ਮਾਮਲਾ ਪ੍ਰੇਮੀ ਲਿੱਲੀ ਕਤਲ ਕਾਂਡ ਦਾ
ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ ਹੁਣ 9 ਨੂੰ
ਮਾਨਸਾ- 15 ਫਰਵਰੀ ਸਥਾਨਕ ਅਦਾਲਤ ਨੇ ਡੇਰਾ ਸਿਰਸਾ ਪ੍ਰੇਮੀ ਲਿੱਲੀ ਕੁਮਾਰ ਕਤਲ ਕਾਂਡ 'ਚ ਬੱਬਰ ਖ਼ਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਸਿੱਖ ਨੌਜਵਾਨਾਂ ਦੀ ਮੁੜ ਪੇਸ਼ੀ 9 ਮਾਰਚ 'ਤੇ ਪਾ ਦਿੱਤੀ ਹੈ। ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ ਹੁਣ 9 ਨੂੰ
ਉਪਰੋਕਤ ਤੋਂ ਇਲਾਵਾ ਸਿੱਖ ਨੌਜਵਾਨ ਗਮਦੂਰ ਸਿੰਘ ਝੰਡੂਕੇ, ਰਾਜਪਾਲ ਸਿੰਘ ਕੋਟਧਰਮੂ, ਮੱਖਣ ਸਿੰਘ ਸਮਾਉਂ, ਗੁਰਵੀਰ ਸਿੰਘ, ਅੰਮ੍ਰਿਤਪਾਲ ਸਿੰਘ ਕੋਟਧਰਮੂ, ਕਰਨ ਸਿੰਘ ਝੰਡੂਕੇ, ਗੁਰਦੀਪ ਸਿੰਘ ਰਾਜੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਧੀਰ ਸਿੰਘ ਆਦਿ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਧੀਕ ਸੈਸ਼ਨ ਜੱਜ ਬਲਦੇਵ ਸਿੰਘ ਸੋਢੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਕੇਸ ਗਵਾਹੀਆਂ 'ਤੇ ਲੱਗਿਆ ਹੋਇਆ ਹੈ ਪ੍ਰੰਤੂ ਮੁੱਖ ਗਵਾਹ ਤੇ ਮ੍ਰਿਤਕ ਦੇ ਭਰਾ ਬਲੀ ਕੁਮਾਰ ਸਮੇਤ ਹੋਰ ਹਾਜ਼ਰ ਨਹੀਂ ਹੋਏ। ਅੱਜ ਮਾਣਯੋਗ ਅਦਾਲਤ ਨੇ ਜ਼ਿਲ੍ਹਾ ਪੁਲਿਸ ਮੁਖੀ ਤੇ ਪੈਰਵਾਈ ਅਫ਼ਸਰ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਕਿ ਉਹ ਅਗਲੀ ਪੇਸ਼ੀ 'ਤੇ ਸਾਰੇ ਗਵਾਹਾਂ ਨੂੰ ਹਰ ਹਾਲਤ 'ਚ ਪੇਸ਼ ਕਰਨ।
ਇਸ ਮਾਮਲੇ 'ਚ ਦਲਜੀਤ ਸਿੰਘ ਟੈਣੀ, ਡਾ. ਛਿੰਦਾ ਤੇ ਮਿੱਠੂ ਸਿੰਘ ਆਲਮਪੁਰ ਮੰਦਰਾਂ ਨੂੰ ਵੀ ਵੱਖਰੇ ਤੌਰ 'ਤੇ ਪੇਸ਼ ਕੀਤਾ ਗਿਆ। ਸਿੱਖ ਨੌਜਵਾਨਾਂ ਦੀ ਤਰਫ਼ੋਂ ਪੇਸ਼ ਹੋਏ ਵਕੀਲ ਅਜੀਤ ਸਿੰਘ ਭੰਗੂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਕੇਸ ਨੂੰ ਲਟਕਾ ਰਿਹਾ ਹੈ ਤੇ ਬਿਨਾਂ ਕਿਸੇ ਕਾਰਨ ਗਵਾਹ ਪੇਸ਼ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਅਗਲੀ ਪੇਸ਼ੀ 'ਤੇ ਕੇਸ ਦਾ ਨਿਪਟਾਰਾ ਹੋਣ ਦੀ ਸੰਭਾਵਨਾ ਹੈ। ਪੇਸ਼ੀ ਮੌਕੇ ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ ਖ਼ਾਲਸਾ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਹੋਰ ਆਗੂ ਹਾਜ਼ਰ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਮਾਮਲੇ 'ਚ
ਸਿੱਖ ਸੰਗਤਾਂ ਨੇ ਡੱਬਵਾਲੀ ਸਦਰ ਥਾਣਾ ਘੇਰਿਆ
ਡੱਬਵਾਲੀ. - 15 ਫਰਵਰੀ ૿ ਤੇਜਾ ਖੇੜਾ ਮਾਈਨਰ 'ਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਮਿਲਣ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿਛ ਨਾ ਕੀਤੇ ਜਾਣ ਕਾਰਨ ਭੜਕੀ ਸਿੱਖ ਸੰਗਤ ਨੇ ਅੱਜ ਦੇਰ ਸ਼ਾਮ ਡੱਬਵਾਲੀ ਪਿੰਡ ਸਦਰ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ। ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਧਰਨੇ 'ਤੇ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਵੱਡੀ ਗਿਣਤੀ ਕਾਰਕੁੰਨ ਪੁਲਿਸ ਵੱਲੋਂ ਰਾਜਸਥਾਨ ਦੇ ਕਸਬੇ ਪੀਲੀਬੰਗਾ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਸਾਧ ਸੂਰਜਮਣੀ ਤੋਂ ਖੁਦ ਪੁੱਛਗਿਛ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਦੀ ਇਮਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਸਿੱਖ ਸੰਗਤਾਂ ਨੇ ਡੱਬਵਾਲੀ ਸਦਰ ਥਾਣਾ ਘੇਰਿਆ
ਥਾਣਾ ਮੁਖੀ ਦਲੀਪ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਭਾਰੀ ਮਸ਼ੱਕਤ ਉਪਰੰਤ ਰੋਹ 'ਚ ਆਈ ਸਿੱਖ ਸੰਗਤ ਨੂੰ ਸ਼ਾਂਤ ਕੀਤਾ। ਕਰੀਬ ਇੱਕ ਘੰਟੇ ਤੱਕ ਇਸ ਮਾਮਲੇ ਨੂੰ ਲੈ ਕੇ ਸਦਰ ਥਾਣਾ ਦੇ ਮਾਹੌਲ ਭਖਿਆ ਰਿਹਾ। ਇਸੇ ਦੌਰਾਨ ਡੱਬਵਾਲੀ ਦੇ ਡੀ.ਐਸ.ਪੀ. ਬਾਬੂ ਲਾਲ ਨੇ ਥਾਣਾ ਸਦਰ ਪਹੁੰਚ ਕੇ ਸਿੱਖ ਸੰਗਠਨਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪੰਜ ਮੈਂਬਰੀ ਕਮੇਟੀ ਦੇ ਸਾਹਮਣੇ ਮੁਲਜ਼ਮ ਤੋਂ ਪੁੱਛਗਿੱਛ ਕੀਤੇ ਜਾਣ ਦਾ ਭਰੋਸਾ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਤਣਾਅ ਦੇ ਮੱਦੇਨਜ਼ਰ ਨੇੜਲੇ ਥਾਣਿਆਂ ਤੋਂ ਵੀ ਪੁਲਿਸ ਨੂੰ ਬੁਲਾਉਣਾ ਪਿਆ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮਾਈਨਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੁੱਟ ਕੇ ਬੇਅਦਬੀ ਕੀਤੇ ਜਾਣ ਦੀ ਘਟਨਾ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਨੂੰ ਹੀ ਇਸ ਮਾਮਲੇ 'ਚ ਕੜੀ ਜੋੜਦੇ ਹੋਏ ਪੁਲਿਸ ਵੱਲੋਂ ਰਾਜਸਥਾਨ ਦੇ ਪੀਲੀਬੰਗਾਂ ਕਸਬੇ ਦੇ ਇਕ ਸਾਧੂ ਸੂਰਜਮਨੀ ਨੂੰ ਗ੍ਰਿਫ਼ਤਾਰ ਕੀਤੇ 24 ਘੰਟੇ ਬੀਤਣ ਵਾਲੇ ਹਨ, ਪਰ ਪੁਲਿਸ ਨੇ ਨਾ ਤਾਂ ਉਸਦਾ ਰਿਮਾਂਡ ਲਿਆ ਹੈ ਤੇ ਨਾ ਹੀ ਉਸ ਤੋਂ ਪੁੱਛਗਿੱਛ ਕਰਕੇ ਇਸ ਘਟਨਾ ਦੇ ਪਿੱਛੇ ਦਾ ਮਕਸਦ ਤੇ ਇਸ 'ਚ ਸ਼ਾਮਿਲ ਹੋਰ ਦੋਸ਼ੀਆਂ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਬਾਬੂ ਲਾਲ ਨਾਲ ਗੱਲਬਾਤ ਤੋਂ ਬਾਅਦ ਬਾਬਾ ਅਮਰੀਕ ਸਿੰਘ ਅਜਨਾਲਾ, ਅਮਰਜੀਤ ਸਿੰਘ ਕਨਕਕਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਸੁਖਵਿੰਦਰ ਸਿੰਘ ਖਾਲਸਾ ਤੇ ਬਾਬਾ ਪ੍ਰੇਮ ਸਿੰਘ ਜੋਗੇਵਾਲਾ 'ਤੇ ਆਧਾਰਿਤ ਪੰਜ ਮੈਂਬਰੀ ਬਣਾਈ ਗਈ ਕਮੇਟੀ ਦੇ ਸਾਹਮਣੇ ਪੁਲਿਸ ਮੁਲਜਮ ਤੋਂ ਪੁੱਛਗਿੱਛ ਕਰੇਗੀ। ਥਾਣਾ ਸਦਰ ਦੇ ਮੁਖੀ ਦਲੀਪ ਸਿੰਘ ਨੇ ਦੱਸਿਆ ਕਿ ਸਾਧੂ ਸੂਰਜਮਣੀ ਡੇਰੇ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਚੋਰੀ ਹੋਣ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਸਾਧੂ ਸੂਰਜਮਣੀ ਤੋਂ ਪੁੱਛਗਿੱਛ ਤੋਂ ਬਾਅਦ ਹੀ ਇਸ ਪੂਰੀ ਘਟਨਾ ਤੋਂ ਪਰਦਾ ਉੱਠ ਸਕੇਗਾ। ਸਦਰ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 153 ਤੇ 295 ਦੇ ਤਹਿਤ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਪੰਜ ਸਿੰਘਾਂ ਦਾ ਦੂਸਰਾ ਜਥਾ ਪੁੱਜਾ ਯੂਨੀਵਰਸਿਟੀ
ਫ਼ਤਹਿਗੜ੍ਹ ਸਾਹਿਬ- 15 ਫਰਵਰੀ ૿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਡਾ: ਜਸਵੀਰ ਸਿੰਘ ਆਹਲੂਵਾਲੀਆ ਦੀ ਕੀਤੀ ਗਈ ਨਿਯੁਕਤੀ ਵਿਰੁੱਧ 14 ਫਰਵਰੀ ਤੋਂ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਫ਼ਤਹਿਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਭੇਜੇ ਜਾ ਰਹੇ ਪੰਜ ਸਿੰਘਾਂ ਦੇ ਜਥੇ ਦੇ ਪ੍ਰੋਗਰਾਮ ਦੇ ਦੂਸਰੇ ਦਿਨ ਵੀ ਸ: ਮਾਨ ਨੇ ਖ਼ੁਦ ਅਰਦਾਸ ਕਰਕੇ ਸ਼ਿੰਗਾਰਾ ਸਿੰਘ ਬੱਡਲਾ ਜ਼ਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਜਥੇ ਨੂੰ ਜੈਕਾਰਿਆਂ ਦੇ ਰੂਪ 'ਚ ਜਾਪ ਕਰਦੇ ਹੋਏ ਯੂਨੀਵਰਸਿਟੀ ਵੱਲ ਤੋਰਿਆ। ਇਸ ਜਥੇ 'ਚ ਦੂਸਰੇ ਮੈਂਬਰ ਤਰਸੇਮ ਸਿੰਘ, ਲਖਵੀਰ ਸਿੰਘ, ਚਰਨਜੀਤ ਸਿੰਘ ਤੇ ਗੁਰਚਰਨ ਸਿੰਘ ਸਾਰੇ ਹੀ ਬਡਲਾ ਪਿੰਡ ਦੇ ਨਿਵਾਸੀ ਤੇ ਪਾਰਟੀ ਦੇ ਸਰਗਰਮ ਮੈਂਬਰ ਹਨ। ਪ੍ਰਭਾਵਸ਼ਾਲੀ ਅਤੇ ਦਿਲਚਸਪ ਗੱਲ ਇਹ ਹੈ ਕਿ ਪੰਜਾਂ ਸਿੰਘਾਂ ਦੇ ਹੱਥਾਂ 'ਚ ''ਆਹਲੂਵਾਲੀਆ ਹਟਾਓ ਪੰਥ ਦੀ ਇੱਜ਼ਤ ਬਚਾਓ", ਦੇ ਮਾਟੋ ਫੜੀ ਇਹ ਪੰਜੇ ਸਿੰਘ ਰੋਸ ਮਾਰਚ ਦੀ ਅਗਵਾਈ ਕਰ ਰਹੇ ਸਨ ਤੇ ਉਨ੍ਹਾਂ ਦੇ ਪਿੱਛੇ ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ ਟਿਵਾਣਾ, ਪ੍ਰੋ: ਮਹਿੰਦਰਪਾਲ ਸਿੰਘ, ਰਣਦੇਵ ਸਿੰਘ ਦੇਬੀ, ਜੋਗਿੰਦਰ ਸਿੰਘ ਸੈਪਲੀ ਆਦਿ ਸੀਨੀਅਰ ਆਗੂਆਂ ਨਾਲ ਵੱਡੀ ਗਿਣਤੀ 'ਚ ਵਰਕਰ ਜਾਪ ਕਰਦੇ ਹੋਏ ਯੂਨੀਵਰਸਿਟੀ ਵੱਲ ਅਮਨਮਈ ਤਰੀਕੇ ਨਾਲ ਵੱਧ ਰਹੇ ਸਨ। ਯੂਨੀਵਰਸਿਟੀ ਦੇ ਗੇਟ 'ਤੇ ਇਕੱਤਰ ਹੋਏ ਪਾਰਟੀ ਹਮਦਰਦਾਂ ਦੇ ਇਕੱਠ ਨੂੰ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਬੋਧਨ ਕੀਤਾ।
ਅੱਜ ਦੇ ਇਕੱਠ 'ਚ ਉਪਰੋਕਤ ਆਗੂਆਂ ਤੋਂ ਇਲਾਵਾ ਜੋਗਿੰਦਰ ਸਿੰਘ ਸੈਪਲੀ, ਰਣਦੇਵ ਸਿੰਘ ਦੇਬੀ, ਬਲਜਿੰਦਰ ਸਿੰਘ, ਧਰਮ ਸਿੰਘ ਕਲੌੜ, ਰਣਜੀਤ ਸਿੰਘ ਸੰਤੋਖਗੜ੍ਹ, ਸੁਰਿੰਦਰ ਸਿੰਘ ਬੋਰਾਂ, ਕੁਲਦੀਪ ਸਿੰਘ ਦਭਾਲੀ, ਗੁਰਮੁੱਖ ਸਿੰਘ ਸੋਸਪੁਰ, ਕਿਰਪਾਲ ਸਿੰਘ ਖਮਾਣੋਂ, ਲਖਵਿੰਦਰ ਸਿੰਘ ਗੋਪਾਲੋ ਕੋਟਲਾ ਆਦਿ ਆਗੂ ਹਾਜ਼ਰ ਸਨ।
ਪਾਵਨ ਸਰੂਪ ਨਹਿਰ 'ਚ ਸੁੱਟਣ ਦਾ ਤਖ਼ਤ ਸ੍ਰੀ
ਦਮਦਮਾ ਸਾਹਿਬ ਨੇ ਲਿਆ ਗੰਭੀਰ ਨੋਟਿਸ
ਤਲਵੰਡੀ ਸਾਬੋ- 15 ਫਰਵਰੀ ૿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਜੋ ਸਿਰਫਿਰੇ ਵਿਅਕਤੀਆਂ ਵਲੋਂ ਨਹਿਰ 'ਚ ਸੁੱਟ ਕੇ ਘੋਰ ਅਪਰਾਧ ਕੀਤਾ ਹੈ, ਦੀ ਮੰਦਭਾਗੀ ਘਟਨਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਗੰਭੀਰ ਨੋਟਿਸ ਲੈਦਿਆਂ ਜਿਥੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਸਬੰਧਤ ਸਰਕਾਰਾਂ ਤੋਂ ਕੀਤੀ ਜਾ ਰਹੀ ਹੈ ਉਥੇ ਬੇ-ਅਦਬ ਕੀਤੇ ਸਰੂਪਾਂ ਦੀ ਸਾਂਭ ਸੰਭਾਲ ਲਈ ਸਿੰਘ ਸਾਹਿਬ ਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਹਰਿਆਣਾ ਵਿਖੇ ਸਿੱਖਾਂ ਦੀ ਢਾਣੀ ਵਿਖੇ ਠਹਿਰ ਕੇ ਸਮੁੱਚੀ ਕਾਰਵਾਈ ਨੂੰ ਅੰਜਾਮ ਦੇਣ ਵਿਚ ਰੁੱਝੇ ਹੋਏ ਹਨ ਜਦਕਿ ਸਿਰਸਾ ਹਰਿਆਣਾ ਦੀ ਪੁਲਿਸ ਨੇ ਕਾਰਾ ਕਰਨ ਵਾਲੇ ਕਥਿਤ ਮੁਜ਼ਰਮ ਸੂਰਜ ਮਨੀ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਦਮਦਮਾ ਸਾਹਿਬ ਨੇ ਲਿਆ ਗੰਭੀਰ ਨੋਟਿਸ
ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਬਹੁਤੇ ਡੇਰਾਵਾਦੀ ਲੋਕ ਜਿਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਕਾ ਹੀ ਲਗਾਓ ਜਾਂ ਸਬੰਧ ਨਹੀਂ ਹੁੰਦਾ ਆਪਣੇ ਡੇਰਿਆਂ ਅੰਦਰ ਪਾਵਨ ਸਰੂਪ ਰੱਖ ਕੇ ਉਨ੍ਹਾਂ ਦੀ ਬੇ-ਅਦਬੀ ਕੀਤੀ ਜਾ ਰਹੀ ਹੈ ਜੋਕਿ ਬਹੁਤ ਹੀ ਮੰਦਭਾਗਾ ਰੁਝਾਨ ਹੈ ਉਨ੍ਹਾਂ ਕਿਹਾ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲਾ ਵੀ ਇਕ ਅਪਰਾਧੀ ਕਿਸਮ ਦਾ ਸਾਧ ਸੂਰਜ ਮੁਨੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਰਿਆਣਾ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਭਾਈ ਭਰਪੂਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਸਵੀਰ ਸਿੰਘ, ਦਮਦਮੀ ਟਕਸਾਲ ਤੇ ਭਾਈ ਅਮਰਜੀਤ ਸਿੰਘ ਤੇ ਹੋਰ ਪੰਥਕ ਆਗੂ ਪੂਰਨ ਸਹਿਯੋਗ ਦੇ ਰਹੇ ਹਨ।
ਵਿਸ਼ਵ ਪੰਜਾਬੀ ਕਾਨਫਰੰਸ ਸਫ਼ਲਤਾ ਪੂਰਵਕ ਸਮਾਪਤ
ਇੰਦੌਰ ਨਾਲ ਪੰਜਾਬੀ ਯੂਨੀਵਰਸਿਟੀ ਦੀ ਰਿਸ਼ਤੇਦਾਰੀ
ਹੋਰ ਮਜ਼ਬੂਤ ਹੋਵੇਗੀ : ਡਾ: ਜਸਪਾਲ ਸਿੰਘ
ਇੰਦੌਰ, 15 ਫਰਵਰੀ-ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸਥਾਨਕ ਪੰਜਾਬੀ ਸਭਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੰਦੌਰ ਵਿਖੇ ਪਹਿਲੀ ਵਾਰ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਸਮਾਪਤ ਹੋਈ, ਜਿਸ ਵਿਚ ਪਟਿਆਲਾ ਤੋਂ ਆਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਡਾ: ਜੋਧ ਸਿੰਘ ਸਹਿਤ ਕਈ ਵਿਦਵਾਨ ਤੇ ਸੱਭਿਆਚਾਰਕ ਟੀਮ ਦੇ ਮੈਂਬਰਾਂ ਦੀ ਹੌਂਸਲਾ ਅਫਜਾਈ ਨਾਲ ਇਥੇ ਇਕ ਨਿਵਕੇਲੇ ਅਧਿਆਏ ਦੀ ਸ਼ੁਰੂਆਤ ਹੋਈ। ਕਾਨਫਰੰਸ ਦਾ ਉਦਘਾਟਨ ਮੱਧ ਪ੍ਰਦੇਸ਼ ਦੇ ਵਣ ਮੰਤਰੀ ਸ: ਸਰਤਾਰ ਸਿੰਘ ਨੇ ਕੀਤਾ, ਪਦਮ ਭੂਸ਼ਣ ਡਾ: ਪ੍ਰਿਥੀਪਾਲ ਸਿੰਘ ਮੈਨੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਸਨ। ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਦੇਵੀ ਅਹਿਲੀਆ ਯੂਨੀਵਰਸਿਟੀ ਦੇ ਵੀ. ਸੀ. ਡਾ: ਰਾਜਕਮਲ, ਮੱਧ ਪ੍ਰਦੇਸ਼ ਘੱਟ-ਗਿਣਤੀ ਦੇ ਮੈਂਬਰ ਸ: ਤ੍ਰਿਲੋਚਨ ਸਿੰਘ ਵਾਸੂ ਤੇ ਮੱਧ ਪ੍ਰਦੇਸ਼ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ: ਗੁਰਦੀਪ ਸਿੰਘ ਭਾਟੀਆ ਹਾਜ਼ਰ ਸਨ। ਉਦਘਾਟਨੀ ਸੈਸ਼ਨ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਆਰਤੀ ਨਾਲ ਕੀਤਾ ਗਿਆ ਜਿਸ ਦੀ ਵਿਆਖਿਆ ਸ: ਮਨਮੋਹਨ ਸਿੰਘ ਟੁਟੇਜਾ ਨੇ ਕੀਤੀ। ਸਭ ਤੋਂ ਪਹਿਲਾਂ ਯੂਨੀਵਰਸਿਟੀ ਦੀ ਧੁਨੀ (ਥੀਮ ਸ਼ਬਦ ਵਿਦਿਆ ਵੀਚਾਰੀ...) ਪੇਸ਼ ਕੀਤੀ ਗਈ। ਮਹਿਮਾਨਾਂ ਦੇ ਰਸਮੀ ਸਵਾਗਤ ਤੋਂ ਬਾਅਦ ਡਾ: ਸਤੀਸ਼ ਕੁਮਾਰ ਵਰਮਾ (ਡਾਇਰੈਕਟਰ, ਯੁਵਕ ਭਲਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਵਿਚ ਪੰਜਾਬੀ ਭਾਸ਼ਾ ਦਾ ਅਧਿਐਨ ਤੇ ਅਧਿਆਪਨ ਵਿਸ਼ੇ 'ਤੇ ਕੁੰਜੀਬੱਧ ਭਾਸ਼ਣ ਦਿੱਤਾ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਡਾ: ਵਰਮਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਹੋਰ ਭਾਸ਼ਾਵਾਂ ਮਾਸੀਆਂ ਤਾਂ ਹੋ ਸਕਦੀਆਂ ਹਨ ਪਰ ਮਾਂ ਭਾਸ਼ਾ ਸਿਰਫ ਪੰਜਾਬੀ ਭਾਸ਼ਾ ਹੀ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾਣਾ ਚਾਹੀਦਾ ਹੈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਪੰਜਾਬ ਤੋਂ ਬਾਹਰ ਪੰਜਾਬੀਅਤ ਲਈ ਯੋਗਦਾਨ ਪਾਉਣ ਬਦਲੇ ਡਾ: ਚਰਨਜੀਤ ਸਿੰਘ ਚੱਢਾ, ਸ੍ਰੀਮਤੀ ਵੀਨਾ ਸਾਹਨੀ, ਸ੍ਰੀ ਪ੍ਰੀਤਮ ਲਾਲ ਦੂਆ ਤੇ ਸ: ਈਸ਼ਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਦੁਪਹਿਰ ਵਾਲੇ ਸੈਸ਼ਨ ਦੇ ਦੌਰਾਨ ਡਾ: ਜੋਧ ਸਿੰਘ ਨੇ ਕਿਹਾ ਕਿ ਵੇਦਾਂ ਵਿਚ ਦਿੱਤੇ ਗਏ ਮੰਤਰਾਂ ਦੀ ਵਿਆਖਿਆ, ਪੰਡਿਤਾਂ ਵੱਲੋਂ ਗਲਤ ਕੀਤੀ ਗਈ ਹੈ, ਜਿਸ ਨਾਲ ਜਾਤ-ਪਾਤ ਦਾ ਝਗੜਾ ਵਧਿਆ ਹੈ।ਇੰਦੌਰ ਨਾਲ ਪੰਜਾਬੀ ਯੂਨੀਵਰਸਿਟੀ ਦੀ ਰਿਸ਼ਤੇਦਾਰੀ
ਹੋਰ ਮਜ਼ਬੂਤ ਹੋਵੇਗੀ : ਡਾ: ਜਸਪਾਲ ਸਿੰਘ
ਇਸ ਕਾਨਫਰੰਸ ਵਿਚ ਪੰਜਾਬ ਦਾ ਪੂਰਾ ਇਤਿਹਾਸ, ਵਿਸ਼ਵ ਭਰ ਵਿਚ ਪੰਜਾਬੀਆਂ ਵੱਲੋਂ ਮਾਰੀਆਂ ਗਈਆਂ ਮੱਲ੍ਹਾਂ ਤੇ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਪੰਜਾਬੀਆਂ ਬਾਰੇ ਇਕ ਪ੍ਰਦਰਸ਼ਨੀ ਵੀ ਲਾਈ ਗਈ ਸੀ। 44 ਮੈਂਬਰਾਂ ਦੀ ਭੰਗੜਾ/ਗਿੱਧਾ ਟੀਮ ਜੋ ਵਿਸ਼ੇਸ਼ ਤੌਰ 'ਤੇ ਪਟਿਆਲੇ ਤੋਂ ਆਈ ਸੀ, ਵੱਲੋਂ ਸ਼ਮਸ਼ੇਰ ਕੌਰ ਚਹਿਲ ਤੇ ਬਲਕਰਨ ਦੇ ਨਿਰਦੇਸ਼ਨ ਵਿਚ ਮਨ ਟੁੰਬਵਾਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਪੁਰਾਤਨ ਲੋਕ ਗੀਤ, ਲੋਕ ਧਾਰਾ, ਲੋਕ ਸਾਜ਼ਾਂ ਰਾਹੀਂ ਲੋਕ ਨਾਚਾਂ ਦੀਆਂ ਕਈ ਵੰਨਗੀਆਂ ਜਿਵੇਂ ਮਲਵਈ ਗਿੱਧਾ, ਝੂਮਰ, ਕਿਕਲੀ ਪੇਸ਼ ਕਰਕੇ ਖੂਬ ਵਾਹ-ਵਾਹ ਲੁੱਟੀ। ਆਪਣੇ ਸੰਬੋਧਨ ਵਿਚ ਵੀ. ਸੀ. ਡਾ: ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆ ਵਿਚ ਭਾਸ਼ਾ ਦੇ ਨਾਂਅ 'ਤੇ ਸਿਰਫ ਦੋ ਹੀ ਯੂਨੀਵਰਸਿਟੀਆਂ ਹਨ ਇਕ ਹੀਥਰੋ ਯੂਨੀਵਰਸਿਟੀ ਇਜਰਾਈਲ ਦੀ ਤੇ ਦੂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਇਥੋਂ ਦੇ ਪੰਜਾਬੀਆਂ ਦਾ ਪ੍ਰੇਮ ਦੇਖ ਕੇ ਸਾਡੀ ਪੂਰੀ ਟੀਮ ਨੂੰ ਬੜਾ ਵਧਿਆ ਨਵਾਂ ਅਨੁਭਵ ਪ੍ਰਾਪਤ ਹੋਇਆ ਹੈ। ਇਸ ਕਾਨਫਰੰਸ ਰਾਹੀਂ ਅਸੀਂ ਇਥੇ ਰਿਸ਼ਤੇਦਾਰੀ ਪਾ ਚੱਲੇ ਹਾਂ, ਆਸ ਹੈ ਇੰਦੌਰ ਵਾਲੇ ਖਰੇ ਉਤਰਨਗੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਜੋਗਾ ਸਿੰਘ, ਡਾ: ਰਜਿੰਦਰ ਪਾਲ ਸਿੰਘ ਬਰਾੜ, ਡਾ: ਦਵਿੰਦਰ ਸਿੰਘ, ਡਾ: ਦੀਪਕ ਮਨਮੋਹਨ ਸਿੰਘ, ਡਾ: ਪਰਮਵੀਰ ਸਿੰਘ, ਸ: ਰਜਿੰਦਰ ਸਿੰਘ ਚਹਿਲ ਤੇ ਡਾ: ਬਲਦੇਵ ਸਿੰਘ ਚੀਮਾ ਨੇ ਵੱਖ-ਵੱਖ ਚਰਚਾਵਾਂ ਰਾਹੀਂ ੰਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ। ਸਟੇਜ ਦਾ ਸੰਚਾਲਨ ਡਾ: ਜੋਧ ਸਿੰਘ ਨੇ ਕੀਤਾ ਤੇ ਕਾਨਫਰੰਸ ਦੇ ਕਨਵੀਨਰ ਸ: ਅਜੀਤ ਸ਼ੇਰ ਇੰਦਰ ਸਿੰਘ ਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਨੇਕ-ਚਲਨੀ 'ਤੇ ਰਿਹਾਅ ਹੋਏ ਪੁਲਿਸ ਅਫ਼ਸਰਾਂ
ਵਿਰੁੱਧ ਕਾਰਵਾਈ ਦੇ ਹੁਕਮ
ਚੰਡੀਗੜ੍ਹ, 15 ਫਰਵਰੀ -'ਅਜੇ ਵੀ ਤਾਇਨਾਤ ਹਨ ਅਹਿਮ ਅਹੁਦਿਆਂ 'ਤੇ ਪੰਜਾਬ ਪੁਲਿਸ ਦੇ 'ਦਾਗ਼ੀ ਅਫ਼ਸਰ' ਜੋ ਕਿ ਸਜ਼ਾ ਜਾਫ਼ਤਾ ਹਨ ਤੇ ਅਦਾਲਤ ਵੱਲੋਂ ਨੇਕ-ਚਲਨੀ 'ਤੇ ਰਿਹਾਅ ਕੀਤੇ ਗਏ ਹਨ ਅਹਿਮ ਪਰ ਅਹੁਦਿਆਂ ਦਾ ਨਿੱਘ ਮਾਣ ਰਹੇ ਹਨ।' ਅਜਿਹਾ ਪ੍ਰਗਟਾਵਾ ਏ.ਆਈ.ਜੀ. ਭਲਾਈ ਤੇ ਲਿਟੀਗੇਸ਼ਨ ਐਮ.ਐਮ. ਛੀਨਾ ਵੱਲੋਂ 27 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੇ ਆਪਣੇ ਹਲਫ਼ਨਾਮੇ 'ਚ ਕੀਤਾ ਗਿਆ ਹੈ। ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਐਚ.ਸੀ. ਅਰੋੜਾ ਵੱਲੋਂ ਸਿਪਾਹੀ ਲਾਲ ਚੰਦ 686 ਫ਼ਿਰੋਜ਼ਪੁਰ, ਹੌਲਦਾਰ ਗੁਰਲਾਭ ਸਿੰਘ 732 ਸੰਗਰੂਰ ਤੇ ਸਿਪਾਹੀ ਸ਼ੇਰ ਸਿੰਘ ਤੇ ਥਾਣੇਦਾਰ ਰਮੇਸ਼ ਚੰਦਰ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਜਵਾਬ 'ਚ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਨ੍ਹਾਂ ਵਿਰੁੱਧ ਕਾਰਵਾਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਅਦਾਲਤ ਨੇ ਇਨ੍ਹਾਂ ਅਫ਼ਸਰਾਂ ਵਿਰੁੱਧ 4 ਹਫ਼ਤਿਆਂ 'ਚ ਕਾਰਵਾਈ ਕਰਕੇ ਸਥਿਤੀ ਰਿਪੋਰਟ 28 ਮਾਰਚ ਤੱਕ ਅਦਾਲਤ ਨੂੰ ਸੌਂਪਣ ਲਈ ਕਿਹਾ।ਵਿਰੁੱਧ ਕਾਰਵਾਈ ਦੇ ਹੁਕਮ
ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਦੇ ਉਪਰਾਲੇ
ਕੀਤੇ-ਭਾਈ ਪਰਮਜੀਤ ਸਿੰਘ ਖ਼ਾਲਸਾ
ਅੰਮ੍ਰਿਤਸਰ, 15 ਫਰਵਰੀ -ਸਿੱਖ ਕੌਮ ਦੇ ਹਰਿਆਵਲ ਦਸਤੇ ਤੇ ਨੌਜਵਾਨਾਂ ਦੀ ਸਿਰਮੌਰ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਜ਼ਿਲ੍ਹਾ ਅੰਮ੍ਰਿਤਸਰ (ਸ਼ਹਿਰੀ) ਦੇ ਢਾਂਚੇ ਦਾ ਐਲਾਨ ਅੱਜ ਪ੍ਰਭਾਵਸ਼ਾਲੀ ਸਮਾਗਮ 'ਚ ਕੀਤਾ ਗਿਆ। ਜਿਸ ਵਿਚ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ, ਉਪਕਾਰ ਸਿੰਘ ਸੰਧੂ, ਭਾਈ ਹਰਜਾਪ ਸਿੰਘ, ਭਾਈ ਬਾਵਾ ਸਿੰਘ ਗੁਮਾਨਪੁਰਾ ਨੇ ਸ਼ਿਰਕਤ ਕੀਤੀ। 243 ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਤੇ ਫੈਡਰੇਸ਼ਨ ਦੇ ਅੰਮ੍ਰਿਤਸਰ ਸ਼ਹਿਰ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਭਾਈ ਮਹਿਤਾ ਨੇ ਸ਼ਲਾਘਾ ਕੀਤੀ। ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਵੀ ਸੰਬੋਧਨ ਕੀਤਾ। ਅਖੀਰ 'ਚ ਭਾਈ ਅਮਰਬੀਰ ਸਿੰਘ ਢੋਟ ਨੇ ਫੈਡਰੇਸ਼ਨ ਦੇ ਸ਼ਹਿਰੀ ਢਾਂਚੇ ਦੀ ਪਹਿਲੀ ਸੂਚੀ 243 ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਹੈ ਤੇ ਬਾਕੀ ਅਹੁਦੇਦਾਰਾਂ ਤੇ ਸਰਕਲ ਪ੍ਰਧਾਨਾਂ ਦੀ ਸੂਚੀ 10 ਦਿਨਾਂ ਅੰਦਰ ਜਾਰੀ ਹੋਵੇਗੀ। ਇਸ ਮੌਕੇ ਫੈਡਰੇਸ਼ਨ ਦੇ ਸਕੱਤਰ ਜਨਰਲ ਮੇਜਰ ਸਿੰਘ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸ਼ੀਸ਼ਪਾਲ ਸਿੰਘ ਮੀਰਾਂ ਕੋਟ, ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ ਲੋਹਾਰਕਾ, ਜਨਰਲ ਸਕੱਤਰ ਕੁਲਦੀਪ ਸਿੰਘ ਪੰਡੋਰੀ, ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸੁਰ ਸਿੰਘ, ਦਿਹਾਤੀ ਪ੍ਰਧਾਨ ਮਨਜੀਤ ਸਿੰਘ, ਬਲਜੀਤ ਸਿੰਘ ਬੀਤਾ, ਜਸਪਾਲ ਸਿੰਘ ਇਸਲਾਮ ਗੰਜ ਹਾਜ਼ਰ ਹੋਏ।ਕੀਤੇ-ਭਾਈ ਪਰਮਜੀਤ ਸਿੰਘ ਖ਼ਾਲਸਾ
ਸ਼ਹਿਰੀ ਇਕਾਈ ਦੇ 243 ਅਹੁਦੇਦਾਰਾਂ ਦੀ ਪਹਿਲੀ ਸੂਚੀ : ਜ਼ਿਲ੍ਹਾ ਅਹੁਦੇਦਾਰਾਂ ਦੀ ਸੂਚੀ 'ਚ ਸੀਨੀਅਰ ਮੀਤ ਪ੍ਰਧਾਨ 13, ਮੀਤ ਪ੍ਰਧਾਨ 40, ਜਨਰਲ ਸਕੱਤਰ 39, ਸਕੱਤਰ 47, ਮੀਤ ਸਕੱਤਰ 29, ਜਥੇਬੰਦਕ ਸਕੱਤਰ 36, ਸੰਯੁਕਤ ਸਕੱਤਰ 25, ਪ੍ਰਚਾਰ ਸਕੱਤਰ 03, ਸਲਾਹਕਾਰ 03, ਕਾਨੂੰਨੀ ਸਲਾਹਕਾਰ 03, ਮੁੱਖ ਬੁਲਾਰਾ 01, ਬੁਲਾਰਾ 02, ਪ੍ਰੈਸ ਸਕੱਤਰ 01, ਖਜ਼ਾਨਚੀ 01 ਚੁਣੇ ਗਏ ਹਨ। ਭਾਈ ਅਮਰਬੀਰ ਸਿੰਘ ਢੋਟ ਨੂੰ ਛੇਵੀਂ ਵਾਰ ਪ੍ਰਧਾਨ ਚੁਣਿਆ ਗਿਆ
No comments:
Post a Comment