ਬੈਲ ਗੱਡੀਆਂ ਦੌੜਾਉਣ ਵਾਲੇ ਬਲਦਾਂ 'ਤੇ ਸੰਦੌੜ,-ਪੰਜਾਬ ਭਰ ਵਿਚ ਸਭਿਆਚਾਰ ਦੇ ਨਾਂ 'ਤੇ ਕਰਵਾਏ ਜਾਂਦੇ ਪੇਂਡੂ ਖੇਡ ਮੇਲਿਆਂ ਵਿਚ ਬੈਲ ਗੱਡੀਆਂ ਵੀ ਖਿੱਚ ਦਾ ਕੇਂਦਰ ਹੁੰਦੀਆਂ ਸਨ ਪਰ ਭਵਿੱਖ ਵਿਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੈਲ ਗੱਡੀਆਂ ਦੀਆਂ ਦੌੜਾਂ 'ਤੇ ਰੋਕ ਲਗਾ ਦਿੱਤੀ ਹੈ, ਅੱਜ ਦੇ ਪਦਾਰਥਵਾਦੀ ਯੁੱਗ ਵਿਚ ਜਿਥੇ ਮਨੁੱਖ ਆਪਣੀ ਤਰੱਕੀ ਕਰਨ ਲਈ ਅਨੇਕਾਂ ਹੱਥਕੰਡੇ ਵਰਤਦਾ ਹੈ, ਉਥੇ ਆਪਣਾ ਨਾਂ ਜਾਂ ਸ਼ੌਹਰਤ ਖੱਟਣ ਲਈ ਕਈ ਵਾਰ ਬੇਜ਼ਬਾਨੇ ਪਸ਼ੂਆਂ 'ਤੇ ਅਜਿਹਾ ਅੱਤਿਆਚਾਰ ਅਤੇ ਮਾਨਸਿਕ ਤਸ਼ੱਦਦ ਕਰਦਾ ਹੈ ਕਿ ਆਮ ਵਿਅਕਤੀ ਦੀ ਇਸ ਨੂੰ ਵੇਖ ਕੇ ਜਾਂ ਸੁਣ ਕੇ ਰੂਹ ਕੰਬ ਉਠਦੀ ਹੈ ਤੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗ ਜਾਵੇਗੀ। ਜੀ ਹਾਂ ਅਜਿਹਾ ਹੀ ਅੱਤਿਆਚਾਰ ਹੁੰਦਾ ਹੈ, ਪੇਂਡੂ ਖੇਡ ਮੇਲਿਆਂ ਵਿਚ ਠੋਕਰਾਂ (ਬੈਲ ਗੱਡੀਆਂ) ਭਜਾਉਣ ਵਾਲੇ ਬਲਦਾਂ ਨਾਲ। ਜਿਥੇ ਵੀ ਬੈਲ ਗੱਡੀਆਂ ਦੀ ਦੌੜ ਹੋਵੇ ਉਸ ਵਿਚ ਆਪਣੇ ਬਲਦਾਂ ਨੂੰ ਸ਼ਾਮਿਲ ਕਰਨ ਤੋਂ ਇਕ ਦਿਨ ਪਹਿਲਾਂ (ਭਾਵ 24 ਘੰਟੇ) ਇਕ ਬਲਦ ਦੇ ਦੋ ਟੀਕੇ 'ਡੈਕਾਡੂਰਾਵੋਲੀਨ' ਸੌ ਮਿਲੀਗਰਾਮ, ਦੋ ਟੀਕੇ ਟੈਸਟਾਵੋਰੇਨ ਅਤੇ ਇਕ ਟੀਕਾ ਪਰੈਡਨੀਸੋਲ ਦਸ ਮਿਲੀਲੀਟਰ ਲਗਾ ਦਿੱਤਾ ਜਾਂਦਾ ਹੈ, ਪ੍ਰੰਤੂ ਏਥੇ ਹੀ ਬੱਸ ਨਹੀਂ ਜਦੋਂ ਖੇਡ ਮੇਲੇ 'ਤੇ ਬਲਦ ਪਹੁੰਚ ਜਾਂਦੇ ਹਨ ਤਾਂ ਇਕ ਬਲਦ ਨੂੰ ਉਚ ਮਿਆਰੀ ਅੰਗਰੇਜ਼ੀ ਸ਼ਰਾਬ ਦਾ ਇਕ ਅਧੀਆ ਜਾਂ ਘਰ ਦੀ ਕੱਢੀ ਵੀ ਪਿਲਾਈ ਜਾਂਦੀ ਹੈ, ਉਸ ਉਪਰੰਤ ਇਕ ਬਲਦ ਨੂੰ ਬਲੱਡ ਪ੍ਰੈਸ਼ਰ ਵਧਾਉਣ ਵਾਲਾ ਅਤਿ ਖਤਰਨਾਕ ਟੀਕਾ (ਟਰਮਿਨ 10 ਐਮ.ਐਲ) ਲਗਾਇਆ ਜਾਂਦਾ ਹੈ, ਜਿਸ ਨਾਲ ਬਲਦ ਵਿਚ ਅੰਨ੍ਹਾ ਨਸ਼ਾ ਹੋ ਜਾਣ ਕਾਰਨ ਜ਼ੋਰ ਨਾਲ ਭੱਜਣ ਲਈ ਤਿਆਰ ਕੀਤਾ ਜਾਂਦਾ ਹੈ, ਇਥੇ ਹੀ ਬਸ ਨਹੀਂ ਇਕ ਬਲਦ ਨੂੰ ਖਤਰਨਾਕ ਤੇ ਪਾਬੰਦੀਸ਼ੁਦਾ ਟੀਕੇ ਜਿਵੇਂ ਫੌਰਟਵਿਨ, ਨੌਰਫਿਨ ਅਤੇ ਸ਼ੀਕਲ ਟੀਕੇ ਲਗਾਏ ਜਾਂਦੇ ਹਨ ਇਸ ਤੋਂ ਇਲਾਵਾ ਕਈ ਬਲਦ ਮਾਲਕ ਤਾਂ ਬਲਦਾਂ ਨੂੰ ਭੰਗ ਵੀ ਪਿਲਾ ਦਿੰਦੇ ਹਨ। .... ਬੱਸ ਫਿਰ ਸ਼ੁਰੂ ਹੁੰਦਾ ਹੈ ਨਸ਼ੇ 'ਚ ਧੁੱਤ ਗੱਡੀ ਦੇ ਚਾਲਕ ਦਾ ਬਲਦਾਂ 'ਤੇ ਇਕ ਹੋਰ ਤਸ਼ੱਦਦ, ਉਹ ਇਹ ਹੈ ਕਿ ਚਾਲਕ ਦੇ ਹੱਥ ਵਿਚ ਸ਼ਰ੍ਹੇਆਮ ਫੜੀ ਹੁੰਦੀ ਇਕ ਤੋਂ ਡੇਢ ਇੰਚ ਫਿੱਟ ਕੀਤੀ ਮੇਖ (ਆਰਵਾਲੀ) ਸੋਟੀ, ਜਿਉਂ ਜਿਉਂ ਬਲਦ ਅੱਗੇ ਦੌੜਦਾ ਹੈ ਤਿਉਂ ਤਿਉਂ ਇਸ ਮੇਖ (ਆਰਵਾਲੀ ਸੋਟੀ) ਦਾ ਵਾਰ ਵੀ ਤੇਜ਼ ਹੁੰਦਾ ਹੈ ਅਤੇ ਦੌੜ ਦਾ ਰਸਤਾ ਪੂਰਾ ਹੋਣ ਤੱਕ ਕਈ ਵਾਰ ਤਾਂ ਬਲਦ ਲਹੂ ਲੁਹਾਣ ਵੀ ਹੋ ਜਾਂਦਾ ਹੈ। ਇਸ ਦੀ ਸਾਬਤ ਸੂਰਤ ਮਿਸਾਲ ਦੇਖਣ ਨੂੰ ਵੀ ਮਿਲਦੀ ਹੈ ਜਦੋਂ ਬਲਦ ਭਜਾਉਣ ਵਾਲਾ ਮਾਲਕ ਬਲਦਾਂ ਦੇ ਨਾਲ ਨਾਲ ਖੇਡ ਮੇਲੇ ਵਿਚ ਲਗਪਗ ਇਕ ਦਰਜਨ ਵਿਅਕਤੀਆਂ ਨੂੰ ਨਾਲ ਲੈ ਕੇ ਆਉਂਦਾ ਹੈ ਜੋ ਬਲਦ ਭਜਾਉਣ ਸਮੇਂ ਬਲਦਾਂ ਨੂੰ ਕਾਬੂ ਵਿਚ ਮਸਾਂ ਹੀ ਰੱਖਦੇ ਹਨ, ਕਿਉਂਕਿ ਇਸ ਸਮੇਂ ਬਲਦ ਨਸ਼ੇ ਵਿਚ ਏਨੇ ਧੁੱਤ ਹੁੰਦੇ ਹਨ ਕਿ ਇਸ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਹੁੰਦਾ ਹੈ ਅਤੇ ਕਈ ਵਾਰ ਘਟਨਾ ਵਾਪਰ ਵੀ ਜਾਂਦੀ ਹੈ। ਕਿਉਂਕਿ ਜ਼ਿਆਦਾਤਰ ਪਿੰਡ ਵਿਚ ਕਰਵਾਏ ਜਾਂਦੇ ਖੇਡ ਮੇਲਿਆਂ ਵਿਚ ਬੈਲ ਗੱਡੀਆਂ ਖੇਡਾਂ ਨੂੰ ਜਾਂਦੇ ਅਤੇ ਆਪਣੀ ਹੀ ਤਰਾਸਦੀ ਨੂੰ ਰੌਂਦੇ ਰਸਤਿਆਂ ਉਪਰ ਭਜਾਈਆਂ ਜਾਂਦੀਆਂ ਅਤੇ ਖੇਤਾਂ ਵਿਚ ਫਸਲਾਂ ਖੜ੍ਹੀਆਂ ਹੋਣ ਕਰ ਕੇ ਆਮ ਹੀ ਰਸ਼ਕ ਰਸਤਿਆਂ ਦੇ ਕਿਨਾਰਿਆਂ ਉਪਰ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਇਹ ਨਸ਼ੇ ਵਿਚ ਟੱਲੀ ਬਲਦ ਪਤਾ ਹੀ ਨਹੀਂ ਲਗਦਾ ਕਿ ਕਦੋਂ, ਕਿੱਧਰ ਨੂੰ ਦੌੜ ਪੈਣ। ਖੇਡ ਮੇਲਿਆਂ ਵਿਚ ਮਨੋਰੰਜਨ ਲਈ ਖੇਡ ਮੇਲਿਆਂ ਦਾ ਸ਼ਿੰਗਾਰ ਮੰਨੀਆਂ ਜਾਣ ਵਾਲੀਆਂ ਬੈਲ ਗੱਡੀਆਂ ਨੂੰ ਜੋੜੇ ਬਲਦਾਂ 'ਤੇ ਹੋ ਰਹੇ ਘਿਨਾਉਣੇ ਤਰੀਕੇ ਦੇ ਅੱਤਿਆਚਾਰ ਤੇ ਉਨ੍ਹਾਂ ਨੂੰ ਦਿੱਤੇ ਜਾਂਦੇ ਮਾਨਸਿਕ ਤਸ਼ੱਦਦ ਕਾਰਨ ਇਹ ਰੋਕ ਲਗਾਉਣਾ ਸਹੀ ਸਮੇਂ 'ਤੇ ਚੁੱਕਿਆ ਸ਼ਲਾਘਾਯੋਗ ਕਦਮ ਮੰਨਿਆ ਜਾ ਰਿਹਾ ਹੈ। ਪਸ਼ੂਆਂ ਨੂੰ ਰਤੀ ਭਰ ਵੀ ਪਿਆਰ ਕਰਨ ਵਾਲਾ ਮਨੁੱਖ ਜੇਕਰ ਬਲਦਾਂ ਦੀ ਦੌੜ ਨੂੰ ਨੇੜੇ ਤੋਂ ਅੱਖੀਂ ਵੇਖ ਲਵੇ ਤਾਂ ਉਹ ਭੁੱਬੀਂ ਰੋਂਦਾ ਹੋਇਆ ਇਹੀ ਕਹੇਗਾ ਕਿ ਇਹ ਰੋਕ ਕਦੇ ਵੀ ਨਾ ਹਟੇ। ਬੈਲ ਗੱਡੀਆਂ ਦੇ ਮਾਲਕਾਂ ਵੱਲੋਂ ਲਗਪਗ ਇਕ ਸਦੀ ਪਹਿਲਾਂ 'ਪਹਿਲਾ' ਇਨਾਮ ਜਿੱਤਣ ਲਈ ਜਿਥੇ ਬਲਦਾਂ ਨੂੰ ਇਕ-ਇਕ ਹਫਤਾ ਪਹਿਲਾਂ ਹੀ ਦੇਸੀ ਘਿਉ ਕਿਸੇ ਵੀ ਰੂਪ ਵਿਚ ਦਿੱਤਾ ਜਾਂਦਾ ਸੀ ਪ੍ਰੰਤੂ ਅੱਜ ਉਸ ਦੇ ਉਲਟ ਬੈਲ ਗੱਡੀ ਦੇ ਮਾਲਕ ਵੱਲੋਂ ਇਕ ਅਜਿਹੇ ਚਾਲਕ ਦੀ ਚੋਣ ਕੀਤੀ ਜਾਂਦੀ ਹੈ ਜੋ ਮਾਡਰਨ ਤਰੀਕੇ ਨਾਲ ਨਵੇਂ ਤੋਂ ਨਵੇਂ ਨਸ਼ੇ ਦੇ ਕੇ ਬਲਦ ਨੂੰ ਭਜਾਉਣ ਲਈ ਤਿਆਰ ਕਰ ਸਕਦਾ ਹੋਵੇ ਪ੍ਰੰਤੂ ਇਕ ਸਦੀ ਪਹਿਲਾਂ ਬਲਦਾਂ ਵੱਲੋਂ ਪ੍ਰਾਪਤ ਕੀਤਾ ਜਾਣ ਵਾਲਾ 'ਪਹਿਲਾ ਇਨਾਮ' ਦੀ ਰਾਸ਼ੀ ਬਲਦਾਂ ਦੇ ਪਾਲਣ ਪੌਸ਼ਣ 'ਤੇ ਲਗਾ ਦਿੱਤੀ ਜਾਂਦੀ ਸੀ ਪਰੂ ਅੱਜ ਬਲਦਾਂ ਵੱਲੋਂ ਜਿੱਤੇ ਇਨਾਮਾਂ ਦੀ ਰਾਸ਼ੀ ਤਾਂ ਆਪਣੇ ਨਸ਼ਿਆਂ ਅਤੇ ਬਲਦਾਂ ਦੇ ਨਸ਼ਿਆਂ 'ਤੇ ਹੀ ਲਗਾ ਦਿੱਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਜਿਥੇ ਪੰਜਾਬ ਅੰਦਰ ਨੌਜਵਾਨੀ ਨਸ਼ਿਆਂ ਵਿਚ ਡੁੱਬ ਚੁੱਕੀ ਉਥੇ ਬੇਜ਼ੁਬਾਨ ਪਸ਼ੂਆਂ ਨੂੰ ਵੀ ਨਸ਼ਿਆਂ ਵਿਚ ਡੋਬਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਪਰ ਜੇਕਰ ਇਹ ਰੁਝਾਨ ਨਾ ਰੋਕਿਆ ਤਾਂ ਭਵਿੱਖ ਵਿਚ ਬਲਦ ਮਾਲਕ ਵੀ ਇਸ ਖਤਰਨਾਕ ਵਤੀਰੇ ਲਈ ਸੋਚਣ ਨੂੰ ਮਜ਼ਬੂਰ ਹੋ ਜਾਣਗੇ। ਪੰਜਾਬ ਭਰ ਵਿਚ ਸੌ ਫੀਸਦੀ ਬਲਦਾਂ ਦਾ ਨਸ਼ਈ ਹੋਣਾ ਜਿਥੇ ਸਾਡੇ ਮੱਥੇ 'ਤੇ ਲੱਗਿਆ ਕਲੰਕ ਹੈ, ਉਥੇ ਪੰਜਾਬ ਦੇ ਸਭਿਆਚਾਰ ਦੇ ਨਾਂ 'ਤੇ ਹੁੰਦੀਆਂ ਖੇਡਾਂ ਵਿਚ ਬੈਲ ਗੱਡੀਆਂ ਦੀ ਰੋਕ ਲੱਗਣੀ ਵੀ ਇਤਿਹਾਸ ਵਿਚ ਲਿਖਿਆ ਅਹਿਮ ਪੰਨਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਖੇਡ ਮੇਲਿਆਂ ਵਿਚ ਨਸ਼ੇ ਦੇ ਤਸਕਰ ਖੇਡ ਮੇਲਿਆਂ ਵਿਚ ਤਸਕਰੀ ਕਰਦੇ ਵੀ ਆਮ ਵੇਖੇ ਜਾ ਸਕਦੇ ਹਨ। ਜੋ ਪਾਬੰਦੀਸ਼ੁਦਾ ਟੀਕੇ ਆਮ ਵੇਚੇ ਜਾਂਦੇ ਹਨ। ਵਰਨਣਯੋਗ ਹੈ ਕਿ ਕਈ ਲੋਕ ਜਿਥੇ ਅਦਾਲਤ ਵੱਲੋਂ ਲਾਈ ਰੋਕ ਦਾ ਵਿਰੋਧ ਕਰ ਰਹੇ ਹਨ ਉਥੇ ਵੱਡੀ ਤਾਦਾਦ ਵਿਚ ਲੋਕ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਹਿ ਰਹੇ ਹਨ ਕਿ ਇਹ ਸਹੀ ਅਤੇ ਸ਼ਲਾਘਾਯੋਗ ਕਦਮ ਹੈ।ਕੀਤਾ ਜਾਂਦਾ ਹੈ ਭਾਰੀ ਤਸ਼ੱਦਦ ਸੌ ਫੀਸਦੀ ਬਲਦ ਹੋ ਚੁੱਕੇ ਨੇ ਅਤਿ ਨਸ਼ਈ |
1 |
1.96 ਕਰੋੜ ਰੁਪਏ ਦੀ ਘਪਲੇਬਾਜ਼ੀ-ਦੋ ਦੋਸ਼ੀ ਗ੍ਰਿਫ਼ਤਾਰ ਸ਼ਹੀਦ ਭਗਤ ਸਿੰਘ ਨਗਰ-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਸ਼ਤਾਬਦੀ ਸਮਾਰੋਹ ਜੋ ਕਿ 27 ਸਤੰਬਰ 2008 ਨੂੰ ਖਟਕੜ ਕਲਾਂ ਵਿਖੇ ਹੋਏ ਸਨ, ਦੌਰਾਨ ਕੀਤੇ ਖ਼ਰਚਿਆਂ ਵਿਚ ਹੋਏ ਵੱਡੇ1 ਕਰੋੜ 96 ਲੱਖ ਰੁਪਏ ਦੇ ਘਪਲੇ ਦੇ ਸਬੰਧ ਵਿਚ ਦੋਸ਼ੀ ਪਾਏ ਗਏ ਚਾਰ ਵਿਅਕਤੀਆਂ ਵਿਚੋਂ ਦੋ ਨੂੰ ਅੱਜ ਵਿਜੀਲੈਂਸ ਬਿਊਰੋ ਪੰਜਾਬ ਦੇ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਫਰੀਦਾਬਾਦ ਤੋਂ ਕਾਬੂ ਕਰ ਲਿਆ ਹੈ। ਡੀ. ਐੱਸ. ਪੀ. ਵਿਜੀਲੈਂਸ ਸ੍ਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ 'ਹਿਊਮਨ ਇੰਪਾਵਰਮੈਂਟ ਲੀਗ ਆਫ਼' ਪੰਜਾਬ (ਹੈਲਪ) ਵੱਲੋਂ ਵਿਭਾਗ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਇਸ ਸਮਾਗਮ 'ਤੇ ਕੀਤੇ ਗਏ ਖ਼ਰਚਿਆਂ ਵਿਚ ਵੱਡੀ ਪੱਧਰ 'ਤੇ ਘਪਲੇਬਾਜ਼ੀ ਕੀਤੀ ਗਈ ਹੈ। ਜਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਚਾਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ 26/03/2011 ਨੂੰ 420, 467, 468, 471, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚ ਉਸ ਸਮੇਂ ਦੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਸਭਿਆਚਾਰਕ ਮਾਮਲੇ ਵਿਭਾਗ ਸ੍ਰੀ ਸਵਰਨ ਸਿੰਘ, ਸਤਵੀਰ ਬਾਜਵਾ 'ਦੀ ਪ੍ਰੋਫੈਸ਼ਨਲ ਚੰਡੀਗੜ੍ਹ', ਸੰਜੇ ਗੇਰਾ ਅਤੇ ਵਿਕਾਸ ਮਹਿਰਾ 'ਜੀ ਐੱਮ ਇੰਟਰਟੇਨਮੈਂਟ ਫ਼ਰੀਦਾਬਾਦ' ਵਾਸੀ ਫਰੀਦਾਬਾਦ ਦੇ ਨਾਂਅ ਸ਼ਾਮਲ ਹਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅੱਜ ਵਿਕਾਸ ਮਹਿਰਾ ਪੁੱਤਰ ਸਵਰਗੀ ਸੁਦਰਸ਼ਨ ਲਾਲ , ਸੰਜੇ ਗੇਰਾ ਪੁੱਤਰ ਸ੍ਰੀ ਮਨੋਹਰ ਲਾਲ ਵਾਸੀ ਨੀਲਮ ਚੌਂਕ ਐੱਨ. ਆਈ. ਟੀ. ਫਰੀਦਾਬਾਦ ਨੂੰ ਫ਼ਰੀਦਾਬਾਦ ਤੋਂ ਸਬ ਇੰਸਪੈਕਟਰ ਬਾਜ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫ਼ਤਾਰ ਕਰ ਕੇ ਵਧੀਕ ਸੈਸ਼ਨ ਜੱਜ ਸਰਦਾਰ ਅਵਤਾਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮੌਕੇ ਹੈਲਪ ਦੇ ਸ੍ਰੀ ਪਰਵਿੰਦਰ ਸਿੰਘ ਕਿਤਨਾ ਨੇ ਅਜੀਤ ਨੂੰ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸਾਲ ਭਰ ਚਲੇ ਜਨਮ ਸ਼ਤਾਬਦੀ ਸਮਾਰੋਹਾਂ ਤੇ ਕੀਤੇ ਗਏ ਵੱਖ ਵੱਖ ਸਮਾਗਮਾਂ ਵਿਚ ਵੱਡੇ ਪੱਧਰ 'ਤੇ ਦਿਖਾਏ ਗਏ ਖ਼ਰਚੇ ਉਸ ਸਮੇਂ ਸਾਹਮਣੇ ਆਏ, ਜਦੋਂ ਉਨ੍ਹਾਂ ਵੱਲੋਂ ਸੂਚਨਾ ਅਧਿਕਾਰ ਤਹਿਤ ਇਸ ਸਬੰਧੀ ਸੂਚਨਾ ਪ੍ਰਾਪਤ ਕੀਤੀ ਗਈ ਸੀ। ਸਿਰਫ਼ ਇਕ ਦਿਨ ਦੇ ਸਮਾਗਮ, ਜਿਹੜਾ ਕਿ 27 ਸਤੰਬਰ 2008 ਨੂੰ ਖਟਕੜ ਕਲਾਂ ਵਿਖੇ ਕੀਤਾ ਗਿਆ ਸੀ, ਵਾਸਤੇ ਸਟੇਜ ਤਿਆਰ ਕਰਨ, ਲਾਈਟ ਐਂਡ ਸਾਊਂਡ, ਬਿਜਲੀ ਸਪਲਾਈ, ਜਨਤਾ ਦੇ ਬੈਠਣ ਅਤੇ ਸੁਰੱਖਿਆ ਲਈ ਢੁਕਵਾਂ ਪ੍ਰਬੰਧ , ਕਾਰਡਾਂ ਅਤੇ ਬ੍ਰਾਸ਼ਰਾਂ ਦੀ ਛਪਾਈ ਆਦਿ 'ਤੇ ਹੀ 1,49,88,145 (ਇਕ ਕਰੋੜ ਉਣੰਜਾ ਲੱਖ ਅਠਾਸੀ ਹਜ਼ਾਰ ਇਕ ਸੌ ਪੰਤਾਲ਼ੀ) ਰੁਪਏ ਕਲਾਕਾਰਾਂ,ਗਾਇਕਾਂ ਤੇ ਸੰਗੀਤਕਾਰਾਂ ਦੀ ਫ਼ੀਸ, ਆਉਣ ਜਾਣ, ਠਹਿਰਨ ਅਤੇ ਖਾਣ ਪੀਣ 'ਤੇ 1,12,73,640(ਇਕ ਕਰੋੜ ਬਾਰਾਂ ਲੱਖ ਤਿਹੱਤਰ ਹਜ਼ਾਰ ਛੇ ਸੌ ਚਾਲੀ) ਰੁਪਏ ਟੈਲੀਵਿਜ਼ਨ/ ਵੀਡੀਓ ਪ੍ਰਕਾਸ਼ਨ 'ਤੇ 18,53,940 ਰੁਪਏ,ਅਖ਼ਬਾਰਾਂ ਵਿਚ ਇਸ਼ਤਿਹਾਰ ਬੈਨਰ ਲਈ 11,42,531 ਰੁਪਏ, ਮਹਿਮਾਨ ਨਿਵਾਜੀ/ ਆਓ ਭਗਤ ਲਈ 02,52,263 ਰੁਪਏ, ਟਰਾਂਸਪੋਰਟ ਚਾਰਜਿਜ਼ 4,56,752 ਰੁਪਏ, ਅਤੇ ਫੁਟਕਲ ਖਰਚੇ 5,34,243 ਰੁਪਏ, ਕੁਲ ਖ਼ਰਚ 3,05,01,514 ਰੁਪਏ (ਤਿੰਨ ਕਰੋੜ ਪੰਜ ਲੱਖ ਇਕ ਹਜ਼ਾਰ ਪੰਜ ਸੌ ਚੌਦਾਂ) ਦਰਸਾਏ ਗਏ ਸਨ ।ਮਾਮਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ ਸਮਾਰੋਹਾਂ ਦਾ ਡੀ. ਐੱਸ. ਪੀ. ਵਿਜੀਲੈਂਸ ਸ੍ਰੀ ਰਾਮ ਕੁਮਾਰ ਸ਼ਰਮਾ ਅਤੇ ਹੈਲਪ ਦੇ ਸ੍ਰੀ ਪਰਵਿੰਦਰ ਸਿੰਘ ਕਿਤਨਾ ਜਾਣਕਾਰੀ ਦਿੰਦੇ ਹੋਏ। |
Thursday, 16 February 2012
Subscribe to:
Post Comments (Atom)
No comments:
Post a Comment