ਨਿੱਕੇ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਪਰਿਵਾਰ 'ਚ ਮਾਤਮ ਛਾਇਆ
ਫਾਂਸੀ ਦੀ ਸਜ਼ਾ ਮਿਲਣ ਉਪਰੰਤ ਪਿੰਡ ਸਾਂਵਤਖੇੜਾ ਵਿਖੇ ਆਪਣੇ ਘਰ 'ਚ ਨਾਮੋਸ਼ੀ ਦੀ ਹਾਲਤ ਵਿਚ ਬੈਠੇ ਉਸਦੀ ਮਾਂ ਤੇਜ਼ ਕੌਰ ਤੇ ਜੱਗਾ ਸਿੰਘ ਤੇ (ਸੱਜੇ) ਮ੍ਰਿਤਕਾ ਦਾ ਭਤੀਜਾ ਸ਼ਿਵਰਾਜ ਸਿੰਘ ਆਪਣੀ ਮ੍ਰਿਤਕਾ ਭੂਆ ਦੀ ਫੋਟੋ ਨੂੰ ਵੇਖਦਾ ਹੋਇਆ।
ਡੱਬਵਾਲੀ, 14 ਮਾਰਚ-ਪਿੰਡ ਸਾਂਵਤਖੇੜਾ ਵਿਚ ਬਜ਼ੁਰਗ ਔਰਤ ਗੁਰਦੇਵ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ 22 ਸਾਲਾ ਨਿੱਕਾ ਸਿੰਘ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨਾਲ ਉਸਦੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ, ਦੂਸਰੇ ਪਾਸੇ ਮ੍ਰਿਤਕ ਔਰਤ ਦਾ ਪਰਿਵਾਰ ਇਸਨੂੰ ਅਦਾਲਤ ਦਾ ਸਹੀ ਇਨਸਾਫ ਕਰਾਰ ਦੇ ਰਿਹਾ ਹੈ। ਹਾਲਾਂਕਿ ਪਿੰਡ ਵਿਚ ਨਿੱਕਾ ਸਿੰਘ ਨੂੰ ਫਾਂਸੀ ਦੀ ਸਜ਼ਾ ਮਿਲਣ ਬਾਰੇ ਚਰਚਾ ਤਾਂ ਜ਼ਰੂਰ ਹੈ ਪਰ ਇਸ 'ਤੇ ਕੋਈ ਪ੍ਰਤੀਕਰਮ ਦੇਣ ਨੂੰ ਤਿਆਰ ਨਹੀਂ। ਬੀਤੇ ਕੱਲ੍ਹ ਸਿਰਸਾ ਦੀ ਜ਼ਿਲ੍ਹਾ ਐਡੀਸ਼ਨ ਸ਼ੈਸ਼ਨ ਜੱਜ ਨੀਲਿਮਾ ਸਾਂਗਲਾ ਵੱਲੋਂ 11 ਫਰਵਰੀ 2011 ਨੂੰ ਦੁਪਿਹਰ ਬਾਅਦ ਘੁੰਮਣ ਜਾ ਰਹੀ 75 ਸਾਲਾ ਬਜ਼ੁਰਗ ਔਰਤ ਗੁਰਦੇਵ ਕੌਰ ਨਾਲ ਜ਼ਬਰਦਸਤੀ ਉਪਰੰਤ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਪਿੰਡ ਸਾਂਵਤਖੇੜਾ ਦੇ ਹੀ ਨਿੱਕਾ ਸਿੰਘ ਪੁੱਤਰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦਿੱਤੇ ਜਾਣ ਦੇ ਹੁਕਮ ਤੋਂ ਬਾਅਦ ਨਿੱਕਾ ਸਿੰਘ ਦੇ ਘਰ 'ਤੇ ਮਾਤਮ ਛਾਇਆ ਹੋਇਆ ਹੈ। ਅੱਜ ਪੱਤਰਕਾਰਾਂ ਦੀ ਟੀਮ ਜਦੋਂ ਪਿੰਡ ਸਾਵੰਤਖੇੜਾ ਵਿਖੇ ਨਿੱਕਾ ਸਿੰਘ ਦੇ ਘਰ ਪੁੱਜੀ ਤਾਂ ਨਿੱਕਾ ਸਿੰਘ ਦੀ ਮਾਤਾ ਤੇਜ ਕੌਰ ਘਰ ਦੇ ਇਕ ਕੋਨੇ ਵਿਚ ਮੰਜੇ 'ਤੇ ਪਈ ਪੁੱਤਰ ਨੂੰ ਫਾਂਸੀ ਦੀ ਸਜ਼ਾ ਹੋਣ 'ਤੇ ਅੱਖਾਂ ਵਿਚ ਹੰਝੂ ਕੇਰ ਰਹੀ ਸੀ। ਨਿੱਕਾ ਸਿੰਘ ਦੀ ਪਤਨੀ ਹਰਜਿੰਦਰ ਕੌਰ ਘਟਨਾ ਦੇ ਦੋ ਮਹੀਨੇ ਬਾਅਦ ਆਪਣੇ ਪੇਕੇ ਸੰਗਰੀਆ (ਰਾਜਸਥਾਨ) ਚਲੀ ਗਈ। ਦੂਜੇ ਪਾਸੇ ਮ੍ਰਿਤਕਾ ਗੁਰਦੇਵ ਕੌਰ ਦੇ ਪਰਿਵਾਰ ਵਿਚ ਜ਼ਿਲ੍ਹਾ ਸ਼ੈਸ਼ਨ ਅਦਾਲਤ ਵੱਲੋਂ ਸਿਰਫ਼ 395 ਦਿਨਾਂ ਦੇ ਛੋਟੇ ਜਿਹੇ ਵਕਫ਼ੇ ਵਿਚ ਸੁਣਾਏ ਹੱਤਿਆਕਾਂਡ ਦੇ ਇਤਿਹਾਸਕ ਫੈਸਲੇ ਨਾਲ ਸੰਤੁਸ਼ਟੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਨਿੱਕਾ ਸਿੰਘ ਨੂੰ ਸੈਂਟਰਲ ਜੇਲ੍ਹ ਅੰਬਾਲਾ ਵਿਖੇ ਫਾਂਸੀ ਦਿੱਤੀ ਜਾਣੀ ਹੈ।ਫਾਂਸੀ ਦੀ ਸਜ਼ਾ ਮਿਲਣ ਉਪਰੰਤ ਪਿੰਡ ਸਾਂਵਤਖੇੜਾ ਵਿਖੇ ਆਪਣੇ ਘਰ 'ਚ ਨਾਮੋਸ਼ੀ ਦੀ ਹਾਲਤ ਵਿਚ ਬੈਠੇ ਉਸਦੀ ਮਾਂ ਤੇਜ਼ ਕੌਰ ਤੇ ਜੱਗਾ ਸਿੰਘ ਤੇ (ਸੱਜੇ) ਮ੍ਰਿਤਕਾ ਦਾ ਭਤੀਜਾ ਸ਼ਿਵਰਾਜ ਸਿੰਘ ਆਪਣੀ ਮ੍ਰਿਤਕਾ ਭੂਆ ਦੀ ਫੋਟੋ ਨੂੰ ਵੇਖਦਾ ਹੋਇਆ।
ਕਚਰਾ ਫੈਕਟਰੀ ਵਿਰੁੱਧ ਔਰਤਾਂ ਵੱਲੋਂ ਰੋਸ ਰੈਲੀ
ਬੱਲੂਆਣਾ, 14 ਮਾਰਚ, -ਬੁਰਜ ਮਹਿਮਾ ਦੇ ਨੇੜੇ ਲੱਗ ਰਹੀ ਕਚਰਾ ਫੈਕਟਰੀ ਦਾ ਮਾਮਲਾ ਦਿਨੋ ਦਿਨ ਗਰਮਾ ਰਿਹਾ ਹੈ। ਫੈਕਟਰੀ ਦੇ ਵਿਰੋਧ 'ਚ ਬੁਰਜ ਮਹਿਮਾ, ਭਗਵਾਨਾ ਮਹਿਮਾ, ਔਰਤਾਂ ਨੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਟਰਾਲੀਆਂ ਭਰਕੇ ਰੋਸ ਰੈਲੀ ਕੱਢੀ, ਬੀਤੀ ਸ਼ਾਮ ਕੱਢੀ ਗਈ ਰੈਲੀ ਦਾ ਸਿੱਟਾ ਹੀ ਸੀ ਕਿ ਅੱਜ ਰੋਸ ਧਰਨੇ ਵਿਚ ਦਿਓਣ, ਬੁਰਜ ਮਹਿਮਾ, ਮਹਿਮਾ ਭਗਵਾਨਾ, ਕਿਲੀ ਨਿਹਾਲ ਸਿੰਘ, ਸਿਵੀਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਔਰਤਾਂ ਸ਼ਾਮਿਲ ਹੋਈਆਂ ਅਤੇ ਫੈਕਟਰੀ ਵਿਰੁੱਧ ਨਾਅਰੇਬਾਜੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੁੱਪ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਰਜੀਤ ਸਿੰਘ ਗਿਲ ਕਲਾਂ ਨੇ ਧਰਨੇ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਚਰਾ ਫੈਕਟਰੀ ਵਿਰੁੱਧ ਕਿਸਾਨਾਂ ਦਾ ਧਰਨਾ 5ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ, ਪਰ ਪ੍ਰਸਾਸਨ ਫੈਕਟਰੀ ਮਾਲਕਾਂ ਦਾ ਪੱਖ ਪੂਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਮਾਲਕ ਇਹ ਫੈਕਟਰੀ ਲਗਾਉਣਾ ਚਾਹੁੰਦਾ ਹੈ ਤਾਂ ਆਪਣੇ ਖੇਤਾਂ ਵਿਚ ਲਗਾਵੇ। ਗੁਰਮੀਤ ਸਿੰਘ ਬਲਾਕ ਜਰਨਲ ਸਕੱਤਰ, ਅਮਰੀਕ ਸਿੰਘ ਸਿਵੀਆਂ, ਮਾਸਟਰ ਸੇਵਕ ਸਿੰਘ ਖੇਤ ਮਜਦੂਰ ਸਭਾ ਪੰਜਾਬ ਦੇ ਆਗੂ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿਚ ਜਾਣਗੇ। ਭਾਵੇ ਕਿ ਪ੍ਰਸਾਸਨ ਨੇ ਪੰਜਾਬ ਦੀਆਂ ਹੋਰ ਫੈਕਟਰੀਆਂ ਸਾਨੂੰ ਦਿਖਾਈਆਂ ਪਰ ਉਥੋਂ ਦੀ ਬਦਬੂ ਮਹਿਸੂਸ ਕਰਕੇ ਇਸ ਕਚਰਾ ਫੈਕਟਰੀ ਵਿਰੁੱਧ ਸਾਡੇ ਹੌਸਲੇ ਹੋਰ ਵੀ ਬੁਲੰਦ ਹੋਏ ਹਨ। ਸੰਘਰਸ਼ ਕਮੇਟੀ ਇਕਾਈ ਬੁਰਜ ਮਹਿਮਾ ਦੇ ਹਰਬੰਸ ਸਿੰਘ ਬੁੱਟਰ, ਜੱਗਾ ਸਿੰਘ, ਗਾਵਾ ਸਿੰਘ, ਮਲਕੀਤ ਸਿੰਘ ਅਤੇ ਪਿੰਡ ਦੀਆਂ ਔਰਤਾਂ ਬਲਦੇਵ ਕੌਰ ਅਤੇ ਗੁਰਦੇਵ ਕੌਰ ਨੇ ਕਿਹਾ ਕਿ ਫੈਕਟਰੀ ਚੁੱਕਣ ਤੱਕ ਏਦਾਂ ਹੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਜੀਤ ਸਿੰਘ ਪੂਹਲਾ ਬਲਾਕ ਨਥਾਣਾ, ਹਰਬੰਸ ਸਿੰਘ ਬੁੱਟਰ, ਗਾਵਾ ਸਿੰਘ, ਮਲਕੀਤ ਸਿੰਘ, ਜਸਵੰਤ ਦਿਓਣ, ਕੇਵਲ ਦਿਓਣ, ਸੁਰਜੀਤ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਦਿਓਣ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ। ਬੱਚਿਆਂ ਦੇ ਮਾਮੂਲੀ ਝਗੜੇ ਨੇ ਕਰਾਇਆ 'ਵੱਡਾ ਕਲੇਸ਼'-3 ਔਰਤਾਂ ਸਣੇ 5 ਜ਼ਖ਼ਮੀ
ਡੱਬਵਾਲੀ ਵਿਖੇ ਦੋ ਧਿਰਾਂ ਦੀ ਲੜਾਈ ਵਿਚ ਨੁਕਸਾਨੇ ਮੋਟਰ ਸਾਈਕਲ ਨੂੰ ਕਬਜ਼ੇ ਵਿਚ ਲੈਂਦਾ ਇਕ ਪੁਲਿਸ ਕਰਮਚਾਰੀ।
ਡੱਬਵਾਲੀ , 14 ਮਾਰਚ -ਸਥਾਨਕ ਨਿਊ ਬੱਸ ਸਟੈਂਡ ਰੋਡ 'ਤੇ ਬੱਚਿਆਂ ਦਾ ਆਪਸੀ ਮਾਮੂਲੀ ਝਗੜਾ ਵੱਡੀ ਲੜਾਈ ਦਾ ਰੂਪ ਧਾਰ ਗਿਆ। ਇਸ ਵਿਵਾਦ ਦੌਰਾਨ ਦੋਵੇਂ ਬੱਚਿਆਂ ਦੇ ਮਾਪਿਆਂ ਵਿਚਕਾਰ ਖੁੱਲ੍ਹ ਕੇ ਮਾਰ-ਕੁੱਟ ਅਤੇ ਇੱਟਾਂ-ਵੱਟਿਆਂ ਦੀ ਵਰਤੋਂ ਹੋਈ। ਜਿਸਦੇ ਵਿਚ ਤਿੰਨ ਔਰਤਾਂ ਸਮੇਤ ਪੰਜ ਜਣੇ ਜ਼ਖਮੀ ਹੋ ਗਏ। ਜਦੋਂਕਿ ਤਿੰਨ ਮੋਟਰ ਸਾਇਕਲ ਤੇ ਇਕ ਸਕੂਟਰ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਫਕੀਰ ਚੰਦ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਸਦਾ ਲੜਕਾ ਰਾਹੁਲ ਪੜ੍ਹਨ ਜਾ ਰਿਹਾ ਸੀ ਕਿ ਉਸੇ ਦੀ ਗਲੀ ਵਿਚ ਰਹਿੰਦੇ ਮਹਿਰਾਜ ਅਲੀ ਦੇ ਲੜਕੇ ਨਾਲ ਛੋਟੀ ਜਿਹੀ ਗੱਲ ਨੂੰ ਲੈ ਕੇ ਉਸਦਾ ਝਗੜਾ ਹੋ ਗਿਆ। ਜਿਸ ਨੂੰ ਲੈ ਕੇ ਮਹਿਰਾਜ ਅਲੀ ਦੀ ਪਤਨੀ ਨੇ ਉਸਦੇ ਲੜਕੇ ਨੂੰ ਕੁੱਟ ਦਿੱਤਾ। ਜਿਸ 'ਤੇ ਉਨ੍ਹਾਂ ਨੇ ਇਸਦੀ ਸ਼ਿਕਾਇਤ ਸਿਟੀ ਥਾਣੇ ਵਿਚ ਕਰ ਦਿੱਤੀ। ਜਿਸਦੇ ਆਧਾਰ 'ਤੇ ਪੁਲਿਸ ਨੇ ਅੱਜ ਸਵੇਰੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਉਸਨੇ ਦੱਸਿਆ ਕਿ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਮਹਿਰਾਜ ਅਲੀ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਵਿਚ ਘੁਸ ਕੇ ਪੱਥਰਾਂ ਨਾਲ ਹਮਲਾ ਬੋਲ ਦਿੱਤਾ। ਦੂਜੇ ਪਾਸੇ ਮਹਿਰਾਜ ਅਲੀ ਨੇ ਦੱਸਿਆ ਕਿ ਅੱਜ ਸਵੇਰੇ ਉਸਦੇ ਕੁਝ ਦੋਸਤ ਉਸਨੂੰ ਮਿਲਣ ਲਈ ਉਸਦੇ ਘਰ ਆਏ ਸਨ। ਫਕੀਰ ਚੰਦ ਦੇ ਪਰਿਵਾਰ ਵਾਲੇ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ 'ਤੇ ਹਮਲਾ ਬੋਲ ਕੇ ਉਸਨੂੰ ਜ਼ਖਮੀ ਕਰ ਕੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਤਿੰਨ ਮੋਟਰ ਸਾਈਕਲਾਂ ਅਤੇ ਇਕ ਸਕੂਟਰ ਨੂੰ ਪੱਥਰਾਂ ਨਾਲ ਤੋੜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਫਕੀਰ ਚੰਦ, ਉਸਦੀ ਪਤਨੀ ਕਮਲਾ ਅਤੇ ਭਾਬੀ ਪਿੰਕੀ ਤੋਂ ਇਲਾਵਾ ਦੂਜੀ ਧਿਰ ਮਹਿਰਾਜ ਅਲੀ ਉਰਫ ਮੁੰਨਾ ਅਤੇ ਉਸਦੀ ਪਤਨੀ ਸ਼ਬੀਨੋ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਿਸ ਵਿਚ ਮਹਿਰਾਜ ਅਲੀ ਤੇ ਉਸਦੀ ਪਤਨੀ ਸ਼ਬੀਨੋ ਨੂੰ ਮੁੱਢਲੇ ਇਲਾਜ ਉਪਰੰਤ ਸਿਰਸਾ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਫਕੀਰ ਚੰਦ ਦੀ ਸ਼ਿਕਾਇਤ 'ਤੇ ਮਹਿਰਾਜ ਉਰਫ਼ ਮੁੰਨਾ, ਖੁਰਸ਼ੀਦ, ਸਲੀਮ ਵਾਸੀ ਪਿੰਡ ਬਾਦਲ ਅਤੇ 15-20 ਹੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਅੱਜ ਦੇਰ ਸ਼ਾਮ ਫਕੀਰ ਚੰਦ ਦੇ ਸਮਰਥਕਾਂ ਵੱਲੋਂ ਇਕੱਠੇ ਹੋ ਕੇ ਸਿਟੀ ਥਾਣੇ ਮੂਹਰੇ ਕੁਝ ਮਿੰਟਾਂ ਜਾਮ ਲਾ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਥਾਣਾ ਮੁਖੀ ਮਹਾਂ ਸਿੰਘ ਰੰਗਾ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਉਪਰੰਤ ਨਿਰਪੱਖ ਕਾਰਵਾਈ ਦਾ ਭਰੋਸਾ ਦਿੱਤੇ ਜਾਣ 'ਤੇ ਜਾਮ ਖੋਲ੍ਹ ਦਿੱਤਾ ਗਿਆ। ਡੱਬਵਾਲੀ ਵਿਖੇ ਦੋ ਧਿਰਾਂ ਦੀ ਲੜਾਈ ਵਿਚ ਨੁਕਸਾਨੇ ਮੋਟਰ ਸਾਈਕਲ ਨੂੰ ਕਬਜ਼ੇ ਵਿਚ ਲੈਂਦਾ ਇਕ ਪੁਲਿਸ ਕਰਮਚਾਰੀ।
No comments:
Post a Comment