱਲੀ ਸਰਕਾਰ ਦੇ ਵਕੀਲ ਵੱਜੋਂ ਪੇਸ਼ ਹੋਏ ਕੇ. ਟੀ. ਐਸ. ਤੁਲਸੀ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ ਗੁਰਦੁਆਰਾ ਦੀਆਂ ਆਮ ਚੋਣਾਂ ਲਈ ਪ੍ਰਕਿਰਿਆ ਸ਼ੁਰੂ ਹੋ ਜਾਣ ਕਾਰਨ ਚੋਣਾਂ ਕਰਵਾਉਣ ਦੇ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ। ਇਸ ਲਈ ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ 'ਤੇ ਹਲਕਿਆਂ ਦੀ ਹੱਦਬੰਦੀ ਕੀਤੇ ਬਿਨਾਂ ਹੀ ਗੁਰਦੁਆਰਾ ਚੋਣਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਜਦ ਕਿ ਉਕਤ ਮਾਮਲੇ 'ਚ ਪਟੀਸ਼ਨ ਪਾਉਣ ਵਾਲੀਆਂ ਦੂਜੀਆਂ ਦੋ ਧਿਰਾਂ ਵੱਲੋਂ ਪੇਸ਼ ਹੋਏ ਵਕੀਲ ਗੁਰਬਖਸ਼ ਸਿੰਘ ਅਤੇ ਵਕੀਲ ਅਵਿਨਾਸ਼ ਮਿਸ਼ਰਾ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਅਖਬਾਰਾਂ ਵਿਚ ਚੋਣਾਂ ਸਬੰਧੀ ਆਮ ਸੂਚਨਾ ਜਾਰੀ ਕੀਤੇ ਜਾਣ ਦੀ ਕਾਰਵਾਈ ਨੂੰ ਨਿਯਮ 11 ਦੇ ਅਧੀਨ ਨੋਟੀਫਿਕੇਸ਼ਨ ਅਤੇ ਚੋਣ ਪ੍ਰਕਿਰਿਆ ਸ਼ੁਰੂ ਹੋਣਾ ਨਹੀ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਅਤੇ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਦੀ ਗੰਢਤੁਪ ਅਤੇ ਗੁਰਦੁਆਰਾ ਕਮੇਟੀ ਦੇ ਪੈਨਲ ਵਾਲੇ ਵਕੀਲ ਵੱਲੋਂ ਦਿੱਲੀ ਸਰਕਾਰ ਦੀ ਪੈਰਵੀ ਕਰਨ ਸਬੰਧੀ ਜਾਣਕਾਰੀ ਅਦਾਲਤ ਨੂੰ ਦਿੱਤੀ ਗਈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂ. ਕੇ.) ਦੇ ਪ੍ਰਧਾਨ ਜਸਜੀਤ ਸਿੰਘ ਅਤੇ ਦਸਮੇਸ਼ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਸ: ਇੰਦਰਮੋਹਨ ਸਿੰਘ ਵੱਲੋਂ ਸਾਂਝੇ ਰੂਪ 'ਚ ਜਦਕਿ ਹਰਮੋਹਨ ਸਿੰਘ ਵੱਲੋਂ ਵੱਖਰੇ ਤੌਰ 'ਤੇ ਹਾਈ ਕੋਰਟ ਵਿਚ ਦਾਖਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੀ ਸਿੰਗਲ ਬੈਂਚ ਨੇ 7 ਫਰਵਰੀ ਦੇ ਫੈਸਲੇ 'ਚ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਨੂੰ ਫੋਟੋ ਵਾਲੀ ਵੋਟਰ ਸੂਚੀ ਅਤੇ ਹਲਕਿਆਂ ਦੀ ਹੱਦਬੰਦੀ ਦੇ ਨਿਰਦੇਸ਼ ਦਿੱਤੇ ਸਨ, ਇਸ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਇਸ ਫੈਸਲੇ ਨੂੰ ਹਾਈ ਕੋਰਟ ਦੇ ਦੋਹਰੇ ਸੰਵਿਧਾਨਕ ਬੈਂਚ 'ਚ ਚੁਣੌਤੀ ਦਿੱਤੀ ਗਈ ਜਿਸ 'ਤੇ ਹੋਈ ਬਹਿਸ ਤੋਂ ਬਾਅਦ ਅੱਜ ਹਾਈ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ।
ਨਵੀਂ ਦਿੱਲੀ, 22 ਫਰਵਰੀ -ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ 2 ਜੀ ਸਪੈਕਟਰਮ ਵੰਡ ਮਾਮਲੇ 'ਚ ਆਪਣੀ ਜਾਂਚ ਦੀ ਸਥਿਤੀ ਰਿਪੋਰਟ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੂੰ ਸੌਂਪ ਦਿੱਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਡਾਇਰੈਕਟਰ ਅਰੁਨ ਮਾਥਰ ਦੀ ਅਗਵਾਈ ਵਿਚ ਇਹ ਰਿਪੋਰਟ ਮੁੱਖ ਵਿਜੀਲੈਂਸ ਕਮਿਸ਼ਨਰ ਪ੍ਰਦੀਪ ਕੁਮਾਰ ਦੀ ਅਗਵਾਈ ਵਾਲੀ ਕਮੇਟੀ ਨੂੰ ਸੌਂਪੀ। ਸੂਤਰਾਂ ਅਨੁਸਾਰ ਇਸ ਮੌਕੇ ਮਾਥਰ ਨੇ 2 ਜੀ ਸਪੈਕਟਰਮ ਘੁਟਾਲੇ ਵਿਚ ਵੱਖ-ਵੱਖ ਵਿਅਕਤੀਆਂ ਤੇ ਕੰਪਨੀਆਂ ਦੀ ਭੂਮਿਕਾ ਬਾਰੇ ਵੀ ਮੁੱਖ ਵਿਜੀਲੈਂਸ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ। ਏਜੰਸੀ ਨੇ ਆਪਣੀ ਜਾਂਚ ਦੌਰਾਨ ਕਾਰਪੋਰੇਟ ਸਲਾਹਕਾਰ ਨੀਰਾ ਰਾਡੀਆ ਸਮੇਤ ਇਸ ਮਾਮਲੇ 'ਚ ਸ਼ਾਮਿਲ ਵੱਖ-ਵੱਖ ਵਿਅਕਤੀਆਂ ਦੇ ਬਿਆਨ ਲਏ। ਜਾਂਚ ਟੀਮ ਨੇ ਮਾਮਲੇ 'ਚ ਵਿਆਪਕ ਸਬੂਤ ਇਕੱਠੇ ਕਰਨ ਲਈ ਮੌਰੀਸ਼ਸ਼, ਸਾਈਪਰਸ ਤੇ ਕੁਝ ਹੋਰ ਦੇਸ਼ਾਂ ਦਾ ਵੀ ਦੌਰਾ ਕੀਤਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਿੱਛੇ ਜਿਹੇ ਕਾਲੇ ਧਨ ਨੂੰ ਚਿੱਟਾ ਕਰਨ ਵਿਰੋਧੀ ਕਾਨੂੰਨ ਦੀਆਂ ਧਰਾਵਾਂ ਤਹਿਤ ਸਾਬਕਾ ਕੇਂਦਰੀ ਮੰਤਰੀ ਦਯਾਨਿਧੀ ਮਾਰਨ ਤੇ ਉਸ ਦੇ ਭਰਾ ਕਲਾਨਿਧੀ ਵਿਰੁੱਧ ਕੇਸ ਵੀ ਦਰਜ ਕੀਤਾ ਹੈ। ਇਥੇ ਵਰਨਣਯੋਗ ਹੈ ਕਿ 2 ਜੀ ਮਾਮਲੇ ਵਿਚ 17 ਦੋਸ਼ੀਆਂ ਵਿਰੁੱਧ ਸੁਣਵਾਈ ਹੋ ਰਹੀ ਹੈ, ਜਿਨ੍ਹਾਂ ਵਿਚ ਸਾਬਕਾ ਟੈਲੀਕਾਮ ਮੰਤਰੀ ਏ.ਰਾਜਾ ਤੋਂ ਇਲਾਵਾ 3 ਕੰਪਨੀਆਂ ਰਿਲਾਇੰਸ ਟੈਲੀਕਾਮ ਲਿਮਟਿਡ, ਸਵਾਨ ਟੈਲੀਕਾਮ ਤੇ ਯੂਨੀਟੈਕ ਲਿਮਟਿਡ ਵੀ ਸ਼ਾਮਿਲ ਹਨ।
ਨਵੀਂ ਦਿੱਲੀ, 22 ਫਰਵਰੀ-ਦਿੱਲੀ ਪੁਲਿਸ ਨੇ ਇਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਦੀਨ ਦੇ ਸਰਗਰਮ ਅੱਤਵਾਦੀ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ 50 ਸਾਲਾ ਵਿਅਕਤੀ ਦੀ ਪਛਾਣ ਕਾਫ਼ੀਲ ਵਜੋਂ ਹੋਈ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਮੁਹੰਮਦ ਤਰੀਕ ਅੰਜੂਮਨ ਨੂੰ ਪਟਨਾ ਸ਼ਹਿਰ ਕੋਲੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਨੇ ਇੰਡੀਅਨ ਮੁਜਾਹਦੀਨ ਦਾ ਸੰਸਥਾਪਕ ਮੈਂਬਰ ਹੋਣ ਦਾ ਦਾਅਵਾ ਕੀਤਾ ਸੀ।
ਨਵੀਂ ਦਿੱਲੀ, 22 ਫਰਵਰੀ - ਸੁਪਰੀਮ ਕੋਰਟ ਵੱਲੋਂ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬੂ ਸਲੇਮ ਵਿਰੁੱਧ 2 ਮਾਮਲਿਆਂ 'ਚ ਟਾਡਾ ਕਾਰਵਾਈ ਉੱਪਰ ਰੋਕ ਲਾਉਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਉਸ ਵਿਰੁੱਧ ਮਾਮਲੇ ਵਾਪਿਸ ਲੈਣ ਦਾ ਮੰਨ ਬਣਾ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਨੇ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਟਾਡਾ ਮਾਮਲੇ ਵਾਪਿਸ ਲੈਣ ਦਾ ਨਿਰਨਾ ਲਿਆ ਹੈ ਜਦ ਕਿ ਅਬੂ ਸਲੇਮ ਦੀ ਪੁਰਤਗਾਲ ਨੂੰ ਹਵਾਲਗੀ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਇਥੇ ਵਰਨਣਯੋਗ ਹੈ ਕਿ ਲਿਸਬਨ ਦੀ ਇਕ ਅਦਾਲਤ ਨੇ ਅਬੂ ਸਲੇਮ ਨੂੰ ਭਾਰਤ ਦੇ ਹਵਾਲੇ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਅਬੂ ਸਲੇਮ ਵਿਰੁੱਧ ਟਾਡਾ ਕਾਰਵਾਈ ਉਪਰ ਰੋਕ ਲਾਉਂਦਿਆਂ ਕਿਹਾ ਸੀ ਕਿ ਪੁਰਤਗਾਲ ਦੀ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਪਵੇਗਾ। ਇਨ੍ਹਾਂ ਦੋ ਟਾਡਾ ਮਾਮਲਿਆਂ ਵਿਚੋਂ ਇਕ ਦਾ ਸਬੰਧ 1993 ਵਿਚ ਹੋਏ ਮੁੰਬਈ ਬੰਬ ਧਮਾਕਿਆਂ ਨਾਲ ਹੈ।
ਨਵੀਂ ਦਿੱਲੀ, 22 ਫਰਵਰੀ-ਕਿੰਗਫਿਸ਼ਰ ਏਅਰਲਾਈਨਜ਼ ਨੂੰ ਰਾਹਤ ਪੈਕੇਜ ਦੇਣ ਲਈ ਇਕ ਵਾਰ ਫਿਰ ਐਸ. ਬੀ. ਆਈ. ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਭਾਰਤੀ ਸਟੇਟ ਬੈਂਕ 1680 ਕਰੋੜ ਰੁਪਏ ਦਾ ਰਾਹਤ ਪੈਕੇਜ ਦੇ ਸਕਦਾ ਹੈ। ਸ਼ਹਿਰੀ ਹਵਾਵਾਜ਼ੀ ਮੰਤਰੀ ਅਜੀਤ ਸਿੰਘ ਨੇ ਵੀ ਇਸ ਪੈਕੇਜ 'ਤੇ ਕਿਸੇ ਤਰਾਂ ਦੇ ਇਤਰਾਜ਼ ਤੋਂ ਇਨਕਾਰ ਕੀਤਾ ਹੈ। ਇਸ ਦਰਮਿਆਨ ਡੀ ਜੀ ਸੀ ਓ ਦੇ ਅਧਿਕਾਰੀਆਂ ਨੇ ਹਵਾਵਾਜ਼ੀ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕੰਪਨੀ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਹੈ। ਹਵਾਵਾਜ਼ੀ ਮੰਤਰੀ ਅਜੀਤ ਸਿੰਘ ਨੇ ਕਿਹਾ ਕਿ ਜੇਕਰ ਬੈਂਕ ਨੂੰ ਲਗਦਾ ਹੈ ਕਿ ਕਿੰਗਫਿਸ਼ਰ ਨੂੰ ਰਾਹਤ ਪੈਕੇਜ ਦੇਣਾ ਉਨ੍ਹਾਂ ਲਈ ਫਾਇਦੇ ਦਾ ਸੌਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ। ਇਸ ਵਿਚ ਸਰਕਾਰ ਨੂੰ ਕੋਈ ਇਤਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿੰਗਫਿਸ਼ਰ 'ਤੇ ਬੈਂਕਾਂ ਦਾ ਕਈ ਹਜ਼ਾਰ ਕਰੋੜ ਰੁਪਇਆ ਬਕਾਇਆ ਹੈ, ਅਜਿਹੇ 'ਚ ਬੈਂਕ ਨੂੰ ਹੀ ਫ਼ੈਸਲਾ ਲੈਣਾ ਹੋਵੇਗਾ ਕਿ ਉਹ ਕਿਹੜਾ ਕਦਮ ਚੁੱਕੇ।
ਲਖਨਊ, 22 ਫਰਵਰੀ-ਯੂ. ਪੀ. ਦੇ ਲੋਕ ਨਿਰਮਾਣ, ਕਰ ਤੇ ਆਬਾਕਾਰੀ ਮੰਤਰੀ ਨਸੀਮੂਦੀਨ ਸਿੱਦੀਕੀ ਨੇ ਲੋਕਆਯੁਕਤ ਦੇ ਉਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਪੌਂਟੀ ਚੱਢਾ ਦੀ ਕੰਪਨੀ ਨੂੰ ਰਾਜ ਵਿਚ ਸ਼ਰਾਬ ਦੇ ਸਾਰੇ ਠੇਕੇ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੈਬਨਿਟ ਵੱਲੋਂ ਲਿਆ ਗਿਆ ਸੀ, ਨਾ ਕਿ ਮੇਰੇ ਵੱਲੋਂ। ਇਹ ਜਵਾਬ ਨਸੀਮੂਦੀਨ ਵੱਲੋਂ ਸੂਬਾ ਲੋਕਆਯੁਕਤ ਨੂੰ ਵਿਨੇ ਮਿਸ਼ਰਾ ਨਾਂਅ ਦੇ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਜਵਾਬ ਵਿਚ ਦਿੱਤਾ ਗਿਆ ਹੈ। ਮਿਸ਼ਰਾ ਨੇ ਸ਼ਿਕਾਇਤ ਕੀਤੀ ਸੀ ਕਿ ਨਸੀਮੂਦੀਨ ਨੇ ਉੱਤਰ ਪ੍ਰਦੇਸ਼ ਵਿਚ ਸ਼ਰਾਬ ਦੇ ਠੇਕੇ ਇਕੱਲੇ ਪੌਂਟੀ ਚੱਢਾ ਨੂੰ ਦੇ ਕੇ ਉਸ ਨੇ ਸਰਕਾਰੀ ਖ਼ਜ਼ਾਨੇ ਦਾ ਵੱਡਾ ਨੁਕਸਾਨ ਕੀਤਾ ਹੈ।
ਨਵੀਂ ਦਿੱਲੀ, 22 ਫਰਵਰੀ -ਸਰਕਾਰੀ ਵਕੀਲਾਂ ਨੇ ਅੱਜ ਸੁਪਰੀਮ ਕੋਰਟ ਵਿਚ ਸਪਸ਼ਟ ਕੀਤਾ ਕਿ 26 ਨਵੰਬਰ 2009 ਨੂੰ ਭਾਰਤ ਦੀ ਆਰਥਿਕ ਰਾਜਧਾਨੀ 'ਤੇ ਕੀਤਾ ਗਿਆ ਅੱਤਵਾਦੀ ਹਮਲਾ ਪੂਰੀ ਤਰਾਂ ਨਾਲ ਯੋਜਨਾਬੱਧ ਸੀ ਅਤੇ ਇਸ ਦੀ ਸਾਜਿਸ਼ ਪਾਕਿਸਤਾਨ 'ਚ ਰਚੀ ਗਈ ਸੀ। ਜਸਟਿਸ ਆਫਤਾਬ ਆਲਮ ਅਤੇ ਜਸਟਿਸ ਸੀ ਕੇ ਪ੍ਰਸਾਦ ਦੀ ਵਿਸ਼ੇਸ਼ ਅਦਾਲਤ 'ਚ ਸਰਕਾਰੀ ਵਕੀਲ ਉਜਲ ਨਿਕੰਮ ਅਥੇ ਸਾਬਕਾ ਸੋਲਿਸਟਰ ਜਨਰਲ ਗੋਪਾਲ ਕ੍ਰਿਸਨ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਕਸਾਬ ਅਤੇ ਉਸਦੇ ਸਾਧੀਆਂ ਦੀ ਪਾਕਿਸਤਾਨ ਵਿਖੇ ਸਥਿਤ ਆਪਣੇ ਬਾਕੀ ਸਾਥੀਆਂ ਨਾਲ ਫੋਨ 'ਤੇ ਲੰਬੀ ਗੱਲਬਾਤ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਕਸਾਬ ਵੱਲੋਂ ਦੋਸ਼ ਕਬੂਲਣ ਤੇ ਮੁੰਬਈ ਪੁਲਿਸ ਵੱਲੋਂ ਟੈਲੀਫ਼ੋਨ 'ਤੇ ਗੱਲਬਾਤ ਦੀ ਰਿਕਾਰਡਿਗ ਸਬੂਤ ਹੈ ਕਿ ਮੰਬਈ ਧਮਾਕੇ ਦੇ ਮੁਖ ਸਾਜ਼ਿਸ਼ਕਾਰ ਅਤੇ 10 ਅੱਤਵਾਦੀਆਂ ਵਿਚਕਾਰ ਹਮਲੇ ਤੋਂ ਪਹਿਲਾਂ ਲੰਬੀ ਮੀਟਿੰਗ ਹੋਈ ਸੀ।
ਨਵੀਂ ਦਿੱਲੀ, 22 ਫਰਵਰੀ-ਪੰਜਾਬ ਚਾਵਲ ਦੇ ਕੁੱਲ 2,50, 24, 200 ਟਨ ਉਤਪਾਦਨ ਵਿਚੋਂ 77,31,325 ਟਨ ਦਾ ਉਤਪਾਦਨ ਕਰਕੇ ਸਭ ਤੋਂ ਵਧੇਰੇ ਚਾਵਲ ਦਾ ਉਤਪਾਦਨ ਕਰਨ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਸਰਕਾਰੀ ਸੂਤਰਾਂ ਨੇ ਖੁਰਾਕ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਪਿਛਲੇ ਸਾਲ ਦੇ 1,75,517 ਟਨ ਦੇ ਟੀਚੇ ਨਾਲੋਂ ਇਸ ਵਾਰ ਚਾਵਲਾਂ ਦਾ ਉਤਪਾਦਨ 250 ਲੱਖ ਟਨ ਨੂੰ ਪਾਰ ਕਰ ਗਿਆ। ਪੰਜਾਬ ਤੋਂ ਬਾਅਦ 40,54, 679 ਟਨ ਦੇ ਉਤਪਾਦਨ ਨਾਲ ਛੱਤੀਸਗੜ੍ਹ ਦੂਜੇ ਨੰਬਰ,ਆਂਧਰਾ ਪ੍ਰਦੇਸ਼ 36,87,335 ਟਨ ਦੇ ਉਤਪਾਦਨ ਨਾਲ ਤੀਜੇ ਅਤੇ ਹਰਿਆਣਾ 19,73,875 ਟਨ ਦਾ ਉਤਪਾਦਨ ਕਰਕੇ ਚੌਥੇ ਨੰਬਰ 'ਤੇ ਰਿਹਾ ਹੈ।
ਨਵੀਂ ਦਿੱਲੀ, 22 ਫਰਵਰੀ -ਨਿਗਮ ਚੋਣਾਂ ਵਿਚ ਪਾਰਟੀ ਦੀ ਸਥਿਤੀ ਮਾੜੀ ਰਹਿਣ 'ਤੇ ਮੁੰਬਈ ਕਾਂਗਰਸ ਦੇ ਪ੍ਰਧਾਨ ਕ੍ਰਿਪਾਸ਼ੰਕਰ ਸਿੰਘ ਵੱਲੋਂ ਅੱਜ ਅਸਤੀਫ਼ਾ ਦੇ ਦਿੱਤਾ ਗਿਆ। ਮਹਾਰਾਸ਼ਟਰ ਦੇ ਇੰਚਾਰਜ ਮੋਹਨ ਪ੍ਰਕਾਸ਼ ਨੇ ਪੁਸ਼ਟੀ ਕੀਤੀ ਕਿ ਕ੍ਰਿਪਾਸ਼ੰਕਰ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਦੂਜੇ ਪਾਸੇ ਬੰਬੇ ਹਾਈ ਕੋਰਟ ਵੱਲੋਂ ਅੱਜ ਕ੍ਰਿਪਾਸ਼ੰਕਰ ਸਿੰਘ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੂੰ ਐੱਫ. ਆਈ. ਆਰ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਅਦਾਲਤ ਨੇ ਹੁਕਮ ਜਾਰੀ ਕੀਤੇ ਹਨ ਕਿ ਰਿਪੋਰਟ ਦੇ ਨਾਲ ਕ੍ਰਿਪਾਸ਼ੰਕਰ ਸਿੰਘ ਦੇ ਪਰਿਵਾਰ ਦੀ ਜਾਇਦਾਦ ਦੇ ਪੂਰੇ ਵੇਰਵੇ ਨੱਥੀ ਕੀਤੇ ਜਾਣ। ਮਾਮਲੇ ਦੀ ਜਾਂਚ ਰਿਪੋਰਟ 10 ਅਪ੍ਰੈਲ ਤਕ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
No comments:
Post a Comment