Thursday 15 March 2012

ਪੰਜਾਬ ਮੰਤਰੀ ਮੰਡਲ ’ਚ ਮਾਲਵੇ ਦਾ ਦਬਦਬਾ

ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਅੱਧੇ ਮੰਤਰੀ ਮਾਲਵੇ ’ਚੋਂ

ਬਠਿੰਡਾ,-ਪੰਜਾਬ ਵਜ਼ਾਰਤ ’ਚ ਐਤਕੀਂ ਮਾਲਵਾ ਖਿੱਤੇ ਦਾ ਦਬਦਬਾ ਰਹੇਗਾ। ਪੰਜਾਬ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ 50 ਫੀਸਦੀ ਵਜ਼ੀਰ ਇਕੱਲੇ ਮਾਲਵੇ ਇਲਾਕੇ ਦੇ ਹਨ, ਜਦੋਂ ਕਿ ਪਿਛਲੀ ਵਜ਼ਾਰਤ ਵਿੱਚ ਮਾਝੇ ਦੀ ਸਰਦਾਰੀ ਰਹੀ ਸੀ।
ਪੰਜਾਬ ਚੋਣਾਂ ਵਿੱਚ ਇਸ ਵਾਰ ਮਾਲਵਾ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੰਗੀ ਜਿੱਤ ਪ੍ਰਾਪਤ ਹੋਈ ਹੈ, ਜਦੋਂ ਕਿ ਮਾਝੇ ਦੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਵਜ਼ੀਰ ਚੋਣ ਹਾਰ ਗਏ ਹਨ। ਸਾਲ 2007 ਤੋਂ 2012 ਦੀ ਵਜ਼ਾਰਤ ਵਿੱਚ ਮਾਲਵਾ ਇਲਾਕੇ ’ਚੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਸਿਰਫ ਪੰਜ ਵਜ਼ੀਰ ਹੀ ਸਨ। ਇਸ ਵਾਰ ਪੰਜਾਬ ਦੀ ਵਜ਼ਾਰਤ ਵਿੱਚ ਮਾਲਵੇ ਦੀ ਵੱਡੀ ਹਿੱਸੇਦਾਰੀ ਹੋਣ ਕਰਕੇ ਮਾਲਵਾ ਖਿੱਤੇ ਦੇ ਵਿਕਾਸ ਨੂੰ ਵੀ ਭਾਰੀ ਹੁਲਾਰਾ ਮਿਲੇਗਾ।
ਸਾਲ 2007 ਦੀਆਂ ਚੋਣਾਂ ਵਿੱਚ ਮਾਲਵਾ ਇਲਾਕੇ ’ਚੋਂ ਕਈ ਸੀਨੀਅਰ ਨੇਤਾ ਚੋਣ ਹਾਰ ਗਏ ਸਨ, ਜਿਸ ਕਰਕੇ ਮਾਝੇ ਦੇ ਸੀਨੀਅਰ ਅਕਾਲੀ ਨੇਤਾ ਬਾਜੀ ਮਾਰ ਗਏ ਸਨ। ਇਸ ਤੋਂ ਇਲਾਵਾ ਇਸ ਵਾਰ ਮਾਲਵੇ ਦੇ ਪੰਜ ਜ਼ਿਲ੍ਹਿਆਂ ਨੂੰ ਵਜ਼ਾਰਤ ਵਿੱਚ ਕੋਈ ਹਿੱਸੇਦਾਰੀ ਵੀ ਨਹੀਂ ਮਿਲੀ ਹੈ। ਮਾਨਸਾ ਜ਼ਿਲ੍ਹਾ ਇਕੱਲਾ ਉਹ ਜ਼ਿਲ੍ਹਾ ਹੈ ਜਿਸ ਨੂੰ 11 ਵਰ੍ਹਿਆਂ ਮਗਰੋਂ ਵੀ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਨਹੀਂ ਮਿਲੀ ਹੈ। ਮੁੱਖ ਮੰਤਰੀ ਦੀ ਕੁਰਸੀ ਵੀ ਸਾਲ 1985 ਤੋਂ ਹੁਣ ਤੱਕ ਮਾਲਵਾ ਕੋਲ ਹੀ ਰਹੀ ਹੈ।
ਮਾਲਵਾ ਇਲਾਕੇ ’ਚੋਂ ਪੰਜਾਬ ਵਜ਼ਾਰਤ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਸੁਰਜੀਤ ਕੁਮਾਰ ਜਿਆਣੀ, ਸੁਰਜੀਤ ਸਿੰਘ ਰੱਖੜਾ ਅਤੇ ਸ਼ਰਨਜੀਤ ਸਿੰਘ ਢਿਲੋਂ ਸ਼ਾਮਲ ਹਨ। ਬਠਿੰਡਾ ਜ਼ਿਲ੍ਹੇ ਨੂੰ ਐਤਕੀਂ ਵਜ਼ਾਰਤ ਵਿੱਚ ਦੋਹਰੀ ਥਾਂ ਮਿਲ ਗਈ ਹੈ। ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਤੇ ਜਨਮੇਜਾ ਸਿੰਘ ਸੇਖੋਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਵੇਂ ਹੀ ਨਵੇਂ ਬਣੇ ਫਾਜ਼ਿਲਕਾ ਜ਼ਿਲ੍ਹੇ ਨੂੰ ਮੰਤਰੀ ਮੰਡਲ ਵਿੱਚ ਦੋਹਰੀ ਥਾਂ ਮਿਲ ਗਈ ਹੈ। ਇਸ ਜ਼ਿਲ੍ਹੇ ’ਚੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੁਰਜੀਤ ਕੁਮਾਰ ਜਿਆਣੀ ਚੋਣ ਜਿੱਤੇ ਹਨ। ਮੋਗਾ ਜ਼ਿਲ੍ਹੇ ਨੂੰ ਪਿਛਲੀ ਵਜ਼ਾਰਤ ਵਿੱਚ ਕੋਈ ਪ੍ਰਤੀਨਿਧਤਾ ਨਹੀਂ ਸੀ, ਜਦੋਂ ਕਿ ਐਤਕੀਂ ਜ਼ਿਲ੍ਹਾ ਮੋਗਾ ’ਚੋਂ ਜਥੇਦਾਰ ਤੋਤਾ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਮਾਲਵਾ ਇਲਾਕੇ ’ਚੋਂ ਪਿਛਲੀ ਵਜ਼ਾਰਤ ਵਿੱਚ ਹੀਰਾ ਸਿੰਘ ਗਾਬੜੀਆ, ਪਰਮਿੰਦਰ ਸਿੰਘ ਢੀਂਡਸਾ ਅਤੇ ਜਨਮੇਜਾ ਸਿੰਘ ਸੇਖੋਂ ਹੀ ਸਨ। ਸ੍ਰੀ ਗਾਬੜੀਆ ਦੇ ਚੋਣ ਹਾਰਨ ਕਰਕੇ ਐਤਕੀਂ ਲੁਧਿਆਣਾ ਜ਼ਿਲ੍ਹੇ ’ਚੋਂ ਸ਼ਰਨਜੀਤ ਸਿੰਘ ਢਿਲੋਂ ਨੂੰ ਵਜ਼ੀਰ ਬਣਾਇਆ ਗਿਆ ਹੈ।
ਐਤਕੀਂ ਪੰਜਾਬ ਵਜ਼ਾਰਤ ਵਿੱਚ ਪਟਿਆਲਾ ਜ਼ਿਲ੍ਹੇ ’ਚੋਂ ਸੁਰਜੀਤ ਸਿੰਘ ਰੱਖੜਾ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਮੰਤਰੀ ਮੰਡਲ ਵਿੱਚ ਪਟਿਆਲਾ ਨੂੰ ਥਾਂ ਹੀ ਨਹੀਂ ਮਿਲੀ ਸੀ। ਜ਼ਿਲ੍ਹਾ ਬਰਨਾਲਾ ’ਚੋਂ ਐਤਕੀਂ ਹਾਕਮ ਧਿਰ ਤਿੰਨੋਂ ਸੀਟਾਂ ਹਾਰ ਗਈ ਹੈ, ਜਿਸ ਕਰਕੇ ਇਹ ਜ਼ਿਲ੍ਹਾ ਨੁਮਾਇੰਦਗੀ ਤੋਂ ਵਾਂਝਾ ਰਹਿ ਗਿਆ ਹੈ। ਜ਼ਿਲ੍ਹਾ ਮੋਹਾਲੀ, ਫਰੀਦਕੋਟ ਅਤੇ ਫਿਰੋਜ਼ਪੁਰ ਨੂੰ ਵੀ ਐਤਕੀਂ ਮੰਤਰੀ ਮੰਡਲ ਵਿੱਚ ਕੋਈ ਥਾਂ ਨਹੀਂ ਮਿਲੀ ਹੈ। ਜ਼ਿਲ੍ਹਾ ਫਿਰੋਜ਼ਪੁਰ ਤੋਂ ਪਹਿਲਾਂ ਵਜ਼ਾਰਤ ਵਿੱਚ ਮੰਤਰੀ ਰਹੇ ਜਨਮੇਜਾ ਸਿੰਘ ਸੇਖੋਂ ਨੇ ਐਤਕੀਂ ਜ਼ਿਲ੍ਹਾ ਬਠਿੰਡਾ ਦੇ ਹਲਕਾ ਮੌੜ ਤੋਂ ਚੋਣ ਲੜੀ ਸੀ। ਕੈਬਨਿਟ ਵਜ਼ੀਰ ਸ੍ਰੀ ਸੇਖੋਂ ਦਾ ਕਹਿਣਾ ਸੀ ਕਿ ਉਹ ਹਲਕੇ ਦੀ ਹਰ ਮੁਸ਼ਕਲ ਦਾ ਹੱਲ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹੇ ਉਤਰਣਗੇ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਤਾਂ ਕਾਫੀ ਸਮੇਂ ਤੋਂ ਵਜ਼ੀਰੀ ਨੂੰ ਤਰਸ ਰਿਹਾ ਹੈ। ਇਸ ਜ਼ਿਲ੍ਹੇ ਦੇ ਤਿੰਨ ਹਲਕਿਆਂ ਤੋਂ ਚੋਣ ਲੜਣ ਵਾਲੇ ਅਕਾਲੀ ਉਮੀਦਵਾਰਾਂ ਨੇ ਪਹਿਲੀ ਦਫਾ ਚੋਣ ਲੜੀ ਸੀ। ਇਨ੍ਹਾਂ ’ਚੋਂ ਇੱਕ ਅਕਾਲੀ ਉਮੀਦਵਾਰ ਚੋਣ ਹਾਰ ਗਿਆ ਹੈ, ਜਦੋਂ ਕਿ ਚਤਿੰਨ ਸਿੰਘ ਸਮਾਓਂ ਅਤੇ ਪ੍ਰੇਮ ਕੁਮਾਰ ਮਿੱਤਲ ਚੋਣ ਜਿੱਤ ਗਏ ਹਨ। ਮਾਲਵਾ ਇਲਾਕੇ ਦੇ ਚਾਰ ਹਿੰਦੂ ਅਕਾਲੀ ਵਿਧਾਇਕਾਂ ਵੱਲੋਂ ਵੀ ਵਜ਼ੀਰੀ ਲੈਣ ਲਈ ਭੱਜ ਨੱਠ ਕੀਤੀ ਗਈ ਸੀ, ਪ੍ਰੰਤੂ ਉਹ ਸਫਲ ਨਾ ਹੋ ਸਕੇ।

ਬਠਿੰਡਵੀਆਂ ਦੀਆਂ ਲੱਗੀਆਂ ਮੌਜਾਂ

ਬਠਿੰਡਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਹਨ ਅਤੇ ਹੁਣ ਜ਼ਿਲ੍ਹੇ ਨੂੰ ਦੋ ਨਵੇਂ ਵਜ਼ੀਰ ਮਿਲ ਗਏ ਹਨ, ਇਸ ਕਰਕੇ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਕਾਫੀ ਮੌਜ ਲੱਗਣੀ ਹੈ। ਪਿਛਲੀ ਵਜ਼ਾਰਤ ਵਿੱਚ ਜ਼ਿਲ੍ਹੇ ’ਚੋਂ ਕੋਈ ਮੰਤਰੀ ਨਹੀਂ ਸੀ, ਜਿਸ ਕਰਕੇ ਉਨ੍ਹਾਂ ਦੀ ਘਾਟ ਬਾਦਲ ਪਰਿਵਾਰ ਵੱਲੋਂ ਪੂਰੀ ਕੀਤੀ ਜਾਂਦੀ ਸੀ। ਜਿਆਦਾ ਹਲਕਾ ਇੰਚਾਰਜ ਹੀ ਸਨ, ਪ੍ਰੰਤੂ ਹੁਣ ਦੋ ਵਜ਼ੀਰਾਂ ਤੋਂ ਇਲਾਵਾ ਜ਼ਿਲ੍ਹੇ ਕੋਲ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਕੰਮ ਧੰਦੇ ਕਰਵਾਉਣ ਵਿੱਚ ਸੌਖ ਹੋਵੇਗੀ, ਉੱਥੇ ਹੀ ਜ਼ਿਲ੍ਹੇ ਦੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।

No comments:

Post a Comment