ਘਰ ਵਿਚ ਅੱਗ ਲੱਗਣ ਨਾਲ ਔਰਤ ਦੀ ਮੌਤ
ਭੁੱਚੋ ਮੰਡੀ. 14 ਮਾਰਚ-ਮੰਡੀ ਦੇ ਗੁਰੂ ਅਰਜਨ ਦੇਵ ਨਗਰ ਵਿੱਚ ਇਕ ਘਰ 'ਚ ਅਚਾਨਕ ਲੱਗੀ ਅੱਗ ਨਾਲ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੱਜ ਸਵੇਰੇ 10-11 ਵਜੇ ਦੇ ਕਰੀਬ ਸਰਕਾਰੀ ਐਲੀਮੈਂਟਰੀ ਸਕੂਲ ਦੇ ਨਾਲ ਲੱਗਦੇ ਘਰ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਲੋਕ ਇਕੱਠੇ ਹੋ ਗਏ ਅਤੇ ਇਸ ਨੂੰ ਬੁਝਾਉਣ ਲਈ ਜੱਦੋ ਜਹਿਦ ਕਰਨ ਲੱਗ ਪਏ।ਅੱਗ 'ਤੇ ਤਾਂ ਕਾਬੂ ਪਾ ਲਿਆ ਪਰ ਕਮਰੇ ਅੰਦਰ ਪਈ ਕਰਮਜੀਤ ਕੌਰ ਪਤਨੀ ਜਗਜੀਤ ਸਿੰਘ ਨੂੰ ਬਚਾਇਆ ਨਹੀ ਜਾ ਸਕਿਆ। ਇਸ ਸਮੇਂ ਕਰਮਜੀਤ ਕੌਰ ਅਤੇ ਇਕ ਛੋਟੀ ਲੜਕੀ ਹੀ ਘਰ ਵਿਚ ਸੀ ਅਤੇ ਲੜਕੀ ਨਹਾ ਰਹੀ ਸੀ। ਅੱਗ ਨਾਲ ਸਾਰਾ ਕਮਰਾ ਅਤੇ ਅੰਦਰ ਪਿਆ ਬੈੱਡ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਕਮਰੇ ਵਿੱਚ ਪਏ ਢੋਲ ਜਿਸ 'ਤੇ ਰੂੰ ਦੀ ਗਠੜੀ ਪਈ ਸੀ ਨੂੰ ਅੱਗ ਲੱਗ ਗਈ ਅਤੇ ਜਲਦੀ ਹੀ ਕਮਰੇ ਵਿਚ ਪਏ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਡੀ. ਐੱਸ. ਪੀ. ਭੁੱਚੋ ਲਖਬੀਰ ਸਿੰਘ ਪੁਲਿਸ ਪਾਰਟੀ ਨੀਲ ਮੌਕੇ 'ਤੇ ਪੁੱਜੇ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਗੁਰਦੁਆਰਾ ਚੋਣ ਕਮਿਸ਼ਨ ਨੂੰ ਨਵਾਂ ਦਫ਼ਤਰ ਮਿਲਿਆ
ਚੰਡੀਗੜ੍ਹ.- 14 ਮਾਰਚ ਲਗਪਗ 16 ਸਾਲ ਤੋਂ ਬਾਅਦ ਗੁਰਦੁਆਰਾ ਚੋਣ ਕਮਿਸ਼ਨ ਨੂੰ ਨਵਾਂ ਦਫਤਰ ਮਿਲ ਹੀ ਗਿਆ। ਇਸ ਸਮੇਂ ਇਹ ਦਫਤਰ ਇਕ ਸੇਵਾ ਮੁਕਤ ਮੇਜਰ ਦੀ ਕੋਠੀ ਨੰਬਰ 23 ਸੈਕਟਰ 8 ਵਿਚ ਸੀ। ਪਰ ਹੁਣ ਇਹ ਸੈਕਟਰ 8 ਵਿਚ ਹੀ ਸ਼ਾਪ ਕਮ ਆਫਿਸ 156-160 'ਚ ਤਬਦੀਲ ਹੋ ਗਿਆ ਹੈ। ਸਰਹੱਦੀ ਇਲਾਕੇ 'ਚ ਛੇ ਮਹੀਨੇ ਲੱਗੇਗਾ ਰਾਤ ਦਾ ਕਰਫ਼ਿਊ
ਸ੍ਰੀਗੰਗਾਨਗਰ. - 14 ਮਾਰਚ -ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਗੰਗਾਨਗਰ ਜ਼ਿਲ੍ਹੇ 'ਚ ਲਗਾਏ ਗਏ ਰਾਤ ਦੇ ਕਰਫ਼ਿਊ ਨੂੰ ਵਧਾ ਕੇ ਛੇ ਮਹੀਨੇ ਕਰ ਦਿੱਤਾ ਹੈ। ਜ਼ਿਲ੍ਹਾ ਕੁਲੈਕਟਰ ਅਤੇ ਮੈਜਿਸਟਰੇਟ ਨੇ ਪਿਛਲੀ 6 ਮਾਰਚ ਨੂੰ 5 ਮਈ ਤੱਕ ਦੇ ਲਈ ਅੰਤਰਰਾਸ਼ਟਰੀ ਸਰਹੱਦ ਦੇ ਦੋ ਕਿਲੋਮੀਟਰ ਦੇ ਦਾਇਰੇ ਵਿਚ ਰਾਤ ਨੂੰ ਕਰਫ਼ਿਊ ਲਾਉਣ ਦਾ ਆਦੇਸ਼ ਦਿੱਤਾ ਸੀ। ਜ਼ਿਲ੍ਹਾ ਕੁਲੈਕਟਰ ਕੋਲ ਵੱਧ ਤੋਂ ਵੱਧ ਦੋ ਮਹੀਨੇ ਲਈ ਕਰਫ਼ਿਊ ਲਾਉਣ ਦਾ ਅਧਿਕਾਰ ਹੋਣ ਦੇ ਕਾਰਨ ਇਸ ਵਾਰ ਪ੍ਰਸ਼ਾਸਨ ਨੇ ਰਾਜ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਇਸ ਨੂੰ 6 ਮਹੀਨੇ ਤੱਕ ਲਾਗੂ ਕਰਨ ਦੀ ਮੰਗ ਕੀਤੀ ਸੀ। ਗ੍ਰਹਿ ਵਿਭਾਗ ਨੇ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਆਉਣ ਵਾਲੇ ਛੇ ਮਹੀਨੇ ਤੱਕ ਰਾਤ ਦੇ ਸਮੇਂ ਕਰਫ਼ਿਊ ਲਾਉਣਾ ਮਨਜ਼ੂਰ ਕਰ ਦਿੱਤਾ ਹੈ। ਪਿੰਡ ਖੋਖਰ ਦੇ ਡੇਰੇ 'ਚੋਂ ਬੰਦੂਕ ਅਤੇ 20 ਕਾਰਤੂਸ ਮਿਲੇ
ਸ੍ਰੀ ਮੁਕਤਸਰ ਸਾਹਿਬ 14 ਮਾਰਚ -ਸ: ਗੁਰਦੀਪ ਸਿੰਘ ਡੀ. ਐਸ. ਪੀ.ਮੁਕਤਸਰ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਲੱਗਭਗ 10 ਮੀਲ ਦੂਰ ਪਿੰਡ ਖੋਖਰ ਦੇ ਡੇਰਾ ਸ਼ੰਕਰ ਮੁਨੀ ਜਿਸ ਦੀ ਮੌਤ ਲਗਭਗ ਅੱਠ, ਨੌ ਮਹੀਨੇ ਪਹਿਲਾਂ ਹੋ ਚੁੱਕੀ ਹੈ, ਉਸ ਦੇ ਡੇਰੇ ਵਿਚੋਂ ਇਕ ਬੰਦੂਕ ਅਤੇ 20 ਕਾਰਤੂਸ ਮਿਲੇ ਹਨ। ਇਸ ਬੰਦੂਕ ਬਾਰੇ ਡੇਰੇ ਦੇ ਮੁਨੀ ਬਾਬਾ ਗੰਗਾ ਰਾਮ ਜੋ ਕਿ ਹੁਣ ਗੱਦੀ ਨਸ਼ੀਨ ਹਨ ਨੇ ਪਿੰਡ ਦੀ ਪੰਚਾਇਤ ਨੂੰ ਸੂਚਨਾ ਦਿੱਤੀ ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਰਾਈਫਲ ਅਤੇ ਕਾਰਤੂਸ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਡੇਰੇ ਦੇ ਪਹਿਲੇ ਮੁਖੀ ਸ਼ੰਕਰ ਮੁਨੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਨੂੰ ਪਿੰਡ ਭੁੱਟੀਵਾਲਾ ਵਿਚ ਹੋਏ ਕਤਲਾਂ ਦੇ ਸਬੰਧ 'ਚ ਪੁਲਿਸ ਨੇ ਬਾਬੇ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਵੀ ਭੇਜਿਆ ਸੀ।
ਹੁਸ਼ਿਆਰਪੁਰ ਤੋਂ ਫ਼ਿਰੋਜ਼ਪੁਰ ਲਈ ਡੀ.ਐੱਮ.ਯੂ. ਗੱਡੀ ਦੁਬਾਰਾ ਸ਼ੁਰੂ
ਹੁਸ਼ਿਆਰਪੁਰ. 14 ਮਾਰਚ -ਕੇਂਦਰੀ ਰੇਲਵੇ ਮੰਤਰੀ ਸ੍ਰੀ ਦਿਨੇਸ਼ ਤ੍ਰਿਵੇਦੀ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਸੰਤੋਸ਼ ਚੌਧਰੀ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀਆਂ ਰੇਲਵੇ ਸੰਬੰਧੀ ਲੰਮੇ ਸਮੇਂ ਤੋਂ ਕੀਤੀਆਂ ਰਹੀਆਂ ਮੰਗਾਂ ਪੂਰੀਆਂ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਨੂੰ ਸਿੱਧੀ ਰੇਲ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਨਾਲ ਫ਼ਿਰੋਜ਼ਪੁਰ ਨੂੰ ਜਾਣ ਵਾਲੀ ਡੀ. ਐੱਮ. ਯੂ. ਬੰਦ ਕਰ ਦਿੱਤੀ ਗਈ ਸੀ, ਹੁਣ ਉਹ ਦੋਬਾਰਾ ਸ਼ੁਰੂ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਸ਼ਿਆਰਪੁਰ-ਊਨਾ, ਹੁਸ਼ਿਆਰਪੁਰ-ਟਾਂਡਾ ਜਿਨ੍ਹਾਂ ਰੇਲ ਮਾਰਗਾਂ ਦਾ ਸਰਵੇ ਹੋ ਚੁੱਕਾ ਸੀ, ਨੂੰ ਯੋਜਨਾ ਕਮਿਸ਼ਨ ਤੋਂ ਭੇਜ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਹੁਸ਼ਿਆਰਪੁਰ-ਫਗਵਾੜਾ ਰੇਲਵੇ ਮਾਰਗ ਦੇ ਸਰਵੇ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁਰਾਣੇ ਹਲਕੇ ਫਿਲੌਰ 'ਚ ਰਾਹੋਂ ਤੋਂ ਸਮਰਾਲਾ ਲਈ ਰੇਲ ਲਾਈਨ ਦੇ ਸਰਵੇ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਰੇਲਵੇ ਬਜਟ ਵਿਚ ਨਵੀਂ ਗੁਰੂ ਪਰਿਕਰਮਾ ਵਿਸ਼ੇਸ਼ ਗੱਡੀ ਦੀ ਤਜਵੀਜ਼ ਦਿੱਤੀ ਗਈ ਹੈ ਜੋ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਅਤੇ ਉੱਥੋਂ ਹਜ਼ੂਰ ਸਾਹਿਬ ਨੂੰ ਚੱਲੇਗੀ।
ਧਾਰਮਿਕ ਅਸਥਾਨਾਂ ਬਾਰੇ ਸੁਹਿਰਦਤਾ ਨਾਲ ਵਿਚਾਰ ਕੀਤਾ ਜਾਵੇ-ਸਿੰਘ ਸਾਹਿਬ
ਸ੍ਰੀਗੰਗਾਨਗਰ, 14 ਮਾਰਚ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪ੍ਰੈੱਸ ਦੇ ਨਾਂਅ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਰਾਜਸਥਾਨ ਦੀ ਸਰਕਾਰ ਵੱਲੋਂ ਸ੍ਰੀਗੰਗਾਨਗਰ, ਪਦਮਪੁਰ ਰੋਡ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਇਸੇ ਤਰ੍ਹਾਂ ਹੀ ਨਹਿਰ ਦੇ ਕਿਨਾਰੇ ਬਣੇ ਹੋਰ ਮੰਦਿਰ, ਮਸਜਿਦਾਂ ਅਤੇ ਧਾਰਮਿਕ ਅਸਥਾਨ ਢਾਹੁਣ ਬਾਰੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਉਹ ਅਤਿ ਨਿੰਦਣਯੋਗ ਕਾਰਵਾਈ ਹੈ। ਸਿੰਘ ਸਾਹਿਬ ਦੇ ਨਿੱਜੀ ਸਹਾਇਕ ਸ: ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਜਦ ਇਹ ਅਸਥਾਨ ਬਣਾਏ ਜਾ ਰਹੇ ਹੁੰਦੇ ਨੇ ਤਾਂ ਪ੍ਰਸ਼ਾਸਨ ਉਸ ਸਮੇਂ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ। ਪ੍ਰੰਤੂ ਜਦ ਇਹ ਅਸਥਾਨ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਜਾਂਦੇ ਨੇ ਤਾਂ ਸਰਕਾਰ ਨੂੰ ਢਾਹੁਣ ਦਾ ਚੇਤਾ ਆ ਜਾਂਦਾ ਹੈ। ਉਨ੍ਹਾਂ ਸਰਕਾਰ ਨੂੰ ਲੋਕਾਂ ਦੀ ਧਾਰਮਿਕ ਅਸਥਾਨਾਂ ਨਾਲ ਆਸਥਾ ਜੁੜੇ ਹੋਣ ਕਾਰਨ ਇਸ ਮਸਲੇ ਨੂੰ ਬੜੀ ਸੁਹਿਰਦਤਾ ਨਾਲ ਵਿਚਾਰਨ ਦੀ ਅਪੀਲ ਕੀਤੀ। ਸਿੰਘ ਸਾਹਿਬ ਨੇ ਰਾਜਸਥਾਨ ਦੀਆਂ ਸੰਗਤਾਂ ਨੂੰ ਵੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੰਦਿਰ ਕਮੇਟੀਆਂ ਅਤੇ ਮਸਜਿਦ ਕਮੇਟੀਆਂ ਨੂੰ ਜਦ ਵੀ ਉਹ ਕਿਤੇ ਕੋਈ ਧਾਰਮਿਕ ਅਸਥਾਨ ਦੀ ਉਸਾਰੀ ਕਰਨਾ ਚਾਹੁਣ ਉਸ ਜਗ੍ਹਾ ਦੀ ਰਜਿਸਟਰੀ ਕਰਵਾ ਕੇ ਅਤੇ ਪ੍ਰਸ਼ਾਸਨ ਦੀ ਆਗਿਆ ਨਾਲ ਬਣਾਉਣ ਤਾਂ ਜੋ ਬਾਅਦ ਵਿਚ ਕੋਈ ਵਾਦ-ਵਿਵਾਦ ਪੈਦਾ ਨਾ ਹੋਵੇ। ਕਿਸਾਨ ਖੇਤੀਬਾੜੀ ਦੀ ਬਦਲਵੀਂ ਨੁਹਾਰ ਨੂੰ ਸਮਝਣ-ਡਾ: ਕਾਲਕਟ
ਬਠਿੰਡਾ ਵਿਖੇ ਲੱਗੇ ਕਿਸਾਨ ਮੇਲੇ 'ਚੋਂ ਬੀਜ ਲੈ ਕੇ ਜਾਂਦੇ
ਹੋਇਆ ਕਿਸਾਨ।
ਬਠਿੰਡਾ, 14 ਮਾਰਚ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਗੁਰਚਰਨ ਸਿੰਘ ਕਾਲਕਟ ਨੇ ਕਿਹਾ ਕਿ ਖੇਤੀ ਦਾ ਕਿੱਤਾ ਹੁਣ ਅਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਵਿਚ ਕਿਸਾਨ ਨੂੰ ਵਪਾਰੀ ਅਤੇ ਵਿਗਿਆਨੀ ਬਣ ਕੇ ਸੋਚਣਾ ਪਵੇਗਾ। ਡਾ. ਕਾਲਕਟ ਨੇ ਕਿਹਾ ਕਿ ਬਦਲਵੇਂ ਵਾਤਾਵਰਣ ਵਿਚ ਖੇਤੀਬਾੜੀ ਦੀ ਨੁਹਾਰ ਬਦਲਦੀ ਹੈ ਇਸ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਰਾਬਤਾ ਰੱਖਣਾ ਅਤੇ ਨਵੀਆਂ ਤਕਨੀਕਾਂ ਦੇ ਹਾਣੀ ਬਣਨ ਦੀ ਲੋੜ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋ ਨੇ ਕਿਹਾ ਕਿ ਸਭ ਨੂੰ ਦਿਨੋਂ ਦਿਨ ਵਿਗੜ ਰਹੇ ਵਾਤਾਵਰਣ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਕੁਦਰਤੀ ਸੋਮਿਆਂ ਦੀ ਤਰਕ ਅਤੇ ਸੰਜਮ ਨਾਲ ਵਰਤੋ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਵੱਲ ਤੁਰਨਾ ਚਾਹੀਦਾ ਹੈ ਕਿਉਕਿ ਕਿ ਖੇਤੀ ਖਰਚੇ ਦਿਨੋਂ-ਦਿਨ ਵਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗਿਆਨ ਵਿਗਿਆਨ ਦੇ ਇਸ ਯੁੱਗ ਵਿੱਚ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਜੁੜ ਕੇ ਹੀ ਖੇਤੀ ਵਿੱਚ ਕਦਮ ਪੁੱਟਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਖੇਤੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ.ਮੁਖਤਾਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਬੀਜਣ ਦੀ ਤਿਆਰੀ ਤੋਂ ਵੱਡਣ ਅਤੇ ਮੰਡੀਕਰਨ ਤੱਕ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਰੱਖਣਾ ਚਾਹੀਦਾ ਹੈ। ਯੂਨੀਵਰਸਿਟੀ ਦੀਆਂ ਖੇਤੀ ਖੋਜ ਪ੍ਰਾਪਤੀਆਂ ਅਤੇ ਭਵਿੱਖ ਵਿਚ ਹੋਣ ਵਾਲੇ ਉਪਰਾਲਿਆਂ ਦੇ ਨਿਰਦੇਸ਼ਕ (ਖੋਜ) ਰਜਿਸਟਰਾਰ ਡਾ. ਸਤਬੀਰ ਸਿੰਘ ਗੋਸਲ ਨੇ ਚਾਨਣਾ ਪਾਇਆ। ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਅਤੇ ਨਵੀਆਂ ਕਿਸਮਾਂ ਦੇ ਬੀਜਾਂ ਦੀ ਵਿਕਰੀ, ਨਵੀ ਤਕਨਲੋਜੀ ਦੀ ਮਸ਼ੀਨਰੀ ਅਤੇ ਹੋਰ ਖੇਤੀ ਯੰਤਰਾਂ ਪ੍ਰਤੀ ਵੀ ਕਿਸਾਨਾਂ ਨੇ ਰੁਚੀ ਵਿਖਾਈ। ਸਨ। ਇਸ ਮੇਲੇ ਦੌਰਾਨ ਕਿਸਾਨਾਂ ਦੇ ਖੇਤੀ ਜਿਨਸਾਂ ਅਤੇ ਕਿਸਾਨ ਬੀਬੀਆਂ ਲਈ ਕਰੋਸ਼ੀਆ ਬੁਣਨ, ਚੁੰਨੀਆਂ ਰੰਗਣ ਅਤੇ ਵਾਧੂ ਸਾਮਾਨ ਦੀ ਯੋਗ ਵਰਤੋ ਕਰਨ ਸਬੰਧੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਇਨਾਮ ਦਿੱਤੇ ਗਏ। ਬਾਲ ਕਲਾਕਾਰਾਂ ਵੱਲੋਂ ਲੋਕ ਗਾਥਾਵਾਂ ਪੇਸ਼ ਕੀਤੀਆਂ ਗਈਆਂ। ਮੇਲੇ ਵਿਚ ਕਿਸਾਨਾਂ ਵੱਲੋਂ ਬਾਹਰਲੀਆਂ ਨਰਸਰੀਆਂ ਤੋਂ ਫੁੱਲ ਅਤੇ ਫੱਲਦਾਰ ਬੂਟੇ ਵੇਚਣ ਦੀਆਂ ਲੱਗੀਆਂ ਸਟਾਲਾਂ 'ਤੇ ਵੀ ਉਤਸ਼ਾਹ ਵਿਖਇਆ ਗਿਆ।ਬਠਿੰਡਾ ਵਿਖੇ ਲੱਗੇ ਕਿਸਾਨ ਮੇਲੇ 'ਚੋਂ ਬੀਜ ਲੈ ਕੇ ਜਾਂਦੇ
ਹੋਇਆ ਕਿਸਾਨ।
ਸਰੋਤੇ ਮਿਆਰੀ ਗੀਤ, ਸੰਗੀਤ ਸੁਣਨ ਦੀ ਆਦਤ ਪਾਉਣ-ਗੁਰਦਾਸ ਮਾਨ
ਫ਼ਰੀਦਕੋਟ, 14 ਮਾਰਚ -ਪੰਜਾਬੀ ਸੰਗੀਤ ਵਿਚ ਘੁਲ ਰਿਹਾ ਪੱਛਮੀ ਪੌਪ ਦਾ ਰੰਗ ਮਾਂ ਬੋਲੀ ਸੰਗੀਤ ਲਈ ਘਾਤਕ ਹੈ, ਜਿਸ ਨੂੰ ਮਿਆਰੀ ਗੀਤ, ਸੰਗੀਤ ਸੁਣਨ ਦੀ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਵੱਲੋਂ ਮੂਲੋਂ ਹੀ ਨਕਾਰਿਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਸੁਖਬੀਰ ਸਿੰਘ ਕੁੰਡਲ ਦੇ ਗ੍ਰਹਿ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਹਮੇਸ਼ਾ ਅਰਥ-ਭਰਪੂਰ ਗੀਤਾਂ ਦੀ ਪੇਸ਼ਕਾਰੀ ਨੂੰ ਪਹਿਲ ਦਿੱਤੀ ਹੈ ਤਾਂ ਕਿ ਪੱਛਮੀ ਸਭਿਆਚਾਰ ਵੱਲ ਮੁੜ ਰਹੀ ਨੌਜਵਾਨ ਪੀੜ੍ਹੀ ਆਪਣੇ ਅਸਲ ਸਭਿਆਚਾਰ ਅਤੇ ਵਿਰਸੇ ਨਾਲ ਜੁੜੀ ਰਹੇ। ਸ: ਮਾਨ ਨੇ ਕਿਹਾ ਕਿ ਪੰਜਾਬੀ ਸੰਗੀਤ ਦੀ ਧਮਕ ਵਿਦੇਸ਼ੀ ਵਿਹੜਿਆਂ ਵਿਚ ਵੀ ਅੱਜ ਆਪਣੀਆਂ ਰੌਣਕਾਂ ਵਧਾ ਰਹੀ ਹੈ ਜਿਸ ਨਾਲ ਪੰਜਾਬੀ ਸੰਗੀਤ ਦਾ ਰੁਤਬਾ ਹੋਰ ਬੁਲੰਦ ਹੋਇਆ ਹੈ ਅਤੇ ਇਸ ਨੂੰ ਹੋਰ ਮਾਣ ਬਖ਼ਸ਼ਣ ਲਈ ਸਰੋਤਿਆਂ ਨੂੰ ਵੀ ਮਿਆਰੀ ਗੀਤ-ਸੰਗੀਤ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਜਿਸ ਨਾਲ ਅਸ਼ਲੀਲਤਾ ਦੀਆਂ ਹੱਦਾਂ ਟੱਪ ਰਿਹਾ ਆਧੁਨਿਕ ਗਾਇਕੀ ਦਾ ਇਹ ਦੌਰ ਹੌਲੀ-ਹੌਲੀ ਆਪਣੇ-ਆਪ ਬੰਦ ਹੋ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਉਹ ਨਵੇਂ ਗਾਇਕਾਂ ਨੂੰ ਵੀ ਇਹ ਪੁਰਜ਼ੋਰ ਅਪੀਲ ਕਰਦੇ ਹਨ ਕਿ ਉਹ ਅਜਿਹੇ ਗੀਤਾਂ ਦੀ ਚੋਣ ਕਰਨ ਜੋ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜ ਨੂੰ ਕੋਈ ਦਿਸ਼ਾ ਵੀ ਦੇਣ। ਰੇਲਵੇ ਬਜਟ ਨਾਲ ਗਰੀਬਾਂ ਉਤੇ ਪਵੇਗਾ ਹੋਰ ਬੋਝ-ਢੀਂਡਸਾ
ਸੰਗਰੂਰ, 14 ਮਾਰਚ - ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਰੇਲ ਬਜਟ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਬਜਟ ਦੇ ਲਾਗੂ ਹੋਣ ਨਾਲ ਗਰੀਬਾਂ ਉਤੇ ਹੋਰ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਮੰਤਰੀ ਸ੍ਰੀ ਤ੍ਰਿਵੇਦੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਆਗੂ ਕੁਮਾਰੀ ਮਮਤਾ ਬੈਨਰਜੀ ਖੁਦ ਹੀ ਇਸ ਬਜਟ ਤੋਂ ਨਿਰਾਸ਼ ਅਤੇ ਨਰਾਜ਼ ਹੈ। ਸ. ਢੀਂਡਸਾ ਨੇ ਕਿਹਾ ਕਿ ਰੇਲਵੇ ਬਜਟ ਦੀ ਬਹਿਸ ਦੌਰਾਨ ਉਹ ਸੰਗਰੂਰ ਵਿਚੋਂ ਲੰਘਦੀ ਸ਼ਤਾਬਦੀ ਐਕਸਪ੍ਰੈਸ ਗੱਡੀ ਦਾ ਮਾਮਲਾ ਉਠਾਉਣਗੇ। ਉਨ੍ਹਾਂ ਕਿਹਾ ਕਿ ਇਹ ਗੱਡੀ ਸ਼ਾਮ ਨੂੰ ਲੁਧਿਆਣਾ ਤੋਂ ਚੱਲ ਕੇ ਸੰਗਰੂਰ ਵਿਚੋਂ ਦੀ ਹੁੰਦੀ ਹੋਈ ਰਾਤ ਨੂੰ ਦਿੱਲੀ ਪਹੁੰਚਦੀ ਹੈ। ਚਾਹੀਦਾ ਇਹ ਹੈ ਕਿ ਇਹ ਗੱਡੀ ਸਵੇਰੇ ਚੱਲੇ ਅਤੇ ਲੋਕ ਆਪਣਾ ਕੰਮ ਕਾਰ ਕਰ ਕੇ ਸ਼ਾਮ ਨੂੰ ਇਸ ਗੱਡੀ ਰਾਹੀਂ ਵਾਪਸ ਆ ਸਕਣ। ਮੀਨੂੰ ਸਿੰਘ ਦੀ ਐਲਬਮ 'ਇਸ਼ਕ ਮੁਹੱਬਤ ਪਿਆਰ' ਨੂੰ ਭਰਵਾਂ ਹੁੰਗਾਰਾ
ਮਾਨਸਾ, 14 ਮਾਰਚ ਸਥਾਨਕ ਸ਼ਹਿਰ ਦੀ ਜੰਮਪਲ ਗਾਇਕਾ ਮੀਨੂੰ ਸਿੰਘ ਦੀ ਪਲੇਠੀ ਐਲਬਮ 'ਇਸ਼ਕ ਮੁਹੱਬਤ ਪਿਆਰ' ਨੂੰ ਦੇਸ਼ ਵਿਦੇਸ਼ ਵਿਚ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਦਿਨੀਂ ਪ੍ਰਸਿੱਧ ਗੀਤਕਾਰ ਅਮਰਦੀਪ ਸਿੰਘ ਗਿੱਲ ਦੀ ਪੇਸ਼ਕਾਰੀ ਹੇਠ ਸਪੀਡ ਰਿਕਾਰਡਜ਼ ਵੱਲੋਂ ਜਾਰੀ ਕੀਤੀ ਗਈ ਇਸ ਕੈਸਿਟ ਵਿਚ ਗੀਤਕਾਰ ਗਿੱਲ ਤੋਂ ਇਲਾਵਾ ਗੁਰਚਰਨ ਵਿਰਕ ਅਤੇ ਮਨਪ੍ਰੀਤ ਟਿਵਾਣਾ ਦੇ ਗੀਤ ਸ਼ਾਮਿਲ ਹਨ। ਗੀਤਕਾਰ ਗਿੱਲ ਅਨੁਸਾਰ ਐਲਬਮ ਦੇ 2 ਗੀਤ 'ਮੇਰੇ ਵੀਰ ਭਗਤ ਸਿੰਘ', 'ਕਿੰਨਾ ਸੋਹਣਾ ਅਸੀਂ ਕਰਦੇ ਗੁਨਾਹ ਸੱਜਣਾਂ' ਨੂੰ ਨੌਜਵਾਨ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮੀਨੂੰ ਸਿੰਘ ਨੇ ਸਭ ਤੋਂ ਪਹਿਲਾਂ ਬਾਲ ਗਾਇਕਾ ਵਜੋਂ 2003 ਵਿਚ 'ਅਜੀਤ' ਵੱਲੋਂ ਕਰਵਾਏ ਗਏ ਸਭਿਆਚਾਰਕ ਮੇਲੇ 'ਚ ਇੱਕ ਧਾਰਮਿਕ ਗੀਤ ਗਾ ਕੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਜਦਕਿ ਅੱਜ ਕੱਲ੍ਹ ਉਹ ਬਠਿੰਡਾ ਵਿਖੇ ਵਿੱਦਿਆ ਪ੍ਰਾਪਤ ਕਰ ਰਹੀ ਹੈ। ਫੰਡ ਬੰਦ ਹੋਣ ਕਾਰਨ ਸਰਕਾਰੀ ਹਸਪਤਾਲਾਂ 'ਚ ਜਣੇਪਾ ਕੇਸ ਆਉਣੇ ਘਟੇ
ਗੁਰਦਾਸਪੁਰ, 14 ਮਾਰਚ -ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੇ ਸਰਕਾਰੀ ਹਸਪਤਾਲਾਂ ਵਿਚ ਸਫਲਤਾ ਪੂਰਵਕ ਜਣੇਪੇ ਸਬੰਧੀ ਚੱਲਦੀ ਆ ਰਹੀ ਸਕੀਮ ਦੇ ਤਹਿਤ ਸਰਕਾਰ ਵੱਲੋਂ ਕੀਤੇ ਜਾਂਦੇ ਫ਼ੰਡਾਂ 'ਤੇ ਰੋਕ ਲਗਾ ਦਿੱਤੇ ਜਾਣ ਨਾਲ ਇਹ ਸਕੀਮ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਫ਼ੰਡਾਂ ਨਾਲ 'ਮਾਤਾ ਕੁਸ਼ੱਲਿਆ ਕਲਿਆਣ ਯੋਜਨਾ' ਨਾਂਅ ਦੀ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਜਣੇਪੇ ਸਮੇਂ ਉਨ੍ਹਾਂ ਨੂੰ ਇੱਕ ਹਜ਼ਾਰ ਰੁਪਏ ਅਤੇ 200 ਰੁਪਏ ਆਉਣ-ਜਾਣ ਦਾ ਖ਼ਰਚਾ ਦਿੱਤਾ ਜਾਂਦਾ ਸੀ। ਗਰਭਵਤੀ ਔਰਤਾਂ ਵੱਲੋਂ ਪਿੰਡਾਂ ਵਿਚ ਅਣ ਸੁਰੱਖਿਅਤ ਦਾਈਆਂ ਕੋਲੋਂ ਜਣੇਪੇ ਕਰਵਾਉਣ ਦੀ ਬਜਾਏ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਦੇ 5 ਮਹੀਨੇ ਤੱਕ ਸਫਲਤਾ ਪੂਰਵਕ ਚੱਲਣ ਦੇ ਬਾਅਦ ਸਤੰਬਰ 2011 ਵਿਚ ਅਚਾਨਕ ਇਸ ਸਕੀਮ ਤਹਿਤ ਜਾਰੀ ਕੀਤੇ ਗਏ ਫ਼ੰਡਾਂ 'ਤੇ ਰੋਕ ਲਗਾ ਦਿੱਤੀ ਗਈ ਸੀ। ਇਹ ਸਕੀਮ ਦੇ ਤਹਿਤ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ 13 ਮੁੱਢਲੇ ਸਿਹਤ ਕੇਂਦਰਾਂ ਵਿਚ 822 ਜਣੇਪੇ ਦੇ ਕੇਸ ਹੋਏ ਸਨ। ਪ੍ਰੰਤੂ 6 ਮਹੀਨਿਆਂ ਤੋਂ ਇਸ ਸਕੀਮ ਤਹਿਤ ਫ਼ੰਡ ਨਾ ਆਉਣ ਕਾਰਨ ਸਰਕਾਰੀ ਹਸਪਤਾਲਾਂ ਅੰਦਰ ਜਣੇਪੇ ਦੇ ਕੇਸ ਵੱਡੀ ਪੱਧਰ 'ਤੇ ਘੱਟ ਗਏ ਹਨ। ਇਸ ਸਬੰਧ ਵਿਚ ਜਦੋਂ ਗੁਰਦਾਸਪੁਰ ਦੇ ਸਿਵਲ ਸਰਜਨ ਡਾ: ਚੰਦਨਜੀਤ ਸਿੰਘ ਕੌਂਡਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਸਕੀਮ ਤਹਿਤ ਫ਼ੰਡ ਜਾਰੀ ਕਰਵਾਉਣ ਲਈ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਹਰੇਕ ਸਾਲ ਕਰੀਬ 6 ਲੱਖ ਗਰਭਵਤੀ ਔਰਤਾਂ ਦੇ ਜਣੇਪੇ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ 5 ਲੱਖ ਔਰਤਾਂ ਸਫਲਤਾ ਪੂਰਵਕ ਆਪਣੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਡਾ: ਕੌਂਡਲ ਨੇ ਹੋਰ ਹੈਰਾਨੀ ਜਨਕ ਤੱਥ ਦੱਸਦਿਆਂ ਕਿਹਾ ਕਿ 1 ਲੱਖ ਔਰਤਾਂ ਪਿੱਛੇ 192 ਗਰਭਵਤੀ ਔਰਤਾਂ ਜਣੇਪੇ ਸਮੇਂ ਆਪਣੀਆਂ ਜਾਨਾਂ ਤੋਂ ਹੱਥ ਧੋਅ ਬੈਠਦੀਆਂ ਹਨ ਕਿਉਂਕਿ ਇਹ ਜਣੇਪੇ ਅਣ-ਸਿੱਖਿਅਤ ਦਾਈਆਂ ਅਤੇ ਨੀਮ ਹਕੀਮਾਂ ਦੀ ਨਿਗਰਾਨੀ ਹੇਠ ਹੁੰਦੇ ਹਨ। ਪੰਜਾਬ ਸਰਕਾਰ ਦੀ ਉਕਤ ਸਕੀਮ ਦਾ ਮੁੱਖ ਮਕਸਦ ਜਣੇਪੇ ਸਮੇਂ ਔਰਤਾਂ ਦੀ ਮੌਤ ਦਰ ਨੂੰ ਘਟਾਉਣਾ ਸੀ। ਖੰਨਾ ਨੇ ਸੰਸਦ 'ਚ ਮੋਗਾ 'ਚ ਕੈਂਸਰ ਤੋਂ ਪੀੜਤਾਂ ਦਾ ਮੁੱਦਾ ਉਠਾਇਆ
ਹੁਸ਼ਿਆਰਪੁਰ, 14 ਮਾਰਚ -ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸੰਸਦ ਵਿਚ ਪ੍ਰਸ਼ਨ ਕਾਲ ਦੌਰਾਨ ਜ਼ਿਲ੍ਹਾ ਮੋਗਾ ਵਿਚ ਹਜ਼ਾਰਾਂ ਲੋਕਾਂ ਦੇ ਕੈਂਸਰ ਦੀ ਬਿਮਾਰੀ ਨਾਲ ਪ੍ਰਭਾਵਿਤ ਹੋਣ ਅਤੇ ਇਸ ਬਿਮਾਰੀ ਨਾਲ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਸਵਾਲ ਕੀਤਾ ਕਿ ਸਰਕਾਰ ਨੇ ਇਸ ਸਬੰਧ ਵਿਚ ਕੀ ਕਦਮ ਚੁੱਕੇ ਹਨ। ਸ੍ਰੀ ਖੰਨਾ ਨੇ ਪੁੱਛਿਆ ਕਿ ਕੀ ਸਰਕਾਰ ਨੇ ਇਸ ਸਬੰਧੀ ਕੋਈ ਸਰਵੇਖਣ ਕਰਵਾ ਕੇ ਪੀੜਤਾਂ ਨੂੰ ਕੋਈ ਸਹਾਇਤਾ ਦਿੱਤੀ ਜਾ ਰਹੀ ਹੈ। ਸ੍ਰੀ ਖੰਨਾ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਸਿਹਤ ਪਰਿਵਾਰ ਕਲਿਆਣ ਮੰਤਰਾਲੇ ਦੇ ਰਾਜ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2001 ਤੋਂ 2009 ਤੱਕ ਕਰਵਾਏ ਗਏ ਸਰਵੇਖਣ ਤੋਂ ਪ੍ਰਾਪਤ ਸੂਚਨਾ ਅਨੁਸਾਰ ਮੋਗਾ ਜ਼ਿਲ੍ਹੇ ਵਿਚ ਕੈਂਸਰ ਨਾਲ ਕੁੱਲ 793 ਲੋਕਾਂ ਦੀ ਮੌਤ ਹੋਈ। ਮੰਤਰੀ ਨੇ ਦੱਸਿਆ ਕਿ ਰਾਜ ਵਿਚ ਕੈਂਸਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਸਰਵੇਖਣ ਕਰਵਾਏ ਗਏ, ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਰੋਗੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਗਈ। ਕੇਂਦਰ ਸਰਕਾਰ ਵਲੋਂ ਕੈਂਸਰ ਦੀ ਰੋਕਥਾਮ ਲਈ ਮੀਡੀਆ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਿਜਾਂ ਵਿਚ ਆਰਕੋਲੋਜੀ ਵਿਭਾਗ ਦੇ ਵਿਕਾਸ ਲਈ ਫ਼ੰਡ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਕੈਂਸਰ ਕੇਂਦਰਾਂ ਨੂੰ 6 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
No comments:
Post a Comment