ਈਰਾਨ ਨੇ ਦਿਖਾਈ ਪ੍ਰਮਾਣੂ ਤਾਕਤ
ਯੂਰਪ ਦੇ 6 ਦੇਸ਼ਾਂ ਨੂੰ ਤੇਲ ਸਪਲਾਈ ਬੰਦ
ਤਹਿਰਾਨ, -ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਨੇ ਅੱਜ ਨਵਾਂ ਮੋੜ ਲੈ ਲਿਆ ਹੈ ਅਤੇ ਈਰਾਨ ਨੇ ਯੂਰਪੀਨ ਯੂਨੀਅਨ ਦੇ 6 ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਹੈ ਕਿ ਤਹਿਰਾਨ ਨੇ ਯੂਰੇਨੀਅਮ ਨਾਲ ਬਣੇ ਸੈਂਟਰੀਫਿਊਜ਼ ਅਤੇ ਪ੍ਰਮਾਣੂ ਪ੍ਰੋਗਰਾਮ ਲਈ ਬਾਲਣ ਦੀ ਪਲੇਟ ਬਣਾ ਲਈ ਹੈ। ਇਸ ਖਬਰ ਤੋਂ ਨਾਰਾਜ਼ ਅਮਰੀਕਾ ਨੇ ਸਾਰਿਆਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਈਰਾਨ ਨਾਲ ਕਿਸੇ ਤਰ੍ਹਾਂ ਦਾ ਸਹਿਯੋਗ ਨਾ ਕਰੇ। ਇਸ ਦੇ ਜਵਾਬ ਵਿਚ ਈਰਾਨ ਨੇ ਕਿਹਾ ਹੈ ਕਿ ਅਮਰੀਕਾ ਵਿਚ ਜ਼ਿਆਦਾ ਦਮ ਨਹੀਂ ਅਤੇ ਜੇ ਕਰ ਜ਼ਰੂਰਤ ਪਈ ਤਾਂ ਈਰਾਨ ਉਸ ਨੂੰ ਸਬਕ ਸਿਖਾ ਸਕਦਾ ਹੈ। ਇਸੇ ਦੌਰਾਨ ਈਰਾਨ ਨੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਹੈ ਕਿ ਉਹ ਪ੍ਰਮਾਣੂ ਪ੍ਰੋਗਰਾਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਯੂਰਪੀਨ ਦੇਸ਼ ਸਾਨੂੰ ਪ੍ਰਮਾਣੂ ਤਾਕਤ ਬਣਨ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਪ੍ਰਮਾਣੂ ਹਥਿਆਰ ਹਨ ਉਹੀ ਸਾਡੇ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਹਨ। ਇਸੇ ਦੌਰਾਨ ਈਰਾਨ ਦੇ ਤੇਲ ਮੰਤਰਾਲੇ ਨੇ ਕਿਹਾ ਹੈ ਕਿ ਯੂਰਪੀਨ ਦੇਸ਼ਾਂ ਨੂੰ ਤੇਲ ਦੀ ਸਪਲਾਈ ਬੰਦ ਨਹੀਂ ਕੀਤੀ ਜਾ ਰਹੀ। ਇਸ ਤੋਂ ਪਹਿਲਾਂ ਟੀ. ਵੀ. ਰਿਪੋਰਟ ਵਿਚ ਕਿਹਾ ਗਿਆ ਸੀ ਕਿ ਈਰਾਨ ਨੇ ਫਰਾਂਸ, ਪੁਰਤਗਾਲ, ਇਟਲੀ, ਗਰੀਸ, ਨੀਂਦਰਲੈਂਡ ਅਤੇ ਸਪੇਨ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਹੈ।ਯੂਰਪ ਦੇ 6 ਦੇਸ਼ਾਂ ਨੂੰ ਤੇਲ ਸਪਲਾਈ ਬੰਦ
ਖੇਤੀਬਾੜੀ ਉਤਪਾਦਨ ਵਧਾਉਣ ਦੀ ਲੋੜ-ਮਨਮੋਹਨ ਸਿੰਘ
ਮੀਂਹ 'ਤੇ ਨਿਰਭਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਅਨਾਜ ਉਤਪਾਦਨ ਵਧਾਉਣ ਦੀ ਲੋੜ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਬਾਗਬਾਨੀ ਤੇ ਪਸ਼ੂ ਉਤਪਾਦਨਾਂ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਫਸਲੀ ਵਿਭਿੰਨਤਾ ਜ਼ਰੂਰੀ ਹੈ। ਉਨ੍ਹਾਂ ਨੇ ਟੀਚੇ ਦੀ ਪ੍ਰਾਪਤੀ ਲਈ ਖੋਜ ਤੇ ਵਿਕਾਸ ਵੱਲ ਵਿਸ਼ੇਸ਼ ਤਵਜੋਂ ਦੇਣ ਦੀ ਲੋੜ ਉਪਰ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਇਥੇ ਰਾਸ਼ਟਰਪਤੀ ਭਵਨ ਵਿਖੇ ਖੇਤੀਬਾੜੀ ਬਾਰੇ ਹੋਈ ਇਕ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2020-2021 ਵਿਚ ਅਨਾਜ਼ ਦੀ ਮੰਗ ਦੀ ਪੂਰਤੀ ਲਈ ਖੇਤੀਬਾੜੀ ਉਤਪਾਦਨ ਵਿਚ ਪ੍ਰਤੀ ਸਾਲ ਘਟੋ ਘੱਟ 2% ਵਾਧਾ ਕਰਨ ਦੀ ਲੋੜ ਹੈ ਪਰੰਤੂ 1995-96 ਤੋਂ 2004-05 ਤੱਕ 10 ਸਾਲਾਂ ਵਿਚ ਔਸਤ ਵਾਧਾ ਕੇਵਲ 1% ਸਾਲਾਨਾ ਹੀ ਰਿਹਾ ਹੈ। ਉਨ੍ਹਾਂ ਕਿਹਾ ਹਾਲਾਂ ਕਿ ਪਿੱਛਲੇ ਸਾਲਾਂ ਦੌਰਾਨ ਅਨਾਜ ਉਤਪਾਦਨ ਨੇ ਰਫਤਾਰ ਫੜੀ ਹੈ ਪਰ ਬਾਗਬਾਨੀ ਤੇ ਪਸ਼ੂ ਉਤਪਾਦਨਾਂ ਦੀ ਬਹੁਤ ਤੇਜੀ ਨਾਲ ਵਧ ਰਹੀ ਮੰਗ ਨੂੰ ਮੁੱਖ ਰਖਦਿਆਂ ਇਸ ਵਾਧੇ 'ਤੇ ਸੰਤਸ਼ੁਟੀ ਨਹੀਂ ਕੀਤੀ ਜਾ ਸਕਦੀ। ਇਸ ਲਈ ਅਨਾਜ ਉਤਪਾਦਨ ਹੇਠਲੇ ਰਕਬੇ ਨੂੰ ਹੋਰ ਫਸਲਾਂ ਦੇ ਉਤਪਾਦਨ ਹੇਠ ਤਬਦੀਲ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਖੇਤੀਬਾੜੀ ਉਤਪਾਦਨ ਦਾ ਕਾਫੀ ਹਿੱਸਾ ਖੋਜਾਂ ਤੇ ਵਿਕਾਸ ਕੋਸ਼ਿਸ਼ਾਂ ਰਾਹੀਂ ਪੈਦਾ ਹੋਵੇਗਾ ਜਿਸ ਲਈ ਨਵੀਆਂ ਤਕਨੀਕਾਂ ਤੇ ਉਤਪਾਦਨ ਪ੍ਰਾਸੈਸ ਬਾਰੇ ਨਵੀਆਂ ਖੋਜਾਂ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਮੀਂਹ 'ਤੇ ਨਿਰਭਰ ਖੇਤਰਾਂ ਜਿਥੇ ਲਗਾਤਾਰ ਉਤਪਾਦਨ ਘੱਟ ਰਹਿ ਰਿਹਾ ਹੈ, ਵੱਲ ਵਿਸ਼ੇਸ਼ ਧਿਆਨ ਦੇਣ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੀਂਹ ਉਪਰ ਨਿਰਭਰ ਖੇਤਰਾਂ ਵਿਚ ਖੇਤੀ ਨਿਰੰਤਰ ਇਕ ਜੂਆ ਬਣੀ ਹੋਈ ਹੈ ਤੇ ਇਨ੍ਹਾਂ ਖੇਤਰਾਂ ਵਿਚ ਉਤਪਾਦਨ ਹਰ ਹਾਲਤ ਵਿਚ ਵਧਾਇਆ ਜਾਣਾ ਚਾਹੀਦਾ ਹੈ। ਦੇਸ਼ ਦੇ ਕੁਲ ਖੇਤੀ ਰਕਬੇ ਦਾ 60% ਦੇ ਆਸਪਾਸ ਖੇਤਰ ਮੀਂਹ 'ਤੇ ਨਿਰਭਰ ਹੈ ਤੇ ਇਹ ਖੇਤਰ ਤੇਲੀ ਫਸਲਾਂ ਤੇ ਦਾਲਾਂ ਦੇ ਉਤਪਾਦਨ ਵਿਚ 80% ਤੋਂ ਵਧ ਹਿੱਸਾ ਪਾਉਂਦਾ ਹੈ। ਪ੍ਰਧਾਨ ਮੰਤਰੀ ਦਫਤਰ ਵੱਲੋਂ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਗਠਿਤ ਕੀਤੀਆਂ 3 ਕੋਰ ਕਮੇਟੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਨੇ ਆਪਣੀਆਂ ਰਿਪੋਰਟਾਂ ਸੌਂਪ ਦਿੱਤੀਆਂ ਹਨ ਤੇ ਖੁਰਾਕ ਤੇ ਖੇਤੀਬਾੜੀ ਮੰਤਰਾਲੇ ਵੱਲੋਂ ਇਨ੍ਹਾਂ ਦਾ ਨਰੀਖਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਸਿਫਾਰਿਸ਼ਾਂ ਪ੍ਰਵਾਨ ਕਰਨ ਯੋਗ ਹਨ ਤੇ ਇਸ ਸਬੰਧੀ ਕਾਰਵਾਈ ਜਾਂ ਤਾਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਜਾਂ ਫਿਰ ਹੋ ਰਹੀ ਹੈ।ਮੀਂਹ 'ਤੇ ਨਿਰਭਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣ 'ਤੇ ਜ਼ੋਰ
ਰੇਲ ਗੱਡੀ ਦੀ ਲਪੇਟ 'ਚ ਆਈ ਬਰਾਤੀਆਂ ਦੀ ਕਾਰ -6 ਮੌਤਾਂ
ਮ੍ਰਿਤਕਾਂ 'ਚ 5 ਔਰਤਾਂ ਸ਼ਾਮਿਲ
ਸੰਗਰੂਰ/ ਧੂਰੀ,-ਇਥੋਂ ਨੇੜਲੇ ਪਿੰਡ ਬੇਨੜਾ ਲਾਗੇ ਇਕ ਮਾਨਵ ਰਹਿਤ ਰੇਲਵੇ ਫਾਟਕ ਉਤੇ ਹੋਏ ਹਾਦਸੇ ਦੌਰਾਨ 5 ਔਰਤਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਰੇਲਵੇ ਪੁਲਿਸ ਧੂਰੀ ਦੇ ਇੰਚਾਰਜ ਸ੍ਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਜਾਖਲ ਤੋਂ ਸ਼ਾਮੀਂ 5 ਵਜੇ ਦੇ ਕਰੀਬ ਯਾਤਰੂ ਰੇਲ ਗੱਡੀ ਜਿਉਂ ਹੀ ਪਿੰਡ ਦੇ ਮਾਨਵ ਰਹਿਤ ਫਾਟਕ ਪਾਸ ਪੁੱਜੀ ਤਾਂ ਪਿੰਡ ਸਾਰੋਂ ਲਾਗਲੇ ਕੈਨੇਡਾ ਫਾਰਮ ਹਾਊਸ ਵਿਚ ਵਿਆਹ ਤੋਂ ਵਾਪਸ ਪਰਤ ਰਹੇ 7 ਬਰਾਤੀਆਂ ਵਾਲੀ ਇੰਡੀਕਾ ਕਾਰ ਰੇਲ ਗੱਡੀ ਦੀ ਲਪੇਟ ਵਿਚ ਆ ਗਈ। ਮ੍ਰਿਤਕ ਪਿੰਡ ਕਾਉਂਕੇ ਕਲਾਂ (ਜਗਰਾਓਂ) ਦੇ ਵਸਨੀਕ ਦੱਸੇ ਗਏ ਹਨ। ਇਹ ਕਾਰ ਸਵਾਰ ਪਿੰਡ ਧੂਰਾ ਦੇ ਬਲਵਿੰਦਰ ਸਿੰਘ ਦੀ ਲੜਕੀ ਨੂੰ ਵਿਆਹ ਕੇ ਵਾਪਸ ਪਰਤ ਰਹੇ ਸਨ। ਸੂਚਨਾ ਮਿਲਦਿਆਂ ਹੀ ਐਸ.ਡੀ.ਐਮ. ਧੂਰੀ ਸ੍ਰੀ ਭੁਪਿੰਦਰ ਮੋਹਨ ਸਿੰਘ, ਡੀ.ਐਸ.ਪੀ ਸ੍ਰੀ ਕੰਵਲਪ੍ਰੀਤ ਸਿੰਘ ਚਹਿਲ, ਐਸ.ਐਚ.ਓ. ਸਿਟੀ ਸ੍ਰੀ ਸਤਪਾਲ ਸ਼ਰਮਾ, ਸ੍ਰੀ ਸੂਰਤ ਸਿੰਘ ਇੰਚਾਰਜ ਰੇਲਵੇ ਪੁਲਿਸ ਫੋਰਸ ਅਤੇ ਹੋਰ ਅਧਿਕਾਰੀਆਂ ਨੇ ਮ੍ਰਿਤਕਾਂ ਨੂੰ ਸੰਭਾਲਣ ਲਈ ਫੁਰਤੀ ਵਿਖਾਈ। ਮ੍ਰਿਤਕਾਂ ਵਿਚ ਲਾੜੇ ਸੁਰਜੀਤ ਸਿੰਘ ਦੀ ਮਾਂ ਸੁਰਿੰਦਰ ਕੌਰ ਕਰਤਾਰੋ, ਲਾੜੇ ਦੀ ਭੈਣ ਮਨਦੀਪ ਕੌਰ ਮੋਨਾ, ਦੋ ਚਚੇਰੀਆਂ ਭੈਣਾਂ ਗੁਰਦੀਪ ਕੌਰ ਅਤੇ ਅਮਨਦੀਪ ਕੌਰ, ਇਕ ਤਾਈ ਅਤੇ ਕਾਰ ਚਾਲਕ ਸਾਧੂ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਇਕ ਚਚੇਰੀ ਭੈਣ ਹਰਪਿੰਦਰ ਕੌਰ ਪਿੰਡ ਝੰਡਾ ਵਾਲਾ (ਮੋਗਾ) ਨੂੰ ਗੰਭੀਰ ਹਾਲਤ ਵਿਚ ਪਟਿਆਲਾ ਭੇਜ ਦਿੱਤਾ ਗਿਆ। ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਅਗਲੀ ਕਾਰਵਾਈ ਲਈ ਧੂਰੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਹੈ। ਇਹ ਪਰਿਵਾਰ ਭਾਵੇਂ ਦਿੱਲੀ ਵਿਚ ਰਹਿੰਦਾ ਹੈ ਪਰ ਉਹ ਵਿਆਹ ਲਈ ਆਪਣੇ ਪਿਤਰੀ ਪਿੰਡ ਕਾਉਂਕੇ ਵਿਖੇ ਆਇਆ ਹੋਇਆ ਸੀ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਹੁਣ ਤੱਕ ਇਸ ਮਾਨਵ ਰਹਿਤ ਰੇਲਵੇ ਫਾਟਕ ਉਤੇ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਦੀ ਵਾਰ ਵਾਰ ਮੰਗ ਉਤੇ ਰੇਲਵੇ ਵੱਲੋਂ ਹੁਣ ਇਥੇ ਫਾਟਕ ਲਗਾਉਣ ਦੀ ਪ੍ਰੀਕ੍ਰਿਆ ਆਰੰਭੀ ਹੋਈ ਹੈ। ਗੇਟਮੈਨ ਲਈ ਕਮਰਾ ਬਣਾਏ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਇਥੇ ਫਾਟਕ ਨਹੀਂ ਲਗਾਏ ਗਏ। ਰੇਲਵੇ ਦੇ ਸਟੇਸ਼ਨ ਸੁਪਰਡੈਂਟ ਸ੍ਰੀ ਪਟੇਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਮ੍ਰਿਤਕਾਂ 'ਚ 5 ਔਰਤਾਂ ਸ਼ਾਮਿਲ
ਨਵੀਂ ਦਿੱਲੀ- ਦਿੱਲੀ ਹਾਈਕੋਰਟ 'ਚ ਪੇਸ਼ ਕੀਤੀ ਗਈ ਡੀ. ਐੱਨ. ਏ. ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਰੋਹਿਤ ਸ਼ੇਖਰ ਦੀ ਮਾਂ ਦਾ ਪਤੀ ਬੀ. ਪੀ. ਸ਼ਰਮਾ ਰੋਹਿਤ ਦਾ ਅਸਲੀ ਪਿਤਾ ਨਹੀਂ ਹੈ। ਦੱਸਣਯੋਗ ਹੈ ਕਿ ਰੋਹਿਤ ਨੇ ਦਾਅਵਾ ਕੀਤਾ ਹੈ ਕਿ ਇਹ ਕਾਂਗਰਸ ਦੇ ਬਜ਼ੁਰਗ ਨੇਤਾ ਐੱਨ. ਕੇ. ਤਿਵਾੜੀ ਦਾ ਪੁੱਤਰ ਹੈ। ਅਦਾਲਤ ਦੇ ਕਹਿਣ 'ਤੇ ਹੈਦਰਾਬਾਦ ਪ੍ਰਯੋਗਸ਼ਾਲਾ ਵੱਲੋਂ ਕੀਤੀ ਗਈ ਜਾਂਚ ਰਿਪੋਰਟ 'ਚ 31 ਸਾਲਾ ਰੋਹਿਤ ਦੀ ਮਾਂ ਤਾਂ ਉਜਵਲਾ ਹੀ ਹੈ ਪਰ ਪਿਤਾ ਨਾਲ ਉਸ ਦਾ ਡੀ. ਐੱਨ. ਏ. ਮੇਲ ਨਹੀਂ ਖਾਧਾ। ਇਸ ਰਿਪੋਰਟ ਨਾਲ ਰੋਹਿਤ ਦੇ ਉਸ ਦਾਅਵੇ ਨੂੰ ਬਲ ਮਿਲਿਆ ਹੈ ਜਿਸ 'ਚ ਉਸ ਨੇ ਆਪਣਾ ਪਿਤਾ ਐੱਨ. ਡੀ.ਤਿਵਾੜੀ ਨੂੰ ਦੱਸਿਆ ਸੀ।
ਭਿੱਖੀਵਿੰਡ,-ਇਥੇ ਪਾਮ ਗਾਰਡਨ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਬਰਾਤ ਵਿਚ ਆਏ ਇਕ ਪੁਲਿਸ ਦੇ ਥਾਣੇਦਾਰ ਵੱਲੋਂ ਚਲਾਈ ਗੋਲੀ ਨਾਲ ਆਰਕੈਸਟਰਾ ਦੇ ਅਨਾਊਂਸਰ ਦੀ ਮੌਤ ਹੋ ਗਈ। ਘਟਨਾ ਸਥਾਨ 'ਤੇ ਮੌਜੂਦ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਸ: ਗੁਰਚਰਨ ਸਿੰਘ ਨੇ ਦੱਸਿਆ ਕਿ ਜੈਮਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਬੱਠੇ ਭੈਣੀ ਥਾਣਾ ਪੱਟੀ ਦੀ ਬਰਾਤ ਆਈ ਸੀ, ਜਿਥੇ ਮੁੰਡੇ ਵਾਲਿਆਂ ਵੱਲੋਂ ਫਰੈਂਡਜ਼ ਆਰਕੈਸਟਰਾ ਤੇ ਡੀ. ਜੇ ਸਿਸਟਮ ਨਕੋਦਰ ਨੂੰ ਪ੍ਰੋਗਰਾਮ ਪੇਸ਼ ਕਰਨ ਲਈ ਸੱਦਿਆ ਸੀ, ਚੱਲ ਰਹੇ ਗਾਣੇ ਦੌਰਾਨ ਵਿਆਹ ਸਮਾਗਮ ਵਿਚ ਮੌਜੂਦ ਪੰਜਾਬ ਪੁਲਿਸ ਦੇ ਥਾਣੇਦਾਰ ਕੁਲਵਿੰਦਰ ਸਿੰਘ ਵਾਸੀ ਬੱਠੇ ਭੈਣੀ ਹਾਲ ਵਾਸੀ ਤਰਨ ਤਾਰਨ ਨੇ ਪਿਸਤੌਲ ਨਾਲ ਤਿੰਨ ਚਾਰ ਫਾਇਰ ਕੀਤੇ, ਜਿੰਨਾਂ ਵਿਚੋਂ ਇਕ ਗੋਲੀ ਆਰਕੈਸਟਰਾ ਦੇ ਅਨਾਊਂਸਰ ਬਲਵੀਰ ਕੁਮਾਰ ਦੀ ਧੌਣ ਦੇ ਪਿਛਲੇ ਪਾਸੇ ਲੱਗੀ ਜੋ ਗੋਲੀ ਵੱਜਦਿਆਂ ਹੀ ਡਿੱਗ ਪਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੁਰ ਸਿੰਘ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਡੀ.ਐੱਸ.ਪੀ. ਭਿੱਖੀਵਿੰਡ ਨੇ ਦੱਸਿਆ ਕਿ ਗੁਰਿੰਦਰਜੀਤ ਸਿੰਘ ਪੁੱਤਰ ਗਿਆਨ ਸਿੰਘ ਦੇ ਬਿਆਨਾਂ 'ਤੇ ਥਾਣੇਦਾਰ ਕੁਲਵਿੰਦਰ ਸਿੰਘ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਮੌਕੇ ਤੋਂ ਫਰਾਰ ਹੋ ਗਿਆ ਸੀ। ਦੋਸ਼ੀ ਨੇ ਜਦੋਂ ਗੋਲੀ ਚਲਾਈ, ਉਸ ਸਮੇਂ ਆਰਕੈਸਟਰਾ ਦਾ ਪ੍ਰੋਗਰਾਮ ਖਤਮ ਹੋ ਚੁੱਕਾ ਸੀ ਤੇ ਵਿਆਹ ਵਾਲਾ ਮੁੰਡਾ ਤੇ ਕੁੜੀ ਇਕੱਲੇ ਹੀ ਸਟੇਜ ਦੇ ਬਿਲਕੁਲ ਸਾਹਮਣੇ 'ਅੱਜ ਤੋਂ ਮੈਂ ਹੋ ਗਈ ਤੇਰੀ ਵੇ ਸੋਹਣਿਆ' 'ਤੇ ਨੱਚ ਰਹੇ ਸਨ ਤੇ ਜੇ ਗੋਲੀ ਅਨਾਊਂਸਰ ਦੇ ਨਾ ਲੱਗਦੀ ਤਾਂ ਵਿਆਹ ਵਾਲਾ ਮੁੰਡਾ ਜਾਂ ਕੁੜੀ ਗੋਲੀ ਦੀ ਲਪੇਟ ਵਿਚ ਆ ਸਕਦੇ ਸਨ। ਗੋਲੀ ਚਲਾਉਣ ਵਾਲਾ ਵਿਆਹ ਵਾਲੇ ਮੁੰਡੇ ਦੇ ਸ਼ਰੀਕੇ ਵਿਚੋਂ ਰਿਸ਼ਤੇਦਾਰ ਸੀ।
1984 ਸਿੱਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ
ਦੀ ਰਿਹਾਈ ਦੇ ਅਮਲ 'ਤੇ ਰੋਕ
ਸਿੱਖਿਆ ਮੰਤਰੀ ਦੀ ਅਗਵਾਈ 'ਚ ਦਿੱਲੀ ਕਮੇਟੀ ਦੇ ਵਫ਼ਦ
ਵੱਲੋਂ ਉਪ-ਰਾਜਪਾਲ ਨਾਲ ਮੁਲਾਕਾਤ
ਨਵੀਂ ਦਿੱਲੀ, 15 ਫਰਵਰੀ (ਜਗਤਾਰ ਸਿੰਘ)-ਨਵੰਬਰ '84 ਦੇ ਦੌਰਾਨ ਹੋਏ ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ ਦੋਸ਼ੀ ਕਿਸ਼ੋਰੀ ਲਾਲ, ਜਿਸ ਨੂੰ ਦਿੱਲੀ ਹਾਈਕੋਰਟ ਵੱਲੋਂ ਸੱਤ ਵਾਰ ਫਾਂਸੀ ਦਿੱਤੇ ਜਾਣ ਦੀ ਸਜ਼ਾ ਸੁਣਾਈ ਗਈ ਅਤੇ ਸੁਪਰੀਮ ਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ, ਨੂੰ ਦਿੱਲੀ ਦੇ ਉਪ-ਰਾਜਪਾਲ ਵੱਲੋਂ ਰਿਹਾਅ ਕਰ ਦਿੱਤੇ ਜਾਣ ਦੇ ਆਦੇਸ਼ ਜਾਰੀ ਕਰਨ ਦੀ ਖ਼ਬਰ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਵਾਲੀਆ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ, ਸਕੱਤਰ ਕਰਤਾਰ ਸਿੰਘ ਕੋਛੜ, ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਸਰਨਾ 'ਤੇ ਅਧਾਰਿਤ ਇੱਕ ਪ੍ਰਤੀਨਿਧੀ ਮੰਡਲ ਨੇ ਦਿੱਲੀ ਦੇ ਟਰਾਂਸਪੋਰਟ ਅਤੇ ਸਿੱਖਿਆ ਮੰਤਰੀ ਸ: ਅਰਵਿੰਦਰ ਸਿੰਘ ਲਵਲੀ ਦੀ ਅਗਵਾਈ ਵਿੱਚ ਦਿੱਲੀ ਦੇ ਉਪ-ਰਾਜਪਾਲ ਸ੍ਰੀ ਤੇਜਿੰਦਰ ਖੰਨਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ: ਸਰਨਾ ਨੇ ਜਾਣਕਾਰੀ ਦਿੱਤੀ ਕਿ ਪ੍ਰਤੀਨਿਧੀ ਮੰਡਲ ਨੇ ਸ੍ਰੀ ਤੇਜਿੰਦਰ ਖੰਨਾ ਨੂੰ ਦੱਸਿਆ ਕਿ ਕਈ ਸਿੱਖਾਂ ਦੇ ਕਾਤਲ ਕਿਸ਼ੋਰੀ ਨੂੰ ਰਿਹਾਅ ਕਰਨ ਦੇ ਕੀਤੇ ਗਏ ਫੈਸਲੇ ਕਾਰਣ ਸਿੱਖਾਂ ਵਿੱਚ ਭਾਰੀ ਰੋਸ ਹੈ ਜੋ ਸੜਕਾਂ 'ਤੇ ਵੀ ਆ ਸਕਦਾ ਹੈ। ਪ੍ਰਤੀਨਿਧੀ ਮੰਡਲ ਵੱਲੋਂ ਸ: ਸਰਨਾ ਨੇ ਉਪ-ਰਾਜਪਾਲ ਨੂੰ ਦੱਸਿਆ ਕਿ ਇੱਕ ਤਾਂ ਉਸ ਦੀਆਂ ਸੱਤ ਫਾਂਸੀ ਦੀਆਂ ਸਜ਼ਾਵਾਂ ਉਮਰ ਕੈਦ ਵਿੱਚ ਬਦਲ ਦਿੱਤੀਆਂ ਗਈਆਂ, ਜਦਕਿ ਉਸ ਦੇ ਵਿਰੁੱਧ ਅਨੇਕਾਂ ਸਿੱਖਾਂ ਦਾ ਕਤਲ ਕਰਨ ਦਾ ਦੋਸ਼ ਹੈ। ਫਿਰ ਹੁਣ ਉਸ ਨੂੰ ਰਿਹਾਅ ਕਰਕੇ ਸਿੱਖਾਂ ਦੀਆਂ ਭਾਵਨਾਵਾਂ 'ਤੇ ਸੱਟ ਮਾਰੀ ਜਾ ਰਹੀ ਹੈ। ਸ: ਸਰਨਾ ਨੇ ਦੱਸਿਆ ਕਿ ਉਪ-ਰਾਜਪਾਲ ਸ੍ਰੀ ਤੇਜਿੰਦਰ ਖੰਨਾ ਨੇ ਉਨ੍ਹਾਂ ਦੀ ਗੱਲ ਨੂੰ ਬਹੁਤ ਧਿਆਨ ਤੇ ਗੰਭੀਰਤਾ ਨਾਲ ਸੁਣਿਆ ਤੇ ਸਵੀਕਾਰ ਕੀਤਾ ਕਿ ਸਰਕਾਰ ਪਾਸੋਂ ਇਹ ਗਲਤੀ ਹੋਈ ਹੈ, ਜਿਸ ਨੂੰ ਤੁਰੰਤ ਹੀ ਸੁਧਾਰਿਆ ਜਾਏਗਾ। ਉਨ੍ਹਾਂ ਦੱਸਿਆ ਕਿ ਉਪ-ਰਾਜਪਾਲ ਨੇ ਉਨ੍ਹਾਂ ਦੇ ਸਾਹਮਣੇ ਹੀ ਜੇਲ੍ਹ ਅਧਿਕਾਰੀਆਂ ਨੂੰ ਫੋਨ ਕਰਕੇ ਹਿਦਾਇਤ ਕੀਤੀ ਕਿ ਕਿਸ਼ੋਰੀ ਦੀ ਰਿਹਾਈ ਬਾਰੇ ਦਿੱਤੇ ਗਏ ਆਦੇਸ਼ 'ਤੇ ਅਮਲ ਨਾ ਕੀਤਾ ਜਾਏ ਕਿਉਂਕਿ ਇਹ ਆਦੇਸ਼ ਵਾਪਸ ਲਿਆ ਜਾ ਰਿਹਾ ਹੈ। ਸ੍ਰੀ ਖੰਨਾ ਨੇ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੇ ਵਿਚਾਰਾਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਏਗਾ ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਏਗਾ।ਦੀ ਰਿਹਾਈ ਦੇ ਅਮਲ 'ਤੇ ਰੋਕ
ਸਿੱਖਿਆ ਮੰਤਰੀ ਦੀ ਅਗਵਾਈ 'ਚ ਦਿੱਲੀ ਕਮੇਟੀ ਦੇ ਵਫ਼ਦ
ਵੱਲੋਂ ਉਪ-ਰਾਜਪਾਲ ਨਾਲ ਮੁਲਾਕਾਤ
ਇਸਲਾਮਾਬਾਦ, 15 ਫਰਵਰੀ (ਏਜੰਸੀ)-ਪਾਕਿਸਤਾਨ ਸਰਕਾਰ ਭਾਰਤ ਨਾਲ ਨਾਂਹਪੱਖੀ ਸੂਚੀ ਵਪਾਰ ਪ੍ਰਬੰਧ ਬਾਰੇ ਆਉਣ ਵਾਲੇ 15 ਦਿਨਾਂ 'ਚ ਨਿਰਣਾਕਾਰੀ ਫੈਸਲਾ ਲੈ ਸਕਦੀ ਹੈ। ਅੱਜ ਦੋਵਾਂ ਦੇਸ਼ਾਂ ਵੱਲੋਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿੰਨ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਭਾਰਤੀ ਵਪਾਰ ਮੰਤਰੀ ਅਨੰਦ ਕੁਮਾਰ ਸ਼ਰਮਾ ਅਤੇ ਪਾਕਿਸਤਾਨ ਦੇ ਵਪਾਰ ਮੰਤਰੀ ਆਮੀਨ ਫਾਹਿਮ ਵੱਲੋਂ ਆਯਾਤ ਕਰ 'ਚ ਸਹਿਯੋਗ, ਵਪਾਰਕ ਔਕੜਾਂ ਨੂੰ ਦੂਰ ਕਰਨਾ ਤੇ ਵਪਾਰ ਦੇ ਮਿਆਰ ਦੇ ਪੱਧਰ ਨੂੰ ਉੱਚਾ ਚੁੱਕਣ ਵਰਗੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। 120 ਕਾਰੋਬਾਰੀਆਂ ਨੂੰ ਨਾਲ ਲੈ ਕੇ ਪਾਕਿਸਤਾਨ ਗਏ ਮੰਤਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਪਾਕਿ ਗ੍ਰਹਿ ਮੰਤਰੀ ਨਾਲ ਵੀਜ਼ੇ ਦੇ ਮੁੱਦੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ 1974 'ਚ ਵੀਜ਼ੇ ਦੇ ਨਿਯਮਾਂ ਬਾਰੇ ਦਸਤਖ਼ਤ ਕੀਤੇ ਗਏ ਸਮਝੌਤੇ 'ਚ ਸੁਧਾਰ ਕੀਤਾ ਜਾਵੇਗਾ ਅਤੇ ਇਸ ਬਾਰੇ ਪਾਕਿ ਗ੍ਰਹਿ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ।
ਨਵੀਂ ਦਿੱਲੀ,-ਅੰਤਰਰਾਸ਼ਟਰੀ ਹਵਾਈ ਅੱਡਾ ਕੌਂਸਲ ਦੇ ਹਵਾਈ ਅੱਡਾ ਦਰਜਾਬੰਦੀ ਵਿਭਾਗ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਸ਼ਵ ਦੇ ਦੂਸਰੇ ਸਭ ਤੋਂ ਬਿਹਤਰੀਨ ਹਵਾਈ ਅੱਡੇ ਦਾ ਦਰਜਾ ਦਿੱਤਾ ਹੈ। ਇੰਦਰਾ ਗਾਂਧੀ ਅੰਤਰਤਾਸ਼ਟਰੀ ਹਵਾਈ ਅੱਡੇ ਨੂੰ 2011 'ਚ 6ਵੀਂ ਦਰਜਾਬੰਦੀ ਮਿਲੀ ਸੀ ਅਤੇ 2007 'ਚ ਇਹ ਹਵਾਈ ਅੱਡਾ ਵਿਸ਼ਵ ਦੇ ਬਿਹਤਰੀਨ 100 'ਚ ਵੀ ਜਗ੍ਹਾ ਨਹੀਂ ਬਣਾ ਸਕਿਆ ਸੀ। ਇਹ ਹਵਾਈ ਅੱਡਾ ਹੁਣ ਸਾਲਾਨਾ 6 ਕਰੋੜ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ।
ਨਵੀਂ ਦਿੱਲੀ, -ਸੁਪਰੀਮ ਕੋਰਟ ਨੇ ਅੱਜ ਵਿਸ਼ੇਸ਼ ਜੱਜ ਓ ਪੀ ਸੈਣੀ ਦੀ ਅਦਾਲਤ ਵਿਚ ਸੁਣਵਾਈ ਅਧੀਨ 2-ਜੀ ਸਪੈਕਟਰਮ ਘੁਟਾਲੇ ਦੇ ਮਾਮਲੇ 'ਚ ਐਸਾਰ ਤੇ ਲੂਪ ਕੰਪਨੀ ਵਿਰੁੱਧ ਕਾਰਵਾਈ 'ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ ਹਾਲਾਂ ਕਿ ਜੱਜ ਜੀ. ਐਸ ਸਿੰਘਵੀ ਦੀ ਅਗਵਾਈ ਵਾਲੇ ਬੈਂਚ ਨੇ ਵਿਸ਼ੇਸ਼ ਜੱਜ ਪਟਿਆਲਾ ਹਾਊਸ ਅਦਾਲਤ ਨਵੀਂ ਦਿੱਲੀ ਦੇ ਅਦਾਲਤੀ ਖੇਤਰ 'ਤੇ ਸਮਰਥਾ ਨੂੰ ਚੁਣੌਤੀ ਦਿੰਦੀ ਪਟੀਸ਼ਨ 'ਤੇ ਸੀ.ਬੀ.ਆਈ ਨੂੰ ਨੋਟਿਸ ਜਾਰੀ ਕਰ ਦਿੱਤਾ। ਉਕਤ ਦੋਨਾਂ ਕੰਪਨੀਆਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਦਾ ਮਾਮਲਾ ਮਜਿਸਟ੍ਰੇਟ ਦੀ ਅਦਾਲਤ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਉਨ੍ਹਾਂ ਵਿਰੁੱਧ ਲਾਏ ਦੋਸ਼ਾਂ ਤਹਿਤ ਮਾਮਲਾ ਇਕ ਜੁਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਹੀ ਸੁਣ ਸਕਦੀ ਹੈ।
ਗੁਜਰਾਤ ਹਾਈ ਕੋਰਟ ਵੱਲੋਂ ਮੋਦੀ ਸਰਕਾਰ
ਨੂੰ ਮਾਣਹਾਨੀ ਦਾ ਨੋਟਿਸ
ਗੁਰਬਰਗ ਕੇਸ : ਜ਼ਾਕੀਆ ਨੂੰ ਸੌਂਪੀ ਜਾਵੇਗੀ ਜਾਂਚ ਰਿਪੋਰਟ
ਅਹਿਮਦਾਬਾਦ-ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੂਬਾਈ ਹਾਈ ਕੋਰਟ ਨੇ ਸਾਲ 2002 ਵਿਚ ਹੋਏ ਫਿਰਕੂ ਦੰਗਿਆਂ ਦੌਰਾਨ 56 ਵਿਅਕਤੀਆਂ ਜਿਨ੍ਹਾਂ ਦੀਆਂ ਦੁਕਾਨਾਂ ਤਬਾਹ ਹੋ ਗਈਆਂ ਸਨ, ਨੂੰ ਮੁਆਵਜ਼ਾ ਦੇਣ ਵਿਚ ਦੇਰੀ ਕਰਨ ਦੇ ਮਾਮਲੇ ਵਿਚ ਮੋਦੀ ਸਰਕਾਰ ਨੂੰ ਅਦਾਲਤੀ ਅਵੱਗਿਆ ਲਈ ਨੋਟਿਸ ਜਾਰੀ ਕੀਤਾ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਹਾਈ ਕੋਰਟ ਨੇ ਭਾਜਪਾ ਸਰਕਾਰ ਦੀ ਇਸ ਗੱਲ ਤੋਂ ਖਿਚਾਈ ਕੀਤੀ ਕਿ ਇਕ ਸਾਲ ਪਹਿਲਾਂ ਅਦਾਲਤੀ ਆਦੇਸ਼ ਜਾਰੀ ਹੋਣ ਦੇ ਬਾਵਜੂਦ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਹਾਈ ਕੋਰਟ ਨੇ ਮੋਦੀ ਸਰਕਾਰ ਨੂੰ ਪੁੱਛਿਆ ਕਿ ਇਹ ਦੱਸਿਆ ਜਾਵੇ ਕਿ ਹੁਣ ਤੱਕ ਪੀੜਤਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ। ਪਿਛਲੇ ਹਫ਼ਤੇ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਦੰਗਿਆਂ ਦੌਰਾਨ ਨਿਸ਼ਾਨਾ ਬਣਾਏ ਗਏ ਕਰੀਬ 600 ਧਾਰਮਿਕ ਅਸਥਾਨਾਂ ਦੀ ਮੁਰੰਮਤ ਲਈ ਫੰਡ ਮੁਹੱਈਆ ਕਰਵਾਏ ਜਾਣ। ਨੂੰ ਮਾਣਹਾਨੀ ਦਾ ਨੋਟਿਸ
ਗੁਰਬਰਗ ਕੇਸ : ਜ਼ਾਕੀਆ ਨੂੰ ਸੌਂਪੀ ਜਾਵੇਗੀ ਜਾਂਚ ਰਿਪੋਰਟ
ਗੁਲਬਰਗ ਮਾਮਲਾ
ਗੁਲਬਰਗਾ ਕੇਸ ਵਿਚ ਅਹਿਮਦਾਬਾਦ ਅਦਾਲਤ ਨੇ ਵਿਸ਼ੇਸ਼ ਜਾਂਚ ਰਿਪੋਰਟ (ਐਸ. ਆਈ. ਟੀ.) ਰਿਪੋਰਟ 'ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪਟੀਸ਼ਨ ਦੇਣ ਵਾਲੇ ਜ਼ਾਕੀਆ ਜਾਫ਼ਰੀ ਨੂੰ ਜਾਂਚ ਰਿਪੋਰਟ ਦੀ ਨਕਲ ਸੌਂਪੀ ਜਾਵੇਗੀ। ਰਿਪੋਰਟ ਦੀ ਨਕਲ ਇਕ ਮਹੀਨੇ ਬਾਅਦ ਦਿੱਤੀ ਜਾਵੇਗੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਨਕਲ ਕੇਵਲ ਜ਼ਾਕੀਆ ਨੂੰ ਹੀ ਸੌਂਪੀ ਜਾਵੇਗੀ। ਪਿਛਲੇ ਹਫ਼ਤੇ ਮੀਡੀਆ ਵਿਚ ਆਈ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੀ ਖ਼ਬਰ ਦੇ ਨਾਲ ਐਸ.ਆਈ. ਟੀ. ਨੇ ਪੱਲਾ ਝਾੜ ਲਿਆ ਸੀ। ਉਦੋਂ ਤੋਂ ਹੀ ਇਸ ਮਾਮਲੇ ਨੂੰ ਲੈ ਕੇ ਕਿਆਸ ਅਰਾਈਆਂ ਲੱਗ ਰਹੀਆਂ ਹਨ। ਵਿਸ਼ੇਸ਼ ਜਾਂਚ ਟੀਮ ਨੇ ਗੁਲਬਰਗ ਸੁਸਾਇਟੀ ਹੱਤਿਆ ਕਾਂਡ ਨਾਲ ਸਬੰਧਿਤ ਰਿਪੋਰਟ ਨੂੰ ਦੋ ਹਫ਼ਤੇ ਪਹਿਲਾਂ ਹੀ ਹਾਈ ਕੋਰਟ ਨੂੰ ਸੌਂਪ ਦਿੱਤਾ ਸੀ। ਹੁਣ ਇਸ ਫ਼ੈਸਲੇ ਨੂੰ ਲੈ ਕੇ ਸਾਰਿਆਂ ਦੀਆਂ ਅੱਖਾਂ ਅੱਜ ਦੇ ਅਦਾਲਤੀ ਫ਼ੈਸਲੇ 'ਤੇ ਟਿਕੀਆਂ ਸਨ। ਇਸ ਤੋਂ ਪਹਿਲਾਂ ਮੈਟਰੋਪਾਲੀਟਨ ਮਜਿਸਟਰੇਟ ਅਹਿਮਦਾਬਾਦ ਦੀ ਅਦਾਲਤ ਵਿਚ ਸੋਮਵਾਰ ਨੂੰ ਜਾਂਚ ਟੀਮ ਦੀ ਦੰਗਾ ਮਾਮਲਿਆਂ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਲੈ ਕੇ ਬਹਿਸ ਹੋਈ।
ਤਹਿਰਾਨ, -ਇਰਾਨ ਨੇ ਬੈਂਕਾਕ 'ਚ ਹੋਏ ਧਮਾਕਿਆਂ ਦੀ ਆਲੋਚਨਾ ਕੀਤੀ। ਇਨ੍ਹਾਂ ਧਮਾਕਿਆਂ 'ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚ ਇਕ ਇਰਾਨੀ ਵੀ ਹੈ। ਖ਼ਬਰ ਏਜੰਸੀ ਸਿਨਹੂਆ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਮੀਨ ਮਹਿਮਾਨ-ਪਰਸਤ ਨੇ ਇਜ਼ਰਾਈਲ ਵੱਲੋਂ ਇਰਾਨ 'ਤੇ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਮੰਗਲਵਾਰ ਨੂੰ ਬੈਂਕਾਕ 'ਚ ਹੋਏ ਧਮਾਕਿਆਂ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ। ਯਾਦ ਰਹੇ ਕਿ ਨਵੀਂ ਦਿੱਲੀ 'ਚ ਸੋਮਵਾਰ ਨੂੰ ਇਜ਼ਰਾਈਲੀ ਦੂਤਘਰ ਦੀ ਇਕ ਕਾਰ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਇਜ਼ਰਾਇਲੀ ਰਾਜਦੂਤ ਦੀ ਪਤਨੀ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ। ਉਸੇ ਦਿਨ ਜਾਰਜੀਆ ਦੀ ਰਾਜਧਾਨੀ ਤਬਲਿਸੀ 'ਚ ਇਕ ਹਮਲੇ ਨੂੰ ਉਸ ਸਮੇਂ ਅਸਫਲ ਕਰ ਦਿੱਤਾ ਗਿਆ ਸੀ ਜਦੋਂ ਇਜ਼ਰਾਇਲੀ ਦੂਤ ਘਰ ਦੇ ਇਕ ਜਾਗਰੂਕ ਕਰਮਚਾਰੀ ਨੇ ਆਪਣੀ ਕਾਰ ਦੇ ਥੱਲੇ ਇਕ ਬੰਬ ਲੱਗਿਆ ਹੋਇਆ ਦੇਖਿਆ। ਇਸ ਤੋਂ ਇਕ ਦਿਨ ਬਾਅਦ ਬੈਂਕਾਕ 'ਚ ਤਿੰਨ ਧਮਾਕੇ ਹੋਏ ਅਤੇ ਇਕ ਇਰਾਨੀ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਇਰਾਨੀ ਨੇ ਇਕ ਬੰਬ ਸੁੱਟਿਆ ਸੀ ਜੋ ਇਕ ਦਰੱਖਤ ਨਾਲ ਟਕਰਾ ਕੇ ਉਸ ਦੇ ਕੋਲ ਆ ਕੇ ਫਟ ਗਿਆ। ਇਸ ਘਟਨਾ 'ਚ ਉਸ ਦੇ ਦੋਵੇਂ ਪੈਰ ਉੱਡ ਗਏ।
ਚੰਡੀਗੜ੍ਹ,-ਕਸ਼ਮੀਰ ਅਤੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਕਾਰਨ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਦਾ ਜ਼ੋਰ ਅਜੇ ਜਾਰੀ ਹੈ। ਅਮ੍ਰਿਤਸਰ ਵਿਚ ਘਟੋ ਘੱਟ ਤਾਪਮਾਨ 1.6 ਡਿਗਰੀ ਦਰਜ ਹੋਇਆ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦੋਨਾਂ ਰਾਜਾਂ ਵਿਚ ਸਭ ਤੋਂ ਵਧ ਠੰਡਾ ਰਿਹਾ ਤੇ ਇਥੇ ਘਟੋ ਘੱਟ ਤਾਪਮਾਨ ਸਧਾਰਨ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ। ਪਟਿਆਲਾ ਵਿਚ ਘਟੋ ਘੱਟ ਤਾਪਮਾਨ 5.6 ਡਿਗਰੀ ਰਿਹਾ ਜੋ ਸਧਾਰਨ ਤਾਪਮਾਨ ਦੀ ਤੁਲਨਾ ਵਿਚ 4 ਡਿਗਰੀ ਘੱਟ ਹੈ ਜਦ ਕਿ ਲੁਧਿਆਣਾ ਵਿਚ ਘਟੋ ਘੱਟ ਤਾਪਮਾਨ ਆਮ ਤਾਪਮਾਨ ਨਾਲੋਂ 5 ਡਿਗਰੀ ਹੇਠਾਂ ਰਿਹਾ ਤੇ ਇਹ 5 ਡਿਗਰੀ ਸੈਲਸੀਅਸ ਦਰਜ ਹੋਇਆ। ਚੰਡੀਗੜ੍ਹ ਵਿਚ ਘਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ 1 ਡਿਗਰੀ ਘੱਟ ਹੈ।
ਸ੍ਰੀਨਗਰ-ਇਲਾਕੇ 'ਚ ਤਾਜ਼ਾ ਬਰਫ਼ਬਾਰੀ ਅਤੇ ਮੀਂਹ ਦੇ ਕਾਰਨ ਘੱਟੋ-ਘੱਟ ਤਾਪਮਾਨ ਦੇ ਜੰਮ ਜਾਣ ਵਾਲੇ ਬਿੰਦੂ ਤੋਂ ਕਈ ਡਿਗਰੀ ਹੇਠਾਂ ਚਲੇ ਜਾਣ ਦੇ ਕਾਰਨ ਕਸ਼ਮੀਰ ਇਕ ਵਾਰ ਫੇਰ ਤੋਂ ਠੰਡ ਦੀ ਜਕੜ 'ਚ ਆ ਗਿਆ ਹੈ। ਮੌਸਮ ਵਿਭਾਗ ਦੇ ਦੱਸਿਆ ਕਿ ਸ੍ਰੀਨਗਰ ਸ਼ਹਿਰ 'ਚ ਦੋ ਇੰਚ ਬਰਫ਼ਬਾਰੀ ਅਤੇ 4.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਿਸ ਤੋਂ ਪਾਰਾ ਡਿੱਗ ਕੇ ਸਿਫ਼ਰ ਤੋਂ 1.2 ਡਿਗਰੀ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ 'ਚ ਤਿੰਨ ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ ਹੈ ਜਿਸ ਨਾਲ ਤਾਪਮਾਨ ਡਿੱਗ ਕੇ ਸਿਫ਼ਰ ਤੋਂ 14.6 ਡਿਗਰੀ ਸੈਲਸਿਅਸ ਹੇਠਾਂ ਚਲਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ 17 ਸੈਂਟੀਮੀਟਰ ਬਰਫ਼ਬਾਰੀ ਅਤੇ 46.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਲਖਨਊ, 15 ਫਰਵਰੀ-ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਪਰਿਵਾਰ ਕਲਿਆਣ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੀ ਤਰਫ ਤੋਂ ਆਪਣਾ ਨਾਂਅ ਬਦਲੇ ਜਾਣ ਵਿਰੁੱਧ ਕਾਰਵਾਈ ਦੇ ਹੁਕਮ ਦੇਣ ਦੀ ਬੇਨਤੀ ਸਬੰਧੀ ਜਨ ਹਿੱਤ ਅਪੀਲ ਨੂੰ ਅੱਜ ਖਾਰਜ ਕਰ ਦਿੱਤਾ। ਜੱਜ ਇਮਤਿਆਜ ਮੁਰਤਜਾ ਅਤੇ ਜੱਜ ਦੇਵੇਂਦਰ ਕੁਮਾਰ ਉਪਾਧਿਆਇ ਦੀ ਬੈਂਚ ਨੇ ਸਭਾਜੀਤ ਸਿੰਘ ਨਾਮਕ ਵਿਅਕਤੀ ਦੀ ਤਰਫ ਤੋਂ ਦਾਖਲ ਇਸ ਅਪੀਲ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਅਦਾਲਤ ਇਸ ਪੂਰੇ ਨਤੀਜੇ 'ਤੇ ਪਹੁੰਚਦੀ ਹੈ ਕਿ ਮੌਜੂਦਾ ਅਪੀਲ ਵਿਆਪਕ ਜਨ ਹਿੱਤ ਦਾ ਕੋਈ ਅਜਿਹਾ ਸਵਾਲ ਨਹੀਂ ਉਠਾਉਂਦੀ ਹੈ ਜਿਸ ਨਾਲ ਅਦਾਲਤ ਦੇ ਦਖਲ ਦੀ ਜ਼ਰੂਰਤ ਹੋਵੇ।
No comments:
Post a Comment