Thursday, 23 February 2012


ਮੁਕਾਬਲੇ ਤੋਂ ਬਾਅਦ ਪੰਜ ਖਤਰਨਾਕ ਅਪਰਾਧੀ ਹਥਿਆਰਾਂ ਸਮੇਤ ਕਾਬੂ

 ਗ੍ਰਿਫ਼ਤਾਰ ਕੀਤੇ ਨੌਜਵਾਨ ਪੁਲਿਸ ਮੁਲਾਜ਼ਮਾਂ ਨਾਲ।
ਲੁਧਿਆਣਾ.- 22 ਫਰਵਰੀ ૿ ਸਥਾਨਕ ਚੰਦਰ ਨਗਰ ਵਿਚ ਪੁਲਿਸ ਅਤੇ ਖਤਰਨਾਕ ਅਪਰਾਧੀਆਂ ਨਾਲ ਹੋਏ ਜ਼ਬਰਦਸਤ ਮੁਕਾਬਲੇ ਤੋਂ ਬਾਅਦ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਨੂੰ ਦਰਜਨਾਂ ਮਾਮਲਿਆਂ ਵਿਚ ਲੁੜੀਂਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ: ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਥਾਣਾ ਡਿਵੀਜ਼ਨ ਨੰਬਰ 4 ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ ਅਤੇ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੀ ਸ਼ਨਾਖਤ ਅਜੈ ਸ਼ਰਮਾ ਉਰਫ਼ ਪੰਡਤ ਪੁੱਤਰ ਬਿਸ਼ਨ ਦਾਸ ਵਾਸੀ ਗੁਰੂ ਅਰਜਨ ਦੇਵ ਨਗਰ, ਹਰਜੀਤ ਸਿੰਘ ਉਰਫ਼ ਸੋਨੀ ਪੁੱਤਰ ਹਰਦੇਵ ਸਿੰਘ ਵਾਸੀ ਮੋਗਾ, ਅਮਨ ਗਾਬਾ ਉਰਫ਼ ਚਿੰਟੂ ਪੁੱਤਰ ਮੋਹਣ ਲਾਲ ਵਾਸੀ ਕਿਸ਼ਨਪੁਰਾ ਮੋਗਾ, ਜਤਿੰਦਰ ਕੁਮਾਰ ਉਰਫ਼ ਨੀਲਾ ਪੁੱਤਰ ਕੁੰਦਨ ਲਾਲ ਵਾਸੀ ਗੁਰੂ ਨਾਨਕ ਨਗਰ ਮੋਗਾ ਅਤੇ ਸਿਮਰਨਪ੍ਰੀਤ ਸਿੰਘ ਉਰਫ਼ ਸਿਮਰ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਵਜੋਂ ਕੀਤੀ ਗਈ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਦੋ ਪਿਸਤੌਲਾਂ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਪੁਲਿਸ ਵੱਲੋਂ ਰਾਤਰੀ ਗਸ਼ਤ ਦੇ ਮੱਦੇਨਜ਼ਰ ਚੰਦਰ ਨਗਰ ਪੁਲੀ ਤੇ ਨਾਕਾ ਲਗਾਇਆ ਹੋਇਆ ਸੀ। ਪੁਲਿਸ ਨੇ ਇਕ ਚਿੱਟੇ ਰੰਗ ਦੀ ਸਫ਼ਾਰੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਚਾਲਕਾਂ ਵੱਲੋਂ ਕਾਰ ਰੋਕਣ ਦੀ ਥਾਂ ਭਜਾ ਲਈ ਅਤੇ ਕਾਰ ਇਕ ਦੀਵਾਰ ਨਾਲ ਵੱਜਣ ਤੋਂ ਬਾਅਦ ਰੁਕ ਗਈ। ਪਿੱਛਾ ਕਰ ਰਹੀ ਪੁਲਿਸ ਪਾਰਟੀ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਤੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਜਵਾਬੀ ਗੋਲੀਆਂ ਚਲਾਈਆਂ।
ਪੁਲਿਸ ਨਾਲ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਇਸ ਗਿਰੋਹ ਦਾ ਸਰਗਨਾ ਪੰਡਿਤ ਪੈਸੇ ਲੈ ਕੇ ਲੋਕਾਂ ਦੀ ਮਾਰਕੁਟਾਈ ਕਰਨ ਦਾ ਧੰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜਦ ਕਿ ਬਾਕੀ ਕਥਿਤ ਦੋਸ਼ੀ ਮੋਗਾ ਪੁਲਿਸ ਦੇ ਭਗੌੜੇ ਹਨ ਅਤੇ ਸੰਗੀਨ ਵਾਰਦਾਤਾਂ ਵਿਚ ਲੁੜੀਂਦੇ ਸਨ। ਪੁਲਿਸ ਨੇ ਇਨ੍ਹਾਂ ਖਿਲਾਫ਼ ਧਾਰਾ 307/148/149 ਅਧੀਨ ਕੇਸ ਦਰਜ ਕੀਤਾ ਹੈ। ਅਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਸਫ਼ਾਰੀ ਵੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ 315 ਬੋਰ ਦੀ ਜਿਹੜੀ ਪਿਸਤੌਲ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਬਰਾਮਦ ਕੀਤੀ ਹੈ, ਉਹ ਚੋਰੀ ਦੀ ਹੈ।

ਦੁੱਧ ਦੇ ਵਪਾਰੀ ਤੋਂ ਹਥਿਆਰਬੰਦ ਲੁਟੇਰੇ 7 ਲੱਖ ਦੀ ਨਕਦੀ ਲੁੱਟ ਕੇ ਫਰਾਰ

 ਲੁਧਿਆਣਾ ਵਿਖੇ ਹੋਈ ਲੁੱਟ ਦੀ ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ
ਅਧਿਕਾਰੀ ਜਾਂਚ ਪੜਤਾਲ ਕਰਦੇ ਹੋਏ।
ਲੁਧਿਆਣਾ.- 22 ਫਰਵਰੀ ਸਥਾਨਕ ਗਿੱਲ ਸੜਕ ਤੇ ਪੈਂਦੇ ਇਲਾਕੇ ਦਸ਼ਮੇਸ਼ ਨਗਰ ਵਿਚ ਅੱਜ ਦਿਨ-ਦਿਹਾੜੇ ਦੋ ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਇਕ ਦੁੱਧ ਦੇ ਵਪਾਰੀ ਤੋਂ 7 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਅੱਜ ਦੁਪਹਿਰ 1 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਦੁੱਧ ਦਾ ਕਾਰੋਬਾਰ ਕਰਨ ਅਤੇ ਜਗਦੀਸ਼ ਮਿਲਕ ਸਟੋਰ ਗਿੱਲ ਸੜਕ ਦਾ ਮਾਲਕ ਰਾਜੇਸ਼ ਕੁਮਾਰ ਚੌਧਰੀ ਗਿੱਲ ਸੜਕ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਤੋਂ 7 ਲੱਖ ਦੀ ਨਕਦੀ ਕਢਵਾ ਕੇ ਵਾਪਸ ਘਰ ਪਰਤ ਰਿਹਾ ਸੀ।
ਉਸ ਦਾ ਘਰ ਬੈਂਕ ਦੇ ਨਾਲ ਲਗਦੀ ਗਲੀ ਵਿਚ ਹੀ ਸੀ, ਜਿਸ ਕਰ ਕੇ ਉਹ ਬੈਂਕ ਤੋਂ ਪੈਦਲ ਹੀ ਘਰ ਵੱਲ ਤੁਰ ਪਿਆ। ਉਸ ਨੇ ਨਕਦੀ ਇਕ ਬੈਗ ਵਿਚ ਪਾਈ ਹੋਈ ਸੀ। ਜਦੋਂ ਉਹ ਘਰ ਦੇ ਨੇੜੇ ਪਹੁੰਚਿਆਂ ਤਾਂ ਉਥੇ ਇਕ ਮੋਟਰਸਾਈਕਲ ਸਵਾਰ ਦੋ ਹਥਿਆਰਬੰਦ ਲੁਟੇਰਿਆਂ ਨੇ ਉਸਨੂੰ ਰੋਕ ਲਿਆ ਅਤੇ ਨਕਦੀ ਦੀ ਮੰਗ ਕੀਤੀ, ਜਦੋਂ ਉਸ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰੇ ਉਸ ਨਾਲ ਉਲਝ ਪਏ ਅਤੇ ਨਕਦੀ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। ਦੋਵਾਂ ਲੁਟੇਰਿਆਂ ਦੀ ਉਮਰ 25 ਸਾਲ ਦੇ ਕਰੀਬ ਸੀ ਅਤੇ ਉਹ ਪਲਸਰ ਮੋਟਰਸਾਈਕਲ ਤੇ ਸਵਾਰ ਸਨ।
ਘਟਨਾ ਦੀ ਸੂਚਨਾ ਮਿਲਦੇ ਏ. ਡੀ. ਸੀ. ਪੀ. ਸ: ਸਤਵੀਰ ਸਿੰਘ ਅਟਵਾਲ ਸਮੇਤ ਕਈ ਹੋਰ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਵਾਰਦਾਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ, ਪਰ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਪੁਲਿਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਅਲੀ ਸਰਟੀਫ਼ਿਕੇਟ ਦੇ ਆਧਾਰ 'ਤੇ ਨੌਕਰੀ
ਲੈਣ ਵਾਲੇ ਸਿਪਾਹੀ ਖ਼ਿਲਾਫ਼ ਕੇਸ ਦਰਜ
ਲੁਧਿਆਣਾ- 22 ਫਰਵਰੀ ૿ ਲੁਧਿਆਣਾ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅੰਗਰੱਖਿਅਕ ਖਿਲਾਫ਼ ਜਾਅਲੀ ਸਰਟੀਫ਼ਿਕੇਟ ਦੇ ਆਧਾਰ 'ਤੇ ਨੌਕਰੀ ਲੈਣ ਵਾਲੇ ਸਿਪਾਹੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਕਾਰਵਾਈ ਇਕ ਸ਼ਿਕਾਇਤ ਦੇ ਆਧਾਰ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਕਾਬਲ ਸਿੰਘ ਪੁੱਤਰ ਬਚਨ ਸਿੰਘ ਖਿਲਾਫ਼ ਧਾਰਾ 420 ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨੌਕਰੀ ਲੈਣ ਸਮੇਂ ਆਪਣੇ ਜਨਮ ਦਾ ਜਾਅਲੀ ਸਰਟੀਫ਼ਿਕੇਟ ਪੇਸ਼ ਕੀਤਾ। ਜਾਂਚ ਦੌਰਾਨ ਸ਼ਿਕਾਇਤ ਤੇ ਤੱਥ ਸਹੀ ਪਾਏ ਗਏ ਅਤੇ ਅਧਿਕਾਰੀਆਂ ਨੇ ਉਸ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।

ਵਿਧਾਇਕ ਦੀਦਾਰ ਸਿੰਘ ਭੱਟੀ ਸਮੇਤ ਦਰਜਨ
ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ
ਫ਼ਤਹਿਗੜ੍ਹ ਸਾਹਿਬ- 22 ਫਰਵਰੀ ૿ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਸੌਂਢਾ ਨੂੰ ਘੇਰ ਕੇ ਕੁੱਟਮਾਰ ਕਰਨ ਅਤੇ ਗੱਡੀ 'ਚ ਸੁੱਟਣ ਦੇ ਕਥਿਤ ਦੋਸ਼ 'ਚ ਹਲਕਾ ਵਿਧਾਇਕ ਸਰਹਿੰਦ ਅਤੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਪੀਪਲਜ਼ ਪਾਰਟੀ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ, ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੱਗੂ, ਪੀਪਲਜ਼ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਮੱਖਣ ਸਮੇਤ ਲਗਭਗ 10 ਵਿਅਕਤੀਆਂ 'ਤੇ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸਰਹਿੰਦ ਚੌਕੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ 21 ਫਰਵਰੀ ਦੀ ਸ਼ਾਮ ਨੂੰ ਜਦੋਂ ਲਖਵੀਰ ਸਿੰਘ ਸੌਂਢਾ ਆਪਣੀ ਗੱਡੀ 'ਚ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਦੀਦਾਰ ਸਿੰਘ ਭੱਟੀ, ਗੁਰਵਿੰਦਰ ਸਿੰਘ ਗੱਗੂ, ਸਰਬਜੀਤ ਸਿੰਘ ਮੱਖਣ, ਰਜਿੰਦਰ ਸਿੰਘ ਬਿੱਟਾ, ਸਿਕੰਦਰ ਸਿੰਘ ਤਲਵਾੜਾ ਸਮੇਤ ਅੱਧੀ ਦਰਜਨ ਤੋਂ ਵਧੇਰੇ ਨਾ ਮਾਲੂਮ ਵਿਅਕਤੀਆਂ ਨੇ ਉਸ ਨੂੰ ਆਮ ਖ਼ਾਸ ਬਾਗ਼ ਨੇੜੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗੁਰਵਿੰਦਰ ਸਿੰਘ ਗੱਗੂ ਨੇ ਰਿਵਾਲਵਰ ਤਾਣ ਲਿਆ ਅਤੇ ਲਖਵੀਰ ਸਿੰਘ ਨੂੰ ਗੱਡੀ 'ਚ ਸੁੱਟ ਲਿਆ ਪਰ ਲੋਕਾਂ ਦਾ ਇਕੱਠ ਦੇਖ ਕੇ ਉਪਰੋਕਤ ਵਿਅਕਤੀ ਆਪਣੀਆਂ ਗੱਡੀਆਂ ਸਮੇਤ ਭੱਜ ਗਏ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਲਖਵੀਰ ਸਿੰਘ ਸੌਂਢਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 365, 511, 341,342, 506, 323, 148, 149 ਅਤੇ ਅਸਲਾ ਐਕਟ ਦੀ ਧਾਰਾ 25, 54, 59 ਅਧੀਨ ਮਾਮਲਾ ਦਰ ਕਰ ਕੇ ਉਪਰੋਕਤ ਵਿਅਕਤੀਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।

ਲੋਕਾਂ ਦੀ ਸਹੂਲਤ ਲਈ ਬਣੇ ਸਾਂਝ ਕੇਂਦਰ ਅਸਫਲ
ਅਬੋਹਰ. - 22 ਫਰਵਰੀ ૿ ਲੋਕਾਂ ਅੰਦਰ ਪੁਲਿਸ ਦਾ ਡਰ ਖ਼ਤਮ ਕਰਨ ਦੇ ਮੰਤਵ ਨਾਲ ਪੰਜਾਬ ਵਿਚ ਪੁਲਿਸ ਸਾਂਝ ਕੇਂਦਰ ਬਣਾਏ ਗਏ ਸਨ। ਜਿਨ੍ਹਾਂ ਦਾ ਲਾਭ ਲੋਕਾਂ ਨੂੰ ਉਨਾਂ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਹੈ। ਹੇਠਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਇਸ ਵਿਚ ਰੁਚੀ ਨਾ ਲਏ ਜਾਣ ਅਤੇ ਲੋਕਾਂ 'ਚ ਜਾਗਰੂਕਤਾ ਦੀ ਘਾਟ ਕਾਰਨ ਇਹ ਪ੍ਰੋਜੈਕਟ ਹਾਲੇ ਤੱਕ ਸਫਲ ਨਹੀਂ ਹੋ ਸਕਿਆ ਹੈ।
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਉਪ ਮੰਡਲ ਪੱਧਰ 'ਤੇ ਵਧੀਆ ਇਮਾਰਤਾਂ ਉਸਾਰ ਕੇ ਇਹ ਸਾਂਝ ਕੇਂਦਰ ਬਣੇ ਸਨ। 95 ਸਾਂਝ ਕੇਂਦਰਾਂ ਅਤੇ 88 ਮਾਡਲ ਪੁਲਿਸ ਥਾਣਿਆਂ ਦਾ ਟੀਚਾ ਲੈ ਕੇ ਚੱਲੀ ਪੰਜਾਬ ਪੁਲਿਸ ਵੱਲੋਂ ਕੇਂਦਰ ਤੋਂ ਆਏ ਪੈਸੇ ਨਾਲ ਹੁਣ ਤੱਕ 83 ਸਾਂਝ ਕੇਂਦਰ ਤੇ 46 ਪੁਲਿਸ ਥਾਣੇ ਬਣਾਏ ਜਾ ਚੁੱਕੇ ਹਨ। 17 ਅਕਤੂਬਰ 2011 ਨੂੰ ਸਾਰੇ ਪੰਜਾਬ ਵਿਚ ਇੱਕੋ ਦਿਨ ਇਨ੍ਹਾਂ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇਨ੍ਹਾਂ ਕੇਂਦਰਾਂ 'ਚ ਸਟਾਫ਼ ਵੀ ਰੱਖਿਆ ਗਿਆ ਸੀ। ਇਨ੍ਹਾਂ ਸਾਂਝ ਕੇਂਦਰਾਂ 'ਤੇ ਪੁਲਿਸ ਥਾਣਿਆਂ ਵਿਚ ਸੂਚਨਾ ਦੇ ਅਧਿਕਾਰ ਤਹਿਤ 20 ਸੁਵਿਧਾਵਾਂ ਅਤੇ ਕੁੱਝ ਹੋਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣੀਆਂ ਸ਼ਾਮਿਲ ਹਨ। ਪਰ ਉਦਾਸੀ ਭਰੀ ਗੱਲ ਇਹ ਹੈ ਕਿ ਇਹ ਸਾਂਝ ਕੇਂਦਰ ਹੇਠਲੇ ਪੱਧਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਰੁਚੀ ਨਾ ਲਏ ਜਾਣ ਕਰ ਕੇ ਲੋਕਾਂ ਅਤੇ ਪੁਲਿਸ ਦੀ ਸਾਂਝ ਨੂੰ ਮਜ਼ਬੂਤ ਕਰਨ ਵਿਚ ਹੁਣ ਤੱਕ ਤਾਂ ਨਾ-ਕਾਮਯਾਬ ਸਾਬਤ ਹੋਏ ਹਨ।
ਇਨ੍ਹਾਂ ਕੇਂਦਰਾਂ ਵਿਚ ਮੁੱਢਲੀਆਂ ਸੂਚਨਾਵਾਂ ਵੀ ਦਰਜ ਹੋਣੀਆਂ ਸਨ ਤੇ ਸ਼ਿਕਾਇਤਾਂ ਵੀ ਇੱਥੇ ਹੀ ਹੋਣੀਆਂ ਸਨ। ਪਰ ਇਨ੍ਹਾਂ ਕੇਂਦਰਾਂ 'ਤੇ ਤਾਂ ਸਿਰਫ਼ ਮੋਬਾਈਲ, ਸਿਮ ਕਾਰਡ ਚੋਰੀ ਹੋਣ ਸਬੰਧੀ ਅਤੇ ਹੋਰ ਨਿੱਕੀਆਂ-ਮੋਟੀਆਂ ਸ਼ਿਕਾਇਤਾਂ ਹੀ ਦਰਜ ਹੋ ਰਹੀਆਂ ਹਨ। ਅਬੋਹਰ ਵਿਚ ਇਸ ਕੇਂਦਰ 'ਤੇ ਪੂਰੇ ਕੰਮ ਨਹੀਂ ਹੋਣ ਲੱਗੇ। ਇਨ੍ਹਾਂ ਕੇਂਦਰਾਂ ਦਾ ਸਟਾਫ਼ ਲਗਭਗ ਵਿਹਲਾ ਰਹਿ ਕੇ ਹੀ ਸਮਾਂ ਲੰਘਾ ਰਿਹਾ ਹੈ। ਸਰਕਾਰੀ ਹਦਾਇਤਾਂ ਦੇ ਉਲਟ ਅੱਜ ਵੀ ਥਾਣਿਆਂ 'ਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ ਤੇ ਲੋਕ ਖੱਜਲ ਖ਼ੁਆਰ ਹੋ ਰਹੇ ਹਨ।ਇਸ ਸਬੰਧੀ ਜਦੋਂ ਉੱਚ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉੱਥੋਂ ਅੱਗੇ ਤੋਂ ਅੱਗੇ ਨੰਬਰ ਦੇ ਕੇ ਉਲਝਾਈ ਰੱਖਿਆ ਗਿਆ।

ਫੜੇ ਤਿੰਨ ਬੰਗਲਾਦੇਸ਼ੀ ਨੌਜਵਾਨ ਗੁਰਦਾਸਪੁਰ ਜੇਲ੍ਹ ਭੇਜੇ

ਬਟਾਲਾ/ਡੇਰਾ ਬਾਬਾ ਨਾਨਕ.-22 ਫਰਵਰੀ ૿ ਡੇਰਾ ਬਾਬਾ ਨਾਨਕ ਸੈਕਟਰ ਅਧੀਨ ਆਉਂਦੀ ਨੰਗਲੀ ਪੋਸਟ ਦੇ ਨਜ਼ਦੀਕ ਕੰਡਿਆਲੀ ਤਾਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਤਿੰਨ ਬੰਗਲਦੇਸ਼ੀ ਨੌਜਵਾਨਾਂ ਨੂੰ ਬੀ. ਐੱਸ. ਐੱਫ਼ ਦੀ 74 ਬਟਾਲੀਅਨ ਦੇ ਜਵਾਨਾਂ ਨੇ ਬੀਤੇ ਕੱਲ੍ਹ ਕਾਬੂ ਕੀਤਾ ਸੀ।
ਡੀ. ਐੱਸ. ਪੀ. ਗੁਰਮੀਤ ਸਿੰਘ ਚੀਮਾ ਅਤੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਨੰਗਲੀ ਪੋਸਟ ਦੇ ਨਜ਼ਦੀਕ 74 ਬਟਾਲੀਅਨ ਦੇ ਜਵਾਨ ਗਸ਼ਤ 'ਤੇ ਸਨ ਕਿ ਨਾਕਾ ਨੰਬਰ ਇਕ ਦੇ ਪਿਛਲੇ ਪਾਸੇ ਉਨ੍ਹਾਂ ਤਿੰਨ ਨੌਜਾਵਾਨਾਂ ਨੂੰ ਭਾਰਤ ਦੀ ਤਰਫੋਂ ਕੰਡਿਆਲੀ ਤਾਰ ਵੱਲ ਨੂੰ ਜਾਂਦੇ ਵੇਖਿਆ, ਜਿਸ 'ਤੇ ਜਵਾਨਾਂ ਨੇ ਇਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਰੁਕਣ ਦਾ ਇਸ਼ਾਰਾ ਕੀਤਾ ਤੇ ਬੜੀ ਹੀ ਮੁਸਤੈਦੀ ਨਾਲ ਇਨ੍ਹਾਂ ਨੂੰ ਕਾਬੂ ਕਰ ਲਿਆ।
ਪੜ੍ਹਤਾਲ ਕਰਨ 'ਤੇ ਇਨ੍ਹਾਂ ਦੀ ਪਹਿਚਾਣ ਮੁਹੰਮਦ ਆਬੂ ਮੀਆਂ ਪੁੱਤਰ ਨਰੂਲਾ ਅਮੀਨ, ਸ਼ੁਹੇਦ ਮੀਆਂ ਪੁੱਤਰ ਰੰਗਾ ਮੀਆਂ, ਮੁਹੰਮਦ ਮੋਈਨਾ ਮੀਆਂ ਪੁੱਤਰ ਮੁਹੰਮਦ ਅਬਦੁਲ ਕਾਦਰ ਤਿੰਨੋ ਵਾਸੀ ਪਿੰਡ ਸ਼ੇਰਪੁਰ ਜ਼ਿਲ੍ਹਾ ਸਲਾਹਟ ਬੰਗਲਾਦੇਸ਼ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 3, 34, 20 ਫੇਰਾ ਐਕਟ 14 ਤਹਿਤ ਥਾਣਾ ਧਰਮਕੋਟ ਵਿਚ ਦਰਜ ਕੀਤਾ ਅਤੇ ਅੱਜ ਉਨ੍ਹਾਂ ਨੂੰ ਮਾਣਯੋਗ ਜੱਜ ਰਵਦੀਪ ਸਿੰਘ ਹੁੰਦਲ ਦੀ ਅਦਾਲਤ ਬਟਾਲਾ ਵਿਖੇ ਪੇਸ਼ ਕੀਤਾ ਗਿਆ ਅਤੇ ਮਾਣਯੋਗ ਜੱਜ ਦੇ ਹੁਕਮਾਂ 'ਤੇ ਸਿਵਲ ਹਸਪਤਾਲ ਬਟਾਲਾ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ 14 ਦਿਨ ਦੀ ਜੁਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ ਗਿਆ।

ਮੇਜਰ ਸਿੰਘ ਪੱਛੜੀਆਂ ਸ਼੍ਰੇਣੀਆਂ ਵਿੰਗ ਦੇ ਕੌਮੀ ਜਨਰਲ ਸਕੱਤਰ ਨਿਯੁਕਤ

ਲੁਧਿਆਣਾ. 22 ਫਰਵਰੀ ૿ ਪੰਜਾਬ ਦੇ ਜੇਲ੍ਹ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਪੱਛੜੀਆਂ ਸ਼੍ਰੇਣੀਆਂ ਵਿੰਗ) ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੇ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇਗਾ।
ਜਥੇਦਾਰ ਗਾਬੜੀਆ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਕੱਤਰ ਜਨਰਲ ਭਾਈ ਮੇਜਰ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ (ਪੱਛੜੀਆਂ ਸ਼੍ਰੇਣੀਆਂ ਵਿੰਗ) ਦਾ ਕੌਮੀ ਜਰਨਲ ਸਕੱਤਰ ਨਿਯੁਕਤ ਕਰਨ ਸਮੇਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਈ ਮੇਜਰ ਸਿੰਘ ਨੇ ਕਿਹਾ ਕਿ ਜਥੇਦਾਰ ਹੀਰਾ ਸਿੰਘ ਗਾਬੜੀਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਪਿਛੜੇ ਹੋਏ ਵਰਗਾਂ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਵੱਧ ਤੋਂ ਵੱਧ ਜੋੜਨ ਦਾ ਯਤਨ ਕਰਨਗੇ।
ਇਸ ਮੌਕੇ ਜਗਦੇਵ ਸਿੰਘ ਗੋਹਲਵੜੀਆ ਓ. ਐਸ. ਡੀ., ਸਵਰਨ ਸਿੰਘ ਮਹੋਲੀ ਕੌਂਸਲਰ, ਜਸਪਾਲ ਸਿੰਘ ਫੈਡਰੇਸ਼ਨ ਆਗੂ, ਰਵਿੰਦਰ ਵਰਮਾ ਪੀ. ਏ., ਅੰਗਰੇਜ਼ ਸਿੰਘ ਹੈਬੋਵਾਲ ਅਤੇ ਕਈ ਹੋਰ ਪ੍ਰਮੁੱਖ ਅਕਾਲੀ ਆਗੂ ਹਾਜ਼ਰ ਸਨ।

ਨਾਬਾਲਗ ਲੜਕੀ ਦਾ ਜ਼ਬਰੀ ਵਿਆਹ ਕਰਾਉਣ
 ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
ਹੁਸ਼ਿਆਰਪੁਰ.- 22 ਫ਼ਰਵਰੀ ૿ 15 ਸਾਲ ਦੀ ਨਬਾਲਗ ਲੜਕੀ ਦਾ ਜਬਰਨ ਵਿਆਹ ਕਰਾਉਣ ਦੇ ਕੇਸ ਵਿਚ ਚੱਬੇਵਾਲ ਪੁਲਿਸ ਨੇ ਪਿੰਡ ਸਰਹਾਲਾ ਕਲਾਂ ਦੇ ਸਰਪੰਚ ਅਤੇ 6 ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਲੜਕੀ ਦੀ ਮਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਕਰਕੇ ਦੋਸ਼ ਲਗਾਇਆ ਸੀ ਕਿ ਪੁਲਿਸ ਨੇ ਉਸ ਦੀਆਂ ਦਰਖਾਸਤਾਂ 'ਤੇ ਕਾਰਵਾਈ ਨਹੀਂ ਕੀਤੀ ਜਿਸ ਕਰ ਕੇ ਉਸ ਨੂੰ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ। ਹਾਈ ਕੋਰਟ ਨੇ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ ਨੂੰ ਹਦਾਇਤ ਕੀਤੀ ਸੀ ਕਿ ਉਹ ਲੜਕੀ ਦਾ ਮੈਡੀਕਲ ਚਕਰਾਉਣ ਅਤੇ ਧਾਰਾ 164 ਤਹਿਤ ਉਸ ਦੇ ਬਿਆਨ ਦਰਜ ਕਰਵਾਉਣ। ਮੈਡੀਕਲ ਕਰਾਉਣ 'ਤੇ ਲੜਕੀ ਨਾਲ ਜਬਰ ਜਨਾਹ ਹੋਣਾ ਪਾਇਆ ਗਿਆ ਜਦੋਂਕਿ ਆਪਣੇ ਬਿਆਨ ਵਿਚ ਉਸ ਨੇ ਕਿਹਾ ਕਿ ਪਿੰਡ ਦੀ ਔਰਤ ਪਰਮਜੀਤ ਕੌਰ ਉਸ ਨੂੰ ਆਪਣੇ ਸਕੂਟਰ 'ਤੇ ਬਿਠਾ ਕੇ ਕਿਤੇ ਲੈ ਗਈ ਜਿੱਥੇ ਉਸ ਨੂੰ ਜਬਰਦਸਤੀ ਵਿਆਹ ਦਾ ਜੋੜਾ ਪੁਆ ਕੇ ਜੋਗਿੰਦਰ ਸਿੰਘ ਨਾਂਅ ਦੇ ਵਿਅਕਤੀ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਦੀ ਮਾਂ ਵੀ ਪਿੱਛੇ-ਪਿੱਛੇ ਪਹੁੰਚ ਗਈ ਅਤੇ ਵਿਆਹ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਚੱਲੀ ਨਹੀਂ। ਉਸ ਨੇ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਸੁੱਚਾ ਸਿੰਘ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਸੀ ਪਰ ਸਰਪੰਚ ਨੇ ਉਸ ਨੂੰ ਚਪੇੜਾਂ ਮਾਰੀਆਂ ਅਤੇ ਕਿਹਾ ਕਿ ਉਸ ਨੂੰ ਜੋਗਿੰਦਰ ਸਿੰਘ ਨਾਲ ਵਿਆਹ ਕਰਵਾਉਣਾ ਪਵੇਗਾ। ਲਗਭਗ ਦੋ ਮਹੀਨੇ ਬਾਦ ਉਹ ਆਪਣੇ ਸਹੁਰੇ ਘਰ ਤੋਂ ਛੁੱਟ ਕੇ ਪੇਕੇ ਆ ਗਈ। ਐੱਸ. ਐੱਚ. ਓ ਚੱਬੇਵਾਲ ਪਰਮ ਸੁਨੀਲ ਸਿੰਘ ਨੇ ਦੱਸਿਆ ਕਿ ਅਦਾਲਤ ਜਾਣ ਤੋਂ ਪਹਿਲਾਂ ਲੜਕੀ ਦੀ ਮਾਂ ਨੇ ਐੱਸ. ਐੱਸ. ਪੀ ਸਾਹਿਬ ਨੂੰ ਵੱਖਰੇ-ਵੱਖਰੇ ਬਿਆਨ ਦਿੱਤੇ ਜਿਸ ਦੀ ਜਾਂਚ ਅਜੇ ਚੱਲ ਹੀ ਰਹੀ ਸੀ ਕਿ ਉਸ ਨੇ ਅਦਾਲਤ ਵਿਚ ਅਰਜ਼ੀ ਦੇ ਦਿੱਤੀ।
ਉਨ੍ਹਾਂ ਦੱਸਿਆ ਕਿ ਅਦਾਲਤ ਨੂੰ ਲੜਕੀ ਦੇ ਵਿਆਹ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਜਿਸ ਵਿਚ ਉਸ ਦੀ ਮਾਂ ਵੀ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ 'ਤੇ ਲੜਕੀ ਦੇ ਬਿਆਨ ਦਰਜ ਕਰਕੇ ਅਤੇ ਡੀ. ਏ ਲੀਗਲ ਦੀ ਰਾਏ ਲੈਣ ਤੋਂ ਬਾਦ ਦਫ਼ਾ 363, 366 ਅਤੇ 376 ਤਹਿਤ ਸਰਹਾਲਾ ਕਲਾਂ ਦੇ ਸਰਪੰਚ ਸੁੱਚਾ ਸਿੰਘ, ਪਰਮਜੀਤ ਕੌਰ, ਜੋਗਿੰਦਰ ਸਿੰਘ, ਉਸ ਦੀ ਭੈਣ ਸੰਦੀਪ ਕੌਰ, ਮਾਂ ਮੋਹਣੀ ਅਤੇ ਭਰਾ ਹਰਜਿੰਦਰ ਸਿੰਘ ਵਾਸੀ ਕਮਾਮ ਜ਼ਿਲ੍ਹਾ ਨਵਾਂਸ਼ਹਿਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਤਫ਼ਸ਼ੀਸ਼ ਸ਼ੁਰੂ ਕਰ ਦਿੱਤੀ ਗਈ ਹੈ।

No comments:

Post a Comment